ਸ਼ਰਧਾ

ਸ਼ਰਧਾ

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

ਮਨ ਵੀ ਬੜੀ ਅਜੀਬ ਸ਼ੈਅ ਹੈ, ਪਲ ਵਿਚ ਹੀ ਪਤਾ ਨਹੀਂ ਕਿਧਰੋਂ ਕਿਧਰ ਤੱਕ ਘੁੰਮ ਆਉਂਦਾ ਹੈ। ਜਿਸ ਤਰ੍ਹਾਂ ਪਤਝੜ ਦੌਰਾਨ ਪੱਤੇ ਹਵਾ ਦੇ ਬੁਲ੍ਹੇ ਨਾਲ ਸੰਭਰੇ ਸੰਵਾਰੇ ਵਿਹੜੇ ਵਿਚ ਅਚਾਨਕ ਆ ਕੇ ਤੁਹਾਡੇ ਸਾਹਮਣੇ ਆ ਕੇ ਰੁਕ ਜਾਂਦੇ ਹਨ, ਉਸੇ ਤਰ੍ਹਾਂ ਮਨ ਵਿਚ ਸਾਂਭੀਆਂ ਪੁਰਾਣੀਆਂ ਯਾਦਾਂ ਚੁੱਪ-ਚੁਪੀਤੇ ਇਨ੍ਹਾਂ ਪੱਤਿਆਂ ਵਾਂਗ ਤੁਹਾਡੀਆਂ ਅੱਖਾਂ ਸਾਹਮਣੇ ਆਣ ਖੜ੍ਹਦੀਆਂ ਹਨ।

ਅਜਿਹੀ ਇੱਕ ਘਟਨਾ ਯਾਦ ਆ ਗਈ ਜੋ ਹੈ ਤਾਂ ਬਹੁਤ ਪਹਿਲਾਂ ਦੀ ਪਰ ਅੱਜ ਦੇ ਸਮੇਂ ਵਿਚ ਵੀ ਬਹੁਤ ਮਹੱਤਤਾ ਰੱਖਦੀ ਹੈ।

ਨੇੜਲਿਆਂ ਵਿਚੋਂ ਲੱਗਦੇ ਵੀਰ ਨੇ ਆਪਣੇ ਤਿੰਨ ਹੋਰ ਦੋਸਤਾਂ ਨਾਲ ਕੁਝ ਦਿਨਾਂ ਲਈ ਘੁੰਮਣ ਜਾਣ ਦੀ ਸਲਾਹ ਬਣਾਈ। ਉਨ੍ਹਾਂ ਕਿਸੇ ਰਮਣੀਕ ਪਹਾੜੀ ਸਥਾਨ ਤੇ ਕੁਝ ਦਿਨ ਗੁਜ਼ਾਰਨੇ ਸਨ। ਸਾਰੀ ਸਕੀਮ ਬਣਾ ਕੇ ਉਹ ਘਰੋਂ ਤੁਰਨ ਲੱਗੇ ਤਾਂ ਵੀਰ ਦਾ ਇੱਕ ਦੋਸਤ ਕਹਿਣ ਲੱਗਾ, “ਆਪਾਂ ਨੂੰ ਮੰਜਿ਼ਲ ਤੇ ਪਹੁੰਚਣ ਲਈ ਇੱਕ ਰਾਤ ਰਾਹ ਵਿਚ ਰਹਿਣਾ ਪਵੇਗਾ। ਆਪਾਂ ਉਹ ਰਾਤ ਮੇਰੇ ਬਚਪਨ ਦੇ ਯਾਰ ਸਾਧੂ ਕੋਲ ਰਹਾਂਗੇ।”

ਮਾਪਿਆਂ ਨੇ ਤਾਂ ਉਸ ਦਾ ਨਾਂ ਸੁੱਤੇ-ਸਿੱਧ ਹੀ ਭਾਵੇਂ ਸਾਧੂ ਰੱਖਿਆ ਸੀ ਪਰ ਉਹ ਸੱਚਮੁੱਚ ਸਾਧੂ ਬਣ ਗਿਆ ਸੀ। ਛੋਟੀ ਉਮਰ ਵਿਚ ਹੀ ਉਹ ਇੱਕ ਡੇਰੇ ਦੇ ਮੁਖੀ ਦਾ ਸ਼ਰਧਾਲੂ ਬਣ ਗਿਆ ਸੀ ਤੇ ਅੱਜ ਕੱਲ੍ਹ ਉਸ ਡੇਰੇ ਦਾ ਮਾਲਕ ਹੈ। ਉਸ ਡੇਰੇ ਦੀ ਮੰਨਤ ਕਰਨ ਵਾਲੇ ਭਗਤਾਂ ਦੀ ਗਿਣਤੀ ਲੱਖਾਂ ਵਿਚ ਹੈ।

ਵੀਰੇ ਨੇ ਵਾਪਸ ਆ ਕੇ ਸਾਨੂੰ ਉਸ ਸਾਧੂ ਦੇ ਡੇਰੇ ਦੀਆਂ ਗੱਲਾਂ ਸੁਣਾਈਆਂ: ਅਸੀਂ ਆਥਣੇ ਜਿਹੇ ਡੇਰੇ ਪਹੁੰਚ ਗਏ। ਨੀਮ ਪਹਾੜੀ ਇਲਾਕੇ ਵਿਚ ਨਦੀ ਕੰਢੇ ਬਣਿਆ, ਚਾਰ ਚੁਫੇਰੇ ਸੰਘਣੇ ਹਰਿਆਲੇ ਰੁੱਖਾਂ ਨਾਲ ਭਰਿਆ ਡੇਰਾ ਬਹੁਤ ਖੂਬਸੂਰਤ ਜਗ੍ਹਾ ਤੇ ਸੀ। ਆਸੇ ਪਾਸੇ ਦੇ ਮਨਮੋਹਕ ਦ੍ਰਿਸ਼ਾਂ ਨੇ ਤਾਂ ਸਾਨੂੰ ਕੀਲ ਹੀ ਲਿਆ। ਡੇਰੇ ਅੰਦਰ ਜਾ ਕੇ ਹਰ ਤਰ੍ਹਾਂ ਦੀਆਂ ਸਹੂਲਤਾਂ, ਸਾਡਾ ਏਥੇ ਰਹਿਣ ਦਾ ਕੀਤਾ ਫੈਸਲਾ ਸਹੀ ਸਾਬਤ ਕਰ ਰਹੀਆਂ ਸਨ।

ਜਿਉਂ ਹੀ ਸੂਰਜ ਨੇ ਕਿਸੇ ਹੋਰ ਦੇਸ ਵਿਚ ਹਨੇਰੇ ਨੂੰ ਲੋਅ ਵਿਚ ਬਦਲਣ ਲਈ ਇਸ ਖਿੱਤੇ ਵਿਚੋਂ ਵਿਦਾ ਲਈ ਤਾਂ ਸਾਨੂੰ ਅਟੈਚੀ ਵਿਚ ਪਈ ਬੋਤਲ ਸੈਨਤਾਂ ਮਾਰਨ ਲੱਗ ਪਈ।

ਅਸੀ ਦੋਸਤ ਨੂੰ ਹੁੱਝਾਂ ਮਾਰਨ ਲੱਗ ਪਏ ਕਿ ਹੁਣ ਆਪਣੇ ਯਾਰ ਸਾਧੂ ਕੋਲੋਂ ਇਜਾਜ਼ਤ ਲੈ। ਖਹਿੜਾ ਨਾ ਛੁੱਟਦਿਆਂ ਦੇਖ ਕੇ ਦੋਸਤ, ਸਾਧੂ ਨੂੰ ਆਪਣੇ ਕੋਲ ਸੱਦ ਕੇ ਕਹਿਣ ਲੱਗਾ, “ਮਹਾਤਮਾ ਜੀ, ਅਸੀਂ ਤਾਂ ਘਰੋਂ ਚਾਰ ਦਿਨ ਸ਼ੁਗਲ ਮੇਲਾ ਕਰਨ ਆਏ ਆਂ, ਸਾਨੂੰ ਕੋਈ ਅਜਿਹੀ ਥਾਂ ਦੱਸੋ ਜਿੱਥੇ ਬੈਠ ਕੇ ਘੁੱਟ ਘੁੱਟ ਪੀ ਲਈਏ।”

ਉਹ ਸਾਨੂੰ ਇੱਕ ਕਮਰੇ ਵਿਚ ਲੈ ਗਿਆ ਅਤੇ ਦਰਵਾਜ਼ਾ ਭੇੜ ਕੇ ਸਾਡੇ ਕੋਲ ਹੀ ਬੈਠ ਗਿਆ। ਅਸੀਂ ਬੋਤਲ ਕੱਢ ਲਈ ਤਾਂ ਦੋਸਤ ਆਪਣੇ ਦੋਸਤੀ ਵਾਲੇ ਲਹਿਜੇ ਵਿਚ ਹੀ ਪੁੱਛਣ ਲੱਗਾ, “ਸਾਧੂ, ਲਵੇਂਗਾ ਤੂੰ ਵੀ ਦੋ ਘੁੱਟਾਂ।”

“ਲੇ ਲੇਂਗੇ।” ਉਸ ਦਾ ਜਵਾਬ ਸੀ।

ਅਸੀਂ ਅਜੇ ਗਲਾਸ ਚੁੱਕੇ ਸੀ ਕਿ ਕਿਸੇ ਭਗਤ ਨੇ ਦਰਵਾਜ਼ਾ ਖੜਕਾਇਆ ਅਤੇ ਬਿਨਾਂ ਜਵਾਬ ਉਡੀਕਿਆਂ ਖੋਲ੍ਹ ਕੇ ਅੰਦਰ ਆ ਗਿਆ। ਅਸੀਂ ਝੱਟ ਗਲਾਸ ਆਸੇ ਪਾਸੇ ਰੱਖਣ ਲੱਗ ਪਏ ਪਰ ਉਸ ਨੇ ਆਪਣਾ ਗਿਲਾਸ ਹੱਥ ਵਿਚ ਫੜੀ ਰੱਖਿਆ। ਸਾਨੂੰ ਬੜੀ ਨਮੋਸ਼ੀ ਹੋਈ। ਜਿਉਂ ਹੀ ਭਗਤ ਵਾਪਸ ਗਿਆ, ਦੋਸਤ ਕਹਿਣ ਲੱਗਾ, “ਯਾਰ ਅਸੀਂ ਐਵੇਂ ਤੈਨੂੰ ਪਾ ਦਿੱਤੀ, ਭਗਤ ਕੀ ਸੋਚੇਗਾ।”

“ਸ਼ਰਧਾ ਅੰਧੀ ਹੋਤੀ ਹੈ। ਅੰਧਾ ਭਗਤ ਸੋਚਤਾ ਨਹੀਂ ਹੈ।” ਉਸ ਨੇ ਸਹਿਜ ਨਾਲ ਜਵਾਬ ਦਿੱਤਾ।

“ਪਰ ਗਲਾਸ ਤਾਂ ਤੇਰੇ ਹੱਥ ਵਿਚ ਸੀ।” ਮੈਂ ਹੈਰਾਨ ਸਾਂ।

“ਉਸ ਕੋ ਯੇ ਦਿਖਾਈ ਨਹੀਂ ਦੀਆ ਹੋਗਾ।” ਉਸ ਦਾ ਜਵਾਬ ਸੀ।

“ਪਰ ਸਾਹਮਣੇ ਬੋਤਲ ਤਾਂ ਪਈ ਸੀ।” ਮੇਰੇ ਕੋਲੋਂ ਫਿਰ ਕਿਹਾ ਗਿਆ।

“ਅਗਰ ਉਸ ਨੇ ਯੇ ਦੇਖੀ ਭੀ ਹੋਗੀ ਤੋ ਵੋ ਸੋਚੇਗਾ ਕਿ ਮਹਾਤਮਾ ਕਾ ਯੇ ਭੀ ਕੋਈ ਕੌਤਕ ਹੋਗਾ।”

... ... ...

ਅੱਜ ਜਦੋਂ ਥਾਂ ਥਾਂ ਉੱਗੇ ਡੇਰਿਆਂ ਅਤੇ ਧਾਰਮਿਕ ਸਥਾਨਾਂ ਤੇ ਮੱਥਾ ਰਗੜਦੇ ਲੋਕ ਆਪ ਦਿਨੋ-ਦਿਨ ਰੋਟੀ ਤੋਂ ਔਖੇ ਹੋ ਰਹੇ ਹਨ ਤੇ ਉਨ੍ਹਾਂ ਦੀ ਜਾਇਦਾਦ ਕਰੋੜਾਂ ਅਰਬਾਂ ਵਿਚ ਬਦਲ ਰਹੀ ਹੈ ਤਾਂ ਸਾਧੂ ਦੀ ਕਹੀ ਗੱਲ ਸੱਚ ਲੱਗ ਰਹੀ ਹੈ।

ਇਸੇ ਤਰ੍ਹਾਂ ਫਿਲਮੀ ਚਕਾਚੌਂਧ ਵਾਲੇ ਹੀਰੋ ਵੱਖ ਵੱਖ ਤਰ੍ਹਾਂ ਦੀਆਂ ਵਸਤਾਂ ਦੀਆਂ ਮਸ਼ਹੂਰੀਆਂ ਦੇ ਕੇ ਆਪ ਕਰੋੜਾਂ ਰੁਪਏ ਕਮਾਉਂਦੇ ਹਨ ਪਰ ਅਸੀਂ ਬਿਨਾਂ ਸੋਚੇ ਸਮਝੇ ਉਹ ਵਸਤਾਂ ਖਰੀਦਣ ਲਈ ਉਤਾਵਲੇ ਹੋ ਜਾਂਦੇ ਹਾਂ।

ਸਾਡੇ ਸਿਆਸੀ ਰਹਿਬਰ ਆਪਣੀਆਂ ਕੁਰਸੀਆਂ ਕਾਇਮ ਰੱਖਣ ਲਈ ਅਜਿਹੇ ਭਾਸ਼ਣ ਦਿੰਦੇ ਹਨ ਜਾਂ ਸ਼ੋਸ਼ੇ ਛੱਡਦੇ ਹਨ ਕਿ ਸਾਡਾ ਧਿਆਨ ਅਸਲ ਮੁੱਦਿਆਂ (ਛਾਲਾਂ ਮਾਰਦੀ ਮਹਿੰਗਾਈ, ਨਾਕਸ ਸਿਹਤ ਸਹੂਲਤਾਂ ਤੇ ਵਿੱਦਿਅਕ ਢਾਂਚਾ, ਵਿਗੜੀ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ) ਤੋਂ ਭਟਕਾ ਕੇ ਜਾਤ-ਪਾਤ, ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਲੋਕਾਂ ਵਿਚ ਨਫ਼ਰਤ ਪੈਦਾ ਕਰ ਰਹੇ ਹਨ। ਅਸੀਂ ਉਨ੍ਹਾਂ ਦੀ ਲਾਲਸਾ ਨੂੰ ਅੱਖਾਂ ਤੋਂ ਪਰੇ ਕਰ ਕੇ ਅੰਨ੍ਹੇਵਾਹ ਉਨ੍ਹਾਂ ਦੇ ਮਗਰ ਲੱਗ ਰਹੇ ਹਾਂ।

ਕੁਰਸੀ ਖ਼ਾਤਿਰ ਸਿਆਸੀ ਫਿਜ਼ਾ ਆਪਣੇ ਹੱਕ ਵਿਚ ਬਣਾਉਣ ਲਈ ਝੂਠ ਦਾ ਸਹਾਰਾ ਲੈਣ ਸਮੇਂ ਇਹ ਲੋਕ ਹਰ ਹੱਦ ਟੱਪ ਜਾਂਦੇ ਹਨ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨੂੰ ਪੰਜਾਬ ਆਮਦ ਤੇ ਕਿਸੇ ਨੇ ਉਏ ਤੱਕ ਨਹੀਂ ਕਿਹਾ ਪਰ ਉਸ ਦੀ ਸੁਰੱਖਿਆ ਬਾਰੇ ਉਹ ਰੌਲਾ ਪਾਇਆ ਕਿ ਪੁੱਛੋ ਹੀ ਨਾ! ਲੋਕ ਸੱਚ ਜਾਣੇ ਬਗੈਰ ਹੀ ਉਸ ਦੀ ਲੰਮੀ ਉਮਰ ਲਈ ਹਵਨ ਬਗੈਰਾ ਕਰਵਾ ਰਹੇ ਹਨ।...

ਆਖਿ਼ਰ ਉਹ ਸੁਲੱਖਣੀ ਘੜੀ ਕਦ ਆਵੇਗੀ ਜਦ ਅਸੀਂ ਆਪਣੇ ਸਿਰਾਂ ਤੋਂ ਕੰਮ ਲੈ ਕੇ ਇਨ੍ਹਾਂ ਅਖੌਤੀ ਰਹਿਬਰਾਂ ਦੀ ਅਸਲੀਅਤ ਨੂੰ ਪਛਾਣ ਕੇ ਆਮ ਲੋਕਾਈ ਦੀ ਜਿ਼ੰਦਗੀ ਦਾ ਪੱਧਰ ਉੱਚਾ ਚੁੱਕਣ ਦਾ ਯਤਨ ਕਰਾਂਗੇ?
ਸੰਪਰਕ: 76260-63596

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All