DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਤ ਫੇਰ ਜੈਕੇਟ ਉੱਡ ਗਈ?

ਕਾਫ਼ੀ ਦਿਨਾਂ ਤੋਂ ਦਫ਼ਤਰੋਂ ਪਹਿਲਾਂ ਨਾਲੋਂ ਛੇਤੀ ਵਿਹਲੇ ਹੋਣ ਲੱਗ ਪਏ ਸੀ। ਪਹਿਲਾਂ ਤਾਂ ਰਾਤ ਦੇ ਬਾਰਾਂ ਵੱਜ ਜਾਂਦੇ ਸਨ। ਹੁਣ ਕਰੀਬ ਸਾਢੇ ਕੁ ਦਸ ਵਜੇ ਕੰਮ ਨਿੱਬੜ ਜਾਂਦਾ ਹੈ। ਕਈ ਵਾਰ ਤਾਂ ਦਸ ਕੁ ਵਜੇ ਕੰਮ ਮੁੱਕ ਜਾਂਦਾ ਹੈ।...

  • fb
  • twitter
  • whatsapp
  • whatsapp
Advertisement

ਕਾਫ਼ੀ ਦਿਨਾਂ ਤੋਂ ਦਫ਼ਤਰੋਂ ਪਹਿਲਾਂ ਨਾਲੋਂ ਛੇਤੀ ਵਿਹਲੇ ਹੋਣ ਲੱਗ ਪਏ ਸੀ। ਪਹਿਲਾਂ ਤਾਂ ਰਾਤ ਦੇ ਬਾਰਾਂ ਵੱਜ ਜਾਂਦੇ ਸਨ। ਹੁਣ ਕਰੀਬ ਸਾਢੇ ਕੁ ਦਸ ਵਜੇ ਕੰਮ ਨਿੱਬੜ ਜਾਂਦਾ ਹੈ। ਕਈ ਵਾਰ ਤਾਂ ਦਸ ਕੁ ਵਜੇ ਕੰਮ ਮੁੱਕ ਜਾਂਦਾ ਹੈ। ਅਖ਼ਬਾਰਾਂ ਦਾ ਖ਼ਾਸਕਰ ਨਿਊਜ਼ਰੂਮ ਅਤੇ ਪ੍ਰਿੰਟਿੰਗ ਦਾ ਕੰਮ ਜ਼ਿਆਦਾਤਰ ਰਾਤ ਨੂੰ ਹੀ ਹੁੰਦਾ ਹੈ। ਇੱਕ ਦਿਨ ਗੁਆਂਢੀਆਂ ਦੇ ਬੱਚੇ ਦਾ ਜਨਮ ਦਿਨ ਸੀ। ਉਨ੍ਹਾਂ ਸਾਰੇ ਮੁਹੱਲੇ ਨੂੰ ਸੱਦਿਆ ਸੀ। ਮੈਂ ਸੋਚਿਆ ਕਿ ਹੁਣ ਤਾਂ ਜਲਦੀ ਵਿਹਲੇ ਹੋ ਜਾਂਦੇ ਹਾਂ, ਜਿਸ ਕਰਕੇ ਛੁੱਟੀ ਨਾ ਲਈ। ਛੁੱਟੀ ਲੈਣੀ ਦਫ਼ਤਰੋਂ ਖ਼ਾਸਕਰ ਨਿਊਜ਼ਰੂਮ ਵਿੱਚੋਂ ਤਾਂ ਬਹੁਤ ਮੁਸ਼ਕਿਲ ਹੈ। ਅਧਿਕਾਰੀ ਆਪਣੀ ਥਾਂ ਠੀਕ ਨੇ। ਉਨ੍ਹਾਂ ਨੇ ਤਾਂ ਕੰਮ ਲੈਣਾ ਹੈ। ਜੇ ਕੋਈ ਛੁੱਟੀ ਕਰਦਾ ਹੈ ਤਾਂ ਬਦਲ ਜ਼ਰੂਰ ਚਾਹੀਦਾ ਹੈ। ਇਸ ਕਾਰਨ ਵਧੇਰੇ ਕਰ ਕੇ ਇੱਕ ਦੂਜੇ ਨਾਲ ਛੁੱਟੀ ਬਦਲਣ ਲਈ ਹੀ ਆਖ ਦਿੱਤਾ ਜਾਂਦਾ ਹੈ। ਅਖ਼ਬਾਰ ਦੇ ਪਹਿਲੇ ਪੰਨੇ ’ਤੇ ਜੈਕੇਟ (ਪੂਰੇ ਪੰਨੇ ਦਾ ਇਸ਼ਤਿਹਾਰ) ਆਉਣ ਕਾਰਨ ਜਾਪਦਾ ਸੀ ਕਿ ਅੱਜ ਛੇਤੀ ਵਿਹਲੇ ਹੋ ਜਾਵਾਂਗੇ। ਸਾਡੀ ਡਿਊਟੀ ਅਖ਼ਬਾਰ ਦਾ ਦੂਜਾ, ਤੀਜਾ, ਚੌਥਾ ਅਤੇ ਦਿੱਲੀ ਵਾਲਾ ਪੰਨਾ ਬਣਾਉਣ ਦੀ ਸੀ। ਅਸੀਂ ਤਿੰਨ ਸਹਿਕਰਮੀ ਇਹ ਡਿਊਟੀ ਨਿਭਾਅ ਰਹੇ ਸੀ।

ਪਹਿਲੇ ਪੰਨੇ ’ਤੇ ਜੈਕੇਟ ਆਉਣ ਕਾਰਨ ਉਸ ਦੇ ਪਿੱਛੇ ਵਾਲੇ ਪੰਨੇ ਦੀ ਗਿਣਤੀ ਜ਼ੀਰੋ ਹੋ ਜਾਂਦੀ ਹੈ। ਤਿੰਨ ਨੰਬਰ ਪੰਨਾ ਪਹਿਲਾ ਅਖਵਾਉਂਦਾ ਹੈ। ਇਸ ਕਾਰਨ ਪੰਨਿਆਂ ਦੀ ਗਿਣਤੀ ਵਿੱਚ ਵੀ ਫ਼ਰਕ ਪੈ ਜਾਂਦਾ ਹੈ। ਇੱਕ ਪੰਨਾ ਘੱਟ ਬਣਾਉਣ ਕਾਰਨ ਅਸੀਂ ਸੁਖ਼ਾਲਾ ਮਹਿਸੂਸ ਕਰ ਰਹੇ ਸਾਂ। ਮੈਂ ਇੰਚਾਰਜ ਨੂੰ ਆਖ ਦਿੱਤਾ ਸੀ ਕਿ ਅੱਜ ਸਾਡੇ ਗੁਆਂਢ ਵਿੱਚ ਸਮਾਗਮ ਹੈ, ਇਸ ਲਈ ਮੈਨੂੰ ਥੋੜ੍ਹਾ ਛੇਤੀ ਜਾਣ ਦੀ ਆਗਿਆ ਦੇ ਦੇਣ। ਉਨ੍ਹਾਂ ਨੇ ਕੰਮ ਘੱਟ ਹੋਣ ਕਾਰਨ ਹਾਮੀ ਭਰ ਦਿੱਤੀ। ਮੈਂ ਘਰੇ ਫੋਨ ਵੀ ਕਰ ਦਿੱਤਾ ਸੀ ਕਿ ਰੋਟੀ ਨਾ ਬਣਾਇਓ। ਸਮਾਗਮ ਵਿੱਚ ਹੀ ਖਾਣਾ ਖਾ ਲਵਾਂਗਾ। ਸਮਾਗਮ ਵਾਲੇ ਮੁੰਡੇ ਨੇ ਯਾਦ ਕਰਾਉਣ ਲਈ ਮੈਨੂੰ ਫੋਨ ਕਰ ਦਿੱਤਾ ਸੀ। ਉਹ ਆਖਦਾ ਸੀ, ‘‘ਭਾ’ਜੀ ਵੇਲੇ ਸਿਰ ਜ਼ਰੂਰ ਪਹੁੰਚਣਾ। ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ।’’ ਮੈਂ ਉਸ ਨੂੰ ਭਰੋਸਾ ਦਿੱਤਾ ਕਿ ਜਲਦੀ ਵਿਹਲਾ ਹੋ ਜਾਵਾਂਗਾ।

Advertisement

ਕਈ ਪੁਲ-ਆਊਟਾਂ ਦੇ ਪੰਨੇ ਭੇਜ ਵੀ ਦਿੱਤੇ ਗਏ। ਐਨੇ ਨੂੰ ਪਤਾ ਲੱਗਿਆ ਕਿ ਕੰਪਨੀ ਨੇ ਇਸ਼ਤਿਹਾਰ ਰੋਕ ਲਿਆ। ਫਿਰ ਫੋਨ ਦੀ ਘੰਟੀ ਖੜਕੀ। ਪਤਾ ਲੱਗਿਆ ਕਿ ਜੈਕੇਟ ਉੱਡ ਗਈ। ਸਾਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੰਨੇ ਦੇ ਉੱਪਰ ਉੱਕਰੇ ਅੰਕਾਂ ਵਿੱਚ ਫੇਰਬਦਲ ਕਰਨ ਲਈ ਪੁਲ-ਆਊਟਾਂ ਦੇ ਪੰਨੇ ਰੱਦ ਕਰਨੇ ਪਏ। ਮੈਨੂੰ ਸਮਾਗਮ ਦਾ ਕੋਈ ਚਿੱਤ-ਚੇਤਾ ਹੀ ਨਾ ਰਿਹਾ। ਹੁਣ ਇੱਕ ਹੋਰ ਪੰਨਾ ਤਿਆਰ ਕਰਨਾ ਪੈਣਾ ਸੀ। ਲੱਗੇ ਪੁਲ-ਆਊਟਾਂ ਤੋਂ ਖ਼ਬਰਾਂ ਮੰਗਣ। ਐਨੇ ਨੂੰ ਕਿਸੇ ਪੱਤਰਕਾਰ ਦਾ ਫੋਨ ਆਇਆ। ਗੈਂਗਸਟਰ ਫੜੇ ਜਾਣ ਦੀ ਖ਼ਬਰ ਬਾਰੇ ਪੁੱਛਣ ਲੱਗਾ, ‘‘ਹੁਣ ਭੇਜਾਂ ਜਾਂ ਸਵੇਰੇ?’’ ਅਸੀਂ ਆਖਿਆ, ‘‘ਹੁਣੇ ਭੇਜ ਦਿਓ। ਬਹੁਤ ਜ਼ਰੂਰੀ ਹੈ। ਜੇ ਹੋ ਸਕੇ ਤਾਂ ਫੋਟੋ ਵੀ ਭੇਜ ਦੇਣਾ। ਜ਼ਰਾ ਜਲਦੀ ਕਰਨਾ।’’ ਇੱਕ ਵੱਡੀ ਖ਼ਬਰ ਆਉਣ ਦੀ ਆਸ ਨੇ ਘੱਟੋ-ਘੱਟ ਲੀਡ ਦੀ ਚਿੰਤਾ ਤਾਂ ਘਟਾ ਦਿੱਤੀ। ਪੁਲ-ਆਊਟਾਂ ਤੋਂ ਖ਼ਬਰਾਂ ਮੰਗਣ ’ਤੇ ਕਈ ਸਾਥੀ ਨਾਰਾਜ਼ ਹੋ ਗਏ। ਆਖਣ ਲੱਗੇ, ‘‘ਸਾਡਾ ਬਣਿਆ ਬਣਾਇਆ ਪੰਨਾ ਖਰਾਬ ਹੋ ਜਾਣੈ। ਹੋਰ ਦੇਖ ਲਓ। ਅਸੀਂ ਖ਼ਬਰਾਂ ਬਣਾ ਦਿੰਦੇ ਹਾਂ।’’ ਭਾਵ ਕਿਸੇ ਦਾ ਦਿਲ ਨਹੀਂ ਸੀ ਕਿ ਉਸ ਦਾ ਪੰਨਾ ਟੁੱਟੇ। ਚਲੋ, ਕੁਝ ਤਸਵੀਰਾਂ ਅਤੇ ਇਧਰੋਂ-ਉਧਰੋਂ ਖ਼ਬਰਾਂ ਲੈ ਕੇ ਪੰਨਾ ਤਿਆਰ ਕੀਤਾ। ਚੈੱਕ ਕਰਵਾਉਣ ਮਗਰੋਂ ਪੰਨਾ ਭੇਜਿਆ। ਮਗਰੋਂ ਕੰਪਿਊਟਰ ਬੰਦ ਕਰਕੇ ਆਪਣੇ ਘਰਾਂ ਨੂੰ ਚਾਲੇ ਪਾਏ।

Advertisement

ਗੱਡੀ ਵਿੱਚ ਬੈਠਣ ਲੱਗਿਆ ਸੋਚਣ ਲੱਗਿਆ ਕਿ ਹੁਣ ਕਿੱਧਰ ਨੂੰ ਜਾਵਾਂ, ਸਮਾਗਮ ਤਾਂ ਖ਼ਤਮ ਹੋ ਗਿਆ ਹੋਵੇਗਾ। ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਤਾਂ ਉਹ ਆਖਣ ਲੱਗੇ, ‘‘ਹੁਣ ਸਮਾਗਮ ਵਾਲੀ ਥਾਂ ਨਾ ਜਾਇਓ। ਸਮਾਗਮ ਖ਼ਤਮ ਹੋ ਗਿਆ। ਸਾਰੇ ਆਪੋ-ਆਪਣੇ ਘਰ ਪਹੁੰਚ ਗਏ।’’ ਖ਼ੈਰ, ਮੈਂ ਘਰ ਪਹੁੰਚਿਆ। ਘਰਦਿਆਂ ਨੇ ਸਮਾਗਮ ਕਾਰਨ ਖਾਣਾ ਵੀ ਨਹੀਂ ਬਣਾਇਆ ਸੀ, ਇਸ ਲਈ ਦੁੱਧ ਨਾਲ ਬਿਸਕੁਟ ਖਾ ਕੇ ਸੌਂ ਗਿਆ। ਅਗਲੇ ਦਿਨ ਦੁਪਹਿਰੇ ਗੁਆਂਢੀਆਂ ਦਾ ਮੁੰਡਾ ਮਿਲਿਆ। ਆਖਣ ਲੱਗਿਆ, ‘‘ਭਾ’ਜੀ ਤੁਸੀਂ ਰਾਤ ਸਾਡੇ ਨਾਲ ਚੰਗੀ ਕੀਤੀ! ਤੁਸੀਂ ਕਹਿੰਦੇ ਸੀ ਜ਼ਰੂਰ ਪਹੁੰਚ ਜਾਵਾਂਗਾ।’’ ਮੈਂ ਆਖਿਆ, ‘‘ਅਸੀਂ ਠੀਕ ਸਮੇਂ ’ਤੇ ਵਿਹਲੇ ਹੋ ਗਏ ਸੀ। ਮੌਕੇ ’ਤੇ ਜੈਕੇਟ ਉੱਡ ਗਈ। ਦੁਬਾਰਾ ਪੇਜ ਬਣਾਉਣਾ ਪਿਆ। ਇਸੇ ਕਾਰਨ ਦੇਰ ਹੋ ਗਈ।’’ ਉਹ ਆਖਣ ਲੱਗਿਆ, ‘‘ਭਾ’ਜੀ ਹੋਰ ਬਹਾਨਾ ਲਾਓ। ਭਲਾ ਗਰਮੀਆਂ ਵਿੱਚ ਕੌਣ ਜੈਕੇਟ ਪਾਉਂਦੈ। ਨਾਲੇ ਇੰਨੀ ਕਿਹੜਾ ਹਨੇਰੀ ਚੱਲੀ, ਜਿਹੜੀ ਤੁਹਾਡੀ ਜੈਕੇਟ ਉੱਡ ਗਈ?’’ ਮੇਰਾ ਹਾਸਾ ਨਿਕਲ ਗਿਆ। ਫਿਰ ਉਸ ਨੂੰ ਅਖ਼ਬਾਰੀ ਲਾਈਨ ਦੀ ਜੈਕੇਟ ਬਾਰੇ ਸੰਖੇਪ ਵਿੱਚ ਦੱਸਿਆ। ਫਿਰ ਵੀ ਉਸ ਦੀ ਤਸੱਲੀ ਨਾ ਹੋਈ। ਹੁਣ ਜਦੋਂ ਕੋਈ ਮੁਹੱਲੇ ਵਿੱਚ ਸਮਾਗਮ ਹੁੰਦਾ ਹੈ ਤਾਂ ਉਹ ਪਹਿਲਾਂ ਹੀ ਆਖ ਦਿੰਦਾ ਹੈ, ‘‘ਭਾ’ਜੀ, ਇਸ ਵਾਰ ਛੁੱਟੀ ਲੈ ਲਿਓ। ਫਿਰ ਨਾ ਆਖਿਓ ਜੈਕੇਟ ਉੱਡ ਗਈ। ਹੁਣ ਅਸੀਂ ਤੁਹਾਡਾ ਕੋਈ ਬਹਾਨਾ ਨਹੀਂ ਸੁਣਨਾ।’’ ਹੁਣ ਜਦੋਂ ਮੁਹੱਲੇ ਦਾ ਕੋਈ ਬੰਦਾ ਸਮਾਗਮ ਦਾ ਸੁਨੇਹਾ ਦੇਣ ਆਉਂਦਾ ਹੈ ਤਾਂ ਜੈਕੇਟ ਉੱਡਣ ਵਾਲੀ ਘਟਨਾ ਯਾਦ ਆ ਜਾਂਦੀ ਹੈ। ਜਦੋਂ ਕਿਸੇ ਸਮਾਗਮ ਵਿੱਚ ਪਹੁੰਚ ਨਹੀਂ ਹੁੰਦਾ ਤਾਂ ਕਈ ਦੂਜੇ ਦਿਨ ਇਹੀ ਪੁੱਛਦੇ ਨੇ, ‘‘ਰਾਤ ਫੇਰ ਜੈਕੇਟ ਉੱਡ ਗਈ?’’

ਸੰਪਰਕ: 98152-33232

Advertisement
×