ਸੌ ਦਾ ਦਾਨ

ਸੌ ਦਾ ਦਾਨ

ਜਸਵਿੰਦਰ ਕੌਰ ਮਾਨਸਾ

ਮਾਨਸਾ ਤੋਂ ਸਿਰਸੇ ਆਪਣੀ ਭੈਣ ਨੂੰ ਮਿਲਣ ਜਾ ਰਹੀ ਸੀ। ਕਈ ਸਾਲਾਂ ਬਾਅਦ ਬੱਸ ਦਾ ਸਫਰ ਕਰ ਰਹੀ ਸੀ। ਜਦੋਂ ਅਸੀਂ ਮੂਸਾ ਕੈਂਚੀਆਂ ਤੋਂ ਅੱਗੇ ਲੰਘੇ ਤਾਂ ਕੰਡਕਟਰ ਨੇ ਟਿਕਟਾਂ ਕੱਟਣੀਆਂ ਸ਼ਰੂ ਕਰ ਦਿੱਤੀਆਂ। ਕੰਡਕਟਰ ਬੜੀ ਸ਼ਾਂਤੀ ਨਾਲ ਟਿਕਟਾਂ ਕੱਟਦਾ ਅੱਗੇ ਵਧ ਰਿਹਾ ਸੀ। ਇਹ ਪਹਿਲੀ ਵਾਰ ਹੋ ਰਿਹਾ ਸੀ ਕਿ ਕੰਡਕਟਰ ਨਾ ਕਿਸੇ ਔਰਤ ਨਾਲ ਖੁੱਲ੍ਹੇ ਪੈਸਿਆਂ ਲਈ ਉਲਝ ਰਿਹਾ ਸੀ, ਤੇ ਨਾ ਹੀ ਬਕਾਏ ਦੀ ਗੱਲ ਕਰ ਰਿਹਾ ਸੀ। ਜਦੋਂ ਉਹ ਮੇਰੇ ਕੋਲ ਆਇਆ ਤਾਂ ਮੈਂ ਸੌ ਰੁਪਏ ਦਾ ਨੋਟ ਕੱਢ ਕੇ ਉਸ ਵੱਲ ਵਧਾਇਆ। ਨੋਟ ਫੜਨ ਦੀ ਥਾਂ ਉਹ ਬੋਲਿਆ, “ਬੀਬੀ ਪੈਸੇ ਪਰਸ ਚ ਪਾਓ ਤੇ ਆਪਣਾ ਆਧਾਰ ਕਾਰਡ ਕੱਢੋ।” ਪਹਿਲਾਂ ਤਾਂ ਮੈਂ ਹੈਰਾਨ ਜਿਹੀ ਹੋਈ ਪਰ ਫਿਰ ਮੈਨੂੰ ਪੰਜਾਬ ਸਰਕਾਰ ਦੇ ਮੁਫ਼ਤ ਬੱਸ ਸਫਰ ਵਾਲੀ ਗੱਲ ਚੇਤੇ ਆਉਂਦਿਆਂ ਪਲ ਵੀ ਨਾ ਲੱਗਾ। ਮੈਂ ਆਧਾਰ ਕਾਰਡ ਕੱਢਣ ਦੀ ਥਾਂ ਪੈਸੇ ਮੁੜ ਕਡੰਕਟਰ ਵੱਲ ਵਧਾਏ ਅਤੇ ਬੇਨਤੀ ਕੀਤੀ, “ਮੈਂ ਭਾਈ ਚੰਗੀ ਕਮਾਈ ਕਰਦੀ ਹਾਂ, ਮੇਰੀ ਟਿਕਟ ਕੱਟੀ ਜਾਵੇ।” ਕੰਡਕਟਰ ਆਂਹਦਾ, “ਮੈਡਮ ਜਦੋਂ ਮੇਰੇ ਕੋਲ ਔਰਤ ਦੀ ਟਿਕਟ ਕੱਟਣ ਵਾਲਾ ਕੋਈ ਹੁਕਮ ਹੀ ਨਹੀਂ ਤਾਂ ਮੈਂ ਤੁਹਾਡੀ ਟਿਕਟ ਕਿਵੇਂ ਕੱਟ ਸਕਦਾ ਹਾਂ? ਤੁਸੀਂ ਜਲਦੀ ਕਾਰਡ ਕੱਢੋ, ਮੈਂ ਹੋਰ ਕਾਰਡ ਵੀ ਦੇਖਣੇ ਹਨ।” ਮੇਰੇ ਨਾਲ ਬੈਠੀ ਨੌਕਰੀਪੇਸ਼ਾ ਔਰਤ ਨੇ ਕਿਹਾ, “ਭੈਣ ਜੀ, ਮੈਂ ਵੀ ਸਰਕਾਰੀ ਨੌਕਰੀ ਕਰਦੀ ਹਾਂ, ਇਹ ਮੇਰੀ ਟਿਕਟ ਵੀ ਨਹੀਂ ਕੱਟਦੇ। ਗੱਲ ਰਾਹ ਨਾ ਪੈਂਦੀ ਦੇਖ ਮੈਂ ਪੈਸੇ ਪਰਸ ਵਿਚ ਪਾ ਕੇ ਆਧਾਰ ਕਾਰਡ ਦਿਖਾ ਦਿੱਤਾ।

ਕਡੰਕਟਰ ਦੇ ਅੱਗੇ ਲੰਘਦਿਆਂ ਹੀ ਮੇਰੇ ਖਿਆਲਾ ਦਾ ਘੋੜਾ ਸਕੂਲ ਕਾਲਜ ਦੇ ਦਿਨਾਂ ਵੱਲ ਦੌੜ ਪਿਆ ਜਦੋਂ ਹਰ ਦੂਜੇ ਤੀਜੇ ਦਿਨ ਬੱਸ ਕਿਰਾਏ ਨੂੰ ਲੈ ਕੇ ਵਿਦਿਆਰਥੀਆਂ ਦੀ ਬੱਸਾਂ ਵਾਲਿਆਂ ਨਾਲ ਝੜਪ ਹੁੰਦੀ ਸੀ। ਮੈਨੂੰ ਉਹ ਦਿਨ ਚੇਤੇ ਆ ਗਏ, ਜਦੋਂ ਵਿਦਿਆਰਥੀਆਂ ਨੂੰ ਅੱਧਾ ਕਿਰਾਇਆ ਸਹੂਲਤ ਲੈਣ ਲਈ ਵੀ ਕਈ ਕਈ ਦਿਨ ਧਰਨੇ ਰੈਲੀਆਂ ਕਰਨੇ ਪਏ ਸਨ। ਮੇਰੇ ਸੀਨੀਅਰ ਦੱਸਦੇ ਸਨ ਕਿ ਬੱਸ ਪਾਸ ਸਹੂਲਤ ਲੈਣ ਲਈ ਕਿਵੇਂ ਵਿਦਿਆਰਥੀਆਂ ਤੇ ਪੁਲੀਸ ਨੇ ਤਸ਼ੱਦਦ ਕੀਤਾ ਸੀ ਜਿਸ ਕਾਰਨ ਇੱਕ ਵਿਦਿਆਰਥੀ ਦੀ ਮੌਤ ਵੀ ਹੋ ਗਈ ਸੀ।

ਮੈਂ ਇਕ ਵਾਰ ਫਿਰ ਬੱਸ ਵਿਚ ਸਾਰੇ ਪਾਸੇ ਨਜ਼ਰ ਮਾਰੀ, ਇੱਕ ਦੋ ਔਰਤਾਂ ਨੂੰ ਛੱਡ ਕੇ ਮੈਨੂੰ ਇੱਕ ਵੀ ਐਸੀ ਔਰਤ ਨਹੀਂ ਦਿਸੀ ਜਿਹੜੀ ਬੱਸ ਕਿਰਾਇਆ ਦੇਣ ਦੇ ਯੋਗ ਨਾ ਹੋਵੇ। ਫਿਰ ਸੋਚਿਆ, ਸਾਲ ਵਿਚ ਪੰਜ ਦਸ ਦਿਨ ਬੱਸ ਸਫਰ ਕਰਨ ਵਾਲੀਆਂ ਔਰਤਾਂ ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ ਦੇਣ ਪਿੱਛੇ ਅਸਲੀ ਮਨੋਰਥ ਕੁਝ ਹੋਰ ਹੋਵੇਗਾ। ਨਹੀਂ ਤਾਂ ਸਰਕਾਰ ਨੇ ਮੁਫ਼ਤ ਬੱਸ ਸਫਰ ਉਨ੍ਹਾਂ ਬੇਰੁਜ਼ਗਾਰਾਂ ਨੂੰ ਦੇਣਾ ਸੀ ਜਿਹੜੇ ਮਾਂ ਬਾਪ ਦੀਆਂ ਜੇਬਾਂ ਸਹਾਰੇ ਕਈ ਕਈ ਸਾਲ ਪੜਾ੍ਹਈਆਂ ਕਰਦੇ ਹਨ ਤੇ ਫਿਰ ਬੇਰੁਜ਼ਗਾਰੀ ਦੀ ਭੱਠੀ ਵਿਚ ਭੁੱਜਦੇ ਖਿੱਲ ਬਣ ਜਾਂਦੇ ਹਨ। ਮੁਫ਼ਤ ਬੱਸ ਸਫਰ ਦੇ ਅਸਲੀ ਹੱਕਦਾਰ ਤਾਂ ਉਹ ਮਜ਼ਦੂਰ ਨੇ ਜਿਹੜੇ ਪੂਰਾ ਦਿਨ ਪਸੀਨਾ ਵਹਾ ਕੇ ਵੀ ਰੱਜਵੀਂ ਰੋਟੀ ਨਹੀਂ ਖਾ ਸਕਦੇ ਅਤੇ ਘਰ ਵਾਪਸੀ ਲਈ ਟੁੱਟੇ ਤੇ ਜੰਗਾਲੇ ਸਾਇਕਲਾਂ ਤੇ ਪੂਰਾ ਤਾਣ ਲਾ ਕੇ ਮੰਜ਼ਿਲਾਂ ਸਰ ਕਰਦੇ ਹਨ। ਮੁਫ਼ਤ ਬੱਸ ਸਫਰ ਦੀ ਸਹੂਲਤ ਉਨ੍ਹਾਂ ਮਜਬੂਰ ਮਾਂ ਬਾਪ ਨੂੰ ਹੋਣੀ ਚਾਹੀਦੀ ਹੈ ਜਿਹੜੇ ਆਪਣੀ ਔਲਾਦ ਵੱਲੋਂ ਦੁਰਕਾਰੇ ਜਾਣ ਬਾਅਦ ਖਾਲੀ ਜੇਬਾਂ ਦੇ ਦੁੱਖ ਕਾਰਨ ਕਿਸੇ ਬਿਰਧ ਆਸ਼ਰਮ ਜਾਂ ਕਿਸੇ ਧਾਰਮਿਕ ਸਥਾਨ ਤੱਕ ਵੀ ਨਹੀਂ ਪਹੁੰਚ ਸਕਦੇ ਜਿੱਥੇ ਉਹ ਅੰਤਲੇ ਸਾਹ ਸੁੱਖ ਦੇ ਲੈ ਸਕਣ। ਮੁਫ਼ਤ ਬੱਸ ਸਫਰ ਦੀ ਸਹੂਲਤ ਉਨ੍ਹਾਂ ਅਪਾਹਜਾਂ ਨੂੰ ਦਿੱਤੀ ਜਾਣੀ ਬਣਦੀ ਹੈ ਜਿਨ੍ਹਾਂ ਤੇ ਕੁਦਰਤ ਦੀ ਮਾਰ ਹੈ। ਕਿਸੇ ਨੂੰ ਪੰਜ ਸੱਤ ਸੌ ਰੁਪਏ ਦੇ ਚਾਲਚ ਦੇ ਮੱਕੜਜਾਲ ਵਿਚ ਫਸਾ ਕੇ ਆਪਣੇ ਹਿਤ ਵਿਚ ਵਰਤਣ ਲਈ ਪਹਿਲਾਂ ਹੀ ਘਾਟੇ ਵਿਚ ਚੱਲ ਰਹੇ ਅਦਾਰਿਆਂ ਨੂੰ ਹੋਰ ਕੰਗਾਲੀ ਵੱਲ ਧੱਕਣਾ ਚੰਗੀ ਸਿਆਸਤ ਦੀ ਨਿਸ਼ਾਨੀ ਨਹੀਂ।

ਇਹ ਗੱਲਾਂ ਸੋਚ ਰਹੀ ਸਾਂ ਕਿ ਬੱਸ ਸਿਰਸੇ ਨੇੜੇ ਪਹੁੰਚ ਗਈ। ਮੁਫ਼ਤ ਬੱਸ ਸਫਰ ਦੀ ਕਚਿਆਣ ਅਜੇ ਹਟ ਨਹੀਂ ਸੀ ਰਹੀ। ਬੱਸ ਅੱਡੇ ਅੰਦਰ ਰੁਕੀ ਤਾਂ ਮੈਂ ਹੇਠਾਂ ਉੱਤਰ ਗਈ। ਥੋੜ੍ਹਾ ਅੱਗੇ ਗਈ ਤਾਂ ਇਕ ਅਪੰਗ ਭਿਖਾਰਨ ਕੁੜੀ ਨੇ ਮੇਰੇ ਵੱਲ ਹੱਥ ਵਧਾਇਆ। ਮੈਂ ਭਾੜੇ ਲਈ ਦਿੱਤਾ ਉਹੀ ਨੋਟ ਕੱਢਿਆ ਅਤੇ ਉਸ ਦੇ ਹੱਥ ਤੇ ਰੱਖ ਦਿੱਤਾ। ਭੀਖ ਲੈ ਕੇ ਤੁਰ ਜਾਣ ਦੀ ਥਾਂ ਉਹ ਮੇਰੇ ਮੂੰਹ ਵੱਲ ਦੇਖਦੀ ਰਹੀ, ਸ਼ਾਇਦ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਸੌ ਦਾ ਨੋਟ ਉਸ ਨੂੰ ਦਾਨ ਵਜੋਂ ਦਿੱਤਾ ਗਿਆ ਹੈ। ਉਹ ਉਡੀਕ ਰਹੀ ਸੀ ਕਿ ਮੈਂ ਕਹਾਂ ਕਿ ਰੁਕ ਇਹ ਨੋਟ ਮੇਰੇ ਕੋਲੋਂ ਗਲਤੀ ਨਾਲ ਦਿੱਤਾ ਗਿਆ ਹੈ! ਪਰ ਮੇਰੇ ਇਸ਼ਾਰਾ ਕਰਨ ਤੇ ਉਹ ਮੇਰਾ ਧੰਨਵਾਦ ਕਰਦੀ ਤੁਰ ਗਈ। ਹੁਣ ਮੁਫ਼ਤ ਬੱਸ ਸਫਰ ਵਾਲੀ ਕਚਿਆਣ ਉੱਤਰਦੀ ਲੱਗੀ। ਮੈਂ ਆਟੋ ਵਿਚ ਬੈਠੀ ਸੋਚ ਰਹੀ ਸੀ ਕਿ ਇਸ ਸਹੂਲਤ ਨਾਲ ਜਨਤਕ ਟਰਾਂਪਰੋਰਟ ਮਾਰਨ ਦਾ ਐਲਾਨ ਕਰ ਦਿੱਤਾ ਹੈ। ਆਟੋ ਰੁਕਿਆ ਤੇ ਮੈਂ ਬਣਦਾ ਕਿਰਾਇਆ ਦੇ ਕੇ ਭੈਣ ਦੇ ਘਰ ਜਾ ਵੜੀ।

ਸੰਪਰਕ: 98766-80517

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All