DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਨੁਭਵੀ ਤੇ ਜਗਿਆਸੂ ਪਾਠਕ: ਸੁਖਵਿੰਦਰਪਾਲ ਸਿੰਘ ਸੰਧੂ

ਸੁਖਵਿੰਦਰਪਾਲ ਸਿੰਘ ਸੰਧੂ ਨੇ ਸਮਕਾਲ ਦੇ ਟੈਕਨੋਲੋਜੀ ਅਤੇ ਪਦਾਰਥਕ ਸਰੋਕਾਰਾਂ ਨੂੰ ਆਦਰਸ਼ਾਂ ਵਜੋਂ ਸਥਾਪਿਤ ਕਰਨ ਵਾਲੇ ਰੁਝਾਨਾਂ ਦੇ ਬਾਵਜੂਦ ਇੱਕ ਅਨੁਭਵੀ ਅਤੇ ਜਗਿਆਸੂ ਪਾਠਕ ਸਨ। ਯੂਨੀਵਰਸਿਟੀ ਦੀ ਪੜ੍ਹਾਈ ਤੋਂ ਦੂਰ ਹੋਇਆਂ ਬੇਸ਼ੱਕ ਦਹਾਕੇ ਬੀਤ ਗਏ ਸਨ, ਪਰ ਗਿਆਨ ਪ੍ਰਤੀ ਇੱਕ...

  • fb
  • twitter
  • whatsapp
  • whatsapp
Advertisement

ਸੁਖਵਿੰਦਰਪਾਲ ਸਿੰਘ ਸੰਧੂ ਨੇ ਸਮਕਾਲ ਦੇ ਟੈਕਨੋਲੋਜੀ ਅਤੇ ਪਦਾਰਥਕ ਸਰੋਕਾਰਾਂ ਨੂੰ ਆਦਰਸ਼ਾਂ ਵਜੋਂ ਸਥਾਪਿਤ ਕਰਨ ਵਾਲੇ ਰੁਝਾਨਾਂ ਦੇ ਬਾਵਜੂਦ ਇੱਕ ਅਨੁਭਵੀ ਅਤੇ ਜਗਿਆਸੂ ਪਾਠਕ ਸਨ। ਯੂਨੀਵਰਸਿਟੀ ਦੀ ਪੜ੍ਹਾਈ ਤੋਂ ਦੂਰ ਹੋਇਆਂ ਬੇਸ਼ੱਕ ਦਹਾਕੇ ਬੀਤ ਗਏ ਸਨ, ਪਰ ਗਿਆਨ ਪ੍ਰਤੀ ਇੱਕ ਵਿਦਿਆਰਥੀ ਵਾਲੀ ਜਗਿਆਸਾ ਅਤੇ ਉਤਸੁਕਤਾ ਉਨ੍ਹਾਂ ਵਿੱਚ ਅੰਤਲੇ ਸਮੇਂ ਤੱਕ ਰਹੀ।

ਪਿਛਲੇ ਕੁਝ ਸਾਲਾਂ ਤੋਂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾ ਰਿਹਾ ਹਾਂ ਤਾਂ ਉਨ੍ਹਾਂ ਦੇ ਫੋਨ ਆਉਣੇ ਵਧ ਗਏ। ਗੱਲਬਾਤ ਦੌਰਾਨ ਮੈਂ ਮਹਿਸੂਸ ਕਰਦਾ ਕਿ ਉਨ੍ਹਾਂ ਦੀ ਚੇਤਨਾ ਵਿੱਚ ਪੰਜਾਬ ਯੂਨੀਵਰਸਿਟੀ ਦੀ ਆਪਣੀ ਪੜ੍ਹਾਈ ਦੌਰਾਨ ਹੰਢਾਏ ਪਲ, ਯੂਨੀਵਰਸਿਟੀ ਦੀਆਂ ਪਗਡੰਡੀਆਂ, ਦਰੱਖ਼ਤ, ਵਿਭਾਗ, ਅਧਿਆਪਕ, ਲਾਇਬ੍ਰੇਰੀ ਤੇ ਪੁਸਤਕਾਂ ਸਜੀਵ ਹੋ ਉੱਠਦੀਆਂ ਅਤੇ ਅੱਜ ਦੇ ਵਿਦਿਆਰਥੀ ਜੀਵਨ ਵਿੱਚੋਂ ਕਲਾਸਿਕ ਸਾਹਿਤ ਦੀ ਪੜ੍ਹਾਈ ਦਾ ਗ਼ੈਰਹਾਜ਼ਰ ਹੋਣਾ ਉਨ੍ਹਾਂ ਨੂੰ ਚਿੰਤਤ ਕਰਦਾ। ਉਹ ਮਿਰਜ਼ਾ ਗ਼ਾਲਿਬ ਤੇ ਸ਼ੈਕਸਪੀਅਰ ਦੀਆਂ ਰਚਨਾਵਾਂ ਦੇ ਸ਼ੁਦਾਈਆਂ ਵਾਂਗ ਪ੍ਰਸ਼ੰਸਕ ਸਨ। ਗ਼ਾਲਿਬ ਦੇ ਸ਼ੇਅਰਾਂ ਦੀਆਂ ਲੜੀਆਂ ਤੇ ਸ਼ੈਕਸਪੀਅਰ ਦੇ ਨਾਟਕਾਂ ਦੇ ਸੰਵਾਦ ਉਨ੍ਹਾਂ ਨੂੰ ਯਾਦ ਹੀ ਨਹੀਂ ਸਨ ਸਗੋਂ ਉਹ ਉਨ੍ਹਾਂ ਦੀ ਚੇਤਨਾ ਵਿੱਚ ਦਿਨੇ-ਰਾਤੇ ਫੇਰਾ ਪਾਉਂਦੇ ਸਨ।

Advertisement

ਮੈਂ ਉਨ੍ਹਾਂ ਦੇ ਹਮਉਮਰ ਦੋਸਤਾਂ ਵਿੱਚੋਂ ਨਹੀਂ ਸਾਂ, ਪਰ ਉਨ੍ਹਾਂ ਨਾਲ ਵਾਕਫੀਅਤ ਰੱਖਦੀ ਛੋਟੀ ਪੀੜ੍ਹੀ ਵਿੱਚੋਂ ਸਾਂ। ਮੇਰੀ ਉਨ੍ਹਾਂ ਨਾਲ ਵਾਕਫੀਅਤ ਉਨ੍ਹਾਂ ਦੇ ਹਮਉਮਰ ਦੋਸਤ ਪ੍ਰੋ. ਜਗਦੀਸ਼ ਸਿੰਘ ਰਾਹੀਂ ਹੋਈ ਜਿਨ੍ਹਾਂ ਦਾ ਮੈਂ ਵਿਦਿਆਰਥੀ ਸੀ। ਉਹ ਮੇਰੇ ਵਿਆਹ ’ਚ ਪ੍ਰੋ. ਜਗਦੀਸ਼ ਸਿੰਘ ਨਾਲ ਆਏ। ਇਸ ਤੋਂ ਬਾਅਦ ਮੇਰਾ ਉਨ੍ਹਾਂ ਨਾਲ ਰਾਬਤਾ ਵਧਣ ਲੱਗਾ ਅਤੇ ਮੇਰੀ ਪੀਐੱਚ ਡੀ ਦੌਰਾਨ ਉਹ ਕਈ ਵਾਰ ‘ਨਾਦ ਪ੍ਰਗਾਸੁ’ ਸ੍ਰੀ ਅੰਮ੍ਰਿਤਸਰ ਦੇ ਦਫ਼ਤਰ ਆਉਂਦੇ ਤਾਂ ਕਈ ਕਈ ਘੰਟੇ ਸਾਹਿਤ, ਦਰਸ਼ਨ, ਧਰਮ ਅਤੇ ਸਿਆਸਤ ਨਾਲ ਜੁੜੇ ਵਿਸ਼ਿਆਂ/ਘਟਨਾਵਾਂ ’ਤੇ ਚਰਚਾ ਕਰਦੇ। ਮੈਂ ਆਪਣੇ ਕਈ ਦੋਸਤਾਂ ਸਮੇਤ ਉਨ੍ਹਾਂ ਦੀਆਂ ਗੱਲਾਂ ਕੋਲ ਬੈਠ ਕੇ ਸੁਣਦਾ ਰਹਿੰਦਾ। ਉਹ ਹਾਲੇ ਵੀ ਸਾਹਿਤ ਅਤੇ ਦਰਸ਼ਨ ਦੇ ਪੱਕੇ ਪਾਠਕ ਸਨ। ਉਨ੍ਹਾਂ ਦੀ ਦੋਸਤੀ ਦਾ ਘੇਰਾ ਵਿਸ਼ਾਲ ਅਤੇ ਬਹੁ-ਰੰਗੀ ਸੀ, ਜੋ ਪੰਜਾਬ ਯੂਨੀਵਰਸਿਟੀ ’ਚੋਂ ਪੈਦਾ ਹੋਇਆ। ਵਿਦਿਆਰਥੀ ਜੀਵਨ ਦੌਰਾਨ ਚੰਡੀਗੜ੍ਹ ਦੇ 15 ਸੈਕਟਰ ’ਚ ਇੱਕ ਪਾਸੇ ਉਨ੍ਹਾਂ ਆਪਣਾ ਘਰ ਪ੍ਰੋ. ਮੋਹਨ ਸਿੰਘ ਦੀਵਾਨਾ ਦੇ ਘਰ ਨੇੜੇ ਲੈ ਲਿਆ ਤੇ ਦੀਵਾਨਾ ਸਾਹਿਬ ਦੀ ਸੰਗਤ ਰਾਹੀਂ ਉਹ ਕਪੂਰ ਸਿੰਘ ਨੂੰ ਜਾ ਮਿਲੇ ਅਤੇ ਦੂਜੇ ਪਾਸੇ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋ. ਮਿਨਹਾਸ ਤੇ ਦਰਸ਼ਨ ਸ਼ਾਸਤਰ ਵਿਭਾਗ ਦੇ ਪ੍ਰੋ. ਸਤਪਾਲ ਗੌਤਮ ਨਾਲ ਉਹ ਵਿਦਿਆਰਥੀਆਂ ਵਾਂਗ ਵਿਚਰਦੇ। ਉਹ ਸਾਰੇ ਵੀ ਸੁਖਵਿੰਦਰਪਾਲ ਸਿੰਘ ਸੰਧੂ ਦੀ ਬੌਧਿਕ ਜੁਸਤਜੂ ਦੀ ਤੀਖਣਤਾ ਦੇ ਕਾਇਲ ਸਨ। ਇਸ ਤੋਂ ਇਲਾਵਾ ਉਹ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਵਿੱਚ ਭੁਪਿੰਦਰ ਸਿੰਘ ਖੋਸਾ, ਸੁਨੀਲ ਜਾਖੜ ਅਤੇ ਜਸਪਾਲ ਸਿੰਘ ਨਾਲ ਸਰਗਰਮ ਰਹਿੰਦੇ ਸਨ। ਉਨ੍ਹਾਂ ਦਾ ਹੀ ਇੱਕ ਹੋਰ ਨੇੜਲਾ ਦੋਸਤ ਰਾਜੀਵ ਬੈਨਰਜੀ ਅੱਜ ਕੱਲ੍ਹ ਮੈਕਮਿਲਨ ਪ੍ਰਕਾਸ਼ਨ ਦੀ ਭਾਰਤੀ ਸ਼ਾਖਾ ’ਚ ਕੰਮ ਕਰਦਾ ਹੈ। ਸੋ ਉਨ੍ਹਾਂ ਦਾ ਜੀਵਨ ਸਾਹਿਤ, ਇਤਿਹਾਸ, ਦਰਸ਼ਨ ਅਤੇ ਰਾਜਨੀਤੀ ਨਾਲ ਬਹੁਤ ਡੂੰਘੀ ਤਰ੍ਹਾਂ ਜੁੜਿਆ ਹੋਇਆ ਸੀ।

Advertisement

ਪੜ੍ਹਨ ਜਾਨਣ ਦੀ ਤੀਬਰ ਇੱਛਾ ਕਰਕੇ ਹੀ ਉਹ ਲਗਾਤਾਰ ਵਿਦਵਾਨਾਂ ਕੋਲ ਆਉਣ-ਜਾਣ ਦਾ ਸਬੱਬ ਬਣਾਈ ਰੱਖਦੇ ਸਨ। ਜਦੋਂ ਵੀ ਉਨ੍ਹਾਂ ਨਾਲ ਮਿਲਾਪ ਹੋਣਾ ਤਾਂ ਗੱਲਾਂ ਪੁਸਤਕਾਂ, ਇਤਿਹਾਸ ਤੇ ਰਾਜਨੀਤੀ ’ਤੇ ਹੀ ਕੇਂਦਰਿਤ ਰਹਿੰਦੀਆਂ। ਜਿੰਨੀ ਦਿਲਚਸਪੀ ਅਤੇ ਉਤਸੁਕਤਾ ਨਾਲ ਉਹ ਖ਼ੁਦ ਪੜ੍ਹੀਆਂ ਪੁਸਤਕਾਂ ਦੀ ਚਰਚਾ ਕਰਦੇ, ਓਨੇ ਹੀ ਸ਼ੌਕ ਨਾਲ ਦੂਜੇ ਨੂੰ ਵੀ ਸੁਣਦੇ। ਉਹ ਅਖੀਰ ਤੱਕ ਆਪਣੀ ਨਿੱਜੀ ਲਾਇਬਰੇਰੀ ਲਈ ਆਪਣੀਆਂ ਮਨਪਸੰਦ ਕਿਤਾਬਾਂ ਮੰਗਵਾਉਂਦੇ ਰਹੇ। ਸੁਖਵਿੰਦਰਪਾਲ ਸਿੰਘ ਸੰਧੂ ਦੀ ਜੀਵਨ ਸ਼ੈਲੀ ਵਿੱਚ ਇੱਕ ਸਧਾਰਨਤਾ ਸੀ ਜਿਸ ਨਾਲ ਵੀ ਦਿਲ ਕੀਤਾ ਬੈਠ ਗਏ, ਖਾ ਪੀ ਲਿਆ, ਗਿਆਨ ਗੋਸ਼ਟੀ ਰਚਾ ਲਈ। ‘ਨਾਦ ਪ੍ਰਗਾਸੁ’ ਦੇ ਇੱਕ ਕਮਰੇ ’ਚ ਟਿਕਾਏ ਲੱਕੜ ਦੇ ਫੱਟਿਆਂ ਉੱਪਰ ਵਿਛਾਈਆਂ ਚਾਦਰਾਂ ’ਤੇ ਘੰਟਿਆਂਬੱਧੀ ਬੈਠ ਉਨ੍ਹਾਂ ਵੱਲੋਂ ਸਿਆਸਤਦਾਨਾਂ, ਸਾਹਿਤਕਾਰਾਂ, ਦਾਰਸ਼ਨਿਕਾਂ ਤੇ ਇਤਿਹਾਸਕਾਰਾਂ ਬਾਰੇ ਸੁਣਾਏ ਦਿਲਚਸਪ ਕਿੱਸੇ ਖ਼ਤਮ ਹੋਣ ਦਾ ਨਾਂ ਨਹੀਂ ਸੀ ਲੈਂਦੇ।

ਭਾਵੇਂ ਉਹ ਰਾਜਸਥਾਨ ’ਚ ਰਹਿੰਦੇ ਸਨ ਪਰ ਵਿਦਿਆਰਥੀਆਂ ਦਾ ਕਲਾਸਿਕ ਅਤੇ ਗੰਭੀਰ ਸਾਹਿਤ ਨਾਲੋਂ ਟੁੱਟ ਰਿਹਾ ਰਿਸ਼ਤਾ ਉਨ੍ਹਾਂ ਨੂੰ ਅਕਸਰ ਫਿਕਰਮੰਦ ਕਰ ਦਿੰਦਾ। ਉਨ੍ਹਾਂ ਮੰਨਣਾ ਸੀ ਕਿ ਇਤਿਹਾਸ ਤੇ ਰਾਜਨੀਤੀ ਦੇ ਖੇਤਰਾਂ ਦੀ ਵਿਹਾਰਕ ਸਮਝ ਅਤੇ ਰਮਜ਼ ਦਰਸ਼ਨ ਅਤੇ ਸਾਹਿਤ ਦੀ ਗਿਆਨ ਯਾਤਰਾ ਰਾਹੀਂ ਹੀ ਸਮਝ ਆ ਸਕਦੀ ਹੈ। ਸੁਖਵਿੰਦਰ ਸਿੰਘ ਸੰਧੂ ਦੀ 71 ਸਾਲਾ ਜੀਵਨ ਯਾਤਰਾ ਅਸਲ ਵਿੱਚ ਉਨ੍ਹਾਂ ਦੀ ਚੇਤਨਾ ਦੀ ਗਿਆਨ ਯਾਤਰਾ ਸੀ। ਅੱਜ 6 ਜਨਵਰੀ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਦੋਸਤਾਂ, ਸਨੇਹੀਆਂ ਤੇ ਪੰਜਾਬੀ ਦੇ ਪਾਠਕਾਂ ਨੂੰ ਇਸ ਯਾਤਰਾ ਦੀ ਨਿਰੰਤਰਤਾ ਪ੍ਰਤੀ ਪ੍ਰਤੀਬੱਧ ਹੋਣ ਦਾ ਕਰਮ ਨਿਭਾਉਣਾ ਚਾਹੀਦਾ ਹੈ।

ਸੰਪਰਕ: 98728-13433

Advertisement
×