ਪਰਮਜੀਤ ਕੁਠਾਲਾ
ਦਿੱਲੀ ਲਈ ਚਾਲੇ ਪਾਉਣ ਤੋਂ ਪਹਿਲਾਂ ਜੇ ਫੋਨ ਨਾ ਕਰਦਾ ਤਾਂ ਚਾਚੇ ਸੋਮੀ ਨੂੰ ਆਖਰੀ ਵਾਰ ਨਾ ਮਿਲ ਸਕਣ ਦਾ ਝੋਰਾ ਸਾਰੀ ਉਮਰ ਰਹਿਣਾ ਸੀ। ਹਸਪਤਾਲ ਵਿਚ ਬੈੱਡ ਤੇ ਉਹ ਜਮ੍ਹਾਂ ਈ ਬੀਤਿਆ ਪਿਆ ਸੀ।
“ਭਈਆ, ਪਾਪਾ ਤੋਂ ਤੀਨ ਰੋਜ਼ ਸੇ ਬੋਲ ਬੀ ਨਹੀਂ ਰਹੇ।” ਚਾਚੇ ਦਾ ਛੋਟਾ ਮੁੰਡਾ ਰਵੀ ਉਸ ਦੀ ਸਿਹਤ ਬਾਰੇ ਦੱਸਦਾ ਅੱਖਾਂ ਭਰ ਆਇਆ।
ਵੀਹ ਕੁ ਦਿਨ ਪਹਿਲਾਂ ਜਦੋਂ ਆਪਣੇ ਦੋ ਮਿੱਤਰਾਂ ਨਾਲ ਉਹਦੇ ਹੋਟਲ ਪਹੁੰਚੇ ਸਾਂ ਤਾਂ ਚਾਚਾ ਜੱਫੀ ਪਾ ਕੇ ਮਿਲਿਆ। ਉਸ ਤੋਂ ਚਾਅ ਚੁੱਕਿਆ ਨਹੀਂ ਸੀ ਜਾਂਦਾ। ਉਸ ਨੇ ਹੋਟਲ ਦੀ ਬਜਾਇ ਸਾਨੂੰ ਆਪਣੇ ਘਰ ਰੱਖਿਆ। ਚਾਚੇ ਦੇ ਘਰ ਗੁਜ਼ਾਰੀਆਂ ਤਿੰਨੇ ਰਾਤਾਂ ਉਸ ਦੇ ਪਰਿਵਾਰ ਨੇ ਸਾਡੀ ਅੱਡੀਆਂ ਚੁਕ ਕੇ ਸੇਵਾ ਕੀਤੀ ਸੀ, ਜਿਵੇਂ ਸਦੀਆਂ ਦੇ ਵਿਛੜੇ ਮਸਾਂ ਮਿਲੇ ਹੋਈਏ। ਤਿੰਨ ਦਿਨ ਚਾਚਾ ਸੋਮੀ ਟਿਕਰੀ ਬਾਰਡਰ ਤੇ ਮੋਰਚੇ ਵਿਚ ਵੀ ਪਰਛਾਵੇਂ ਵਾਂਗ ਸਾਡੇ ਨਾਲ ਹੀ ਰਿਹਾ। ਚਾਚੇ ਦੇ ਹੁੰਦਿਆਂ ਮੈਨੂੰ ਦਿੱਲੀ ਨਾਨਕਿਆਂ ਵਰਗੀ ਲਗਦੀ ਸੀ।
“ਇਹ ਘਰ, ਹੋਟਲ ਸਭ ਥੋਡਾ ਆਪਣਾ ਏ, ਜਦੋਂ ਮਰਜ਼ੀ ਆਓ।” ਪਿੰਡ ਵਾਪਿਸ ਤੁਰਨ ਲੱਗਿਆਂ ਚਾਚੇ ਨੇ ਬੁੱਕਲ ਵਿਚ ਲੈ ਕੇ ਭਰੇ ਮਨ ਨਾਲ ਕਿਹਾ ਸੀ। ਚਾਚੇ ਸੋਮੀ ਨਾਲ ਪਹਿਲੀ ਮੁਲਾਕਾਤ ਵੀ ਮੌਕਾ ਮੇਲ ਹੀ ਸੀ। ਆਪਣੇ ਮਿੱਤਰ ਦੀ ਸੁਪਰੀਮ ਕੋਰਟ ਵਿਚ ਪਾਈ ਚੋਣ ਪਟੀਸ਼ਨ ਅਪੀਲ ਦੀ ਪੈਰਵਾਈ ਕਰਦਿਆਂ ਮੈਨੂੰ ਅਕਸਰ ਦਿੱਲੀ ਜਾਣਾ ਪੈਂਦਾ ਸੀ। ਦੂਜੀ ਪਾਰਟੀ ਵਾਲੇ ਉਮੀਦਵਾਰ ਨੇ ਹਾਈਕੋਰਟ ਵਿਚ ਦਾਇਰ ਕਰ ਕੇ ਉਸ ਦੀ ਵਿਧਾਇਕੀ ਰੱਦ ਕਰਵਾ ਦਿਤੀ ਸੀ। ਕਾਮਨਵੈਲਥ ਖੇਡਾਂ ਤੋਂ ਪਹਿਲਾਂ ਦਿੱਲੀ ਪੰਜਾਬ ਭਵਨ ਅਤੇ ਨਾਭਾ ਹਾਊਸ ਦੀ ਮੁਰੰਮਤ ਚੱਲਦੀ ਹੋਣ ਕਰ ਕੇ ਸਾਨੂੰ ਰਹਿਣ ਲਈ ਕਮਰਾ ਨਹੀਂ ਮਿਲਿਆ ਸੀ। ਅਸੀਂ ਪਹਾੜਗੰਜ ਦੇ ਇਕ ਹੋਟਲ ਵਿਚ ਦੋ ਕਮਰੇ ਲੈ ਲਏ। ਆਪਣੇ ਮਿੱਤਰ ਵਿਧਾਇਕ ਅਤੇ ਤਿੰਨੇ ਗੰਨਮੈਨਾਂ ਨੂੰ ਦੂਜੀ ਮੰਜ਼ਿਲ ਤੇ ਕਮਰਿਆਂ ਵਿਚ ਛੱਡ ਕੇ ਮੈਂ ਨਾਂ ਪਤੇ ਦਰਜ ਕਰਵਾਉਣ ਲਈ ਹੇਠਾਂ ਕਾਊਂਟਰ ’ਤੇ ਆ ਗਿਆ। ਮੇਰਾ ਅਤੇ ਵਿਧਾਇਕ ਦਾ ਪਤਾ ਰਜਿਸਟਰ ਵਿਚ ਲਿਖਦਿਆਂ ਚਿੱਟੀਆਂ ਮੁੱਛਾਂ ਵਾਲੇ ਰੋਅਬਦਾਰ ਬਜ਼ੁਰਗ ਨੇ ਮੋਟੇ ਸ਼ੀਸ਼ੇ ਦੀਆਂ ਐਨਕਾਂ ਦੇ ਉਪਰੋਂ ਗਹੁ ਨਾਲ ਦੇਖਿਆ।
“ਤੁਹਾਡੇ ਪਿੰਡ ਦਾ ਥਾਣਾ ਸ਼ੇਰਪੁਰ ਨੀ ਸੀ ਹੁੰਦਾ?”
“ਹਾਂ ਜੀ, ਪਹਿਲਾਂ ਸ਼ੇਰਪੁਰ ਹੀ ਸੀ ਪਰ ਹੁਣ… ਪਰ ਤੁਹਾਨੂੰ ਕਿਵੇਂ ਪਤੈ?” ਦਿੱਲੀ ਵਰਗੇ ਸ਼ਹਿਰ ਵਿਚ ਕਿਸੇ ਹੋਟਲ ਮਾਲਕ ਮਹਾਜਨ ਦੀ ਆਪਣੇ ਪਿੰਡ ਤੇ ਇਲਾਕੇ ਬਾਰੇ ਜਾਣਕਾਰੀ ਸੱਚਮੁਚ ਹੈਰਾਨੀਜਨਕ ਸੀ। ਉਸ ਨੇ ਮੇਰੇ ਦੋਵੇਂ ਹੱਥ ਫੜ ਕੇ ਪਹਿਲਾਂ ਚੁੰਮੇ ਤੇ ਫਿਰ ਮੱਥੇ ਨੂੰ ਲਾ ਲਏ।
“ਉੱਥੇ ਕਿਹੜੇ ਲਾਣੇ ਚੋਂ?” ਉਹਦੀਆਂ ਅੱਖਾਂ ਭਰ ਆਈਆਂ।
“ਲ਼ਾਣਾ ਲੂਣਾ ਤਾਂ ਕੋਈ ਨੀ ਜੀ, ਮੈਂ ਤਾਂ ਵਿਹੜੇ ’ਚੋਂ ਫਲਾਣਾ ਸਿਹੁੰ ਦਾ ਮੁੰਡਾਂ, ਨਾਲੇ ਤੁਸੀਂ ਕਿਵੇਂ ਜਾਣਦੇ ਓ?”
ਮੈਨੂੰ ਬਾਪ, ਦਾਦੇ, ਘਰ, ਪਿੰਡ ਦੀਆਂ ਗਲੀਆਂ, ਸੱਥਾਂ, ਪਿੱਪਲਾਂ, ਬਰੋਟਿਆਂ ਤੇ ਆਲੇ ਦੁਆਲੇ ਬਾਰੇ ਲਗਾਤਾਰ ਸਵਾਲ ਪੁੱਛਦਿਆਂ ਉਸ ਦਾ ਗੱਚ ਭਰ ਆਇਆ। ਮੈਨੂੰ ਘੁੱਟ ਕੇ ਬੁੱਕਲ ਵਿਚ ਲੈ ਲਿਆ। ਉਹ ਮੇਰੇ ਬਾਪੂ, ਸਮੇਤ ਆਂਢ ਗੁਆਂਢ ਤੇ ਪਿੰਡ ਦੇ ਸਾਰੇ ਪੁਰਾਣੇ ਬਜ਼ੁਰਗਾਂ ਤੇ ਥਾਵਾਂ ਨੂੰ ਜਾਣਦਾ ਸੀ।
“ਪਿੰਡ ਤਾਂ ਮੇਰਾ ਵੀ ਉਹੀ ਹੈ।” ਪਿੰਡ ਤੋਂ ਦਿੱਲੀ ਤੱਕ ਦੇ ਸਫਰ ਬਾਰੇ ਦੱਸਦਿਆਂ ਉਹ ਵਾਰ ਵਾਰ ਅੱਖਾਂ ਪੂੰਝਦਾ। ਉਹ ਚੌਥੀ ਜਮਾਤ ਵਿਚ ਪੜ੍ਹਦਾ ਸੀ ਜਦੋਂ ਦਮੇ ਦਾ ਮਰੀਜ਼ ਬਾਪ ਚੜ੍ਹਾਈ ਕਰ ਗਿਆ। ਵਿਧਵਾ ਮਾਂ ਨੇ ਇਕਲੌਤੇ ਪੁਤ ਦੇ ਸਿਰ ਤੇ ਵਕਤ ਕੱਟ ਲਿਆ। ਉਸ ਨੂੰ ਸਕੂਲੋਂ ਹਟਾ ਕੇ ਜਿ਼ਮੀਂਦਾਰਾਂ ਨਾਲ ਡੰਗਰ ਚਾਰਨ ਲਾ ਦਿਤਾ। ਮਾਂ ਸਾਰਾ ਦਿਨ ਪਿੰਡ ਵਿਚ ਲੋਕਾਂ ਦੇ ਘਰੀਂ ਗੋਹਾ ਕੂੜਾ ਕਰਦੀ। ਉਦੋਂ ਉਸ ਦੀ ਉਮਰ ਮਸਾਂ ਅਠਾਰਾਂ ਕੁ ਸਾਲ ਦੀ ਹੋਵੇਗੀ, ਜਦੋਂ ਉਨ੍ਹਾਂ ਦੇ ਗੁਆਂਢ ਚੁਬਾਰੇ ਵਿਚ ਬਠਿੰਡੇ ਵੱਲ ਤੋਂ ਰਹਿੰਦੇ ਇਕ ਮਾਸਟਰ ਨੇ ਆਪਣੇ ਕੋਲ ਠਹਿਰੇ ਬੰਦੇ ਨੂੰ ਸਾਇਕਲ ’ਤੇ ਜਿੱਤਵਾਲ ਦੇ ‘ਟੇਸ਼ਨ ਤੱਕ ਛੱਡਣ ਲਈ ਉਸ ਨੂੰ ਸਵਖਤੇ ਹੀ ਭੇਜ ਦਿਤਾ। ਇਹ ਤਾਂ ਉਸ ਨੂੰ ਬਹੁਤ ਚਿਰ ਬਾਅਦ ਪਤਾ ਲੱਗਿਆ ਕਿ ਉਹ ਮੋਨਾ ਆਦਮੀ ਨੇੜਲੇ ਪਿੰਡ ਗੰਡੇਵਾਲ ਦੇ ਇੱਕ ਘਰ ਵਿਚ ਚੱਲ ਰਹੀ ਨਕਸਲੀਆਂ ਦੀ ਮੀਟਿੰਗ ਨੂੰ ਪਏ ਪੁਲੀਸ ਘੇਰੇ ਵਿਚੋਂ ਬਚ ਨਿਕਲ ਕੇ ਮਾਸਟਰ ਕੋਲ ਠਹਿਰਿਆ ਸੀ। ਉਸੇ ਰਾਤ ਪੁਲੀਸ ਨੇ ਮਾਸਟਰ ਨੂੰ ਫੜਨ ਲਈ ਛਾਪਾ ਮਾਰ ਲਿਆ। ਮਾਸਟਰ ਤਾਂ ਪੁਲੀਸ ਦੇ ਹੱਥ ਨਾ ਆਇਆ ਪਰ ਪੁਲੀਸ ਨੇ ਮਾਸਟਰ ਕੋਲ ਬੈਠਣ ਵਾਲੀ ਸਾਰੀ ਮੁੰਡੀਹਰ ਇਕੱਠੀ ਕਰ ਲਈ। ਪੁਲੀਸ ਤੋਂ ਡਰਦਾ ਉਹ ਪਿੰਡੋਂ ਫਰਾਰ ਹੋ ਗਿਆ। ਕੁਝ ਸਮਾਂ ਲੁਧਿਆਣੇ ਕਿਸੇ ਫੈਕਟਰੀ ਵਿਚ ਮਜ਼ਦੂਰੀ ਕਰਦਿਆਂ ਪਤਾ ਲੱਗਿਆ ਕਿ ਪੁਲੀਸ ਦੀ ਤੰਗ ਕੀਤੀ ਅਤੇ ਪੁੱਤ ਦੇ ਵਿਛੋੜੇ ਵਿਚ ਤੜਫਦੀ ਮਾਂ ਚੜ੍ਹਾਈ ਕਰ ਗਈ। ਕੱਚਾ ਕੋਠੜਾ ਸ਼ਰੀਕਾਂ ਨੇ ਸਾਂਭ ਲਿਆ। ਰੇਲ ਗੱਡੀ ਫੜ ਉਹ ਦਿੱਲੀ ਰੇਲਵੇ ਸਟੇਸ਼ਨ ਤੇ ਜਾ ਉਤਰਿਆ। ਸਟੇਸ਼ਨ ਨੇੜੇ ਤਾਂਗਿਆਂ ਦੇ ਅੱਡੇ ਤੇ ਘੋੜਿਆਂ ਦੀ ਲਿੱਦ ਚੁਕਣ ਤੋਂ ਲੈ ਕੇ ਰਾਜ ਮਿਸਤਰੀਆਂ ਨਾਲ ਕੰਮ ਕਰਦਿਆਂ ਉਹ ਪਹਾੜਗੰਜ ਦੇ ਇਕ ਢਾਬੇ ਤੇ ਮਜ਼ਦੂਰੀ ਕਰਨ ਲੱਗਿਆ। ਕੋਈ ਅੱਗਾ ਪਿੱਛਾ ਨਾ ਹੋਣ ਕਰ ਕੇ ਕੇਵਲ ਇਹ ਢਾਬਾ ਹੀ ਉਸ ਦੀ ਦੁਨੀਆ ਬਣ ਗਿਆ। ਉਸ ਨੇ ਮਾਲਕ ਤੋਂ ਕਦੇ ਤਨਖਾਹ ਵੀ ਨਾ ਮੰਗੀ। ਕਈ ਵਰ੍ਹਿਆਂ ਪਿੱਛੋਂ ਉਸ ਦਾ ਨਾਂ ਵੀ ਢਾਬਾ ਮਾਲਕ ਦੇ ਪੁੱਤਰ ਵਜੋਂ ਰਾਸ਼ਨ ਕਾਰਡ ਵਿੱਚ ਲਿਖ ਲਿਆ ਗਿਆ।
“ਬੱਸ ਆਹ ਹੋਟਲ ਤੇ ਮਕਾਨ ਸਭ ਉਸ ਮਾਲਕ ਦੀ ਦੇਣ ਐ।” ਉਹਨੇ ਸਾਹਮਣੀ ਕੰਧ ਤੇ ਲਟਕਦੀ ਫੁੱਲਾਂ ਦੇ ਹਾਰ ਵਾਲੀ ਫੋਟੋ ਵੱਲ ਹੱਥ ਜੋੜੇ। ਢਾਬਾ ਮਾਲਕ ਨੇ ਉਸ ਨੂੰ ਪੁੱਤ ਬਣਾ ਕੇ ਆਪਣੀ ਰਿਸ਼ਤੇਦਾਰੀ ਵਿਚ ਹੀ ਇਕ ਨੇਪਾਲੀ ਕੁੜੀ ਨਾਲ ਵਿਆਹ ਦਿੱਤਾ। ਢਾਬੇ ਤੋਂ ਹੋਟਲ ਅਤੇ ਸ਼ਾਨਦਾਰ ਮਕਾਨ ਦਾ ਮਾਲਕ ਬਣ ਚੁੱਕਿਆ ਸੋਮ ਲਾਲ ਆਪਣੇ ਪਰਿਵਾਰ ਨਾਲ ਖੁਸ਼ ਸੀ। ਉਦੋਂ ਦੋ ਦਿਨ ਹੋਟਲ ਵਿਚ ਰਹਿਣ ਦੇ ਬਾਵਜੂਦ ਉਸ ਨੇ ਸਾਡੇ ਕੋਲੋਂ ਇੱਕ ਪੈਸਾ ਵੀ ਨਾ ਲਿਆ। ਅਗਲੇ ਦਿਨ ਉਹਦੇ ਘਰ ਚਾਹ ਪੀਣ ਲਈ ਗਏ ਤਾਂ ਉਸ ਦੇ ਪੋਤਰੇ ਪੋਤਰੀਆਂ ਨੂੰ ਵੀ ਧੱਕੇ ਨਾਲ ਸ਼ਗਨ ਦੇ ਕੇ ਆਏ। ਫਿਰ ਜਦੋਂ ਵੀ ਦਿੱਲੀ ਜਾਣਾ ਤਾਂ ਰਾਤ ਦਾ ਠਿਕਾਣਾ ਚਾਚੇ ਸੋਮੀ ਦੇ ਹੋਟਲ ਜਾਂ ਘਰੇ ਹੋਣਾ।
ਤਿੰਨ ਦਿਨ ਟਿਕਰੀ ਬਾਰਡਰ ’ਤੇ ਆਗੂਆਂ ਦੇ ਭਾਸ਼ਣ ਚਾਚਾ ਸੋਮੀ ਪੂਰੀ ਗਹੁ ਨਾਲ ਸੁਣਦਾ ਰਿਹਾ ਸੀ। ਉਹ ਬਾਂਹ ਚੁੱਕ ਕੇ ਹਰ ਨਾਅਰੇ ਦਾ ਜਵਾਬ ਦੇ ਰਿਹਾ ਸੀ। ਘਰ ਪਰਤਦਿਆਂ ਰਸਤੇ ਵਿਚ ਵੀ ਸਰਕਾਰ ਨੂੰ ਬੁਰਾ ਭਲਾ ਕਹਿੰਦਾ ਉਹ ਮੈਨੂੰ ਦਿੱਲੀ ਵਿਚ ਆਪਣੀ ਜਨਮ ਭੋਇੰ ਦੇ ਕਿਰਤੀਆਂ ਦਾ ਦੂਤ ਜਾਪਦਾ। ਉਸ ਦੇ ਮੁੰਡੇ ਰਵੀ ਨੇ ਦੱਸਿਆ ਕਿ ਸਾਡੇ ਵਾਪਿਸ ਪਰਤ ਆਉਣ ਪਿੱਛੋਂ ਵੀ ਉਹ ਅਕਸਰ ਮੋਰਚੇ ਵਿਚ ਗੇੜਾ ਮਾਰਦਾ ਰਿਹਾ ਸੀ। ਡਾਕਟਰਾਂ ਮੁਤਾਬਿਕ ਉਸ ਦਾ ਬਲੱਡ ਪ੍ਰੈਸ਼ਰ ਵਧਣ ਕਰ ਕੇ ਅਧਰੰਗ ਦਾ ਹਮਲਾ ਹੋ ਗਿਆ। ਮੈਨੂੰ ਸਾਹਮਣੇ ਦੇਖ ਕੇ ਉਸ ਦੀਆਂ ਅੱਖਾਂ ’ਚੋਂ ਪਾਣੀ ਸਿੰਮ ਆਇਆ। ਮੈਂ ਦੋਵੇਂ ਹੱਥਾਂ ਵਿਚ ਉਸ ਦਾ ਸੱਜਾ ਹੱਥ ਫੜ ਕੇ ਘੁੱਟਿਆ।
“ਭਈਆ, ਲਗਤਾ ਹੈ ਆਪ ਕੇ ਆਨੇ ਸੇ ਪਾਪਾ ਠੀਕ ਹੋ ਜਾਏਂਗੇ।” ਚਾਚੇ ਦੇ ਬੁੱਲ੍ਹਾਂ ’ਤੇ ਮੁਸਕਰਾਹਟ ਦੇਖ ਕੇ ਕੋਲ ਖੜ੍ਹੇ ਰਵੀ ਦੇ ਚਿਹਰੇ ’ਤੇ ਵੀ ਰੌਣਕ ਆ ਗਈ। ਚਾਚੇ ਨੇ ਅੱਖਾਂ ਬੰਦ ਕਰ ਕੇ ਕੰਬਦੇ ਬੁੱਲ੍ਹਾਂ ਨਾਲ ਮੂੰਹ ਖੋਲ੍ਹਣ ਦਾ ਯਤਨ ਕੀਤਾ। ਮੇਰੇ ਹੱਥ ’ਚੋਂ ਹੱਥ ਛੁਡਾ ਕੇ ਮੁੱਕਾ ਵੱਟਿਆ: ‘ਜਿ਼ੰਦਾਬਾਦ’। ਜ਼ੋਰ ਨਾਲ ਬਾਂਹ ਉਪਰ ਚੁੱਕ ਕੇ ਮਾਰਿਆ ਨਾਅਰਾ ਉਸ ਦੇ ਗਲੇ ਵਿਚ ਹੀ ਅਟਕ ਗਿਆ ਤੇ ਉਸ ਦਾ ਸਿਰ ਇਕ ਪਾਸੇ ਲਟਕ ਗਿਆ।
ਸੰਪਰਕ: 98153-47904