ਡਾ. ਜਸਵੰਤ ਰਾਏ
ਸਾਡੀ ਪੋਲਿੰਗ ਪਾਰਟੀ ਮਿਲੇ ਹੋਏ ਪੋਲਿੰਗ ਬੂਥ ’ਤੇ ਪੰਜ ਵਜੇ ਪਹੁੰਚ ਗਈ। ਮੇਰੀ ਡਿਊਟੀ ਪ੍ਰੀਜ਼ਾਈਡਿੰਗ ਅਫਸਰ ਦੀ ਸੀ ਤੇ ਮੇਰੇ ਨਾਲ ਤਿੰਨ ਅਧਿਆਪਕ ਅਤੇ ਇੱਕ ਪੀਡਬਲਿਊਡੀ ਕਲਰਕ ਸਨ। ਤਿੰਨ ਪੁਲੀਸ ਮੁਲਾਜ਼ਮ ਪੋਲਿੰਗ ਬੂਥ ਤੋਂ ਪਰ੍ਹੇ ਵਧੀਆ ਜਿਹੇ ਕਮਰੇ ਤੇ ਕਬਜ਼ਾ ਕਰਨ ਮਗਰੋਂ ਚੌਕੀਦਾਰ ਨਾਲ ਗੱਲੀਂ ਰੁੱਝੇ ਹੋਏ ਸਨ। ਅਸੀਂ ਪੋਲਿੰਗ ਬੂਥ ਵਾਲੇ ਕਮਰੇ ਵਿਚ ਸਮਾਨ ਟਿਕਾ ਕੇ ਇਸ ਬਾਰੇ ਉਡਦਾ ਜਿਹਾ ਸਰਵੇਖਣ ਕਰਨ ਲੱਗੇ ਕਿ ਵੋਟਰ ਕਿੱਧਰ ਦੀ ਵੋਟ ਪਾਉਣ ਆਵੇ, ਵੋਟ ਪਾ ਕੇ ਕਿੱਧਰ ਦੀ ਜਾਵੇ, ਪੋਲਿੰਗ ਬੂਥ ਕਾਰਨਰ ਕਿੱਥੇ ਬਣਾਇਆ ਜਾਵੇ ਅਤੇ ਪੋਲਿੰਗ ਏਜੰਟਾਂ ਨੂੰ ਕਿੱਥੇ ਬਿਠਾਇਆ ਜਾਵੇ। ਇਸ ਤੋਂ ਪਹਿਲਾਂ ਕਿ ਅਸੀਂ ਕਿਸੇ ਸਿੱਟੇ ਤੇ ਪਹੁੰਚਦੇ, ਨਾਲ ਦੀਆਂ ਦੋਵੇਂ ਅਧਿਆਪਕਾਵਾਂ ਕਹਿਣ ਲੱਗੀਆਂ, “ਸਰ, ਆਪਾਂ ਬੂਥ ਤਾਂ ਦੇਖ ਲਿਆ, ਹੁਣ ਆਪਾਂ ਚਲੇ ਜਾਈਏ? ਸਵੇਰੇ ਸਾਝਰੇ ਵੋਟਾਂ ਤੋਂ ਪਹਿਲਾਂ ਪਹੁੰਚ ਜਾਵਾਂਗੀਆਂ।” ਉਨ੍ਹਾਂ ਦੀ ਕਹਿਣੀ ਵਿਚ ਤਰਲਾ ਜਿਹਾ ਸੀ। ਉਨ੍ਹਾਂ ਦੀ ਇਹ ਮੰਗ ਸੀ ਵੀ ਜਾਇਜ਼। ਸ਼ਹਿਰਾਂ ਦੇ ਇਕਹਿਰੇ ਪਰਿਵਾਰਾਂ ਵਿਚ ਵਸੀਆਂ, ਆਪਣੇ ਨਿੱਕੇ ਨਿੱਕੇ ਜੁਆਕਾਂ ਨੂੰ ਕੰਮ ਵਾਲੀਆਂ ਕੋਲ ਛੱਡ ਕੇ ਆਈਆਂ ਸਨ ਉਹ ਤੇ ਡਿਊਟੀ ਉਨ੍ਹਾਂ ਦੀ ਲੱਗੀ ਵੀ ਤੀਜੇ ਪਾੜੇ, ਸੱਤਰ ਕਿਲੋਮੀਟਰ ਦੂਰ ਸੀ।
“ਚਲੋ ਕੋਈ ਨੀ ਚਲੇ ਜਾਓ ਪਰ ਸਵੇਰੇ ਸਵਖਤੇ ਆ ਜਾਇਓ। ਸਾਡੇ ਬੂਥ ਦਾ ਨਾਂ ਵੀ ਖੱਪ-ਖਾਨੇ ਵਾਲੇ ਖਾਤੇ ਵਿਚ ਦਰਜ ਹੈ। ਸਾਡੇ ਕੋਲ ਰਾਤ ਜੋਗੀਆਂ ਮੰਨੀਆਂ ਤਾਂ ਹੈਗੀਆਂ, ਤੁਸੀਂ ਸਵੇਰੇ ਸਾਡੇ ਲਈ ਦੋ ਦੋ ਪਰੌਂਠੇ ਅਚਾਰ ਨਾਲ ਫੜੀ ਲਿਆਇਓ। ਰੋਟੀ-ਰਾਟੀ ਖੌਰੇ ਇੱਥੇ ਮਿਲਣੀ ਵੀ ਆ ਕਿ ਨਹੀਂ।”
ਦੋਵੇਂ ਬੀਬੀਆਂ ਚਲੇ ਗਈਆਂ ਅਤੇ ਅਸੀਂ ਤਿੰਨੇ ਕੰਮ ਵਿਚ ਡਟ ਗਏ। ਏਪੀਆਰਓ ਨੇ ਬਾਹਰੋਂ ਸਫੈਦੇ ਦੇ ਤਿੰਨ ਡੰਡੇ ਲਿਆ ਕੇ ਮੇਜ਼ ਦੀਆਂ ਲੱਤਾਂ ਨਾਲ ਸੇਬੇ ਦਾ ਨਾਗਵਲ ਪਾ ਕੇ ਕੱਸ ਦਿੱਤੇ ਤੇ ਉਪਰ ਕੱਪੜੇ ਦੀ ਸਕਰੀਨ ਬੰਨ੍ਹ ਕੇ ਇਹ ਢਾਂਚਾ ਵੋਟ ਪੋਲ ਕਰਨ ਲਈ ਤਿਆਰ ਕਰ ਦਿੱਤਾ। ਦੂਜਾ ਪੋਲਿੰਗ ਅਫਸਰ ਕਲਰਕ ਨਵਾਂ ਮੁੰਡਾ ਬੜਾ ਚੁਸਤ ਸੀ। ਉਹਨੇ ਕੁਰਸੀਆਂ ਮੇਜ਼, ਵੋਟਰ ਲਿਸਟਾਂ, ਨਿਸ਼ਾਨ ਲਾਉਣ ਵਾਲੀ ਸਿਆਹੀ ਆਦਿ ਸਾਰੀਆਂ ਚੀਜ਼ਾਂ ਥਾਂ ਸਿਰ ਕਰ ਦਿੱਤੀਆਂ। ਮੈਂ ਜ਼ਰੂਰੀ ਕਾਗਜ਼-ਪੱਤਰਾਂ ਤੇ ਦਸਤਖਤ ਕਰ ਰਿਹਾ ਸੀ ਕਿ ਏਪੀਆਰਓ ਕਹਿਣ ਲੱਗਾ, “ਬਾਹਰ ਮੇਰੀ ਮਾਸੀ ਦਾ ਮੁੰਡਾ ਆਇਆ, ਮੈਂ ਘੰਟਾ ਕੁ ਜਾ ਆਵਾਂ ਇਹਦੇ ਨਾਲ। ਇੱਥੇ ਲਾਗੇ ਈ ਆ ਇਹਦਾ ਘਰ।”
“ਚਲੇ ਤਾਂ ਜਾਓ ਪਰ ਆ ਜਾਇਓ ਛੇਤੀ ਹੀ। ਹਾਲੇ ਕੰਮ ਕਾਫ਼ੀ ਪਿਆ ਕਰਨ ਵਾਲਾ।”
“ਕੋਈ ਗੱਲ ਨੀ ਜੀ। ਮੈਂ ਗਿਆ ਤੇ ਆਇਆ ਬਸ। ਬਾਕੀ ਕੰਮ ਆ ਕੇ ਸਮੇਟ ਲੈਂਦੇ ਆ।”
ਉਸ ਦੇ ਜਾਣ ਤੋਂ ਬਾਅਦ ਇੱਕ ਪੁਲੀਸ ਮੁਲਾਜ਼ਮ ਪੈਰ ਜਿਹੇ ਘਸਾਉਂਦਾ ਆ ਗਿਆ- “ਬਾਈ ਆ ਜਾਓ ਨਾਲ ਦੇ ਕਮਰੇ ਚ ਜ਼ਰਾ ਕੁ। ਲੈ ਲਓ ਦੁਆਈ ਘੁੱਟ ਘੁੱਟ ਤੁਸੀਂ ਵੀ; ਨਈਂ ਤਾਂ ਰਾਤ ਨੂੰ ਕੁਤੜੀ ਤੋੜ ਤੋੜ ਖਾਊ।” ਮੇਰੇ ਕਹਿਣ ਤੋਂ ਪਹਿਲਾਂ ਹੀ ਮੇਰੇ ਪੋਲਿੰਗ ਅਫਸਰ ਕਲਰਕ ਨੇ ‘ਨਈਂ ਸਰ, ਆਪਾਂ ਨੀ ਪੀਂਦੇ, ਤੁਸੀਂ ਲਓ ਅਨੰਦ’ ਕਹਿੰਦਿਆਂ ਖਹਿੜਾ ਛੁਡਾ ਲਿਆ। ਸਮਾਂ ਸਾਢੇ ਨੌਂ ਵਜੇ ਦਾ ਹੋ ਚੁੱਕਾ ਸੀ। ਪਿੰਡ ਵਾਲੇ ਰਾਤ ਦਾ ਖਾਣਾ ਵੀ ਲੈ ਆਏ ਪਰ ਏਪੀਆਰਓ ਅਜੇ ਮੁੜਿਆ ਨਹੀਂ ਸੀ। ਕਈ ਵਾਰੀ ਫੋਨ ਕੀਤਾ, ਉਹਦਾ ਫੋਨ ਵੀ ਬੰਦ ਆ ਰਿਹਾ ਸੀ। ਖੌਝਲ ਕੇ ਅਸੀਂ ਦੋਵਾਂ ਨੇ ਖਾਣਾ ਖਾ ਲਿਆ ਤੇ ਥੱਲੇ ਜ਼ਮੀਨ ਤੇ ਹੀ ਤਲਾਈਆਂ ਸੁੱਟ ਕੇ ਲੰਮੇ ਪੈ ਗਏ। ਦਰਵਾਜ਼ੇ ਨੂੰ ਕੁੰਡੀ ਮਾਰ ਲਈ। ਸਾਢੇ ਕੁ ਗਿਆਰਾਂ ਵਜੇ ਦਰਵਾਜ਼ਾ ਖੜਕਿਆ। ਏਪੀਆਰਓ ਹੀ ਸੀ। ਮੇਰੇ ਸਵਾਲ ‘ਲੇਟ ਹੋ ਗਏ ਤੁਸੀਂ’ ਦਾ ਉਹਨੇ ਅੱਧ-ਪਚੱਧਾ ਹੀ ਉੱਤਰ ਦਿੱਤਾ। ਉਹਦੀ ਜ਼ੁਬਾਨ ਥਥਲਾ ਰਹੀ ਸੀ ਤੇ ਪੈਰ ਉਖੜ ਰਹੇ ਸਨ। ਪਗੜੀ ਨੂੰ ਟੇਬਲ ਤੇ ਟਿਕਾ ਕੇ ਉਹ ਬਿਨਾ ਕੱਪੜੇ ਬਦਲੇ ਸਿਰ ਮੂੰਹ ਵਲੇਟ ਕੇ ਲੰਮਾ ਪੈ ਗਿਆ।
ਮੈਨੂੰ ਨੀਂਦ ਕਿੱਥੋਂ ਆਉਣੀ ਸੀ! ਪਿਛਲੀਆਂ ਤਿੰਨ ਰਿਹਰਸਲਾਂ ਵਿਚ ਏਪੀਆਰਓ ਨਾਲ ਗੁਜ਼ਾਰੇ ਪਲ ਮੇਰੀਆਂ ਅੱਖਾਂ ਦੇ ਸਾਹਵੇਂ ਘੁੰਮਣ ਲੱਗੇ।
“ਸਰ ਚੋਣ ਡਿਊਟੀ ਬੜੀ ਜਿ਼ੰਮੇਵਾਰੀ ਵਾਲੀ ਹੁੰਦੀ ਆ। ਪੀਣ-ਪਾਣ ਨੂੰ ਤਾਂ ਬੰਦਾ ਮੂੰਹ ਨਾ ਲਾਵੇ ਇਸ ਕੰਮ ਚ। ਪੀਣੀ ਈ ਆਂ ਤਾਂ ਘਰ ਪੀ ਲਵੇ ਆਣ ਕੇ। ਬਾਕੀ ਆਪਾਂ ਹੈਗੇ ਆਂ ਨਾਲ ਥਾਡੇ। ਕੋਈ ਫ਼ਿਕਰ ਆਲੀ ਗੱਲ ਨੀ।” ਮੈਨੂੰ ਬੜੀਆਂ ਚੰਗੀਆਂ ਲੱਗੀਆਂ ਸਨ ਗੱਲਾਂ ਉਹਦੀਆਂ ਪਰ ਅੱਜ…? ਚਲੋ ਕੋਈ ਨਹੀਂ, ਪਤਾ ਨਹੀਂ ਕਿਹੜੀ ਮਜਬੂਰੀ ਚ ਲਾ ਲਈ ਹੋਵੇ। ਮਨ ਨੂੰ ਸਮਝਾ-ਬੁਝਾ ਕੇ ਮੈਂ ਸੌਣ ਦੀ ਕੋਸ਼ਿਸ਼ ਕਰਨ ਲੱਗਾ। ਅੱਖ ਅਜੇ ਲਾਈ ਹੀ ਹੋਣੀ ਹੈ ਕਿ ਏਪੀਆਰਓ ਕੁੰਡਾ ਖੋਲ੍ਹ ਕੇ ਵਾਹੋ-ਦਾਹੀ ਬਾਹਰ ਨੂੰ ਭੱਜਾ। ਉਹਦੇ ਕੋਲੋਂ ਬਾਥਰੂਮ ਤੱਕ ਵੀ ਨਹੀਂ ਅਪੜਿਆ ਗਿਆ। ਵਰਾਂਡੇ ਵਿਚ ਹੀ ਉਲਟੀਆਂ ਕਰਨ ਲੱਗਾ। ਅਸੀਂ ਦੋਵੇਂ ਜਾਗ ਪਏ ਪਰ ਚਾਦਰ ਵਿਚ ਮੂੰਹ ਦੇ ਕੇ ਪਏ ਰਹੇ। ਉਹ ਆ ਕੇ ਲੰਮਾ ਪੈ ਗਿਆ। ਅੱਧੇ ਕੁ ਘੰਟੇ ਬਾਅਦ ਫਿਰ ਉਹਦੇ ਉਬਾਲ ਜਿਹਾ ਉੱਠਿਆ। ਇਸ ਵਾਰ ਉਹਦੇ ਕੋਲੋਂ ਕੁੰਡਾ ਵੀ ਨਹੀਂ ਖੋਲ੍ਹ ਹੋਇਆ ਤੇ ਉਹਨੇ ਬਿਸਤਰੇ ਦੇ ਕੋਲ ਹੀ ਸਕਰੀਨ ਵਾਲੇ ਖੂੰਜੇ ਸਾਰੇ ਖਾਧੇ-ਪੀਤੇ ਦਾ ਢੇਰ ਲਾ ਦਿੱਤਾ। ਆਪਾਂ ਦੋਵੇਂ ਉੱਠ ਖੜ੍ਹੇ ਹੋਏ। ਉਹਨੂੰ ਪਾਣੀ ਪਿਲਾਇਆ।
“ਸੌਰੀ ਸਰ। ਦੋ ਰਲ ਗਈਆਂ ਸੀ ਚੰਦਰੀਆਂ, ਤਾਂ ਇਹ ਹਾਲ ਹੋਇਆ।”
“ਕੋਈ ਗੱਲ ਨੀ ਤੁਸੀਂ ਬਾਹਰ ਜਾਓ। ਥੋੜ੍ਹਾ ਘੁੰਮ-ਫਿਰ ਕੇ ਕੁਰਲੀ-ਕਰਲੀ ਕਰਕੇ ਆਓ।”
“ਨਹੀਂ ਹੁਣ ਮੈਂ ਠੀਕ ਹਾਂ।” ਉਹਨੇ ਬਾਂਹ ਦੇ ਕਫ਼ ਨਾਲ ਹੀ ਮੂੰਹ ਪੂੰਝਿਆ ਤੇ ਧੁਸ ਦੇ ਕੇ ਚਾਦਰ ਵਿਚ ਲੰਮਾ ਪੈ ਗਿਆ। ਸਾਡਾ ਸਾਰਾ ਕਮਰਾ ਹਵਾੜ ਨਾਲ ਭਰਿਆ ਪਿਆ ਸੀ। ਪੋਲਿੰਗ ਅਫਸਰ ਕਲਰਕ ਨੇ ਬਾਹਰੋਂ ਕਹੀ ਲੱਭੀ ਤੇ ਰੇਤ ਦੀ ਭਰ ਕੇ ਉਲਟੀਆਂ ਤੇ ਪਾਈ। ਇਸ ਨਾਲ ਥੋੜ੍ਹਾ ਜਿਹਾ ਤਾਂ ਫਰਕ ਪਿਆ ਪਰ ਕਮਰੇ ਵਿਚੋਂ ਹਵਾੜ ਜਾਣ ਦਾ ਨਾਂ ਨਹੀਂ ਸੀ ਲੈ ਰਹੀ। ਉਦੋਂ ਦੁਨੀਆ ਤੇ ਅਜੇ ਕਰੋਨਾ ਨਹੀਂ ਸੀ ਜੰਮਿਆ ਤੇ ਮਾਸਕ ਕਦੇ ਭੁੱਲ ਕੇ ਵੀ ਕੋਲ ਨਹੀਂ ਸੀ ਰੱਖਿਆ। ਅਸੀਂ ਰੁਮਾਲਾਂ ਨਾਲ ਨੱਕ-ਮੂੰਹ ਬੰਨ੍ਹੇ ਤੇ ਸੌਣ ਲਈ ਜ਼ੋਰ ਅਜ਼ਮਾਈ ਕਰਨ ਲੱਗੇ।
ਪਤਾ ਨਹੀਂ ਅੱਖ ਘੰਟਾ-ਅੱਧਾ ਘੰਟਾ ਲੱਗੀ ਵੀ ਹੋਣੀ ਹੈ ਕਿ ਨਹੀਂ, ਚਾਰ ਵਜੇ ਅਲਾਰਮ ਨੇ ਜਗਾ ਦਿੱਤੇ। ਉੱਠ ਕੇ ਬਾਹਰ-ਅੰਦਰ ਜਾ ਕੇ ਦਾਤਣ-ਕੁਰਲਾ ਕੀਤਾ ਤੇ ਨ੍ਹਾਤੇ-ਧੋਤੇ। ਏਪੀਆਰਓ ਅਜੇ ਵੀ ਘੋੜੇ ਵੇਚ ਕੇ ਸੁੱਤਾ ਪਿਆ ਸੀ। ਰਾਤ ਵਾਲੇ ਤੇਵਰ ਮੈਂ ਉਹਨੂੰ ਸਵੇਰੇ ਦਿਖਾਏ। ਸਾਰਾ ਕਮਰਾ, ਵਰਾਂਡਾ ਉਹਦੇ ਕੋਲੋਂ ਧੁਆਇਆ। ਪੋਲਿੰਗ ਅਫਸਰ ਕਲਰਕ ਬੜਾ ਸ਼ੌਕੀਨ ਜਿਹਾ ਮੁੰਡਾ ਸੀ, ਉਹਨੇ ਆਪਣੇ ਲਈ ਲਿਆਂਦੀ ਇਤਰ ਵਾਲੀ ਸ਼ੀਸ਼ੀ ਸਾਰੇ ਕਮਰੇ ਵਿਚ ਛਿੜਕਾਉਂਦੇ ਨੇ ਖਾਲੀ ਕਰ ਲਈ। ਕਮਰਾ ਸਾਡਾ ਭਾਵੇਂ ਮਹਿਕ ਪਿਆ ਸੀ ਪਰ ਮਨ ਅਜੇ ਵੀ ਰਾਤ ਵਾਲੀ ਹੁਮਕ ਨਾਲ ਭਰਿਆ ਪਿਆ ਸੀ।
ਦੋਵੇਂ ਅਧਿਆਪਕਾਵਾਂ ਸਵੇਰੇ ਸਾਝਰੇ ਪਰੌਂਠਿਆਂ ਨਾਲ ਚਾਹ ਵੀ ਲੈ ਆਈਆਂ। ਏਪੀਆਰਓ ਸਾਰਾ ਦਿਨ ਘੁੰਨ-ਵੱਟਾ ਬਣਿਆ ਵੋਟਰਾਂ ਲਈ ਬੈਲਟ ਪੇਪਰਾਂ ਦੀਆਂ ਪਰਚੀਆਂ ਕੱਟਦਾ ਰਿਹਾ। ਡਿਊਟੀ ਆਪਾਂ ਹੱਲਾ ਮਾਰ ਕੇ ਸੁਖੀ-ਸਾਂਦੀ ਨੇਪਰੇ ਚਾੜ੍ਹ ਲਈ। ਇਸ ਗੱਲ ਨੂੰ ਬੜੇ ਵਰ੍ਹੇ ਹੋ ਗਏ ਪਰ ਉਹ ਚੋਣਾਂ ਵਾਲੀ ਰਾਤ ਮਨ ਚੋਂ ਕਦੀ ਨਹੀਂ ਵਿਸਰਦੀ, ਚੋਣਾਂ ਦੇ ਦੌਰ ਵਿਚ ਫਿਰ ਸਾਹਵੇਂ ਆ ਖੜ੍ਹਦੀ ਹੈ।
ਸੰਪਰਕ: 98158-25999