ਮੇਰੇ ਪਿੰਡ ਬਿਲਾਸਪੁਰ (ਮੋਗਾ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪਿੰਡ ਦੇ ਜੰਮਪਲ, ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਵਿਧਾਇਕ ਮਨਜੀਤ ਸਿੰਘ ਦਾ ਸਨਮਾਨ ਸਮਾਗਮ ਸੀ। ਮੈਂ ਅਜਾਇਬ ਸਿੰਘ ਭੱਟੀ ਹੁਰਾਂ ਨਾਲ ਹੀ ਜਾ ਰਿਹਾ ਸੀ। ਬਰਨਾਲੇ ਉਨ੍ਹਾਂ ਕਿਸੇ ਵਿਆਹ ਤੇ ਵੀ ਜਾਣਾ ਸੀ। ਮੈਰਿਜ ਪੈਲਿਸ ਵਿਚ ਅਸੀਂ ਪੰਦਰਾਂ ਵੀਹ ਮਿੰਟ ਮਿਲ-ਗਿਲ ਕੇ ਬਿਲਾਸਪੁਰ ਨੂੰ ਤੁਰੇ ਤਾਂ ਭੱਟੀ ਹੁਰੀਂ ਆਖਣ ਲੱਗੇ, “ਦੇਖ ਲਾ ਬਈ, ਵਿਆਹਾਂ ਦਾ ਰੰਗ ਢੰਗ ਈ ਬਦਲ ਗਿਆ, ਦਿਖਾਵਾ ਬਾਹਲਾ ਹੋਣ ਲੱਗ ਪਿਆ ਹੁਣ ਤਾਂ।”
“ਗੱਲ ਤਾਂ ਥੋਡੀ ਠੀਕ ਆ, ਐਨਾ ਰੰਗ ਢੰਗ ਦੇਖ ਕੇ ਤਾਂ ਦੁਆਰਾ ਵਿਆਹ ਕਰਵਾਉਣ ਨੂੰ ਜੀ ਕਰਦਾ।” ਮੈਂ ਰਤਾ ਕੁ ਹਲਕੇ ਮੂਡ ਵਿਚ ਗੱਲ ਕੀਤੀ ਤਾਂ ਉਨ੍ਹਾਂ ਮੈਨੂੰ ਝੱਟ ਟੋਕ ਦਿੱਤਾ, “ਬੰਦਾ ਬਣ ਜਾ ਬੰਦਾ, ਏਨੀ ਚੰਗੀ ਕੁੜੀ ਮਿਲੀ ਆ ਤੈਨੂੰ। ਲਗਦਾ ਦੂਜੀ ਵਾਰੀ ਵਿਆਹ ਕਰਵਾਉਣ ਦਾ।” ਮੈਂ ਹੱਸਣ ਲੱਗ ਪਿਆ, “ਚਾਚਾ, ਉਸੇ ਨਾਲ ਈ ਦੁਬਾਰਾ ਕਰਾ ਲਾਂ’ਗੇ। ਨਵੇਂ ਤੌਰ ਤਰੀਕੇ ਤਾਂ ਦੇਖ ਲਈਏ ਪੈਲਿਸਾਂ ਵਾਲੇ।” ਉਹ ਸਿਰ ਫੇਰ ਕੇ ਆਖਣ ਲੱਗੇ, “ਸਹੂਲਤਾਂ ਤਾਂ ਹੈਗੀਆਂ ਪਰ ਪੈਲਿਸਾਂ ਵਾਲੇ ਵਿਆਹਾਂ ਦੀ ਉਹ ਗੱਲ ਨ੍ਹੀਂ ਬਣਦੀ। ਨਾਨਕਾ ਮੇਲ, ਮੰਜੇ ਬਿਸਤਰੇ, ਰਾਤਾਂ ਵਾਲੇ ਗੀਤ, ਚਾਰ ਚਾਰ ਦਿਨ ਰਹਿਣਾ, ਹਲਵਾਈਆਂ ਦੀਆਂ ਗੱਲਾਂ। ਕੜਾਹੀ ਚਾੜ੍ਹਨ ਤੋਂ ਲੈ ਕੇ ਕੋਠੀ ਝਾੜ ਤੱਕ ਛਹਬਿਰਾਂ ਹੀ ਛਹਬਿਰਾਂ ਹੁੰਦੀਆਂ ਸੀ। ਹੁਣ ਤਾਂ ਪਤਾ ਈ ਨ੍ਹੀਂ ਜੁਆਕਾਂ ਨੂੰ, ਬਈ ਨਾਨਕਾ ਮੇਲ ਤੇ ਕੋਠੀ ਝਾੜ ਕੀ ਹੁੰਦਾ। ਹੁਣ ਤਾਂ ਦੋ ਘੰਟਿਆਂ ਚ ਹੀ ‘ਚੱਕ ਲੋ ਚੱਕ ਲੋ’ ਹੋ ਜਾਂਦੀ ਆ। ਉਦੋਂ ਵਿਆਹ ਚਾਰ ਚਾਰ ਦਿਨ ਚਲਦਾ ਸੀ ਤੇ ਹੁਣ ਇੱਕ ਦਿਨ ਵਿਚ ਚਾਰ ਚਾਰ ਵਿਆਹ ਹੋ ਜਾਂਦੇ ਆ, ਖਰਚਾ ਦਸ ਗੁਣਾ। ਉਦੋਂ ਰਿਸ਼ਤਿਆਂ ਦੀ ਖੁਸ਼ਬੂ ਹੁੰਦੀ ਸੀ, ਹੁਣ ਪਲੇਟਾਂ ਦੀ ਗਿਣਤੀ ਹੁੰਦੀ ਆ। ਬੰਬੀਹਾ ਨੀ ਬੋਲਦਾ, ਡੀਜੇ ਬੋਲਦਾ ਕਾਕਾ, ਜੀਹਦੀ ਸਮਝ ਕੋਈ ਨ੍ਹੀਂ ਆਉਂਦੀ।”
ਬਿਲਾਸਪੁਰ ਸਕੂਲ ਪਹੁੰਚੇ ਤਾਂ ਚਾਰਦੀਵਾਰੀ ਅਤੇ ਦਰਖਤਾਂ ਦੇ ਆਲੇ ਦੁਆਲੇ ਸਲੀਕੇ ਨਾਲ ਕੀਤੇ ਰੰਗ ਅਤੇ ਕਿਆਰੀਆਂ ਦੇ ਫੁੱਲਾਂ ਦੀ ਸਜਾਵਟ ਦੇਖ ਕੇ ਲਗਦਾ ਸੀ, ਕਿਸੇ ਸ਼ਾਨਦਾਰ ਮਹਿਕਦੇ ਬਾਗ ਵਿਚ ਆ ਗਏ ਹੋਈਏ। ਕੰਧਾਂ ਜਿਵੇਂ ਪੜ੍ਹਾਉਂਦੀਆਂ ਹੋਣ, ਸਬਕ ਸਿਖਾਉਂਦੀਆਂ ਹੋਣ, ਗੀਤ ਗਾਉਂਦੀਆਂ ਕਵਿਤਾ ਵਾਂਗ ਬੋਲਦੀਆਂ ਹੋਣ। ਕੰਧਾਂ ਉਤੇ ਪਹਾੜੇ, ਸ਼ਹੀਦਾਂ ਤੇ ਯੋਧਿਆਂ ਦੀਆਂ ਤਸਵੀਰਾਂ, ਗੁਰੂਆਂ ਪੀਰਾਂ ਫਕੀਰਾਂ ਦੀ ਬਾਣੀ, ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਦੇ ਸੂਫੀ ਸੰਦੇਸ਼, ਪੰਜਾਬ ਤੇ ਭਾਰਤ ਦੇ ਨਕਸ਼ੇ, ਪੰਜ ਦਰਿਆ ਵਗ ਰਹੇ ਸੀ। ਹਰ ਕਮਰੇ ਵਿਚ ਪੰਜਾਬ ਦੇ ਗੌਰਵਮਈ ਇਤਿਹਾਸ ਨਾਲ ਜੁੜੀਆਂ ਤਸਵੀਰਾਂ ਸਨ। ਜ਼ਿੰਦਗੀ ਨੂੰ ਰਾਹ ਬਖਸ਼ਦੀਆਂ ਪੰਕਤੀਆਂ ਪੜ੍ਹ ਕੇ ਰੂਹ ਦਾ ਰੱਜ ਹੁੰਦਾ ਸੀ। ਮੈਂ ਸੋਚ ਰਿਹਾ ਸੀ ਕਿ ਜਿਹੜੇ ਬੱਚੇ ਹਰ ਰੋਜ਼ ਇਥੇ ਕਈ ਕਈ ਘੰਟੇ ਰਹਿੰਦੇ ਹਨ, ਉਹ ਕਿੰਨਾ ਕੁਝ ਸਿੱਖਦੇ ਹੋਣਗੇ! ਲਾਇਬ੍ਰੇਰੀ ਵਿਚ ਕਿਤਾਬਾਂ ਦਾ ਅਮੁੱਲ ਭੰਡਾਰ ਸੀ।
ਭੱਟੀ ਹੁਰੀਂ ਪਿੰਡ ਦੇ ਲੋਕਾਂ ਅਤੇ ਸਟਾਫ ਦੀ ਦੂਰਅੰਦੇਸ਼ੀ ਦੇ ਸੋਹਲੇ ਗਾ ਰਹੇ ਸੀ। ਮੁੰਡਿਆਂ ਨੇ ਦੱਸਿਆ ਕਿ ਇਹ ਸਾਰਾ ਖਰਚਾ ਪਿੰਡ ਵਿਚੋਂ ਅਤੇ ਵਿਦੇਸ਼ਾਂ ਵਿਚ ਰਹਿੰਦੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਕੀਤਾ ਗਿਆ ਹੈ। “ਦੇਖੋ ਛੋਟਿਓ, ਪਹਿਲਾਂ ਉਨ੍ਹਾਂ ਲੋਕਾਂ ਦੀ ਸ਼ਾਬਾਸ਼ ਜਿਨ੍ਹਾਂ ਨੇ ਇਸ ਕਾਰਜ ਲਈ ਦਾਨ ਕੀਤਾ, ਖਾਸ ਕਰ ਕੇ ਬਾਹਰਲੇ ਮੁਲਕਾਂ ਵਾਲਿਆਂ ਦਾ, ਉਨ੍ਹਾਂ ਪਿੰਡ ਨੂੰ ਯਾਦ ਰਖਿਆ; ਦੂਜਾ ਭਾਈ ਥੋਨੂੰ ਡਬਲ ਸ਼ਾਬਾਸ਼, ਬਈ ਤੁਸੀਂ ਪੈਸੇ ਨੂੰ ਚੰਗੇ ਲੇਖੇ ਲਾਇਆ।” ਮਗਰੋਂ ਜਦੋਂ ਉਹ ਸਰੀਰਕ ਕਸਰਤ ਲਈ ਬਣਾਏ ਕਮਰੇ ਵਿਚੋਂ ਬਾਹਰ ਨਿਕਲੇ ਤਾਂ ਮੇਰੇ ਮੋਢੇ ਤੇ ਹੱਥ ਰੱਖਦਿਆਂ ਕਿਹਾ, “ਦੇਖ ਭਤੀਜ, ਮੈਂ ਅਧਿਆਪਕ ਵੀ ਰਿਹਾਂ, ਪ੍ਰਸ਼ਾਸਨ ਵਿਚ ਵੀ ਰਿਹਾਂ, ਹੁਣ ਰਾਜਨੀਤੀ ਵਿਚ ਆਂ, ਗੱਲ ਪੱਕੀ ਆ ਕਿ ਉਹੀ ਪਿੰਡ ਤਰੱਕੀ ਕਰਦੇ ਆ ਜਿਹੜੇ ਪਿੰਡ ਦੇ ਲੋਕ ਹਿੰਮਤੀ ਹੋਣ।” ਨਾਲ ਦੀ ਨਾਲ ਮਨਜੀਤ ਸਿੰਘ ਨੇ ਆਪਣਾ ਫਿਕਰ ਸਾਂਝਾ ਕੀਤਾ, “ਉਹ ਤਾਂ ਠੀਕ ਆ ਭੱਟੀ ਸਾਹਿਬ ਪਰ ਜਿਹੜੇ ਪਿੰਡਾਂ ਕੋਲ ਸਾਧਨ ਹੈਨੀ, ਸਰਕਾਰ ਨੂੰ ਉਨ੍ਹਾਂ ਦੀ ਬਾਂਹ ਫੜਨੀ ਚਾਹੀਦੀ ਆ, ਫਰਜ਼ ਤਾਂ ਆਖ਼ਰਕਾਰ ਸਰਕਾਰਾਂ ਦਾ ਈ ਆ।” ਮਨਜੀਤ ਸਿੰਘ ਵੱਲ ਦੇਖਦਿਆਂ ਭੱਟੀ ਹੁਰਾਂ ਦੀ ਮੁਸਕਰਾਹਟ ਦੱਸਦੀ ਸੀ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਪਰ ਉਹ ਸਕੂਲ ਦੀ ਖੂਬਸੂਰਤੀ ਨੂੰ ਲਗਾਤਾਰ ਨਿਹਾਰ ਰਹੇ ਸਨ, “ਬਈ ਨਕਸ਼ਾ ਈ ਬਦਲਿਆ ਪਿਆ ਸਕੂਲ ਦਾ। ਖੂਬਸੂਰਤ ਵੀ, ਖੂਬਸੀਰਤ ਵੀ। ਜੀ ਕਰਦਾ ਏਥੇ ਈ ਬੈਠੇ ਰਹੀਏ।” ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ, “ਸੱਚੀਂ ਚਾਚਾ ਜੀ, ਮੇਰਾ ਤਾਂ ਜੀਅ ਕਰਦਾ ਕਿ ਦੁਬਾਰਾ ਪੜ੍ਹਨ ਲੱਗਜਾਂ ਪਿੰਡ ਆ ਕੇ।” ਉਹ ਠਹਾਕਾ ਮਾਰਦਿਆਂ ਕਹਿਣ ਲੱਗੇ , “ਇਹ ਗੱਲ ਤੇਰੀ ਠੀਕ ਆ। ਦੇਖ! ਮੈਰਿਜ ਪੈਲਿਸਾਂ ਦੇ ਸ਼ੋਸ਼ੇ ਦੇਖ ਕੇ ਦੁਆਰਾ ਵਿਆਹ ਕਰਵਾਉਣ ਬਾਰੇ ਸੋਚਣਾ ਹੋਛਾਪਣ ਆ ਪੁੱਤ ਪਰ ਖੂਬਸੂਰਤ ਸਕੂਲ ਦੇਖ ਕੇ ਦੁਆਰਾ ਦਾਖਲ ਹੋਣ ਦਾ ਸੁਪਨਾ ਲੈਣਾ ਉਤਸ਼ਾਹੀ ਜ਼ਿੰਦਗੀ ਦੀ ਨਿਸ਼ਾਨੀ ਆ।”
ਸੰਪਰਕ: 98140-78799