ਗੁਰਦੀਪ ਸਿੰਘ ਢੁੱਡੀ
2005 ਵਿਚ ਪਹਿਲੀ ਵਾਰੀ ਕਿਸੇ ਬਹੁਤ ਵੱਡੇ ਹਸਪਤਾਲ (ਦਿੱਲੀ) ਜਾਣਾ ਪਿਆ। ਪੰਜਾਬ ਮੇਲ ਰੇਲ ਗੱਡੀ ਤੋਂ ਉੱਤਰ ਕੇ ਅੱਗੇ ਲੋਕਲ ਬੱਸਾਂ ਤੇ ਦੱਸਦਿਆਂ ਪੁੱਛਦਿਆਂ ਵਾਹਵਾ ਸਮਾਂ ਲੱਗ ਗਿਆ। ਹਸਪਤਾਲ ਜਾ ਕੇ ਮੈਂ ਡੌਰ-ਭੌਰਿਆਂ ਵਾਂਗ ਵੇਖਦਾ ਰਿਹਾ। ਹਸਪਤਾਲ ਦੀ ਪਾਰਕਿੰਗ ਵੱਲ ਨਿਗ੍ਹਾ ਮਾਰੀ। ਸਕੂਟਰ, ਮੋਟਰਸਾਈਕਲ ਤਾਂ ਬਹੁਤ ਹੀ ਘੱਟ ਦਿਸੇ, ਕਾਰਾਂ ਤੇ ਉਹ ਵੀ ਵੱਡੀਆਂ ਕਾਰਾਂ ਹੀ ਪਾਰਕਿੰਗ ਵਿਚ ਖੜ੍ਹੀਆਂ ਸਨ। ਥੋੜ੍ਹੇ ਥੋੜ੍ਹੇ ਸਮੇਂ ਬਾਅਦ ਇਕ ਪਾਸਿਓਂ ਵਿਸ਼ੇਸ਼ ਤਰ੍ਹਾਂ ਦੀ ਡਰਾਉਣੀ ਜਿਹੀ ਆਵਾਜ਼ ਆਉਂਦੀ। ਆਵਾਜ਼ ਸੁਣ ਕੇ ਆਪਣਾ ਛੋਟਾ ਜਿਹਾ ਸ਼ਹਿਰ ਫ਼ਰੀਦਕੋਟ ਚੇਤੇ ਆ ਗਿਆ। … ਜ਼ਿਲ੍ਹੇ ਦੇ ਵੱਡੇ ਅਧਿਕਾਰੀ (ਡਿਪਟੀ ਕਮਿਸ਼ਨਰ, ਸੀਨੀਅਰ ਪੁਲੀਸ ਕਪਤਾਨ) ਜਾਂ ਫਿਰ ਕੋਈ ਸਿਆਸੀ ਨੇਤਾ ਜਦੋਂ ਕਿਸੇ ਪਾਸੇ ਜਾਂਦਾ ਹੈ ਤਾਂ ਉਸ ਦੇ ਅੱਗੇ ਅਤੇ ਪਿੱਛੇ ਪੁਲੀਸ ਦੀ ਗੱਡੀ ਜਾਂਦੀ ਹੈ। ਪਤਾ ਨਹੀਂ ਇਸ ਗੱਡੀ ਵਿਚੋਂ ਜਾਂ ਫਿਰ ਅਧਿਕਾਰੀ ਦੀ ਗੱਡੀ ਵਿਚੋਂ ਨਿੱਕਲਦੀ ਆਵਾਜ਼ ਇਸੇ ਤਰ੍ਹਾਂ ਦੀ ਹੋਣ ਕਰ ਕੇ ਮਨ ਵਿਚ ਆਇਆ ‘ਜ਼ਰੂਰ ਕੋਈ ਵੱਡਾ ਅਧਿਕਾਰੀ ਜਾਂ ਫਿਰ ਕੋਈ ਸਿਆਸੀ ਨੇਤਾ’ ਇਸ ਹਸਪਤਾਲ ਵਿਚ ਆਇਆ ਹੋਣਾ ਹੈ। ਥੋੜ੍ਹਾ ਸਮਾਂ ਹਸਪਤਾਲ ਵਿਚ ਰਹੇ। ਆਪਣੇ ਪੁੱਤਰ ਦੀ ਬਿਮਾਰੀ ਦੇ ਇਲਾਜ ਵਾਸਤੇ ਗਏ ਸਾਂ। ਹਸਪਤਾਲ ਵਿਚ ਡਾਕਟਰ ਨੂੰ ਮਿਲਣ, ਚੈੱਕ-ਅਪ ਕਰਾਉਣ ਮਗਰੋਂ ਇਲਾਜ ਤੇ ਆਉਣ ਵਾਲੇ ਖਰਚੇ ਦਾ ਅੰਦਾਜ਼ਾ ਲੁਆਇਆ। ਇਲਾਜ ਵਾਸਤੇ ਆਉਣ ਦਾ ਸਮਾਂ (ਅਪਾਇੰਟਮੈਂਟ) ਲੈ ਕੇ ਵਾਪਸ ਆ ਗਏ।
ਹੁਣ ਮਿੱਥੇ ਸਮੇਂ ਤੇ ਵਾਪਸ ਇਲਾਜ ਵਾਸਤੇ ਉਸੇ ਹਸਪਤਾਲ ਵਿਚ ਗਏ। ਦਿਨ ਸਮੇਂ ਹਸਪਤਾਲ ਪਹੁੰਚ ਕੇ ਜ਼ਰੂਰੀ ਕਾਰਵਾਈਆਂ ਪੂਰੀਆਂ ਕੀਤੀਆਂ। ਦਿਨ ਵੇਲੇ ਫਿਰ ਉਸੇ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਰਹੀਆਂ, ਮੈਂ ਫਿਰ ਕਿਸੇ ਵੱਡੇ ਬੰਦੇ ਦੇ ਆਉਣ ਦਾ ਅੰਦਾਜ਼ਾ ਲਾਉਂਦਾ ਰਿਹਾ। ਰਾਤ ਸਮੇਂ ਹਸਪਤਾਲ ਦੇ ‘ਵੇਟਿੰਗ ਹਾਲ’ ਵਿਚਲੀਆਂ ਗੱਦਿਆਂ ਵਾਲੀਆਂ ਕੁਰਸੀਆਂ ਤੇ ਹੀ ਲੇਟ ਕੇ ਰਾਤ ਲੰਘਾਉਣ ਦਾ ਇਰਾਦਾ ਬਣਾ ਕੇ ਹਸਪਤਾਲ ਹੀ ਠਹਿਰ ਗਿਆ। ਰਾਤ ਨੂੰ ਦਿਨ ਨਾਲੋਂ ਵੀ ਜ਼ਿਆਦਾ ਉਹੀ ਡਰਾਉਣੀਆਂ ਆਵਾਜ਼ਾਂ ਆਉਣ ਲੱਗੀਆਂ। ਉੱਥੋਂ ਉੱਠ ਕੇ ਬਾਹਰ ਫਿਰਦੇ ਇਕ ਬੰਦੇ ਨੂੰ ਡਰਾਉਣੀਆਂ ਆਵਾਜ਼ਾਂ ਵਾਲੀਆਂ ਗੱਡੀਆਂ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਇਹ ਐਂਬੂਲੈਂਸ ਗੱਡੀਆਂ ਹਨ। ਇਨ੍ਹਾਂ ਗੱਡੀਆਂ ਵਿਚ ਬਹੁਤ ਹੀ ਸੀਰੀਅਸ ਮਰੀਜ਼ ਹੁੰਦਾ ਹੋਣ ਕਰ ਕੇ ਇਸ ਤਰ੍ਹਾਂ ਦੇ ਹਾਰਨ ਲੱਗੇ ਹੁੰਦੇ ਹਨ ਤਾਂ ਜੋ ਗੱਡੀਆਂ ਨੂੰ ਤੇਜ਼ੀ ਨਾਲ ਅੱਗੇ ਵਧਣ ਦਾ ਰਸਤਾ ਮਿਲ ਜਾਵੇ। ਹਸਪਤਾਲ ਦੇ ਐਮਰਜੈਂਸੀ ਗੇਟ ਅੱਗੇ ਆ ਕੇ ਇਨ੍ਹਾਂ ਗੱਡੀਆਂ ਦੇ ਡਰਾਈਵਰ ਫਿਰ ਇਹ ਹਾਰਨ ਮਾਰਦੇ ਹਨ ਤਾਂ ਜੋ ਜਲਦੀ ਨਾਲ ਗੇਟ ਖੁੱਲ੍ਹ ਜਾਵੇ ਅਤੇ ਮਰੀਜ਼ ਦਾ ਇਲਾਜ ਸ਼ੁਰੂ ਕਰ ਕੇ ਉਸ ਦੀ ਜਾਨ ਬਚਾਈ ਜਾ ਸਕੇ।
ਪਤਾ ਲੱਗਿਆ, ਹਸਪਤਾਲ ਦੇ ਇਸ ਪਾਸੇ ਬਹੁਤ ਸੀਰੀਅਸ ਮਰੀਜ਼ਾਂ ਨੂੰ ਹੀ ਲਿਆਇਆ ਜਾਂਦਾ ਹੈ। ਸਚਮੁੱਚ ਐਮਰਜੈਂਸੀ ਵਾਲੀ ਹਾਲਤ ਹੁੰਦੀ ਹੈ। ਐਮਰਜੈਂਸੀ ਵਾਲੇ ਹਾਲਾਤ ਬਾਰੇ ਜਾਣਦਿਆਂ ਫਿਰ ਆਪਣੇ ਸ਼ਹਿਰ ਵੱਲ ਸੁਤਾ ਚੱਲੀ ਜਾਂਦੀ ਹੈ। ਸਰਕਾਰੀ ਅਧਿਕਾਰੀ ਜਦੋਂ ਆਪਣੇ ਦਫ਼ਤਰ ਨੂੰ ਜਾਂਦੇ ਹਨ ਜਾਂ ਫਿਰ ਦਫ਼ਤਰ ਤੋਂ ਆਪਣੇ ਘਰ ਨੂੰ ਜਾਂਦੇ ਹਨ ਤਾਂ ਉਸ ਸਮੇਂ ਤਾਂ ਕੋਈ ਐਮਰਜੈਂਸੀ ਨਹੀਂ ਹੋਣੀ ਚਾਹੀਦੀ। ਫਿਰ ਉਨ੍ਹਾਂ ਦੀਆਂ ਗੱਡੀਆਂ ਵਿਚ ਇਸ ਤਰ੍ਹਾਂ ਦੇ ਡਰਾਉਣੀਆਂ ਆਵਾਜ਼ਾਂ ਵਾਲੇ ਹਾਰਨ ਕਿਉਂ ਲਾਏ ਜਾਂਦੇ ਹਨ। ਚੱਲੋ, ਇਹ ਮੰਨ ਲਿਆ ਕਿ ਉਹ ਕਿਸੇ ਐਮਰਜੈਂਸੀ ਵਾਲੇ ਹਾਲਤ ਵਿਚ ਹੋ ਸਕਦੇ ਹਨ ਪਰ ਸਿਆਸੀ ਨੇਤਾ ਤਾਂ ਕਿਸੇ ਵੀ ਥਾਂ ਜਾਣ, ਉਹ ਅਕਸਰ ਹੀ ਟਾਈਮੋ-ਬੇ-ਟਾਈਮ ਹੁੰਦੇ ਹਨ। ਉਨ੍ਹਾਂ ਨੂੰ ਤਾਂ ਐਮਰਜੈਂਸੀ ਹੋ ਹੀ ਨਹੀਂ ਸਕਦੀ। ਫਿਰ ਉਨ੍ਹਾਂ ਦੀਆਂ ਗੱਡੀਆਂ ਵਿਚ ਇਸ ਤਰ੍ਹਾਂ ਦੀਆਂ ਡਰਾਉਣੀਆਂ ਆਵਾਜ਼ਾਂ ਵਾਲੇ ਹਾਰਨ ਲਗਾਏ ਜਾਣ ਦੀ ਤਾਂ ਕੋਈ ਤੁਕ ਨਹੀਂ ਬਣਦੀ!
ਅਧਿਕਾਰੀਆਂ ਜਾਂ ਸਿਆਸੀ ਨੇਤਾਵਾਂ ਦੀਆਂ ਗੱਡੀਆਂ ਅੱਗੇ ਇਕ ਹੋਰ ਗੱਡੀ ਹੁੰਦੀ ਹੈ। ਇਸ ਵਿਚ ਪੁਲੀਸ ਦੇ ਕੁਝ ਕਰਮਚਾਰੀ ਬੈਠੇ ਜਾਂ ਖੜ੍ਹੇ ਹੁੰਦੇ ਹਨ। ਬੜੀ ਤੇਜ਼ੀ ਨਾਲ ਜਾ ਰਹੀ ਗੱਡੀ ’ਚੋਂ ਉਹ ਡਰਾਉਣੀਆਂ ਆਵਾਜ਼ਾਂ ’ਚ ਅਤੇ ਆਪਣੀਆਂ ਬਾਹਵਾਂ ਬਾਹਰ ਕੱਢਦੇ ਹੋਏ ਲੋਕਾਂ ਨੂੰ ਸੜਕ ਤੋਂ ਪਾਸੇ ਹਟ ਜਾਣ ਦੇ ਇਸ਼ਾਰੇ ਕਰ ਰਹੇ ਹੁੰਦੇ ਹਨ। ਇੰਨੇ ਰੋਹਬ ਭਰੇ ਅੰਦਾਜ਼ ਵਿਚ ਜਨਤਾ ਨੂੰ ‘ਹੁਕਮ ਦਿੰਦੇ’ ਹਨ ਕਿ ਮਨ ਵਿਚ ਵਾਰ ਵਾਰ ਇਹ ਗੱਲ ਆਉਂਦੀ ਹੈ ਕਿ ਪੁਲੀਸ ਨੂੰ ਆਮ ਜਨਤਾ ਦੀ ਸੇਵਕ ਵਜੋਂ ਤਾਇਨਾਤ ਨਹੀਂ ਕੀਤਾ ਗਿਆ ਸਗੋਂ ਇਹ ਤਾਂ ਹਾਕਮਾਂ ਦੀ ਸੇਵਾ ਵਾਸਤੇ ਹੀ ਹਨ। ਆਮ ਜਨਤਾ ਵਾਸਤੇ ਤਾਂ ਇਹੀ ਵੱਡੇ ਹਾਕਮ ਹੁੰਦੇ ਹਨ। ਐਮਰਜੈਂਸੀ ਹਾਲਾਤ (ਜਿਵੇਂ ਅੱਜਕੱਲ੍ਹ ਕਰੋਨਾ ਕਰ ਕੇ ਹਨ) ਵਿਚ ਤਾਂ ਇਹ ਆਮ ਤੌਰ ਜਨਤਾ ਤੇ ਡੰਡਾ ਵਰ੍ਹਾਉਣ, ਜੁਰਮਾਨੇ ਕਰਨ ਆਦਿ ਦਾ ਕੰਮ ਹੀ ਕਰਦੇ ਹਨ। ਲੋਕਾਂ ਨੂੰ ਸਮਝਾਉਣ, ਠੀਕ ਗਲਤ ਬਾਰੇ ਦੱਸਣ ਦੀ ਥਾਂ ਪੁਲੀਸ ਦਾ ਕੇਵਲ ਇਕ ਹੀ ਅੰਦਾਜ਼ ਹੁੰਦਾ ਹੈ ਅਤੇ ਇਹ ਪੁਲਸੀਆ ਅੰਦਾਜ਼ ਹੀ ਇਨ੍ਹਾਂ ਦਾ ਕਾਨੂੰਨ ਹੁੰਦਾ ਹੈ। ਪੁਲੀਸ ਨੂੰ ਦੇਖਦਿਆਂ ਸਾਰ ਮਨ ਵਿਚ ਐਮਰਜੈਂਸੀ ਪੈਦਾ ਹੋ ਜਾਂਦੀ ਹੈ।
ਸੰਪਰਕ: 95010-20731