ਰਾਜ ਰਿਸ਼ੀ
ਸੈਰ ਕਰ ਦੁਨੀਆ ਕੀ ਗ਼ਾਫਿ਼ਲ ਜ਼ਿੰਦਗਾਨੀ ਫਿਰ ਕਹਾਂ।
ਜ਼ਿੰਦਗਾਨੀ ਗਰ ਕੁਛ ਰਹੀ ਤੋ ਯੇ ਜਵਾਨੀ ਫਿਰ ਕਹਾਂ॥
ਖਵਾਜਾ ਮੀਰ ‘ਦਰਦ’ ਦੇ ਇਸ ਕਲਾਮ ਵਿਚ ਵੱਡਾ ਫ਼ਲਸਫ਼ਾ ਅਤੇ ਸਚਾਈ ਲੁਕੀ ਹੋਈ ਹੈ ਜੋ ਮਨੁੱਖ ਨੂੰ ਖੂਹ ਦਾ ਡੱਡੂ ਬਣਨ ਤੋਂ ਬਚਾਉਂਦੀ ਹੈ; ਨਾਲ ਹੀ ਸੰਸਾਰ ਦੀ ਵਿਸ਼ਾਲਤਾ ਦੇ ਰੂ-ਬ-ਰੂ ਹੋਣ ਅਤੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਨਣ ਦਾ ਜੋਸ਼ ਪੈਦਾ ਕਰਦੀ ਹੈ। ਸਬਬ ਅਕਸਰ ਬਣਦਾ ਰਿਹਾ ਅਤੇ ਬਚਪਨ, ਕਾਲਜ, ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਕਈ ਵਾਰੀ ਦੂਰ-ਦੁਰਾਡੇ ਇਤਿਹਾਸਕ, ਪਹਾੜੀ ਅਤੇ ਧਾਰਮਿਕ ਸਥਾਨ ਦੇਖਣ ਦਾ ਮੌਕਾ ਮਿਲਦਾ ਰਿਹਾ। ਵਿਆਹ ਤੋਂ ਬਾਅਦ ਪਤਨੀ ਅਤੇ ਬੱਚਿਆਂ ਨਾਲ ਵੀ ਇਹ ਸਿਲਸਿਲਾ ਜਾਰੀ ਰਿਹਾ। ਹਾਂ, ਪਿਛਲੇ ਸਾਲ ਤੋਂ ਕਰੋਨਾ ਦੀ ਦਹਿਸ਼ਤ ਨੇ ਇਨ੍ਹਾਂ ਯਾਤਰਾਵਾਂ ਤੇ ਜ਼ਰੂਰ ਬਰੇਕ ਲਾ ਛੱਡੀ ਹੈ।
ਰੋਜ਼ਾਨਾ ਜੀਵਨ ਦੀ ਬੋਰੀਅਤ ਤੋੜਨ, ਹਵਾ-ਪਾਣੀ ਬਦਲਣ ਅਤੇ ਭੱਜ-ਦੌੜ ਤੋਂ ਦੂਰ ਫ਼ੁਰਸਤ ਦੇ ਕੁਝ ਪਲ਼ ਬਿਤਾਉਣ ਲਈ ਕੀਤੀ ਜਾ ਰਹੀ ਯਾਤਰਾ ਦੀ ਸ਼ੁਰੂਆਤ ਵਿਚ ਹੀ ਮੂਡ ਖ਼ਰਾਬ ਹੋ ਜਾਏ ਤਾਂ ਇਹੋ ਜਿਹੇ ਘੁੰਮਣ-ਫਿਰਨ ਦਾ ਕੀ ਫ਼ਾਇਦਾ?
ਕੁਝ ਸਾਲ ਪਹਿਲਾਂ ਪਰਿਵਾਰ ਨਾਲ ਨੈਨੀਤਾਲ ਘੁੰਮਣ ਦਾ ਪ੍ਰੋਗਰਾਮ ਬਣਿਆ। ਰੇਲਵੇ ਸਟੇਸ਼ਨ ਪੁੱਜ ਗਏ। ਯੂਪੀ, ਬਿਹਾਰ ਜਾਣ ਵਾਲੀ ਪਹਿਲਾਂ ਹੀ ਖੜ੍ਹੀ ਰੇਲਗੱਡੀ ’ਚ ਭੀੜ ਬਹੁਤ ਸੀ। ਸਾਡੀਆਂ ਸੀਟਾਂ ਰਿਜ਼ਰਵ ਸਨ। ਕੁਝ ਉਹ ਮੁਸਾਫਿ਼ਰ ਵੀ ਡੱਬੇ ’ਚ ਬੈਠੇ ਸਨ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲੀ ਸੀ। ਭੀੜ ਦੇਖ ਕੇ ਧੀ ਤੇ ਪੁੱਤਰ ਕਹਿਣ ਲੱਗੇ- “ਇਹ ਕਿੱਦਾਂ ਦੀ ਸੜੀ ਜਿਹੀ ਟਰੇਨ ’ਚ ਲੈ ਕੇ ਚੱਲੇ ਹੋ, ਕੋਈ ਵਧੀਆ ਸ਼ਤਾਬਦੀ ਵਰਗੀ ਟਰੇਨ ’ਚ ਤਾਂ ਲੈ ਜਾਂਦੇ।” ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਸ ਰੂਟ ’ਤੇ ਸ਼ਤਾਬਦੀ ਨਹੀਂ ਜਾਂਦੀ ਪਰ ਬੱਚੇ ਕੁੜਕੁੜ ਕਰਦੇ ਰਹੇ ਕਿ ਪਾਪਾ ਨੇ ਪੈਸੇ ਬਚਾਉਣ ਲਈ ਸ਼ਤਾਬਦੀ ਦੀਆਂ ਸੀਟਾਂ ਬੁੱਕ ਨਹੀਂ ਕਰਵਾਈਆਂ ਹੋਣੀਆਂ। ਸਫ਼ਰ ਰਾਤ ਦਾ ਸੀ, ਕੁਝ ਦੇਰ ਬਾਅਦ ਸਾਰੇ ਸੌਂ ਗਏ।
ਤੜਕੇ ਮੁਰਾਦਾਬਾਦ ਪੁੱਜੇ ਅਤੇ ਕਾਠਗੋਦਾਮ ਲਈ ਗੱਡੀ ਬਦਲੀ। ਉਸ ਗੱਡੀ ਵਿਚ ਭੀੜ ਤਾਂ ਜ਼ਿਆਦਾ ਨਹੀਂ ਸੀ ਪਰ ਉਹ ਚਲਦੀ ਢੀਚਕ ਢੀਚਕ ਸੀ, ਹਰ ਸਟੇਸ਼ਨ ਤੇ ਮੁਸਾਫਿ਼ਰਾਂ ਦਾ ਪੂਰਾ ਖਿ਼ਆਲ ਰੱਖਦੀ ਹੋਈ। ਉਸ ਨੇ ਪਹੁੰਚਣ ਲਈ ਇਕ ਘੰਟਾ ਵੱਧ ਲਾ ਦਿੱਤਾ। ਮਾਲ ਗੱਡੀ ਵਰਗੀ ਰਫ਼ਤਾਰ ਦੇਖ ਕੇ ਕਾਲਜ ਪੜ੍ਹਦੇ ਸਾਡੇ ਨਿਆਣੇ ਹੋਰ ਦੁਖੀ ਹੋ ਗਏ। ਉਪਰੋਂ ਕਾਠਗੋਦਾਮ ਸਟੇਸ਼ਨ ਤੇ ਪਹੁੰਚਦੇ ਹੀ ਸਾਹਮਣੇ ਵਾਲੇ ਪਲੈਟਫਾਰਮ ਤੇ ਉਨ੍ਹਾਂ ਨੂੰ ਦਿੱਲੀ ਤੋਂ ਆਈ ਸੱਜ ਵਿਆਹੀ ਮੁਟਿਆਰ ਵਾਂਗ ਸਜੀ ਸ਼ਤਾਬਦੀ ਖੜ੍ਹੀ ਦਿਸ ਪਈ। ਬਸ ਫਿਰ ਕੀ ਸੀ! ਨਿਆਣਿਆਂ ਨੇ ਉੱਥੇ ਹੀ ਐਲਾਨ ਕਰ ਦਿੱਤਾ ਕਿ ਚਾਰ ਦਿਨ ਬਾਅਦ ਵਾਪਸੀ ਤੇ ਅਸੀਂ ਇੱਦਾਂ ਦੀ ਹੀ ਟਰੇਨ ਵਿਚ ਆਉਣਾ ਹੈ। ਪਤਨੀ ਨੇ ਵੀ ਬੱਚਿਆਂ ਦੀ ਹਮਾਇਤ ਕੀਤੀ- “ਸੀਟਾਂ ਦਾ ਪਤਾ ਕਰ ਲਓ, ਮੁਰਾਦਾਬਾਦ ਤੱਕ ਸ਼ਤਾਬਦੀ ਚ ਚੱਲ ਪਵਾਂਗੇ। ਬੁੱਸੇ ਬੈਠੇ ਨਿਆਣੇ ਖ਼ੁਸ਼ ਹੋ ਜਾਣਗੇ।” ਗੱਲ ਮਨ ਨੂੰ ਟੁੰਬ ਗਈ। ਪਤਾ ਕੀਤਾ ਤਾਂ ਸੀਟਾਂ ਵੀ ਖਾਲੀ ਸਨ ਪਰ ਕਿਰਾਇਆ ਦੂਜੀ ਟਰੇਨ ਨਾਲੋਂ ਕਰੀਬ ਛੇ ਗੁਣਾਂ ਜ਼ਿਆਦਾ ਸੀ। ਕੁਝ ਪਲ਼ਾਂ ਲਈ ਮੇਰੇ ਉੱਤੇ ਦਸ ਦਸ ਰੁਪਏ ਬਚਾਉਣ ਵਾਲੀ ਨਿਮਨ ਮੱਧ-ਵਰਗੀ ਕਸਬਾਈ ਸੋਚ ਹਾਵੀ ਹੋਣ ਲੱਗੀ। ਗਿਣਤੀ ਮਿਣਤੀ ਲਾਈ ਤਾਂ ਦੂਜੀ ਟਰੇਨ ਨਾਲੋਂ ਵਕਤ ਸਿਰਫ਼ ਇਕ ਘੰਟਾ ਘੱਟ ਲੱਗਣਾ ਸੀ। ਫਿਰ ਮਨ ਨੂੰ ਸਮਝਾਇਆ, “ਰਾਜੇ! ਅੱਜ ਕੰਜੂਸੀ ਨਾ ਕਰੀਂ; ਨਹੀਂ ਤਾਂ ਸਾਰੀ ਉਮਰ ਗੱਲਾਂ ਸੁਣਨੀਆਂ ਪੈਣਗੀਆਂ।” ਸ਼ਤਾਬਦੀ ਦੀਆਂ ਟਿਕਟਾਂ ਹੱਥ ਵਿਚ ਆਉਂਦੇ ਹੀ ਡੁੰਨਵੱਟੇ ਜਿਹੇ ਬਣੇ ਬੱਚਿਆਂ ਦੇ ਚਿਹਰੇ ਤੇ ਚਮਕ ਆ ਗਈ ਅਤੇ ਨੈਨੀਤਾਲ ਪੁਜਦੇ ਪੁੱਜਦੇ ਉਹ ਇਕ-ਦੂਜੇ ਨਾਲ ਹਾਸਾ-ਠੱਠਾ ਅਤੇ ਮਾਂ ਨਾਲ ਮਸ਼ਕਰੀਆਂ ਕਰਨ ਲੱਗ ਪਏ।
ਕਾਠਗੋਦਾਮ ਤੋਂ ਨੈਨੀਤਾਲ ਪਹੁੰਚ ਕੇ ਨੈਨੀ ਝੀਲ ਦੇ ਬਿਲਕੁਲ ਸਾਹਮਣੇ ਜਿਸ ਹੋਟਲ ਵਿਚ ਠਹਿਰੇ, ਉੱਥੋਂ ਝੀਲ ਅਤੇ ਮਾਲ ਰੋਡ ਦਾ ਖ਼ੂਬਸੂਰਤ ਨਜ਼ਾਰਾ ਦਿਸਦਾ ਸੀ। ਸਵੇਰੇ ਅਤੇ ਰਾਤ ਦੇ ਮੌਸਮ ਚ ਹਲਕੀ ਜਿਹੀ ਠੰਢਕ ਸੀ ਹਾਲਾਂਕਿ ਮਹੀਨਾ ਅਗਸਤ ਦਾ ਸੀ। ਸਵੇਰੇ-ਸ਼ਾਮ ਝੀਲ ਦੇ ਕਿਨਾਰੇ, ਮਾਲ ਰੋਡ ਦੀ ਸੈਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵਾਦੀਆਂ ਦੇ ਨਜ਼ਾਰੇ ਲੈਂਦਿਆਂ ਚਾਰ ਦਿਨ ਜਲਦੀ ਜਲਦੀ ਬੀਤ ਗਏ ਪਰ ਇਹ ਜ਼ਰੂਰ ਲਗਦਾ ਰਿਹਾ ਕਿ ਦੋਨਾਂ ਬੱਚਿਆਂ ਦਾ ਧਿਆਨ ਸ਼ਤਾਬਦੀ ਦੇ ਹੋਣ ਵਾਲੇ ਸਫ਼ਰ ਵੱਲ ਹੀ ਸੀ ਅਤੇ ਉਹ ਉਸ ਬਾਰੇ ਆਪਣੇ ਦੋਸਤਾਂ ਤੋਂ ਸੁਣੀਆਂ ਗੱਲਾਂ ਹੀ ਕਰਦੇ ਰਹੇ।
… ਤੇ ਲਓ ਜੀ, ‘ਜਿਸ ਕੇ ਲੀਏ ਵੇ ਥੇ ਬੇਕਰਾਰ… ਵੋ ਘੜੀ ਆ ਗਈ’… ਸ਼ਤਾਬਦੀ ਦੀਆਂ ਸ਼ਾਨਦਾਰ ਸੀਟਾਂ ’ਤੇ ਬੈਠਦਿਆਂ ਹੀ ਉਨ੍ਹਾਂ ਦੇ ਚਿਹਰੇ ’ਤੇ ਇਸ ਤਰ੍ਹਾਂ ਦੀ ਸਕੂਨ ਭਰੀ ਖ਼ੁਸ਼ੀ ਸੀ ਜਿਵੇਂ ਕੋਈ ਮਾਅਰਕਾ ਮਾਰ ਲਿਆ ਹੋਵੇ। ਟਰੇਨ ਤੁਰਦਿਆਂ ਹੀ ਹਰ ਯਾਤਰੀ ਨੂੰ ਪਾਣੀ ਦੀਆਂ ਬੋਤਲਾਂ ਮਿਲ ਗਈਆਂ। ਦਸ ਕੁ ਮਿੰਟਾਂ ਬਾਅਦ ਨਿੰਬੂ ਪਾਣੀ ਅਤੇ ਕੁਝ ਸਨੈਕਸ ਆ ਗਏ। ਬੱਚੇ ਉਤਸੁਕਤਾ ਨਾਲ ਇਕ-ਦੂਜੇ ਨਾਲ ਮੁਸਕਰਾਹਟ ਸਾਂਝੀ ਕਰ ਰਹੇ ਸਨ। ਘੰਟੇ ਕੁ ਬਾਅਦ ਚਾਹ, ਕੌਫੀ, ਫਰੂਟੀ, ਪੈਟੀ ਆਦਿ ਵਰਤਾ ਦਿੱਤੇ ਗਏ। ਇਹ ਖਾਣ-ਪੀਣ ਅਜੇ ਮੁੱਕਿਆ ਵੀ ਨਹੀਂ ਸੀ ਕਿ ਵੇਟਰ ਨੇ ਆ ਕੇ ਕਿਹਾ- ‘ਤੁਹਾਡਾ ਸਟੇਸ਼ਨ ਮੁਰਾਦਾਬਾਦ ਆਉਣ ਵਾਲਾ ਹੈ’। ਰਾਤ ਦੇ ਖਾਣੇ ਦੇ ਪੈਕਟ ਉਸ ਨੇ ਸਾਨੂੰ ਟਰੇਨ ਵਿਚੋਂ ਉਤਰਦਿਆਂ ਫੜਾ ਦਿੱਤੇ ਜੋ ਅਸੀਂ ਟਰੇਨ ਦੀ ਉਡੀਕ ਕਰਦਿਆਂ ਪਲੈਟਫਾਰਮ ਤੇ ਬੈਠ ਕੇ ਖਾਧੇ।
ਰੇਲਵੇ ਦਾ ਇਹ ‘ਸੇਵਾ ਭਾਵ’ ਦੇਖ ਕੇ ਬੱਚਿਆਂ ਦੀਆਂ ਬਾਛਾਂ ਖਿੜੀਆਂ ਹੋਈਆਂ ਸਨ। ਸ਼ਾਇਦ ਉਨ੍ਹਾਂ ਨੂੰ ਪਹਾੜਾਂ ਦੀ ਤਾਜ਼ਾ ਠੰਢੀ ਹਵਾ, ਨੈਨੀ ਝੀਲ ਵਿਚ ਕੀਤੀ ਬੋਟਿੰਗ, ਝਰਨੇ, ਭੀਲ ਤਾਲ, ਕਮਲ ਤਾਲ, ਸਾਤ ਤਾਲ ਆਦਿ ਦੇ ਨਜ਼ਾਰਿਆਂ ਨਾਲੋਂ ਵੱਧ ਮਜ਼ਾ ਸ਼ਤਾਬਦੀ ਦੇ ਸਫ਼ਰ ਦਾ ਆਇਆ ਸੀ। ਬੱਚਿਆਂ ਦੀ ਮਾਂ ਵੀ ਖ਼ੁਸ਼ ਸੀ। ਪਿਉ ਨੂੰ ਹੋਰ ਕੀ ਚਾਹੀਦਾ ਸੀ! ਲੱਗ ਰਿਹਾ ਸੀ ਕਿ ‘ਤੀਰਥ ਯਾਤਰਾ’ ਸਫ਼ਲ ਹੋ ਗਈ।
ਸੰਪਰਕ: 98720-10574