ਆਪਣੇ ਬਚਪਨ ਤੋਂ ਸੁਣਦਾ ਹੁੰਦਾ ਸਾਂ ਕਿ ਅਧਿਆਪਕ ਮਾਲੀ ਵਾਂਗ ਹੁੰਦਾ ਹੈ। ਉਹ ਆਪਣੀ ਸੇਵਾ ਨਾਲ ਅਨੇਕਾਂ ਵਿਦਿਆਰਥੀ ਰੂਪੀ ਪੌਦੇ ਲਗਾਉਂਦਾ ਹੈ। ਉਹ ਆਪਣੇ ਲਗਾਏ ਪੌਦਿਆਂ ਨੂੰ ਜਦੋਂ ਵਧਦਾ-ਫੁੱਲਦਾ ਵੇਖਦਾ ਹੈ ਤਾਂ ਉਸ ਨੂੰ ਆਪਣੀ ਕੀਤੀ ਮਿਹਨਤ ’ਤੇ ਫ਼ਖ਼ਰ ਹੁੰਦਾ ਹੈ। ਮੈਂ ਇਸ ਕਥਨ ਨੂੰ ਸੁਣਿਆ ਹੀ ਨਹੀਂ ਸਗੋਂ ਪ੍ਰਿੰਸੀਪਲ ਦੇ ਅਹੁਦੇ ਤੱਕ ਦੀ ਸੇਵਾ ਨਿਭਾਉਂਦਿਆਂ ਆਪਣੇ ਜ਼ਿਹਨ ਵਿਚ ਬਿਠਾ ਕੇ ਇਸ ਉੱਤੇ ਅਮਲ ਵੀ ਕੀਤਾ। ਮੈਂ ਪ੍ਰਿੰਸੀਪਲ ਦੇ ਅਹੁਦੇ ’ਤੇ ਕੰਮ ਕਰਦਿਆਂ ਆਪਣੇ ਲੈਕਚਰਾਰ ਸਾਥੀਆਂ ਨੂੰ ਇਹ ਕਹਿ ਰੱਖਿਆ ਸੀ ਕਿ ਗਿਆਰ੍ਹਵੀਂ ਜਮਾਤ ਵਿਚ ਬੱਚਿਆਂ ਨੂੰ ਦਾਖਲਾ ਦੇਣ ਸਮੇਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਕੇ ਦਾਖਲ ਕੀਤਾ ਜਾਵੇ। ਉਨ੍ਹਾਂ ਨੂੰ ਆਰਟਸ, ਕਾਮਰਸ ਅਤੇ ਸਾਇੰਸ ਗਰੁੱਪਾਂ ਦੀ ਚੋਣ ਕਰਾਉਣ ਵੇਲੇ ਪੂਰਾ ਮਾਰਗ ਦਰਸ਼ਨ ਕੀਤਾ ਜਾਵੇ। ਅਧਿਆਪਕ ਦੀ ਥੋੜੀ ਜਿਹੀ ਸੇਧ ਨਾਲ ਸਮੇਂ ਸਿਰ ਲਿਆ ਠੀਕ ਫੈਸਲਾ ਬੱਚੇ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ। ਮੇਰਾ ਤਜਰਬਾ ਰਿਹਾ ਹੈ ਕਿ ਬਹੁਤ ਸਾਰੇ ਹੁਸ਼ਿਆਰ ਬੱਚੇ ਮਾਪਿਆਂ ਦੀ ਗਰੀਬੀ ਕਾਰਨ ਮਹਿੰਗੀਆਂ ਪੁਸਤਕਾਂ ਖਰੀਦਣ ਅਤੇ ਹਜ਼ਾਰਾਂ ਰੁਪਏ ਟਿਊਸ਼ਨਾਂ ਦੇਣ ਦੇ ਸਮਰੱਥ ਨਾ ਹੋਣ ਕਾਰਨ ਡਾਕਟਰ ਅਤੇ ਇੰਜਨੀਅਰ ਬਣਨ ਤੋਂ ਵਾਂਝੇ ਰਹਿ ਜਾਂਦੇ ਹਨ। ਉਹ ਸਾਰੀ ਉਮਰ ਪਛਤਾਵੇ ਦੇ ਆਲਮ ਵਿਚ ਰਹਿੰਦੇ ਹਨ। ਪਰ ਜੇ ਅਜਿਹੇ ਮੌਕੇ ਉਨ੍ਹਾਂ ਦੀ ਕੋਈ ਬਾਂਹ ਫੜ ਲਵੇ ਤਾਂ ਉਹ ਆਪਣੀ ਮਰਜ਼ੀ ਅਤੇ ਯੋਗਤਾ ਅਨੁਸਾਰ ਖੇਤਰ ਦੀ ਚੋਣ ਕਰ ਲੈਂਦੇ ਹਨ।
ਚਾਰ ਪੰਜ ਸਾਲ ਦੀ ਗੱਲ ਹੈ, ਜਮਾਤਾਂ ਦੇ ਦਾਖਲੇ ਚੱਲ ਰਹੇ ਸਨ। ਆਰਟਸ ਗਰੁੱਪ ਦਾ ਗਿਆਰ੍ਹਵੀਂ ਜਮਾਤ ਦਾ ਦਾਖਲਾ ਕਰਨ ਵਾਲੀ ਲੈਕਚਰਾਰ ਇੱਕ ਕੁੜੀ ਨੂੰ ਮੇਰੇ ਕਮਰੇ ਵਿਚ ਆਪਣੇ ਨਾਲ ਲਿਆ ਕੇ ਕਹਿਣ ਲੱਗੀ, ‘‘ਸਰ, ਇਸ ਕੁੜੀ ਦੇ ਦਸਵੀਂ ਜਮਾਤ ਵਿੱਚੋਂ 94 ਫ਼ੀਸਦੀ ਅੰਕ ਹਨ। ਇਸ ਦੇ ਵਿਗਿਆਨ ਵਿੱਚੋਂ 100 ਵਿੱਚੋਂ 99 ਅੰਕ ਹਨ। ਇਹ ਆਰਟਸ ਵਿਚ ਦਾਖਲਾ ਲੈਣਾ ਚਾਹੁੰਦੀ ਹੈ। ਮੈਂ ਚਾਹੁੰਦੀ ਹਾਂ ਕਿ ਇਸ ਨੂੰ ਮੈਡੀਕਲ ਗਰੁੱਪ ਰਖਾ ਕੇ ਪੜ੍ਹਾਇਆ ਜਾਵੇ। ਇਹ ਮੰਨਦੀ ਨਹੀਂ ਪਈ। ਤੁਸੀਂ ਸਮਝਾ ਕੇ ਵੇਖੋ।’’ ਮੈਂ ਕੁਝ ਬੋਲਣਾ ਹੀ ਸੀ ਕਿ ਕੁੜੀ ਪਹਿਲਾਂ ਹੀ ਬੋਲ ਪਈ, ‘‘ਸਰ, ਮੈਡਮ ਨੂੰ ਕਹੋ ਕਿ ਜੇ ਮੈਨੂੰ ਆਰਟਸ ਗਰੁੱਪ ਵਿਚ ਦਾਖਲਾ ਦੇਣਾ ਹੈ ਤਾਂ ਦੇ ਦਿਓ ਨਹੀਂ ਤਾਂ ਮੈਂ ਪੜ੍ਹਨਾ ਹੀ ਨਹੀਂ।’’ ਹੁਣ ਮੇਰੇ ਬੋਲਣ ਜੋਗਾ ਰਹਿ ਹੀ ਗਿਆ ਸੀ। ਮੈਂ ਲੈਕਚਰਾਰ ਨੂੰ ਕਿਹਾ, ‘‘ਮੈਡਮ, ਇਸ ਬੱਚੀ ਨੂੰ ਆਰਟਸ ਗਰੁੱਪ ਵਿਚ ਹੀ ਦਾਖਲ ਕਰ ਦਿਓ।’’
ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਆਪਣੇ ਆਪ ਵਿਚ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਸਾਂ, ਕਿਉਂਕਿ ਇੱਕ ਬੱਚੀ ਦੇ ਭਵਿੱਖ ਦਾ ਸਵਾਲ ਸੀ। ਮੈਂ ਉਸ ਘਟਨਾ ਨੂੰ ਭੁੱਲਿਆ ਨਹੀਂ। ਮੈਂ ਮਨੋ-ਮਨੀ ਕੋਈ ਰਸਤਾ ਲੱਭਣ ਵਿਚ ਜੁਟ ਗਿਆ। ਉਸ ਨੇ ਆਰਟਸ ਗਰੁੱਪ ਵਿਚ ਦਾਖਲਾ ਲੈ ਲਿਆ। ਗਿਆਰ੍ਹਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਹੋਣ ਨੂੰ ਕੁਝ ਦਿਨ ਬਾਕੀ ਸਨ। ਸਾਡੇ ਸਕੂਲ ਦੀ ਪਰੰਪਰਾ ਸੀ ਕਿ ਦਾਖਲੇ ਤੋਂ ਬਾਅਦ ਜਿਹੜੇ ਬੱਚੇ ਕਿਤਾਬਾਂ ਨਹੀਂ ਖਰੀਦ ਸਕਦੇ ਉਨ੍ਹਾਂ ਨੂੰ ਅਸੀਂ ਕਿਤਾਬਾਂ ਆਪਣੇ ਕੋਲੋਂ ਦਿੰਦੇ ਸਾਂ। ਸਾਇੰਸ ਗਰੁੱਪ ਰੱਖਣ ਲਈ ਵਿਗਿਆਨ ਦੇ ਵਿਸ਼ੇ ਦਾ ਦਸਵੀਂ ਜਮਾਤ ਦੇ ਪੱਧਰ ਦਾ ਟੈਸਟ ਲਿਆ ਜਾਂਦਾ ਸੀ। ਟੈਸਟ ਪਾਸ ਕਰਨ ਵਾਲੇ ਬੱਚੇ ਨੂੰ ਹੀ ਸਾਇੰਸ ਗਰੁੱਪ ਵਿਚ ਦਾਖਲਾ ਦਿੱਤਾ ਜਾਂਦਾ ਸੀ। ਉਸ ਬੱਚੀ ਨੇ ਵੀ ਮੁਫ਼ਤ ਕਿਤਾਬਾਂ ਲੈਣ ਲਈ ਅਰਜ਼ੀ ਦਿੱਤੀ ਹੋਈ ਸੀ। ਉਸ ਦੀ ਅਰਜ਼ੀ ਵੇਖ ਕੇ ਮੈਨੂੰ ਇੱਕ ਤਰਕੀਬ ਸੁੱਝੀ। ਮੇਰੇ ਸਕੂਲ ਦੀ ਵਾਈਸ ਪ੍ਰਿੰਸੀਪਲ ਬੱਚਿਆਂ ਪ੍ਰਤੀ ਬਹੁਤ ਸੁਹਿਰਦ ਸੀ। ਮੈਂ ਉਸ ਨੂੰ ਦਫਤਰ ਬੁਲਾ ਕੇ ਉਸ ਬੱਚੀ ਬਾਰੇ ਸਾਰਾ ਕੁੱਝ ਦੱਸਿਆ। ਉਸ ਨੇ ਬੱਚੀ ਨੂੰ ਬੁਲਾ ਕੇ ਉਸ ਤੋਂ ਪੁੱਛਿਆ ਕਿ ਉਹ ਸਾਇੰਸ ਗਰੁੱਪ ਕਿਉਂ ਨਹੀਂ ਰੱਖਣਾ ਚਾਹੁੰਦੀ। ਮੇਰਾ ਅੰਦਾਜ਼ਾ ਠੀਕ ਨਿਕਲਿਆ। ਬੱਚੀ ਨੇ ਦੱਸਿਆ, ‘‘ਮੇਰੇ ਪਾਪਾ ਧੋਬੀ ਦਾ ਕੰਮ ਕਰਦੇ ਹਨ। ਉਹ ਤਾਂ ਮੈਨੂੰ ਪੜ੍ਹਾਉਣਾ ਹੀ ਨਹੀਂ ਚਾਹੁੰਦੇ ਕਿਉਂਕਿ ਅਸੀਂ ਚਾਰ ਭੈਣ ਭਰਾ ਹਾਂ। ਪਰਿਵਾਰ ਦਾ ਗੁਜ਼ਾਰਾ ਹੀ ਬਹੁਤ ਔਖਾ ਚਲਦਾ ਹੈ। ਮੈਂ ਸਾਇੰਸ ਗਰੁੱਪ ਦੀਆਂ ਨਾ ਕਿਤਾਬਾਂ ਲੈ ਸਕਦੀ ਹਾਂ ਤੇ ਨਾ ਹੀ ਟਿਊਸ਼ਨਾਂ ਦੇ ਪੈਸੇ ਦੇ ਸਕਦੀ ਹਾਂ।’’
ਵਾਈਸ ਪ੍ਰਿੰਸੀਪਲ ਨੇ ਮੌਕਾ ਸੰਭਾਲਦਿਆਂ ਹੋਇਆਂ ਕਿਹਾ, ‘‘ਬੇਟਾ, ਤੂੰ ਕਿਤਾਬਾਂ ਅਤੇ ਟਿਊਸ਼ਨਾਂ ਦੀ ਗੱਲ ਸਾਡੇ ਉੱਤੇ ਛੱਡ ਦੇ। ਤੂੰ ਸਾਇੰਸ ਗਰੁੱਪ ਲਈ ਹੋਣ ਵਾਲਾ ਟੈਸਟ ਦੇ, ਫੇਰ ਵੇਖਦੇ ਹਾਂ।’’ ਬੱਚੀ ਨੇ ਸਾਡਾ ਕਹਿਣਾ ਮੰਨ ਕੇ ਟੈਸਟ ਦੇ ਦਿੱਤਾ ਤੇ ਟੈਸਟ ਵਿੱਚੋਂ ਤੀਜੇ ਨੰਬਰ ’ਤੇ ਆਈ। ਟੈਸਟ ਦੇ ਅੰਕ ਵੇਖ ਕੇ ਮਨੋ-ਮਨੀ ਮੈਂ ਆਪਣੀ ਹਰ ਵਾਹ ਲਾਉਣ ਦਾ ਫੈਸਲਾ ਕਰ ਲਿਆ। ਮੈਂ ਉਸ ਬੱਚੀ ਦੇ ਪਾਪਾ ਨੂੰ ਫੋਨ ਕਰਕੇ ਸਕੂਲ ਨੂੰ ਬੁਲਾ ਲਿਆ। ਅਸੀਂ ਉਸ ਨੂੰ ਸਮਝਾਇਆ ਕਿ ਉਸ ਦੀ ਬੱਚੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ। ਜੇ ਉਹ ਸਾਇੰਸ ਗਰੁੱਪ ਨਾਲ ਪੜ੍ਹਾਈ ਕਰੇ ਤਾਂ ਡਾਕਟਰ ਵੀ ਬਣ ਸਕਦੀ ਹੈ। ਉਸ ਨੇ ਆਪਣੀ ਗਰੀਬੀ ਦਾ ਰੋਣਾ ਰੋਂਦਿਆਂ ਕਿਹਾ ਕਿ ਇਹ ਸਾਡੇ ਖਾਨਦਾਨ ਵਿੱਚੋਂ ਦਸਵੀਂ ਪਾਸ ਕਰਨ ਵਾਲਾ ਪਹਿਲਾ ਬੱਚਾ ਹੈ। ਇਸ ਦੀ ਪੜ੍ਹਾਈ ਦਾ ਖਰਚਾ ਮੇਰੇ ਵੱਸ ਦੀ ਗੱਲ ਨਹੀਂ।
ਹੁਣ ਮੈਨੂੰ ਗੱਲ ਬਣਦੀ ਨਜ਼ਰ ਆਉਣ ਲੱਗੀ। ਮੈਂ ਉਸ ਨੂੰ ਪ੍ਰੇਰਿਤ ਕਰਦਿਆਂ ਕਿਹਾ, ‘‘ਭਰਾ ਜੀ, ਇਹ ਬੱਚੀ ਤੁਹਾਡਾ ਨਾਂ ਰੌਸ਼ਨ ਕਰਨ ਵਾਲੀ ਹੈ। ਲੋਕਾਂ ਦੇ ਬੱਚੇ ਪਾਸ ਨਹੀਂ ਹੁੰਦੇ, ਇਸ ਦੇ ਦਸਵੀਂ ਜਮਾਤ ਵਿੱਚੋਂ 94% ਅੰਕ ਹਨ। ਇਸ ਨੂੰ ਸਾਇੰਸ ਗਰੁੱਪ ਨਾਲ ਪੜ੍ਹਨ ਦਿਓ। ਰਹੀ ਖਰਚੇ ਦੀ ਗੱਲ ਉਹ ਸਾਡੇ ਤੇ ਛੱਡ ਦਿਓ।’’ ਉਸ ਸੱਜਣ ਨੂੰ ਮੇਰੀ ਗੱਲ ਸਮਝ ਆ ਗਈ। ਉਸ ਨੇ ਆਪਣੀਆਂ ਅੱਖਾਂ ਵਿਚ ਆਏ ਹੰਝੂਆਂ ਨੂੰ ਸੰਭਾਲਦਿਆਂ ਹੋਇਆਂ ਕਿਹਾ, ‘‘ਸਰ, ਇਹ ਤੁਹਾਡੀ ਹੀ ਬੱਚੀ ਹੈ। ਤੁਸੀਂ ਜੋ ਚਾਹੋ ਇਸ ਨੂੰ ਪੜ੍ਹਾ ਦਿਓ।’’
ਪਾਪਾ ਦੀ ਸਹਿਮਤੀ ਨੇ ਬੱਚੀ ਨੂੰ ਹੱਲਾਸ਼ੇਰੀ ਦੇ ਦਿੱਤੀ। ਉਸ ਨੇ ਸਾਇੰਸ ਗਰੁੱਪ ਨਾਲ ਪੜ੍ਹਾਈ ਸ਼ੁਰੂ ਕਰ ਦਿੱਤੀ। ਉਸ ਦਾ ਸਾਰਾ ਖਰਚਾ ਅਸੀਂ ਸੰਭਾਲ ਲਿਆ। ਸਾਰੇ ਸਾਇੰਸ ਲੈਕਚਰਾਰ ਕਹਿਣ ਲੱਗ ਪਏ, ‘‘ਸਰ ਕੁੜੀ ਹਰ ਹਾਲਤ ਵਿਚ ਡਾਕਟਰ ਬਣੇਗੀ।’’ ਸਾਇੰਸ ਲੈਕਚਰਾਰ ਉਸ ਨੂੰ ਸਕੂਲ ਵਿਚ ਹੀ ਵਿਸ਼ੇਸ਼ ਤੌਰ ’ਤੇ ਪੜ੍ਹਾਉਣ ਲੱਗ ਪਏ। ਉਸ ਨੇ ਸਿੱਖਿਆ ਵਿਭਾਗ ਵਲੋਂ ਕਰਾਏ ਜਾਣ ਵਾਲੇ ਅਨੇਕਾਂ ਮੁਕਾਬਲਿਆਂ ਵਿਚ ਪ੍ਰਾਂਤਕ ਪੱਧਰ ਦੇ ਕਈ ਇਨਾਮ ਜਿੱਤੇ। ਕੁੜੀ ਦੀ ਬੌਧਿਕ ਯੋਗਤਾ ਨੂੰ ਵੇਖਦਿਆਂ ਸਾਡੇ ਸ਼ਹਿਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਉਸ ਦੀ ਸਹਾਇਤਾ ਕਰਨ ਲਗ ਪਈਆਂ। ਗਿਆਰ੍ਹਵੀਂ ਜਮਾਤ ਵਿੱਚੋਂ ਉਹ ਪਹਿਲੇ ਸਥਾਨ ’ਤੇ ਆਈ। ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਸਭ ਤੋਂ ਵੱਧ ਇਨਾਮ ਲੈਣ ਵਾਲੀ ਬੱਚੀ ਉਹੀ ਸੀ। ਉਹ ਬਾਰ੍ਹਵੀਂ ਜਮਾਤ ਵਿਚ ਹੋਰ ਜ਼ਿਆਦਾ ਮਿਹਨਤ ਕਰਨ ਲੱਗ ਪਈ। ਮੈਂ ਉਸ ਸਕੂਲ ਤੋਂ ਸੇਵਾਮੁਕਤ ਹੋ ਗਿਆ ਪਰ ਸਾਇੰਸ ਲੈਕਚਰਾਰ ਉਸ ਦੀ ਹਰ ਢੰਗ ਨਾਲ ਸਹਾਇਤਾ ਕਰਦੇ ਰਹੇ। ਉਸ ਨੇ ਪੀਐਮਟੀ ਦਾ ਟੈਸਟ ਪਾਸ ਕਰ ਲਿਆ। ਇੱਕ ਦਿਨ ਉਹ ਮਾਰਕੀਟ ਵਿਚ ਆਪਣੇ ਪਾਪਾ ਨਾਲ ਮਿਲ ਗਈ। ਉਸ ਨੇ ਦੱਸਿਆ ਕਿ ਉਹ ਸਰਕਾਰੀ ਮੈਡੀਕਲ ਕਾਲਜ ਤੋਂ ਦੰਦਾਂ ਦੇ ਡਾਕਟਰ ਦੀ ਡਿਗਰੀ ਕਰ ਰਹੀ ਹੈ। ਮੇਰੇ ਮਨ ਨੂੰ ਖੁਸ਼ੀ ਹੈ ਕਿ ਉਹ ਡਾਕਟਰ ਕੁੜੀ ਦਾ ਪੌਦਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰੇਗਾ।
*ਮਾਧਵ ਨਗਰ, ਨੰਗਲ ਟਾਊਨਸ਼ਿਪ
ਸੰਪਰਕ: 98726-27136