DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਿਵਾਰ ਪੂਰੇ ਪਰ ਸੋਚ ਅਧੂਰੀ

ਉਸ ਦਿਨ ਮੈਂ ਆਪਣੇ ਇੱਕ ਜਾਣਕਾਰ ਦੇ ਘਰ ਬੱਚਾ ਹੋਣ ’ਤੇ ਵਧਾਈ ਦੇਣ ਗਈ ਸੀ। ਦੋ ਧੀਆਂ ਤੋਂ ਬਾਅਦ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ। ਘਰ ਵਿੱਚ ਖ਼ੁਸ਼ੀ ਦੀ ਲਹਿਰ ਸੀ, ਲਗਾਤਾਰ ਵਧਾਈਆਂ ਮਿਲ ਰਹੀਆਂ ਸਨ, ਮਠਿਆਈ ਦੀ...

  • fb
  • twitter
  • whatsapp
  • whatsapp
Advertisement

ਉਸ ਦਿਨ ਮੈਂ ਆਪਣੇ ਇੱਕ ਜਾਣਕਾਰ ਦੇ ਘਰ ਬੱਚਾ ਹੋਣ ’ਤੇ ਵਧਾਈ ਦੇਣ ਗਈ ਸੀ। ਦੋ ਧੀਆਂ ਤੋਂ ਬਾਅਦ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ। ਘਰ ਵਿੱਚ ਖ਼ੁਸ਼ੀ ਦੀ ਲਹਿਰ ਸੀ, ਲਗਾਤਾਰ ਵਧਾਈਆਂ ਮਿਲ ਰਹੀਆਂ ਸਨ, ਮਠਿਆਈ ਦੀ ਮਿਠਾਸ ਸਾਰਿਆਂ ਦੇ ਮੂੰਹਾਂ ਵਿੱਚ ਰਸ ਘੋਲ ਰਹੀ ਸੀ। ਸਭ ਦੇ ਚਿਹਰੇ ਖ਼ੁਸ਼ੀ ਨਾਲ ਚਮਕ ਰਹੇ ਸਨ। ਇਹ ਚਮਕ ਮੇਰੇ ਲਈ ਇੱਕ ਸਵਾਲ ਬਣ ਗਈ, ਜਦੋਂ ਬੱਚਾ ਦੇਖਣ ਆਏ ਇੱਕ ਪਰਿਵਾਰ ਨੇ ਕਿਹਾ, ‘‘ਬਹੁਤ ਬਹੁਤ ਵਧਾਈਆਂ, ਤੁਹਾਡਾ ਪਰਿਵਾਰ ਪੂਰਾ ਹੋ ਗਿਆ।”

ਇਹ ਇੱਕ ਸਾਧਾਰਨ ਜਿਹਾ ਵਾਕ ਸੀ, ਪਰ ਇਸ ਦੇ ਅੰਦਰ ਲੁਕਿਆ ਅਰਥ ਬਹੁਤ ਗਹਿਰਾ ਸੀ। ਇਹ ਵਾਕ ਸੁਣ ਕੇ ਮੇਰੀ ਨਜ਼ਰ ਤੁਰੰਤ ਉਨ੍ਹਾਂ ਦੋਵਾਂ ਕੁੜੀਆਂ ਵੱਲ ਗਈ, ਜੋ ਕੋਨੇ ਵਿੱਚ ਖੜ੍ਹੀਆਂ ਆਪਣੇ ਭਰਾ ਨੂੰ ਨਿਹਾਰ ਰਹੀਆਂ ਸਨ। ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਪਰ ਮੇਰੇ ਅੰਦਰ ਲਗਾਤਾਰ ਸਵਾਲ ਉੱਠ ਰਹੇ ਸਨ। ਕੀ ਇਨ੍ਹਾਂ ਨਾਲ ਪਰਿਵਾਰ ਅਧੂਰਾ ਸੀ? ਕੀ ਧੀਆਂ ਦੀ ਵੰਸ਼ ਨੂੰ ਅੱਗੇ ਤੋਰਨ ਵਿੱਚ ਕੋਈ ਅਹਿਮੀਅਤ ਨਹੀਂ? ਸਵਾਲ ਸਿਰਫ਼ ਇਹ ਨਹੀਂ ਕਿ ਪਰਿਵਾਰ ਕਦੋਂ ਪੂਰਾ ਹੁੰਦਾ ਹੈ, ਸਵਾਲ ਇਹ ਹੈ ਕਿ ਸਾਡੀ ਸੋਚ ਕਿਹੋ ਜਿਹੀ ਹੈ? ਅਸੀਂ ਅਕਸਰ ਕਹਿੰਦੇ ਹਾਂ ਕਿ ਸਮਾਂ ਬਦਲ ਗਿਆ ਹੈ, ਪਰ ਕੁਝ ਪਲ ਸਾਨੂੰ ਸਚਾਈ ਨਾਲ ਰੂ-ਬ-ਰੂ ਕਰਵਾ ਦਿੰਦੇ ਹਨ। ਉਹ ਵਾਕ ਸਿਰਫ਼ ਇੱਕ ਵਧਾਈ ਨਹੀਂ ਸੀ, ਸਗੋਂ ਸਾਡੇ ਸਮਾਜ ਵਿੱਚ ਅਜੇ ਵੀ ਜਿਊਂਦੀ ਉਸ ਸੋਚ ਦਾ ਪ੍ਰਤੀਕ ਸੀ, ਜਿੱਥੇ ਪੁੱਤਰ ਨੂੰ ਵਾਰਿਸ, ਘਰ ਦਾ ਚਿਰਾਗ਼ ਅਤੇ ਪਰਿਵਾਰ ਦੀ ਸੰਪੂਰਨਤਾ ਨਾਲ ਜੋੜਿਆ ਜਾਂਦਾ ਹੈ, ਜਦੋਂਕਿ ਧੀਆਂ ਨੂੰ ਅਕਸਰ ਇਸ ਗਿਣਤੀ ਵਿੱਚ ਸ਼ਾਮਿਲ ਹੀ ਨਹੀਂ ਕੀਤਾ ਜਾਂਦਾ। ਸੱਚ ਇਹ ਹੈ ਕਿ ਅਸੀਂ ਅਜੇ ਵੀ ਅੰਦਰੋਂ ਨਹੀਂ ਬਦਲੇ। ਸਿੱਖਿਆ, ਨੌਕਰੀਆਂ, ਸ਼ਹਿਰੀ ਜ਼ਿੰਦਗੀ ਇਹ ਸਾਰੇ ਬਦਲਾਅ ਸਿਰਫ਼ ਉੱਪਰਲੇ ਪੱਧਰ ਤੱਕ ਹੀ ਸੀਮਿਤ ਹਨ। ਸੋਚ ਵਿੱਚ ਬਦਲਾਅ ਲਿਆਉਣਾ ਅਜੇ ਬਾਕੀ ਹੈ। ਅਸੀਂ ਬੇਸ਼ੱਕ ਧੀਆਂ ਨੂੰ ਪੜ੍ਹਾ ਰਹੇ ਹਾਂ, ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਦੇ ਰਹੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਅਜੇ ਵੀ ਪੁੱਤਰ ਦੀ ਚਾਹ ਰੱਖਦੇ ਹਾਂ। ਇਹ ਸੋਚ ਸਿਰਫ਼ ਗੱਲਬਾਤ ਤੱਕ ਸੀਮਿਤ ਨਹੀਂ, ਸਗੋਂ ਬੱਚਿਆਂ ਦੇ ਮਨ ’ਤੇ ਵੀ ਡੂੰਘਾ ਅਸਰ ਕਰਦੀ ਹੈ। ਉਹ ਛੋਟੀਆਂ ਕੁੜੀਆਂ, ਜਿਨ੍ਹਾਂ ਨੂੰ ਸ਼ਾਇਦ ਉਸ ਵਾਕ ਦਾ ਅਰਥ ਪੂਰੀ ਤਰ੍ਹਾਂ ਸਮਝ ਵੀ ਨਾ ਆਇਆ ਹੋਵੇ, ਪਰ ਸਮੇਂ ਦੇ ਨਾਲ ਉਨ੍ਹਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਉਨ੍ਹਾਂ ਦੀ ਹੋਂਦ ਮਾਪਿਆਂ ਲਈ ਪੂਰੀ ਨਹੀਂ ਸੀ। ਇਹ ਅਹਿਸਾਸ ਨਿਸਚੇ ਹੀ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਢਾਹ ਲਾਵੇਗਾ। ਸਮਾਜ ਵਿੱਚ ਇਹ ਭੇਦ-ਭਾਵ ਸਦੀਆਂ ਪੁਰਾਣਾ ਹੈ, ਪਰ ਅੱਜ ਦੇ ਸਮੇਂ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਅਜੋਕੇ ਸਮੇਂ ਧੀਆਂ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਹਰ ਜਗ੍ਹਾ ਉਹ ਨਾਮ ਕਮਾ ਰਹੀਆਂ ਹਨ। ਫਿਰ ਵੀ ਜੇ ਅਸੀਂ ਉਨ੍ਹਾਂ ਦੀ ਕਦਰ ਨਹੀਂ ਕਰਦੇ ਤਾਂ ਇਹ ਸਾਡੀ ਸੋਚ ਦਾ ਊਣਾਪਣ ਹੈ। ਅਸੀਂ ਕਿੰਨੇ ਵੀ ਅਗਾਂਹਵਧੂ ਹੋਈਏ, ਜੇਕਰ ਅਸੀਂ ਅਜੇ ਵੀ ਇਹ ਮੰਨਦੇ ਹਾਂ ਕਿ ਪੁੱਤਰ ਨਾਲ ਹੀ ਪਰਿਵਾਰ ਪੂਰਾ ਹੁੰਦਾ ਹੈ ਤਾਂ ਅਸੀਂ ਅਸਲ ਵਿੱਚ ਅਜੇ ਵੀ ਪਿੱਛੇ ਹੀ ਖੜ੍ਹੇ ਹਾਂ।

Advertisement

ਅਸੀਂ ਕਦੋਂ ਇਹ ਮੰਨਾਂਗੇ ਕਿ ਹਰ ਬੱਚਾ ਇੱਕ ਵਰਦਾਨ ਹੈ ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ? ਪਰਿਵਾਰ ਦੀ ਸੰਪੂਰਨਤਾ ਕਿਸੇ ਇੱਕ ਲਿੰਗ ਨਾਲ ਨਹੀਂ ਹੁੰਦੀ। ਇਹ ਪਿਆਰ ਨਾਲ ਹੁੰਦੀ ਹੈ, ਸਨਮਾਨ ਨਾਲ ਹੁੰਦੀ ਹੈ, ਉਨ੍ਹਾਂ ਰਿਸ਼ਤਿਆਂ ਨਾਲ ਹੁੰਦੀ ਹੈ ਜੋ ਇੱਕ-ਦੂਜੇ ਨੂੰ ਸਮਝਦੇ ਹਨ। ਜਿੱਥੇ ਹਰ ਮੈਂਬਰ ਦੀ ਬਰਾਬਰ ਕਦਰ ਹੈ, ਉੱਥੇ ਹੀ ਅਸਲੀ ਸੰਪੂਰਨਤਾ ਹੁੰਦੀ ਹੈ। ਧੀਆਂ ਵੀ ਮਾਪਿਆਂ ਦਾ ਸਹਾਰਾ ਬਣਦੀਆਂ ਹਨ, ਉਹ ਵੀ ਘਰ ਨੂੰ ਰੌਣਕਾਂ ਨਾਲ ਭਰਦੀਆਂ ਹਨ। ਫਿਰ ਅਸੀਂ ਕਿਉਂ ਉਨ੍ਹਾਂ ਨੂੰ ‘ਸੰਪੂਰਨਤਾ’ ਦੇ ਪੈਮਾਨੇ ਤੋਂ ਬਾਹਰ ਰੱਖ ਦਿੰਦੇ ਹਾਂ? ਉਨ੍ਹਾਂ ਦੇ ਘਰ ਬੈਠਿਆਂ ਹੀ ਮੇਰੇ ਜ਼ਿਹਨ ਵਿੱਚ ਇਸ ਨਾਲ ਮਿਲਦੀ ਇੱਕ ਹੋਰ ਘਟਨਾ ਉੱਭਰ ਆਈ। ਮੇਰੇ ਇੱਕ ਹੋਰ ਜਾਣ-ਪਛਾਣ ਵਾਲੇ ਪਰਿਵਾਰ ਵਿੱਚ ਵੀ ਦੋ ਧੀਆਂ ਪੈਦਾ ਹੋਈਆਂ। ਦੋਵੇਂ ਮਾਪਿਆਂ ਦੀਆਂ ਅੱਖਾਂ ਦਾ ਤਾਰਾ, ਪਰ ਸਮਾਜ ਦੀਆਂ ਗੱਲਾਂ ਨੇ ਹੌਲੀ-ਹੌਲੀ ਉਨ੍ਹਾਂ ਦੇ ਘਰ ਵਿੱਚ ਇੱਕ ਖ਼ਾਮੋਸ਼ ਦਬਾਅ ਪੈਦਾ ਕਰ ਦਿੱਤਾ, ‘ਇੱਕ ਮੁੰਡਾ ਤਾਂ ਹੋਣਾ ਹੀ ਚਾਹੀਦਾ ਹੈ।’ ਲੋਕਾਂ ਦੀਆਂ ਗੱਲਾਂ, ਰਿਸ਼ਤੇਦਾਰਾਂ ਦੇ ਮਿਹਣੇ ਅਤੇ ‘ਵਾਰਿਸ’ ਦੀ ਗੱਲ ਨੇ ਉਨ੍ਹਾਂ ਦੇ ਮਨ ਵਿੱਚ ਖਾਲੀਪਣ ਪੈਦਾ ਕਰ ਦਿੱਤਾ। ਆਖ਼ਰ ਉਨ੍ਹਾਂ ਨੇ ਤੀਜੇ ਬੱਚੇ ਨੂੰ ਜਨਮ ਦੇਣ ਦਾ ਫ਼ੈਸਲਾ ਕੀਤਾ, ਸਿਰਫ਼ ਇਸ ਆਸ ਨਾਲ ਕਿ ਇਸ ਵਾਰ ਮੁੰਡਾ ਹੋਵੇਗਾ। ਸਮਾਂ ਬੀਤਿਆ... ਅਤੇ ਘਰ ਵਿੱਚ ਤੀਜੀ ਵਾਰ ਵੀ ਧੀ ਦਾ ਜਨਮ ਹੋਇਆ। ਉਸ ਦਿਨ ਨਾ ਤਾਂ ਉਨ੍ਹਾਂ ਦੇ ਘਰ ਕੋਈ ਰੌਣਕ ਸੀ, ਤੇ ਨਾ ਹੀ ਕੋਈ ਵਧਾਈ ਦੇਣ ਵਾਲਾ ਸੀ। ਘਰ ਵਿੱਚ ਇੱਕ ਅਜੀਬ ਜਿਹੀ ਖ਼ਾਮੋਸ਼ੀ ਸੀ। ਮੈਂ ਸੋਚਿਆ ਕੀ ਉਸ ਦਾ ਜਨਮ ਇਸ ਲਈ ਭਾਰ ਬਣ ਗਿਆ ਕਿ ਉਹ ਮੁੰਡਾ ਨਹੀਂ ਹੈ? ਇਹ ਦੋਵੇਂ ਕਹਾਣੀਆਂ ਇੱਕੋ ਸਮਾਜ ਦੀਆਂ ਹਨ, ਇੱਕੋ ਸੋਚ ਦਾ ਪਰਛਾਵਾਂ ਹਨ। ਸਵਾਲ ਇਹ ਨਹੀਂ ਕਿ ਮੁੰਡਾ ਜੰਮਿਆ ਜਾਂ ਕੁੜੀ। ਸਵਾਲ ਇਹ ਹੈ ਕਿ ਅਸੀਂ ਖ਼ੁਸ਼ੀ ਨੂੰ ਕਿਸ ਪੈਮਾਨੇ ਨਾਲ ਤੋਲਦੇ ਹਾਂ। ਪਰਿਵਾਰ ਕਦੇ ਵੀ ਮੁੰਡੇ ਜਾਂ ਕੁੜੀ ਨਾਲ ਪੂਰਾ ਨਹੀਂ ਹੁੰਦਾ। ਪਰਿਵਾਰ ਤਦ ਪੂਰਾ ਹੁੰਦਾ ਹੈ ਜਦੋਂ ਹਰ ਬੱਚੇ ਨੂੰ ਕਬੂਲਿਆ ਜਾਂਦਾ ਹੈ। ਪਰਿਵਾਰ ਉਦੋਂ ਹੀ ਪੂਰਾ ਹੋ ਜਾਂਦਾ ਹੈ, ਜਦੋਂ ਕਿਸੇ ਘਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਗੂੰਜਦੀਆਂ ਹਨ। ਫਿਰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਕਿਲਕਾਰੀਆਂ ਧੀ ਦੀਆਂ ਹਨ ਜਾਂ ਪੁੱਤਰ ਦੀਆਂ। ਪਰਿਵਾਰ ਅਧੂਰੇ ਨਹੀਂ ... ਅਧੂਰੀ ਤਾਂ ਸਾਡੀ ਸੋਚ ਹੈ।

Advertisement

Advertisement
×