DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਂ ਬੋਲੀ ਨੂੰ ‘ਦੇਸ਼-ਨਿਕਾਲਾ’

ਕੁਝ ਦਿਨ ਪਹਿਲਾਂ ਇੱਕ ਸਰਕਾਰੀ ਦਫ਼ਤਰ ਦੀਆਂ ਪੌੜੀਆਂ ਵਿੱਚ ਮੈਂ ‘ਆਜ਼ਾਦ ਭਾਰਤ’ ਦੀ ਇੱਕ ਅਜਬ ਤੇ ਦੁਖਦਾਈ ਤਸਵੀਰ ਦੇਖੀ। ਇੱਕ ਬਜ਼ੁਰਗ, ਜਿਸ ਦੇ ਹੱਥਾਂ ਦੀਆਂ ਗੰਢਾਂ ਅਤੇ ਚਿਹਰੇ ਦੀਆਂ ਝੁਰੜੀਆਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਸਨ ਕਿ ਉਸ ਨੇ...

  • fb
  • twitter
  • whatsapp
  • whatsapp
Advertisement
ਕੁਝ ਦਿਨ ਪਹਿਲਾਂ ਇੱਕ ਸਰਕਾਰੀ ਦਫ਼ਤਰ ਦੀਆਂ ਪੌੜੀਆਂ ਵਿੱਚ ਮੈਂ ‘ਆਜ਼ਾਦ ਭਾਰਤ’ ਦੀ ਇੱਕ ਅਜਬ ਤੇ ਦੁਖਦਾਈ ਤਸਵੀਰ ਦੇਖੀ। ਇੱਕ ਬਜ਼ੁਰਗ, ਜਿਸ ਦੇ ਹੱਥਾਂ ਦੀਆਂ ਗੰਢਾਂ ਅਤੇ ਚਿਹਰੇ ਦੀਆਂ ਝੁਰੜੀਆਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਸਨ ਕਿ ਉਸ ਨੇ ਆਪਣੀ ਸਾਰੀ ਉਮਰ ਇਸ ਧਰਤੀ ਦੀ ਹਿੱਕ ਚੀਰ ਕੇ ਅੰਨ ਪੈਦਾ ਕਰਨ ਵਿੱਚ ਲਾ ਦਿੱਤੀ ਹੈ, ਉਹ ਇੱਕ ਚਿੱਟੇ ਕਾਗਜ਼ ਨੂੰ ਇੰਨੀ ਲਾਚਾਰੀ ਨਾਲ ਨਿਹਾਰ ਰਿਹਾ ਸੀ ਜਿਵੇਂ ਉਹ ਕਾਗਜ਼ ਨਾ ਹੋ ਕੇ ਕੋਈ ਗੁਪਤ ਕੋਡ ਹੋਵੇ। ਉਸ ਬਜ਼ੁਰਗ ਦੇ ਮੱਥੇ ’ਤੇ ਉੱਕਰੀਆਂ ਡੂੰਘੀਆਂ ਲਕੀਰਾਂ ਵਿੱਚ ਅਜੀਬ ਜਿਹਾ ਸਵਾਲੀਆ ਨਿਸ਼ਾਨ ਸੀ। ਉਹ ਸਵਾਲੀਆ ਨਿਸ਼ਾਨ ਸਿਰਫ਼ ਉਸ ਕਾਗਜ਼ ਕਾਰਨ ਨਹੀਂ ਸੀ, ਸਗੋਂ ਉਸ ਸਿਸਟਮ ਨੂੰ ਲੈ ਕੇ ਸੀ, ਜਿਸ ਨੇ ਉਸ ਨੂੰ ਉਸ ਦੀ ਹੀ ਭੋਇੰ ’ਤੇ ਬੇਗ਼ਾਨਾ ਬਣਾ ਦਿੱਤਾ ਸੀ। ਉਹ ਉੱਥੋਂ ਲੰਘਣ ਵਾਲੇ ਹਰ ਰਾਹਗੀਰ ਦੇ ਅੱਗੇ ਹੱਥ ਜੋੜ ਕੇ ਬੜੀ ਉਮੀਦ ਨਾਲ ਪੁੱਛਦਾ, ‘‘ਪੁੱਤ, ਜ਼ਰਾ ਪੜ੍ਹ ਕੇ ਦੱਸ ਦੇ, ਇਸ ਵਿੱਚ ਮੇਰੇ ਲਈ ਕੀ ਹੁਕਮ ਹੋਇਆ ਹੈ? ਬਾਬੂ ਕਹਿੰਦਾ ਇਹ ਅੰਗਰੇਜ਼ੀ ਵਿੱਚ ਹੈ ਤੇ ਮੈਨੂੰ ਤਾਂ ਇਨ੍ਹਾਂ ਲੀਕਾਂ ਦੀ ਕੋਈ ਸਮਝ ਨਹੀਂ ਪੈਂਦੀ।’’

ਜਦੋਂ ਮੈਂ ਉਹ ਕਾਗਜ਼ ਫੜਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਉਹ ਸਿਰਫ਼ ਇੱਕ ਸਰਕਾਰੀ ਨੋਟਿਸ ਨਹੀਂ ਸੀ, ਸਗੋਂ ਸਾਡੀ ਮਾਂ-ਬੋਲੀ ਪੰਜਾਬੀ ਨੂੰ ਦਿੱਤਾ ਗਿਆ ਇੱਕ ਰਸਮੀ ‘ਦੇਸ਼-ਨਿਕਾਲਾ’ ਸੀ। ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਜਿਨ੍ਹਾਂ ਬਜ਼ੁਰਗਾਂ ਦੀਆਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਹਨ ਅਤੇ ਜਿਨ੍ਹਾਂ ਦੇ ਦਿੱਤੇ ਟੈਕਸ ਨਾਲ ਅਫਸਰਾਂ ਦੀਆਂ ਕੋਠੀਆਂ ਚੱਲਦੀਆਂ ਹਨ, ਉਨ੍ਹਾਂ ਵਿੱਚੋਂ ਇੱਕ ਬਜ਼ੁਰਗ ਅੱਜ ਆਪਣੇ ਹੀ ਹੱਕ ਦੀ ਚਿੱਠੀ ਪੜ੍ਹਨ ਲਈ ਕਿਸੇ ਅੰਗਰੇਜ਼ੀ ਜਾਣਨ ਵਾਲੇ ਦੇ ਹਾੜ੍ਹੇ ਕੱਢ ਰਿਹਾ ਹੈ। ਕੀ ਇਹ ਮਾਨਸਿਕ ਗ਼ੁਲਾਮੀ ਦਾ ਸਿਖ਼ਰ ਨਹੀਂ ਕਿ ਅਸੀਂ ਸੱਤ ਸਮੁੰਦਰੋਂ ਪਾਰ ਦੀ ਬੋਲੀ ਨੂੰ ਤਾਂ ਸਿਰ ਮੱਥੇ ਬਿਠਾ ਲਿਆ, ਪਰ ਜਿਸ ਮਾਂ-ਬੋਲੀ ਨੇ ਸਾਨੂੰ ਬੋਲਣਾ ਸਿਖਾਇਆ, ਉਸ ਨੂੰ ਸਰਕਾਰੀ ਫਾਈਲਾਂ ਦੇ ਹਨੇਰੇ ਕਮਰਿਆਂ ਵਿੱਚ ਦਫ਼ਨ ਕਰ ਦਿੱਤਾ? ਸਾਡੇ ਦਫ਼ਤਰਾਂ ਵਿੱਚ ਬੈਠੇ ਕਈ ਬਾਬੂ ਸ਼ਾਇਦ ਅੱਜ ਵੀ ਖ਼ੁਦ ਨੂੰ ਅੰਗਰੇਜ਼ਾਂ ਦੇ ਵਾਰਿਸ ਸਮਝਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਤੱਕ ਫਾਈਲ ’ਤੇ ਅੰਗਰੇਜ਼ੀ ਵਿੱਚ ਨੋਟਿੰਗ ਨਾ ਹੋਵੇ, ਉਦੋਂ ਤੱਕ ਪ੍ਰਸ਼ਾਸਨ ‘ਰੋਅਬਦਾਰ’ ਨਹੀਂ ਲੱਗਦਾ। ਇਹ ਕਿਹੋ ਜਿਹਾ ਲੋਕਤੰਤਰ ਹੈ, ਜਿੱਥੇ ਰਾਜਾ ਤੇ ਜਨਤਾ ਤਾਂ ਪੰਜਾਬੀ ਬੋਲਦੀ ਹੈ, ਪਰ ਉਸ ਦੇ ਕਰਿੰਦੇ ਕਿਸੇ ਬੇਗ਼ਾਨੀ ਭਾਸ਼ਾ ਵਿੱਚ ਸੰਵਾਦ ਰਚਾਉਂਦੇ ਹਨ? ਅੰਗਰੇਜ਼ੀ ਇੱਥੇ ਗਿਆਨ ਦਾ ਸਾਧਨ ਨਹੀਂ, ਸਗੋਂ ਇੱਕ ਕੰਧ ਬਣ ਚੁੱਕੀ ਹੈ, ਜੋ ਆਮ ਆਦਮੀ ਨੂੰ ਸਿਸਟਮ ਤੋਂ ਦੂਰ ਰੱਖਦੀ ਹੈ। ਜਦੋਂ ਮੈਂ ਬਜ਼ੁਰਗ ਨੂੰ ਉਹ ਕਾਗਜ਼ ਪੰਜਾਬੀ ਵਿੱਚ ਪੜ੍ਹ ਕੇ ਸੁਣਾਇਆ ਤਾਂ ਉਸ ਦੇ ਚਿਹਰੇ ’ਤੇ ਉੱਭਰਿਆ ਉਹ ਸਵਾਲੀਆ ਨਿਸ਼ਾਨ ਹੌਲੀ-ਹੌਲੀ ਗੁੱਸੇ ਤੇ ਰੋਹ ਵਿੱਚ ਬਦਲ ਗਿਆ। ਉਹ ਅੰਗਰੇਜ਼ਾਂ ਦੀ ਇਸ ਮਾਨਸਿਕ ਗ਼ੁਲਾਮੀ ਨੂੰ ਕੋਸਦਾ ਤੇ ਬੁੜਬੁੜਾਉਂਦਾ ਹੋਇਆ ਵੱਡੇ ਬਾਬੂ ਦੇ ਕੈਬਿਨ ਵੱਲ ਤੁਰ ਪਿਆ। ਉਸ ਦੇ ਕਦਮਾਂ ਵਿੱਚ ਅਨੋਖੀ ਤਾਕਤ ਸੀ, ਜਿਵੇਂ ਉਹ ਅੰਗਰੇਜ਼ੀ ਦੀ ਇਹ ਕੰਧ ਤੋੜਨ ਲਈ ਨਿਕਲਿਆ ਹੋਵੇ। ਉਸ ਦਾ ਤੁਰਨਾ ਮੈਨੂੰ ਇੱਕ ਹੱਕੀ ਲੜਾਈ ਵਾਂਗ ਲੱਗਿਆ। ਅਸੀਂ ਮਾਨਸਿਕ ਤੌਰ ’ਤੇ ਕਿੰਨੇ ਦੀਵਾਲੀਏ ਹੋ ਚੁੱਕੇ ਹਾਂ ਕਿ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਭੇਜ ਕੇ ਮਾਣ ਮਹਿਸੂਸ ਕਰਦੇ ਹਾਂ ਜਦੋਂਕਿ ਅਸਲ ਵਿੱਚ ਅਸੀਂ ਉਨ੍ਹਾਂ ਨੂੰ ਆਪਣੀ ਵਿਰਾਸਤ ਤੋਂ ਤੋੜ ਰਹੇ ਹਾਂ। ਜੇਕਰ ਅਦਾਲਤਾਂ, ਕਾਨੂੰਨ ਅਤੇ ਪ੍ਰਸ਼ਾਸਨ ਲੋਕਾਂ ਲਈ ਹਨ ਤਾਂ ਕੰਮਕਾਜ ਲੋਕਾਂ ਦੀ ਭਾਸ਼ਾ ਵਿੱਚ ਕਿਉਂ ਨਹੀਂ ਹੋ ਸਕਦੇ? ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ਵਿੱਚ ਪ੍ਰਸ਼ਾਸਨਿਕ ਕੰਮ ਆਪਣੀ ਮਾਂ-ਬੋਲੀ ਵਿੱਚ ਹੀ ਹੁੰਦੇ ਹਨ। ਉੱਥੇ ਭਾਸ਼ਾ ਰੁਕਾਵਟ ਨਹੀਂ, ਸਗੋਂ ਸ਼ਕਤੀਕਰਨ ਦਾ ਸਾਧਨ ਹੈ। ਆਓ, ਅਸੀਂ ਸਾਰੇ ਮਿਲ ਕੇ ਇਸ ਚੁੱਪ ਨੂੰ ਤੋੜੀਏ। ਇਹ ਲੜਾਈ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਸਾਡੀ ਪਛਾਣ ਦੀ ਲੜਾਈ ਹੈ। ਜਿਸ ਦਿਨ ਸਾਡੇ ਸਰਕਾਰੀ ਦਫ਼ਤਰਾਂ ਦੀਆਂ ਫਾਈਲਾਂ ਵਿੱਚੋਂ ਮਾਂ ਬੋਲੀ ਪੰਜਾਬੀ ਦੀ ਮਹਿਕ ਆਉਣ ਲੱਗ ਪਈ, ਉਸ ਦਿਨ ਕਿਸੇ ਬਜ਼ੁਰਗ ਨੂੰ ਬੇਗ਼ਾਨੀ ਭਾਸ਼ਾ ’ਚ ਲਿਖਿਆ ਕਾਗਜ਼ ਪੜ੍ਹਾਉਣ ਲਈ ਕਿਸੇ ਅੱਗੇ ਹੱਥ ਨਹੀਂ ਜੋੜਨੇ ਪੈਣਗੇ।

Advertisement

ਸੰਪਰਕ: 95014-75400

Advertisement

Advertisement
×