ਡਾ. ਸਤਿੰਦਰ ਔਲਖ ਦੇ ਇਸ ਦੁਨੀਆਂ ਨੂੰ ਅਲਵਿਦਾ ਕਹਿਣ ’ਤੇ ਅਸੀਂ ਭਾਰਤੀ ਲੋਕਧਾਰਾ ਦੀ ਉੱਘੀ ਖੋਜੀ ਤੋਂ ਵਾਂਝੇ ਹੋ ਗਏ ਹਾਂ। ਉਸ ਸਮੇਂ ਦੇ ਕਈ ਬਹੁਤ ਹੀ ਉੱਘੇ ਵਿਦਵਾਨਾਂ ਨੇ ਮਿਰਜ਼ਾ ਸਾਹਿਬਾਂ ਦੀ ਗਾਥਾ ਬਾਰੇ ਉਸ ਦੀ ਡਾਕਟਰੇਟ ਦੀ ਖੋਜ ਦੀ ਪੜਚੋਲ ਕੀਤੀ। ਇਨ੍ਹਾਂ ਵਿਦਵਾਨਾਂ ਵਿਚ ਕਲਕੱਤਾ ਯੂਨੀਵਰਸਿਟੀ ਦੇ ਸੁਹਾਸ ਚੈਟਰਜੀ, ਲੰਡਨ ਯੂਨੀਵਰਸਿਟੀ ਦੇ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ ਦੇ ਕ੍ਰਿਸਟੋਫਰ ਸ਼ੈਕਲ ਅਤੇ ਸ਼ਿਕਾਗੋ ਯੂਨੀਵਰਸਿਟੀ ਨਾਲ ਸਬੰਧਿਤ ਕਵੀ ਅਤੇ ਉਮਦਾ ਅਨੁਵਾਦਕ ਏ.ਕੇ. ਰਾਮਾਨੁਜਨ ਸ਼ੁਮਾਰ ਸਨ। ਸਤਿੰਦਰ ਵੱਲੋਂ ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾਂ ਦੇ ਅੰਗਰੇਜ਼ੀ ਤਰਜਮੇ ਦੀ ਪ੍ਰਕਾਸ਼ਨਾ ਦੀ ਸਿਫ਼ਾਰਿਸ਼ ਰਾਮਾਨੁਜਨ ਨੇ ਹੀ ਕੀਤੀ। ਪੰਜਾਬੀ ਯੂਨੀਵਰਸਿਟੀ ਨੇ ਸਤਿੰਦਰ ਔਲਖ ਦੇ ਖੋਜ ਨਬਿੰਧ ਦਾ ਸੋਧਿਆ ਹੋਇਆ ਰੂਪ ਛਾਪਿਆ। ਵਲ਼ਡਕੈਟ ਮੁਤਾਬਿਕ ਇਹ ਪ੍ਰਕਾਸ਼ਨਾ ਵਾਸ਼ਿੰਗਟਨ ਡੀਸੀ ਸਥਿਤ ਦਿ ਲਾਇਬਰੇਰੀ ਆਫ ਕਾਂਗਰਸ ਸਮੇਤ ਦੁਨੀਆਂ ਦੀ ਕਈ ਪ੍ਰਮੁੱਖ ਲਾਇਬਰੇਰੀਆਂ ਵਿਚ ਰੱਖੀ ਗਈ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਖੋਜ ਕਾਰਜ ਮੁਕੰਮਲ ਕਰਨ ਮਗਰੋਂ ਸਤਿੰਦਰ ਔਲਖ ਨੇ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਨੌਕਰੀ ਕੀਤੀ ਜਿੱਥੋਂ ਉਹ ਕੁਝ ਸਾਲ ਪਹਿਲਾਂ ਸੇਵਾਮੁਕਤ ਹੋਈ। ਯੂਨੀਵਰਸਿਟੀ ਦੇ ਨਿਯਮਾਂ ਅਤੇ ਲੋੜਾਂ ਤਹਿਤ ਉਸ ਨੇ ਪੰਜਾਬੀ ਭਾਸ਼ਾ ਵਿਚ ਪੰਜਾਬੀ ਲੋਕਧਾਰਾ ਬਾਰੇ ਕੁਝ ਹੋਰ ਖੋਜ ਕਾਰਜ ਕੀਤੇ। ਰਾਮਾਨੁਜਨ ਨੇ ਇਕ ਸੈਮੀਨਾਰ ਵਿਚ ਮੈਨੂੰ ਪੁੱਛਿਆ, ‘‘ਕੀ ਮੇਰੀ ਵਿਦਿਆਰਥਣ (ਉਹ ਉਸ ਦਾ ਨਾਂ ਭੁੱਲ ਗਿਆ ਸੀ) ਨੇ ਪੰਜਾਬੀ ਲੋਕਧਾਰਾ ਸਬੰਧੀ ਆਪਣੀ ਖੋਜ ਜਾਰੀ ਰੱਖੀ ਹੋਈ ਹੈ? ਮੈਂ ਉਨ੍ਹਾਂ ਨੂੰ ਦੱਸਿਆ, ‘‘ਹਾਂ ਜੀ, ਪਰ ਉਸ ਦੀਆਂ ਹਾਲ ਹੀ ਵਿਚ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਪੰਜਾਬੀ ਭਾਸ਼ਾ ਵਿਚ ਹੋਣ ਕਰਕੇ ਬਹੁਤੇ ਵਿਦਵਾਨ ਉਸ ਦੇ ਖੋਜ ਕਾਰਜ ਤੋਂ ਅਣਜਾਣ ਹਨ। ਭਾਰਤੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਲੋਕਧਾਰਾ ਬਾਰੇ ਮੁੱਢਲਾ ਕਾਰਜ ਕਰਨ ਵਾਲੀ ਸਤਿੰਦਰ ਔਲਖ ਦੀ ਅਣਦੇਖੀ ਮੰਦਭਾਗੀ ਸੀ। ਇਸ ਤੋਂ ਕਾਫ਼ੀ ਸਮੇਂ ਮਗਰੋਂ ਜਾਧਵਪੁਰ ਯੂਨੀਵਰਸਿਟੀ ਦੀ ਨਬਨੀਤਾ ਦੇਬ ਸੇਨ (ਅਮ੍ਰਤਿਆ ਸੇਨ ਦੀ ਪਹਿਲੀ ਪਤਨੀ) ਨੇ ਰਾਮਾਇਣ ਦੇ ਵੱਖ ਵੱਖ ਰੂਪਾਂ ਬਾਰੇ ਖੋਜ ਕੀਤੀ। ਇੱਥੋਂ ਤਕ ਕਿ ਰਾਮਾਇਣ ਬਾਰੇ ਰਾਮਾਨੁਜਨ ਦੀ ਆਪਣੀ ਖੋਜ ਵੀ ਬਾਅਦ ਵਿਚ ਪ੍ਰਕਾਸ਼ਿਤ ਹੋਈ। ਇਸ ਤੋਂ ਪਹਿਲਾਂ ਉਸ ਨੇ ਜ਼ਿਆਦਾਤਰ ਤਾਮਿਲ ਸਾਧੂ ਸੰਤਾਂ ਦੇ ਕਾਵਿ ਦਾ ਹੀ ਅਨੁਵਾਦ ਕੀਤਾ। ਮੈਨੂੰ ਜਾਪਦਾ ਹੈ ਕਿ ਸਾਡੇ ਵਿਦਵਾਨਾਂ ਨੂੰ ਖੇਤਰੀ ਭਾਸ਼ਾਵਾਂ ਦੇ ਨਾਲ ਨਾਲ ਆਪਣਾ ਕਾਰਜ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕਰਵਾਉਣਾ ਚਾਹੀਦਾ ਹੈ ਤਾਂ ਜੋ ਜ਼ਿਆਦਾਤਰ ਵਿਦਵਾਨ ਹੋਰ ਥਾਵਾਂ ’ਤੇ ਹੋ ਰਹੀ ਖੋਜ ਬਾਰੇ ਜਾਣੂੰ ਹੋਣ ਦੇ ਨਾਲ ਨਾਲ ਇਸ ਦਾ ਸਹੀ ਮੁਲਾਂਕਣ ਵੀ ਕਰ ਸਕਣ।
ਅੰਮ੍ਰਿਤਸਰ ਵਿਚ ਸਤਿੰਦਰ ਔਲਖ ਪੰਜਾਬੀ ਲੋਕਧਾਰਾ ਦੇ ਖੋਜਾਰਥੀਆਂ ਨੂੰ ਪੜ੍ਹਾਉਂਦੀ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕਰਦੀ ਰਹੀ। ਉਸ ਦੇ ਕਈ ਵਿਦਿਆਰਥੀਆਂ ਨੇ ਬਿਹਤਰੀਨ ਕੰਮ ਕੀਤਾ, ਪਰ ਇਹ ਸਾਰੀ ਖੋਜ ਵੀ ਪੰਜਾਬੀ ਵਿਚ ਹੋਣ ਕਾਰਨ ਹੋਰ ਭਾਸ਼ਾਵਾਂ ਦੇ ਕੁਝ ਵਿਦਵਾਨ ਹੀ ਇਸ ਤੋਂ ਜਾਣੂੰ ਹੋ ਸਕਦੇ ਹਨ। ਇਸ ਦੇ ਨਾਲ ਹੀ ਗਿਆਨ ਦੀ ਖੋਜ ਅਤੇ ਸਾਡੇ ਆਪਣੇ ਵਿਰਸੇ ਨੂੰ ਸਮਝਣ ਹਿੱਤ ਰਲ ਕੇ ਟੀਮ ਵਜੋਂ ਕੰਮ ਕਰਨਾ ਬੌਧਿਕ ਤੀਖਣਤਾ ਨੂੰ ਹੁਲਾਰਾ ਦਿੰਦਾ ਹੈ।
ਸਤਿੰਦਰ ਨੇ ਇਕ ਭਾਸ਼ਾ ਦੇ ਸੰਕਲਪਾਂ ਨੂੰ ਦੂਜੀ ਭਾਸ਼ਾ ਵਿਚ ਸਮਝਣ ਯੋਗ ਬਣਾਉਣ ਦਾ ਕਠਿਨ ਕਾਰਜ ਕੀਤਾ ਅਤੇ ਪੰਜਾਬੀ ਭਾਸ਼ਾ ਨੂੰ ਗੂੜ੍ਹ ਵਿਚਾਰਾਂ ਅਤੇ ਸੰਕਲਪ ਉਸਾਰੀ ਦਾ ਮਾਧਿਅਮ ਬਣਾਇਆ। ਇਹ ਉਸ ਦੀ ਪੰਜਾਬੀ ਭਾਸ਼ਾ ਨੂੰ ਦੇਣ ਹੈ। ਇਉਂ ਮਾਨਵ ਵਿਗਿਆਨ, ਭਾਸ਼ਾ ਵਿਗਿਆਨ ਅਤੇ ਸੰਰਚਨਾਵਾਦ ਸਬੰਧੀ ਸਭ ਤੋਂ ਆਧੁਨਿਕ ਖੋਜਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਆਪਣੀ ਮਾਂ ਬੋਲੀ ਵਿਚ ਮੁਹੱਈਆ ਹੋਈਆਂ। ਉਸ ਦੇ ਚਲਾਣੇ ਨਾਲ ਪੰਜਾਬੀ ਲੋਕਧਾਰਾ ਦੀ ਖੋਜ ਦੇ ਖੇਤਰ ਵਿਚ ਵੱਡਾ ਖਲਾਅ ਪੈਦਾ ਹੋਇਆ ਹੈ।
* ਪ੍ਰੋਫ਼ੈਸਰ ਅਮੈਰੀਟਸ, ਜਵਾਹਰਲਾਲ ਨਹਿਰੂ ਯੂਨੀਵਰਸਿਟੀ।