ਬਾਪੂ ਅਤੇ ਘਰ ਦਾ ਤਾਲ਼ਾ
ਬਾਪੂ ਨੂੰ ਗੁਜ਼ਰਿਆਂ ਭਾਵੇਂ ਦਸ ਸਾਲ ਬੀਤ ਚੁੱਕੇ ਹਨ ਪਰ ਉਨ੍ਹਾਂ ਦੀਆਂ ਯਾਦਾਂ ਅਜੇ ਵੀ ਮਨ ’ਚ ਜਿਉਂ ਦੀਆਂ ਤਿਉਂ ਹਨ। ਸੁਣਦੇ ਆਏ ਸਾਂ ਕਿ ਬਜ਼ੁਰਗ ਘਰ ਦਾ ਤਾਲ਼ਾ ਹੋਣ ਦੇ ਨਾਲ-ਨਾਲ ਘਰ ਦੀ ਰੌਣਕ ਹੁੰਦੇ ਹਨ। ਪਰ ਇਹ ਅਹਿਸਾਸ...
ਬਾਪੂ ਨੂੰ ਗੁਜ਼ਰਿਆਂ ਭਾਵੇਂ ਦਸ ਸਾਲ ਬੀਤ ਚੁੱਕੇ ਹਨ ਪਰ ਉਨ੍ਹਾਂ ਦੀਆਂ ਯਾਦਾਂ ਅਜੇ ਵੀ ਮਨ ’ਚ ਜਿਉਂ ਦੀਆਂ ਤਿਉਂ ਹਨ। ਸੁਣਦੇ ਆਏ ਸਾਂ ਕਿ ਬਜ਼ੁਰਗ ਘਰ ਦਾ ਤਾਲ਼ਾ ਹੋਣ ਦੇ ਨਾਲ-ਨਾਲ ਘਰ ਦੀ ਰੌਣਕ ਹੁੰਦੇ ਹਨ। ਪਰ ਇਹ ਅਹਿਸਾਸ ਬਾਪੂ ਦੇ ਜਿਊਂਦੇ ਜੀਅ ਅਸੀਂ ਸਮਝ ਨਾ ਸਕੇ। ਬਾਪੂ ਦੇ ਹੁੰਦਿਆਂ ਅਸੀਂ ਘਰ ਨੂੰ ਕਦੇ ਤਾਲ਼ਾ ਨਹੀਂ ਸੀ ਲਾਇਆ। ਮੁੱਕਦੀ ਗੱਲ, ਸਾਡੇ ਘਰ ਬਾਪੂ ਜੀ ਦੇ ਹੁੰਦਿਆਂ ਤਾਲ਼ਾ ਹੈ ਵੀ ਨਹੀਂ ਸੀ। ਉਹ ਵੀ ਉਨ੍ਹਾਂ ਦੇ ਸੁਰਗਵਾਸ ਹੋਣ ਤੋਂ ਬਾਅਦ ਖਰੀਦਿਆ ਸੀ। ਹੁਣ ਜਦੋਂ ਵੀ ਕਦੇ ਬਾਹਰ ਜਾਣ ਸਮੇਂ ਤਾਲ਼ਾ ਲਾਈਦਾ ਹੈ ਤਾਂ ਝੱਟ ਬਾਪੂ ਦੀ ਯਾਦ ਆ ਜਾਂਦੀ ਹੈ। “ਫਲਾਣੇ ਬੰਦੇ ਦੀ ਝਾਕਣੀ ਬਹੁਤ ਮਾੜੀ ਹੈ, ਉਸ ’ਤੇ ਇਤਬਾਰ ਨਹੀਂ ਕਰਨਾ। ਫਲਾਣਾ ਬੰਦਾ ਬੇਈਮਾਨ ਐ, ਉਸ ’ਤੇ ਪਤੀਜਣਾ ਨਹੀਂ।” ਅਜਿਹੇ ਲੋਕਾਂ ਬਾਰੇ ਬਾਪੂ ਸਾਨੂੰ ਅਕਸਰ ਖ਼ਬਰਦਾਰ ਕਰਦੇ ਸਨ। ਅਸੀਂ ਬਾਪੂ ਦੀਆਂ ਗੱਲਾਂ ਨੂੰ ਮਗਜ਼ਖਪਾਈ ਸਮਝ ਕੇ ਟਾਲ ਜਾਂਦੇ ਸਾਂ। ਬਾਪੂ ਜੀ ਦੱਸਦੇ ਹੁੰਦੇ ਸਨ ਕਿ ਜਦੋਂ ਉਹ ਛੋਟੇ ਹੁੰਦੇ ਸੀ ਤਾਂ ਉਹ ਡੇਰੇ ਡੱਗੀ ਵਾਲੇ ਸੰਤਾਂ ਕੋਲੋਂ ਪੜਿ੍ਹਆ ਕਰਦੇ ਸੀ। ਸੰਤ ਉਨ੍ਹਾਂ ਨੂੰ ਧਰਤੀ ’ਤੇ ਸੁਆਹ ਵਿਛਾ ਕੇ ਗੁਰਮੁਖੀ ਦੀ ਮੁਹਾਰਨੀ ਸਿਖਾਇਆ ਕਰਦੇ ਸਨ।
ਲਿਖਾਉਣ ਤੋਂ ਬਾਅਦ ਸੰਤ ਉਨ੍ਹਾਂ ਕੋਲੋਂ ਮੁਹਾਰਨੀ ਸੁਣਿਆ ਕਰਦੇ। ਸੰਤਾਂ ਦੇ ਕਹੇ ਬਚਨ ਬਾਪੂ ਨੇ ਮਰਨ ਤੱਕ ਨਹੀਂ ਸਨ ਛੱਡੇ। ਸਵੇਰੇ ਗਊ ਨੂੰ ਪੇੜਾ ਜਾਂ ਰੋਟੀ ਚਾਰਨੀ ਉਹ ਕਦੇ ਵੀ ਨਹੀਂ ਸਨ ਭੁੱਲਦੇ। ਮੈਂ ਅਕਸਰ ਹੀ ਕਈ ਵਾਰ ਬਾਪੂ ਨੂੰ ਕਿਹਾ ਕਰਦਾ ਕਿ ਗਊ ਨੂੰ ਰੋਟੀ ਚਾਰਨ ਨਾਲ ਕੀ ਹੋ ਜਾਊਗਾ, ਤਾਂ ਉਹ ਅੱਗੋਂ ਕਹਿੰਦੇ, “ਕਮਲਿਓ! ਮਹਾਪੁਰਸ਼ਾਂ ਨੇ ਗ਼ਲਤ ਤਾਂ ਨਹੀਂ ਕਿਹਾ।” ਇੱਕ ਟੁੱਟੇ ਜਿਹੇ ਸਿੰਗ ਵਾਲੀ ਗਾਂ ਸਾਡੇ ਬੂਹੇ ਅੱਗੇ ਹਰ ਰੋਜ਼ ਸਵੇਰੇ ਆ ਖੜ੍ਹਦੀ। ਉਸ ਨੂੰ ਵੀ ਪਤਾ ਹੁੰਦਾ ਸੀ ਕਿ ਇੱਥੋਂ ਰੋਟੀ ਮਿਲੇਗੀ। ਜਦੋਂ ਉਹ ਸਿੰਘ ਮਾਰ ਕੇ ਬੂਹਾ ਖੋਲ੍ਹਦੀ ਤਾਂ ਅਸੀਂ ਵੀ ਸਾਰਾ ਟੱਬਰ ਹੱਸ ਕੇ ਬਾਪੂ ਨੂੰ ਕਹਿ ਦਿੰਦੇ, “ਬਾਪੂ ਜਾਓ, ਤੁਹਾਡੀ ਸਹੇਲੀ ਆ ਗਈ।” ਬਾਪੂ ਜੋ ਰੋਟੀ ਲੈ ਕੇ ਪਹਿਲਾਂ ਹੀ ਤਿਆਰ ਬੈਠੇ ਹੁੰਦੇ, ਉੱਠ ਕੇ ਗਊ ਨੂੰ ਰੋਟੀ ਚਾਰ ਆਉਂਦੇ। ਸਵੇਰੇ ਨਹਾਉਣ ਤੋਂ ਬਾਅਦ ਉਹ ਓਨਾ ਚਿਰ ਜੁੱਤੀ ਜਾਂ ਚੱਪਲ ਨਹੀਂ ਸੀ ਪਾਉਂਦੇ ਜਿੰਨਾ ਚਿਰ ਜਪੁਜੀ ਸਾਹਿਬ ਦਾ ਪਾਠ ਨਾ ਕਰ ਲੈਂਦੇ। ਸ਼ਨਿੱਚਵਾਰ ਵਾਲੇ ਦਿਨ ਉਹ ਕੀੜਿਆਂ ਦੇ ਭੌਣ ’ਤੇ ਤਿਲ-ਚੌਲੀ ਪਾਉਣੀ ਨਾ ਭੁੱਲਦੇ। ਮੇਰੇ ਵਿਚਾਰਕ ਮੱਤਭੇਦ ਹੋਣ ਦੇ ਬਾਵਜੂਦ ਵੀ ਉਹ ਮੇਰਾ ਬਹੁਤ ਮੋਹ ਕਰਦੇ ਸਨ। ਕਈ ਵਾਰ ਉਹ ਸ਼ਨਿੱਚਰਵਾਰ ਵਾਲੇ ਦਿਨ ਮੈਨੂੰ ਮੱਲੋ-ਮੱਲੀ ਤਿਲ-ਚੌਲੀ ਵਾਲੀ ਪੁੜੀ ਫੜਾ ਕੇ ਕੀੜਿਆਂ ਦੇ ਭੌਣ ’ਤੇ ਪਾ ਕੇ ਆਉਣ ਦੀ ਹਦਾਇਤ ਕਰਦੇ। ਮੈਂ ਉਨ੍ਹਾਂ ਦਾ ਮਨ ਰੱਖਣ ਲਈ ਉਹ ਪੁੜੀ ਫੜ ਕੇ ਕਈ ਵਾਰ ਨਾ ਚਾਹੁੰਦਿਆਂ ਵੀ ਕੀੜਿਆਂ ਦੇ ਭੌਣ ’ਤੇ ਪਾ ਆਉਂਦਾ। ਜਦੋਂ ਮੈਂ ਬੇਰੁਜ਼ਗਾਰ ਸੀ ਤਾਂ ਬਾਪੂ ਹਰ ਰੋਜ਼ ਗੁਰਦੁਆਰੇ ਜਾਂਦੇ ਤੇ ਮੇਰੇ ਰੁਜ਼ਗਾਰ ਲਈ ਅਰਦਾਸ ਕਰਦੇ। ਕਈ ਵਾਰ ਉਹ ਗੁਰਦੁਆਰੇ ਦੇ ਭਾਈ ਜੀ ਨੂੰ ਅਰਦਾਸ ਕਰਨ ਲਈ ਕਹਿੰਦੇ। ਫਿਰ ਜਦੋਂ ਮੈਨੂੰ ਅਧਿਆਪਕ ਦੀ ਨੌਕਰੀ ਮਿਲੀ ਤਾਂ ਮੈਨੂੰ ਘਰ ਤੋਂ ਕਾਫ਼ੀ ਦੂਰ ਦਾ ਸਟੇਸ਼ਨ ਮਿਲਿਆ ਸੀ। ਮੈਨੂੰ ਘਰ ਆਉਂਦਿਆਂ ਸ਼ਾਮ ਹੋ ਜਾਂਦੀ। ਬਾਪੂ ਮੈਨੂੰ ਬੱਸ ਅੱਡੇ ਤੋਂ ਉਤਰਦਿਆਂ ਦੇਖਣ ਲਈ ਬੱਸ ਅੱਡੇ ’ਤੇ ਬੈਠੇ ਰਹਿੰਦੇ। ਮੈਂ ਬਾਪੂ ਨਾਲ ਨਾਰਾਜ਼ ਹੁੰਦਾ ਕਿ ਉਹ ਬੱਸ ਅੱਡੇ ’ਤੇ ਕਿਉਂ ਆਉਂਦੇ ਹਨ। ਫਿਰ ਬਾਪੂ ਮੇਰੀ ਨਾਰਾਜ਼ਗੀ ਤੋਂ ਡਰਦੇ ਓਹਲੇ ਖੜ੍ਹ ਕੇ ਮੈਨੂੰ ਉਡੀਕਣ ਲੱਗੇ। ਜਦੋਂ ਮੈਨੂੰ ਉਤਰਦੇ ਨੂੰ ਦੇਖ ਲੈਂਦੇ ਤਾਂ ਫਿਰ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਘਰ ਪਹੁੰਚ ਕੇ ਘਰ ਬੈਠੇ ਹੋਣ ਦਾ ਨਾਟਕ ਕਰਦੇ।
ਘਰੇ ਜਾਂ ਆਂਢ-ਗੁਆਂਢ ਨਾਲ ਮੇਰਾ ਕਦੇ ਕੋਈ ਬੋਲ-ਬੁਲਾਰਾ ਹੁੰਦਾ ਤਾਂ ਬਾਪੂ ਅਕਸਰ ਕਹਿੰਦੇ, “ਉਹਨੂੰ ਕੀ ਪਤੈ ਜੁਆਕ ਨੂੰ ਇਨ੍ਹਾਂ ਗੱਲਾਂ ਦਾ।” ਚੌਥੀ-ਪੰਜਵੀਂ ਵਿੱਚ ਪੜ੍ਹਦਿਆਂ ਜਦੋਂ ਸਾਡੇ ਪਿੰਡੋਂ ਕੋਟ ਭਾਰੇ ਜੰਨ ਗਈ ਸੀ ਤਾਂ ਉੱਥੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਲੱਗਿਆ। ਬਾਪੂ ਮੈਨੂੰ ਟਿੱਬਿਆਂ ਦੇ ਰਸਤੇ ਉੱਥੇ ਲੈ ਗਏ ਤੇ ਜਾਂਦਿਆਂ ਮਲ੍ਹਿਆਂ ਤੋਂ ਬੇਰ ਤੋੜ ਕੇ ਮੇਰੀ ਜੇਬ ਭਰ ਦਿੱਤੀ। ਅਖਾੜੇ ਵਿੱਚ ਭੀੜ ਬਹੁਤ ਸੀ। ਜਦੋਂ ਮੈਨੂੰ ਕੁਝ ਨਾ ਦਿਸਿਆ ਤਾਂ ਬਾਪੂ ਨੇ ਮੈਨੂੰ ਮੋਢਿਆਂ ’ਤੇ ਬਿਠਾ ਲਿਆ। ਮੈਂ ਮੋਢਿਆਂ ’ਤੇ ਬੈਠਾ ਅਖਾੜਾ ਦੇਖਦਾ ਰਿਹਾ ਤੇ ਬਾਪੂ ਹੇਠੋਂ ਮੁੱਠੀ ਭਰ-ਭਰ ਕੇ ਮੈਨੂੰ ਬੇਰ ਫੜਾਉਂਦੇ ਰਹੇ।
ਜਦੋਂ ਬਾਪੂ ਦੀ ਚਿਖਾ ਜਲ ਰਹੀ ਸੀ ਤਾਂ ਬਚਪਨ ਦੀਆਂ ਇਹ ਯਾਦਾਂ ਹੰਝੂ ਬਣ ਕੇ ਪਰਲ-ਪਰਲ ਵਗ ਰਹੀਆਂ ਸਨ। ਹੁਣ ਜਦੋਂ ਵੀ ਬਾਹਰ ਜਾਣ ਸਮੇਂ ਘਰ ਨੂੰ ਤਾਲ਼ਾ ਲਾਈਦਾ ਹੈ ਤਾਂ ਬਾਪੂ ਚੇਤਿਆਂ ਵਿੱਚ ਆ ਖੜ੍ਹਦੇ ਹਨ। ਕਈ ਵਾਰ ਡਰਾਇੰਗ ਰੂਮ ਵਿੱਚ ਲੱਗੀ ਉਨ੍ਹਾਂ ਦੀ ਤਸਵੀਰ ਤੋਂ ਫੁੱਲਾਂ ਦੀ ਮਾਲ਼ਾ ਲਾਹ ਕੇ ਸੁੱਟਣ ਨੂੰ ਜੀਅ ਕਰਦਾ ਹੈ। ਦਿਲ ਕਰਦਾ ਹੈ ਕਿ ਆਖਾਂ “ਬਾਪੂ ਉੱਠ, ਬੂਹੇ ’ਤੇ ਗਾਂ ਖੜ੍ਹੀ ਐ...ਬਾਪੂ ਮੈਂ ਡਿਊਟੀ ਚੱਲਿਆਂ, ਤੂੰ ਬੱਸ ਅੱਡੇ ਆਈਂ, ਆਪਾਂ ਇਕੱਠੇ ਘਰ ਆਵਾਂਗੇ।” ਬਾਪੂ ਦੀ ਯਾਦ ਆਉਂਦਿਆਂ ਅੱਜ ਵੀ ਅੱਖਾਂ ਵਹਿ ਤੁਰਦੀਆਂ ਹਨ। ਬੱਸ ਹੁਣ ਯਾਦਾਂ ਹੀ ਬਾਕੀ ਨੇ।
ਸੰਪਰਕ: 95010-12199

