ਗਿਰਾਵਟ

ਗਿਰਾਵਟ

ਜਗਦੀਪ ਸਿੱਧੂ

ਜਗਦੀਪ ਸਿੱਧੂ

ਮੇਰੇ ਜਿੱਡੀ ਉਮਰ, ਲੱਗਭੱਗ ਚਾਲ਼ੀਆਂ ਦੇ ਨੇੜੇ-ਤੇੜੇ ਵਾਲ਼ਿਆਂ ਦਾ ਬਚਪਨ ਪੰਛੀਆਂ, ਜਾਨਵਰਾਂ ਦੀ ਹੋਂਦ ਨਾਲ਼ ਭਰਿਆ ਪਿਆ ਹੈ। ਮੈਂ ਜਦ ਕੋਈ ਚਿੜੀ, ਤੋਤਾ ਪਾਲਣ ਨੂੰ ਕਹਿੰਦਾ ਤਾਂ ਪਿਤਾ ਦਾ ਇਕੋ ਤਰਕ ਹੁੰਦਾ- “ਜੇ ਤੈਨੂੰ ਕੋਈ ਪਿੰਜਰੇ ਵਿਚ ਬੰਦ ਕਰੇ ਤਾਂ?” ਤਦ ਲੱਗਦਾ ਸੀ, ਆਸਮਾਨ ਸਿਰਫ਼ ਇਨ੍ਹਾਂ ਦੇ ਉੱਡਣ ਲਈ ਬਣਿਆ ਹੈ। ਕੁਝ ਪਰਿੰਦੇ, ਜਾਨਵਰ ਅਸੀਂ ਘਰ ਪਾਲਦੇ ਨਹੀਂ ਸਾਂ ਪਰ ਉਹ ਸਾਡੇ ਨਾਲ ਰਹਿੰਦੇ ਸਨ। ਸ਼ਾਇਦ ਉਹ ਵੀ ਇਹੀ ਸੋਚਦੇ ਹੋਣ ਕਿ ਜਿਨ੍ਹਾਂ ਤੋਂ ਅਸੀਂ ਡਰਦੇ ਹਾਂ, ਉਹ ਸਾਡੇ ਨਾਲ ਰਹਿੰਦੇ ਨੇ; ਜਿਵੇਂ ਬਿੱਲੀਆਂ, ਚਿੜੀਆਂ, ਕਬੂਤਰ, ਘੁੱਗੀਆਂ ਆਦਿ। ਇਨ੍ਹਾਂ ਦਾ ਸਾਡੇ ਘਰਾਂ ਵਿਚ ਆਉਣਾ ਜਾਣਾ, ਇਨ੍ਹਾਂ ਦੇ ਆਲ੍ਹਣੇ, ਘੁਰਨੇ ਘਰਾਂ ਵਿਚ ਆਮ ਹੁੰਦੇ ਸਨ।

ਇਕ ਵਾਰ ਮੈਂ ਦੋ ਕਾਲੇ ਚਿੱਟੇ ਖਰਗੋਸ਼ ਪਾਲੇ। ਪਿਤਾ ਇਸ ਦੇ ਸਖ਼ਤ ਖ਼ਿਲਾਫ਼ ਸੀ ਪਰ ਮੇਰੀ ਜ਼ਿੱਦ ਅੱਗੇ ਝੁਕ ਗਿਆ ਸੀ। ਦਿਨ ਰਾਤ ਮੇਰੀ ਸੁਰਤ ਉਨ੍ਹਾਂ ਵਿਚ ਰਹਿੰਦੀ। ਉਹ ਕਿਆਰੀਆਂ ਵਿਚ ਲੱਗੀਆਂ ਮੂਲੀਆਂ ਦੇ ਪੱਤੇ ਚਟਮ ਕਰ ਜਾਂਦੇ। ਪਿਤਾ ਕਹਿੰਦਾ- “ਪੱਤਿਆਂ ਵਾਂਗੂ ਇਹ ਤੇਰਾ ਦਿਮਾਗ਼ ਵੀ ਖਾ ਗਏ।” ਮੈਨੂੰ ਤਦ ਤੋਂ ਹੀ ਲੱਗਣ ਲੱਗ ਪਿਆ, ਕਿੰਨਾ ਕੁ ਖਾ ਲੈਂਦੇ ਨੇ ਬੇਚਾਰੇ, ਇਹਦੇ ਨਾਲ਼ ਕੀ ਫਰਕ ਪੈਂਦਾ? ਹਿੰਦੀ ਕਵੀ ਮਨੀ ਮੋਹਨ ਦੀ ਕਵਿਤਾ ਯਾਦ ਆਉਂਦੀ ਹੈ: ਜਿੰਨੀ ਜ਼ਰੂਰਤ ਹੁੰਦੀ ਸੀ/ਰੁੱਖਾਂ ਨੇ ਓਨਾ ਹੀ ਲਿਆ ਪਾਣੀ/ਪਰਿੰਦਿਆਂ ਨੇ ਵੀ ਪਿਆਰ ਨਾਲ਼ ਓਨਾ ਹੀ ਪੀਤਾ ਪਾਣੀ/ਕਿਸੇ ਨੇ ਨਹੀਂ ਤੋੜਿਆ ਭਰੋਸਾ/ਧਰਤੀ ਤੇ ਆਸਮਾਨ ਦਾ/ਸਾਥੋਂ ਬਿਨਾ।

ਸਾਡੇ ਪੁਰਖੇ ਵੀ ਇਨ੍ਹਾਂ ਦੀ ਹੋਂਦ ਸਾਡੇ ਨਾਲ ਹਾਂ-ਪੱਖੀ ਜੋੜ ਕੇ ਦੇਖਦੇ ਸਨ। ਮਿੱਥਾਂ ਬਣੀਆ ਹੋਈਆ ਸਨ- ‘ਜੇ ਬਿੱਲੀ ਮਾਰੀ, ਸੋਨੇ ਦੀ ਬਣਾ ਕੇ ਦਾਨ ਕਰਨੀ ਪਊ’। ਹੌਲ਼ੀ ਹੌਲ਼ੀ ਸਾਡੀ ਸੋਚ ਪਦਾਰਥਵਾਦੀ ਹੁੰਦੀ ਗਈ। ਸਾਨੂੰ ਤਾਂ ਗਾਲੜ ਦੇ ਸਿਰ ਵਿਚ ਵੀ ਅਠਿਆਨੀ ਨਜ਼ਰ ਆਉਣ ਲੱਗੀ।

ਇਹ ਜ਼ਿਆਦਾਤਰ ਸਾਥੋਂ ਪਹਿਲਾਂ ਪੈਦਾ ਹੋਏ। ਅਰਬਾਂ ਸਾਲਾਂ ਤੋਂ ਸਾਡੇ ਨਾਲ਼ ਰਹਿ ਰਹੇ ਹਨ। ਕੁਝ ਇਕ ਨੂੰ ਛੱਡ ਕੇ ਜ਼ਿਆਦਾਤਰ ਦੀ ਉਮਰ ਛੋਟੀ ਹੀ ਹੁੰਦੀ। ਸਿਤਮਜ਼ਰੀਫ਼ੀ ਦੇਖੋ, ਇੰਨੀ ਕੁ ਉਮਰ ਵੀ ਇਨ੍ਹਾਂ ਨੂੰ ਘੱਟ ਹੀ ਪੂਰੀ ਜਿਊਣ ਨੂੰ ਮਿਲਦੀ ਹੈ!

ਸਾਡੀ ਭੁੱਖ ਨੇ ਇਨ੍ਹਾਂ ਦੀਆਂ ਰਹਿਣ ਵਾਲੀਆਂ ਥਾਵਾਂ ਉਜਾੜ ਦਿੱਤੀਆਂ। ਇਨ੍ਹਾਂ ਨੂੰ ਘਰਾਂ ਵਿਚੋਂ ਕੱਢਣ ਤੋਂ ਬਾਅਦ ਅਸੀਂ ਇਨ੍ਹਾਂ ਨੂੰ ਦੁਨੀਆ ਤੋਂ ਵੀ ਕੱਢ ਰਹੇ ਹਾਂ। ਸਰਵੇਸ਼ਵਰ ਦਿਆਲ ਸਕਸੇਨਾ ਦੀ ਕਵਿਤਾ ਚੇਤੇ ਆਉਂਦੀ ਹੈ: ਜਦ ਵੀ/ਭੁੱਖ ਨਾਲ਼ ਲੜਨ ਲਈ/ਕੋਈ ਖੜ੍ਹਾ ਹੋ ਜਾਂਦਾ/ਸੋਹਣਾ ਦਿਸਣ ਲਗਦਾ/ਝਪਟਦਾ ਬਾਜ/ਫਨ ਉਠਾਈ ਸੱਪ/ਦੋ ਪੈਰਾਂ ਤੇ ਖੜ੍ਹੀ/ਕੰਡਿਆਂ ਵਿਚੋਂ ਨੰਨ੍ਹੀਆਂ ਪੱਤੀਆਂ ਖਾਂਦੀ ਬੱਕਰੀ/ਦੱਬੇ ਪੈਰੀਂ ਝਾੜੀਆਂ ਚ ਤੁਰਦਾ ਚੀਤਾ/ਟਾਹਣੀ ਤੇ ਪੁੱਠਾ ਲਮਕਿਆ/ਫਲ ਕੁਤਰਦਾ ਤੋਤਾ/ਜਾਂ ਇਨ੍ਹਾਂ ਦੀ ਥਾਂਆਦਮੀ ਹੁੰਦਾ/ਜਦ ਵੀ ਭੁੱਖ ਨਾਲ ਲੜਨ ਲਈ/ਕੋਈ ਖੜ੍ਹਾ ਹੋ ਜਾਂਦਾ/ਸੋਹਣਾ ਦਿਸਣ ਲਗਦਾ।

ਆਦਮੀ ਆਪਣੀ ਬੇਲੋੜੀ ਭੁੱਖ ਕਾਰਨ ਖੂੰੰਖਾਰ ਹੋ ਗਿਆ। ਖੂੰੰਖਾਰ ‘ਜਾਨਵਰ’ ਨਹੀਂ, ਖੂੰਖਾਰ ‘ਬੰਦਾ’। ਪੰਜਾਬ ਦੇ ਵੱਡੇ ਹਿੱਸਿਆਂ ਵਿਚ ਲੱਗਿਆ ਜੰਗਲ ਤਾਂ ਕਦ ਦਾ ਖ਼ਤਮ ਹੋ ਚੁੱਕਾ। ਸੜਕਾਂ ਕੰਢੇ ਲੱਗਿਆ ਵਣ ਵੀ ਲੱਗਭੱਗ ਸਮਾਪਤ ਹੋਣ ਲਾਗੇ ਹੈ। ਜੇ ਮੰਜ਼ਿਲ ਤੇ ਪਹੁੰਚਣਾ ਹੈ ਤਾਂ ਰਸਤਿਆਂ ਨੂੰ ਬਚਾ ਕੇ ਰੱਖਣਾ ਪੈਣਾ ਹੈ। ਸੜਕ ਨੇੜੇ ਲੱਗੇ ਦਰਖ਼ਤ ਸੜਕ ਤੋਂ ਆਉਂਦਾ ਮੀਂਹ ਦਾ ਪਾਣੀ ਜਜ਼ਬ ਕਰ ਲੈਂਦੇ ਹਨ। ਥੱਲਿਓਂ ਮਿੱਟੀ ਨਹੀਂ ਖੁਰਦੀ। ਸੜਕ ਨਹੀਂ ਟੁੱਟਦੀ। ਜੇ ਸ਼ਹਿਰ, ਕਸਬੇ, ਪਿੰਡ ਵਿਚ ਸੜਕ ਚੌੜੀ ਹੋਣ ਕਾਰਨ ਕਿਸੇ ਦੀ ਦੁਕਾਨ ਢਹਿੰਦੀ ਹੈ, ਉਹ ਤਾਂ ਝੱਟ ਬਣ ਜਾਂਦੀ, ਭਾਵੇਂ ਪਿੱਛੇ ਹਟਵੀਂ ਛੋਟੀ ਜਿਹੀ ਕਿਉਂ ਨਾ ਬਣੇ; ਪਰ ਸਰਕਾਰ ਰੁੱਖ ਨਹੀਂ ਲਗਾ ਸਕਦੀ ਜਿਸ ਕੋਲ ਸਭ ਸਾਧਨ ਨੇ!

ਇਹ ਵਰਤਾਰਾ ਸਾਡੇ ਮੁਲਕ ਵਿਚ ਹੀ ਨਹੀਂ ਸਗੋਂ ਸੰਸਾਰ ਪੱਧਰ ਤੇ ਹੈ। ਐਮਜ਼ੋਨ ਦੇ ਜੰਗਲਾਂ ਨੂੰ ਜਾਣਬੁੱਝ ਕੇ ਅੱਗਾਂ ਲਾਈਆਂ ਜਾ ਰਹੀਆਂ ਨੇ। ਆਸਟਰੇਲੀਆ ਵਿਚ ਲੱਖਾਂ ਜਾਨਵਰ ਹਰ ਗਰਮੀਆਂ ਵਿਚ ਜਿਊਂਦੇ ਸੜ ਜਾਂਦੇ ਹਨ। ਅੱਗ ਤੇ ਕਾਬੂ ਪਾਉਣ ਲਈ ਇੰਨੇ ਆਧੁਨਿਕ ਮੁਲਕ ਕੋਲ ਕੋਈ ਬਹੁਤੇ ਕਾਰਗਰ ਸਾਧਨ ਹੀ ਨਹੀਂ ਹਨ। ਦਰਅਸਲ, ਉਹ ਇਸ ਨੂੰ ਸਾਧਾਰਨ ਵਰਤਾਰਾ ਮੰਨਦੇ ਹਨ। ਮੀਹਾਂ ਦੀ ਉਡੀਕ ਕਰਦੇ ਨੇ। ਜਿਉਂ ਕਹਿੰਦੇ ਹੋਣ, ਕੁਦਰਤ ਨੇ ਲਗਾਈ ਹੈ ਉਹੀ ਬੁਝਾਏ। ਧਰਤੀ ਨੂੰ ਇੰਨਾ ਗਰਮ ਤਾਂ ਅਸੀਂ ਹੀ ਕੀਤਾ ਹੈ। ਅਸੀਂ ਕਿੰਨੇ ਅਸੰਵੇਦਨਸ਼ੀਲ ਹੋ ਗਏ ਹਾਂ!

ਪਰਿੰਦੇ, ਜਾਨਵਰ ਹੀ ਨਹੀਂ ਮਰ ਰਹੇ, ਇਨ੍ਹਾਂ ਨਾਲ ਸਾਡਾ ਬਹੁਤ ਕੁਝ ਮਰ ਰਿਹਾ ਹੈ। ਸਾਡਾ ਜੀਣ-ਥਣਿ, ਸਾਡਾ ਸਭਿਆਚਾਰ। ਸਾਡੀ ਭਾਸ਼ਾ ਦਾ ਬਹੁਤ ਕੁਝ।

ਕਿਸੇ ਨੇ ਨਹੀਂ ਕਿਹਾ ਕਰਨਾ- ਫਲਾਣਾ ਲੂੰਬੜੀ ਵਰਗਾ ਚਾਲਾਕ ਹੈ। ਉਹਦੀ ਸ਼ੇਰ ਵਰਗੀ ਦਹਾੜ ਹੈ। ਉਹ ਮੂਰਖ, ਗਧਾ ਹੈ। ਉਹ ਚੀਤੇ ਵਰਗਾ ਫੁਰਤੀਲਾ ਹੈ। ਗਿੱਦੜ ਜਦ ਨਹੀਂ ਰਹੇਗਾ, ਡਰਪੋਕ ਲਈ ਦੇਖੋ ਕੀ ਕਿਹਾ ਜਾਇਆ ਕਰੇਗਾ! ਇੰਜਣ ਮੋਟਰ ਦੀ ਤਾਕਤ ਦੱਸਣ ਲਈ ਅਸੀਂ ਅਜੇ ਵੀ ਘੋੜੇ ਤੇ ਨਿਰਭਰ ਹਾਂ; ਦੱਸਦੇ ਹਾਂ- ਕਿੰਨੇ ਹੌਰਸ ਪਾਵਰ ਦੀ ਮੋਟਰ ਹੈ!

ਸਾਨੂੰ ਆਪਣਾ ਜੀਣਾ ਹੀ ਹੁਣ ਇਸ ਪਦਾਰਥ ਯੁਗ ਵਿਚ ਅਹਿਮ ਲੱਗਦਾ ਹੈ। ਅਸੀਂ ਆਪਣੀਆਂ ਕਾਰਗੁਜ਼ਾਰੀਆਂ ਕਾਰਨ ਖ਼ੁਦ ਵੀ ਗ਼੍ਰਿਫ਼ਤ ਵਿਚ ਆ ਰਹੇ ਹਾਂ। ਇਨ੍ਹਾਂ ਮਾਸੂਮਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਾਂ। ਬਰਡ ਫਲੂ ਨਾਲ ਆਸਮਾਨ ਤੋਂ ਪੰਛੀ ਨਹੀਂ ਗਿਰ ਰਹੇ, ਇਹ ਸਾਡੀ ਗਿਰਾਵਟ ਦਰਜ ਕਰ ਰਹੇ ਨੇ ਕਿ ਅਸੀਂ ਕਿੰਨਾ ਗਿਰ ਰਹੇ ਹਾਂ।

ਸੰਪਰਕ: 82838-26876

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All