ਚਰਨਜੀਤ ਸਿੰਘ ਪੱਡਾ
ਪਨਾਮ ਵਾਲਾ ਮਸ਼ਹੂਰ ਫੁੱਟਬਾਲ ਖਿਡਾਰੀ ਜਰਨੈਲ ਸਿੰਘ ਕਬੱਡੀ ਨੂੰ ਵੀ ਬੜਾ ਪਸੰਦ ਕਰਦਾ ਸੀ। ਫੁਟਬਾਲ ਨਾਲ ਜ਼ਿਆਦਾ ਮੁਹੱਬਤ ਹੋਣ ਕਰਕੇ ਉਹਨੇ ਭਾਵੇਂ ਕਬੱਡੀ ਨੂੰ ਦੂਜਾ ਸਥਾਨ ਹੀ ਦਿੱਤਾ ਪਰ ਪੰਜਾਬ ਦੀ ਮਾਂ ਖੇਡ ਕਬੱਡੀ ਲਈ ਉਸ ਦੇ ਮਨ ਵਿਚ ਅਥਾਹ ਪਿਆਰ ਸੀ। ਜਰਨੈਲ ਸਿੰਘ ਵਿਚ ਬੜਾ ਮਿੱਠਾ ਪੇਂਡੂਪਨ ਸੀ, ਇਸ ਲਈ ਉਹ ਇਸ ਪੇਂਡੂ ਖੇਡ ਨੂੰ ਪਿਆਰ ਕਰਦਾ ਸੀ।
ਜਰਨੈਲ ਸਿੰਘ ਜਾਫੀ ਦੇ ਤੌਰ ’ਤੇ ਕਬੱਡੀ ਖੇਡਦਾ ਸੀ। ਕਾਲਜ ਦੇ ਦਿਨਾਂ ਦੌਰਾਨ ਉਸ ਨੇ ਤੋਖੀ ਹੁਸ਼ਿਆਰਪੁਰੀਏ (ਅੰਬਾਲੇ ਵਾਲਾ) ਨੂੰ ਇਕ ਤੋਂ ਵੱਧ ਵਾਰ ਫੜ ਲਿਆ ਸੀ। ਤੋਖੀ ਦੀ ਖੇਡ ਇੰਨੀ ਕਮਾਲ ਦੀ ਸੀ ਕਿ ਉਹ ਕਿਸੇ ਕੋਲੋਂ ਫੜਿਆ ਨਹੀਂ ਸੀ ਜਾਂਦਾ। ਉਹ ਬੜੀ ਫੁਰਤੀ ਨਾਲ ਖਿਡਾਰੀ ਨੂੰ ਹੱਥ ਲਾ ਕੇ ਪਿੱਛੇ ਹਟ ਜਾਂਦਾ ਸੀ ਅਤੇ ਫਿਰ ਇੰਨੀ ਤੇਜ਼ ਰਫਤਾਰ ਨਾਲ ਦੌੜਦਾ ਸੀ ਕਿ ਜਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸੀ ਪਹੁੰਚਦਾ। ਜਦੋਂ ਜਰਨੈਲ ਸਿੰਘ ਨੇ ਉਸ ਨੂੰ ਫੜ ਲਿਆ ਤਾਂ ਲੋਕ ਕਹਿਣ ਲੱਗ ਪਏ ਕਿ ਪਨਾਮੀਏ ਜੈਲੇ ਦੀ ਵੀ ਦੌੜ ਬਹੁਤ ਜ਼ਿਆਦਾ ਹੈ, ਇਸੇ ਕਰਕੇ ਉਹ ਤੋਖੀ ਨੂੰ ਫੜ ਲੈਂਦਾ ਹੈ ਪਰ ਹਕੀਕਤ ਕੁਝ ਹੋਰ ਸੀ। ਜਰਨੈਲ ਸਿੰਘ ਨੇ ਉਸ ਨੂੰ ਦੌੜ ਕੇ ਨਹੀਂ ਸੀ ਫੜਿਆ, ਉਹਨੇ ਤਾਂ ਤੋਖੀ ਦੇ ਜਾਫੀ ਕੋਲੋਂ ਨਿਕਲ ਜਾਣ ਵਾਲੇ ਢੰਗ ਦੀ ਖੋਜ ਕਰਕੇ ਅਤੇ ਕਾਫੀ ਸੋਚ-ਵਿਚਾਰ ਤੋਂ ਬਾਅਦ ਦਿਮਾਗ ਲਗਾ ਕੇ ਉਸ ਨੂੰ ਫੜਨਾ ਸ਼ੁਰੂ ਕੀਤਾ ਸੀ। ਜਰਨੈਲ ਸਿੰਘ ਨੇ ਸੋਚਿਆ ਕਿ ਤੋਖੀ ਉਸ ਨਾਲੋਂ ਜ਼ੋਰ ਵਿਚ ਤਾਂ ਤਕੜਾ ਹੈ ਨਹੀਂ, ਫਿਰ ਕਿਉਂ ਨਾ ਉਸ ਦੇ ਹੱਥ ਲਾ ਕੇ ਪਿਛਾਂਹ ਹੋਣ ਤੋਂ ਪਹਿਲਾਂ ਹੀ ਉਸ ’ਤੇ ਆਪ ਹੱਲਾ ਬੋਲਿਆ ਜਾਵੇ। ਜਰਨੈਲ ਸਿੰਘ ਨੇ ਇਸ ਤਰ੍ਹਾਂ ਸੋਚ ਕੇ ਤੋਖੀ ਦੇ ਹੱਥ ਲਾਉਣ ਤੋਂ ਪਹਿਲਾਂ ਹੀ ਪੂਰੀ ਤਾਕਤ ਅਤੇ ਫੁਰਤੀ ਨਾਲ ਉਸ ’ਤੇ ਹੱਲਾ ਬੋਲ ਦਿੱਤਾ। ਫਿਰ ਜਦੋਂ ਜਰਨੈਲ ਸਿੰਘ ਦਾ ਹੱਥ ਪਹਿਲਾਂ ਹੋ ਜਾਂਦਾ ਤਾਂ ਪਿਆ ਹੋਇਆ ਹੱਥ ਤੋਖੀ ਲਈ ਛੁਡਾਉਣਾ ਔਖਾ ਸੀ। ਜੇ ਹੱਥ ਨਹੀਂ ਸੀ ਛੁਡਾ ਸਕਦਾ ਤਾਂ ਫਿਰ ਭੱਜਣਾ ਕਿਸ ਤਰ੍ਹਾਂ ਸੀ? ਫੁਟਬਾਲ ਵਿਚ ਵੀ ਜਰਨੈਲ ਸਿੰਘ ਨੇ ‘ਹਮਲਾਵਰ ਰੁਖ਼ ਹੀ ਵੱਡੀ ਸੁਰੱਖਿਆ’ (Attack is the best defence) ਸਿਧਾਂਤ ਅਪਣਾਇਆ। ਇਸ ਬਾਬਤ ਜਦੋਂ ਜਰਨੈਲ ਸਿੰਘ ਨਾਲ ਗੱਲ ਹੋਈ ਤਾਂ ਉਹਨੇ ਆਖਿਆ ਵੀ ਕਿ “ਤੋਖੀ ਨੂੰ ਮੈਂ ਦੌੜ ਕੇ ਨਹੀਂ ਸੀ ਫੜਿਆ। ਦੌੜ ਕੇ ਮੈਂ ਉਹਨੂੰ ਫੜ ਵੀ ਨਹੀਂ ਸੀ ਸਕਦਾ। ਮੈਂ ਤਾਂ ਦਿਮਾਗ ਲਗਾ ਕੇ ਉਸ ਨੂੰ ਫੜਿਆ ਸੀ।”
ਤੋਖੀ ਬਾਰੇ ਜਰਨੈਲ ਸਿੰਘ ਦੀ ਆਪਣੀ ਰਾਏ ਬੜੀ ਵਧੀਆ ਸੀ। ਇਕ ਦਿਨ ਕਹਿਣ ਲੱਗੇ, “ਉਹ ਬੜਾ ਨੇਕਾ ਬੰਦਾ। ਇਕ ਵਾਰ ਮੈਂ ਪਿੰਡ ਗਿਆ ਉਹਦੇ। ਬੰਦੇ ਬਹੁਤ ਬੈਠੇ ਸਨ। ਉਹਨੇ ਆਪੇ ਕਹਿ ਦਿੱਤਾ ਕਿ ਇਹ (ਜਰਨੈਲ) ਮੈਨੂੰ ਫੜ ਲੈਂਦਾ ਹੁੰਦਾ ਸੀ।”
ਮਾਨਗੜ੍ਹੀਏ ਅਤੇ ਅੰਬਾਲਾ ਵਾਲੇ ਤੋਖੀ, ਦੋਹਾਂ ਦਾ ਪੰਜਾਬ ਦੇ ਕਬੱਡੀ ਖੇਤਰ ਵਿਚ ਬਹੁਤ ਨਾਮ ਰਿਹਾ। ਇਨ੍ਹਾਂ ਦੋਹਾਂ ਨੂੰ ਹਰਾਉਣਾ ਬਹੁਤ ਮੁਸ਼ਕਿਲ ਸੀ। ਇਸੇ ਕਰਕੇ ਉਨ੍ਹਾਂ ਦਿਨਾਂ ਵਿਚ ਪੰਜਾਬ ਦੀ ਕਬੱਡੀ ਚੈਂਪੀਅਨਸ਼ਿਪ ਜ਼ਿਆਦਾ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਨੇ ਹੀ ਜਿੱਤੀ। ਮਾਨਗੜ੍ਹੀਏ ਤੋਖੀ ਵਿਚ ਤਾਂ ਇੰਨਾ ਜ਼ੋਰ ਸੀ ਕਿ ਜਦੋਂ ਉਹ ਇਕ ਵਾਰ ਵਿਰੋਧੀ ਖਿਡਾਰੀ ਨੂੰ ਝਾੜ ਕੇ ਉਸ ਦੀ ਬਾਂਹ ਫੜ ਲੈਂਦਾ ਸੀ ਤਾਂ ਆਪਣਾ ਦੂਸਰਾ ਹੱਥ ਛੱਡ ਦਿੰਦਾ ਸੀ। ਫਿਰ ਇਕੋ ਹੱਥ ਨਾਲ ਹੀ ਬੰਦੇ ਨੂੰ ਫੜੀ ਰੱਖਦਾ ਸੀ। ਉਸ ਦੇ ਹੱਥਾਂ ਵਿਚ ਇੰਨੀ ਜਾਨ ਅਤੇ ਕਰੜਾਈ ਸੀ ਕਿ ਕਈ ਵਾਰ ਉਸ ਨੇ ਬੋਤਲ ਹੱਥ ਵਿਚ ਫੜ ਕੇ ਤੋੜ ਦਿੱਤੀ ਸੀ।
ਜਰਨੈਲ ਸਿੰਘ ਲਈ ਫੁਟਬਾਲ ਦੇ ਮੁਕਾਬਲੇ ਕਬੱਡੀ ਦਾ ਦਰਜਾ ਦੂਜਾ ਹੀ ਸੀ ਪਰ ਕਬੱਡੀ ਖੇਡਣ ਵਾਲੇ ਉਸ ਨੂੰ ਮੱਲੋ-ਮੱਲੀ ਘਰੋਂ ਲੈ ਜਾਂਦੇ ਸਨ। ਅਸਲ ਵਿਚ ਤੋਖੀ ਪੰਜਾਬ ਦਾ ਨਾਮਵਰ ਕਬੱਡੀ ਖਿਡਾਰੀ ਸੀ ਅਤੇ ਉਸ ਨੂੰ ਵਾਰ ਵਾਰ ਫੜਨ ਕਰਕੇ ਜਰਨੈਲ ਸਿੰਘ ਦੀ ਕਬੱਡੀ ਖੇਤਰ ਵਿਚ ਚੋਖੀ ਮਸ਼ਹੂਰੀ ਹੋ ਚੁੱਕੀ ਸੀ। ਜਰਨੈਲ ਸਿੰਘ ਦੀ ਵਜ੍ਹਾ ਕਰਕੇ ਪਿੰਡ ਪਨਾਮ ਦੀ ਟੀਮ ਪਿੰਡ ਡਘਾਮ ਦੀ ਤਾਕਤਵਰ ਟੀਮ ਨਾਲ ਵੀ ਲੋਹਾ ਲੈਣ ਲੱਗ ਪਈ ਸੀ। ਪਿੰਡ ਧਮਾਈ ਦੇ ਕਬੱਡੀ ਟੂਰਨਾਮੈਂਟ ਵਿਚ ਇਕ ਵਾਰ ਡਘਾਮ ਅਤੇ ਪਨਾਮ ਦੀਆਂ ਕਬੱਡੀ ਟੀਮਾਂ ਫਾਈਨਲ ਵਿਚ ਪਹੁੰਚ ਗਈਆਂ। ਪਨਾਮ ਵਾਲਿਆਂ ਨੂੰ ਆਪਣੇ ਜਰਨੈਲ ’ਤੇ ਬੇਹੱਦ ਮਾਣ ਸੀ। ਉਧਰ ਡਘਾਮ ਵਾਲਿਆਂ ਕੋਲ ਹਰਬੰਸ, ਕੇਵਲ ਫੌਜੀ ਅਤੇ ਸੋਹਣ ਸਿੰਘ ਵਰਗੇ ਨਾਮਵਰ ਧਾਵੀ ਸਨ। ਲੋਕ ਸੋਚਦੇ ਸਨ ਕਿ ਅੱਜ ਦੇ ਭੇੜ ਦਾ ਕੀ ਸਿੱਟਾ ਨਿਕਲੇਗਾ? ਡਘਾਮ ਦੇ ਧਾਵੀ ਜਰਨੈਲ ਬਾਰੇ ਸੋਚ ਕੇ ਥੋੜ੍ਹਾ ਫਿਕਰਮੰਦ ਸਨ। ਇਸੇ ਫਿਕਰ ਵਿਚ ਹੀ ਉਨ੍ਹਾਂ ਸਲਾਹ ਬਣਾਈ ਕਿ ਡਘਾਮ ਦੇ ਤਿੰਨੇ ਜ਼ੋਰਾਵਰ ਧਾਵੀ ਹਰ ਵਾਰ ਜਰਨੈਲ ਵਿਚ ਹੀ ਵੱਜਣਗੇ ਅਤੇ ਉਸ ਨੂੰ ਛੇਤੀ ਹੀ ਹਫਾ ਲੈਣਗੇ। ਉਨ੍ਹਾਂ ਕੀਤਾ ਵੀ ਇੰਜ ਹੀ ਪਰ ਜਰਨੈਲ ਮੈਚ ਦੇ ਸ਼ੁਰੂ ਤੋਂ ਅਖੀਰ ਤੱਕ ਹਰ ਧਾਵੀ ਅੱਗੇ ਕੰਧ ਬਣ ਕੇ ਖਲੋ ਗਿਆ ਅਤੇ ਉਸ ਨੇ ਡਘਾਮ ਦੇ ਤਾਕਤਵਰ ਧਾਵੀਆਂ ਨੂੰ ਬੜੀਆਂ ਕੱਸਵੀਆਂ ਬਰੇਕਾਂ ਮਾਰੀਆਂ। ਮੈਚ ਪਨਾਮ ਨੇ ਜਿੱਤ ਲਿਆ ਅਤੇ ਇਲਾਕੇ ਦੇ ਹਰ ਘਰ ਵਿਚ ਜਰਨੈਲ ਦੀ ਚਰਚਾ ਹੋਣ ਲੱਗ ਪਈ।
ਇਕ ਵਾਰ ਇਸ ਤਰ੍ਹਾਂ ਹੋਇਆ ਕਿ ਜਰਨੈਲ ਸਿੰਘ ਕਿਸੇ ਪਿੰਡ ਦੀ ਟੀਮ ਵੱਲੋਂ ਝਿੱਕੇ ਕਬੱਡੀ ਖੇਡਣ ਚਲਾ ਗਿਆ। ਜਦੋਂ ਉਹ ਕੱਪੜੇ ਲਾਹ ਕੇ ਮੈਦਾਨ ਵਿਚ ਨਿੱਤਰਿਆ ਤਾਂ ਪੀਟੀ ਮਹਿੰਗਾ ਸਿੰਘ ਨੇ ਉਸ ਨੂੰ ਕਬੱਡੀ ਖੇਡਦੇ ਦੇਖ ਲਿਆ। ਉਸ ਦੇ ਮਨ ਵਿਚ ਗੁੱਸਾ ਆਇਆ ਕਿ ਅਗਲੇ ਕੁਝ ਦਿਨਾਂ ਤਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦਾ ਡੀਏਵੀ ਕਾਲਜ, ਜਲੰਧਰ ਨਾਲ ਅੰਤਰ-ਕਾਲਜ ਯੂਨੀਵਰਸਿਟੀ ਮੈਚ ਹੈ ਅਤੇ ਇਹ ਇਥੇ ਕਬੱਡੀ ਖੇਡੀ ਜਾਂਦਾ। ਉਸ ਨੇ ਜਰਨੈਲ ਸਿੰਘ ਨੂੰ ਗਾਲਾਂ ਕੱਢੀਆਂ ਅਤੇ ਆਖਿਆ, “ਓਏ ਤੂੰ ਅਗਲੇ ਦਿਨੀਂ ਫੁੱਟਬਾਲ ਖੇਡਣਾ, ਤੂੰ ਇਥੇ ਕਬੱਡੀ ਖੇਡੀ ਜਾਨਾਂ।” ਅਗਲੀ ਗੱਲ ਜਿਹੜੀ ਉਨ੍ਹਾਂ ਜਰਨੈਲ ਸਿੰਘ ਨੂੰ ਆਖੀ, ਉਸ ਨਾਲ ਤਾਂ ਉਨ੍ਹਾਂ ਗੱਲ ਸਿਰੇ ਹੀ ਲਾ ਦਿੱਤੀ, ਕਹਿੰਦੇ, “ਤੇਰਾ ਲਾਲਿਆਂ ਨਾਲ ਮੈਚ ਐ ਤੇ ਜੇ ਤੇਰੇ ਇਥੇ ਕਬੱਡੀ ਖੇਡਦਿਆਂ ਸੱਟ ਲੱਗ ਗਈ ਤਾਂ ਪੁੱਤਰਾ ਘਾਟਾ ਪੈਣਾ ਸਾਨੂੰ।” ਜਰਨੈਲ ਸਿੰਘ ਤਾਂ ਖਿਡਾਰੀ ਸੀ ਭਾਵੇਂ ਪੀਟੀ ਮਹਿੰਗਾ ਸਿੰਘ ਜੋ ਸਿੱਖ ਨੈਸ਼ਨਲ ਕਾਲਜ, ਬੰਗਾ ਵਿਚ ਨੌਕਰੀ ਕਰਦੇ ਸਨ, ਨੂੰ ਸਿਰਫ਼ ਸਿੱਖ ਸੰਸਥਾ ਦਾ ਹੀ ਖਿਆਲ ਸੀ! ਪੀਟੀ ਮਹਿੰਗਾ ਸਿੰਘ ਦਾ ਸਿਆਸੀ ਹਲਕਿਆਂ ਵਿਚ ਵੀ ਬੋਲ-ਬਾਲਾ ਸੀ ਅਤੇ ਉਹ ਧਾਕੜ ਕਿਸਮ ਦਾ ਬੰਦਾ ਸੀ। ਦਿਲ ਦਾ ਸਾਫ ਅਤੇ ਯਾਰਾਂ ਦਾ ਯਾਰ ਸੀ। ਜਰਨੈਲ ਸਿੰਘ ਨੂੰ ਪਤਾ ਸੀ ਕਿ ਪੀਟੀ ਮਹਿੰਗਾ ਸਿੰਘ ਗੁੱਸੇਖੋਰ ਜ਼ਰੂਰ ਹੈ ਪਰ ਉਂਜ ਉਹ ਦਿਲ ਦਾ ਸਾਫ ਹੈ। ਜਰਨੈਲ ਸਿੰਘ ਨੇ ਪੀਟੀ ਮਹਿੰਗਾ ਸਿੰਘ ਨੂੰ ਬੜੀ ਨਿਰਮਤਾ ਨਾਲ ਅਰਜ਼ ਕੀਤੀ, “ਮੈਂ ਹੁਣ ਕੱਪੜੇ ਲਾਹ ਲਏ ਨੇ ਅਤੇ ਜੇ ਮੈਂ ਹੁਣ ਕੱਪੜੇ ਪਾ ਲਏ ਤਾਂ ਨਾਲਦਿਆਂ ਨੇ ਆਖਣਾ, ਡਰ ਗਿਆ…।”
ਜਰਨੈਲ ਸਿੰਘ ਨੇ ਇਹ ਗੱਲ ਵੀ ਆਖੀ, “ਨਾ ਮੈਂ ਸਾਹ ਪਾਵਾਂਗਾ ਅਤੇ ਨਾ ਹੀ ਫੜਾਂਗਾ।” ਫਿਰ ਵੀ ਇਸ ਮੈਚ ਵਿਚ ਉਹਨੇ ਤੋਖੀ ਨੂੰ ਇਕ ਜਾਂ ਦੋ ਵਾਰੀ ਡੱਕ ਲਿਆ ਸੀ।
ਜਰਨੈਲ ਸਿੰਘ ਦੇ ਪਿੰਡ ਪਨਾਮ ਵਾਲੇ ਲੋਕ ਉਸ ’ਤੇ ਇੰਨਾ ਕੁ ਮਾਣ ਕਰਦੇ ਸਨ ਜਿਸ ਦਾ ਕੋਈ ਅੰਤ ਨਹੀਂ, ਭਾਵੇਂ ਕਿਸਾਨ ਪਰਿਵਾਰਾਂ ਵਿਚ ਕੋਈ ਨਾ ਕੋਈ ਨਾਰਾਜ਼ਗੀ ਵੀ ਜੀਵਨ ਦੀ ਤੋਰ ਨਾਲ ਚੱਲਦੀ ਰਹਿੰਦੀ ਹੈ ਪਰ ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਪਨਾਮ ਵਾਸੀਆਂ ਨੇ ਜਰਨੈਲ ਸਿੰਘ ਨੂੰ ਹਮੇਸ਼ਾ ਸ਼ਾਬਾਸ਼ ਦਿੱਤੀ ਅਤੇ ਉਸ ਦਾ ਹੌਸਲਾ ਵਧਾਇਆ।
ਸੰਪਰਕ: 98722-29431