ਭੁਲੇਖਾ

ਭੁਲੇਖਾ

ਪ੍ਰੋ. ਮੋਹਣ ਸਿੰਘ

ਪ੍ਰੋ. ਮੋਹਣ ਸਿੰਘ

ਸਕੂਲ ਵਿਚ ਮੈਂ ਹਿਸਾਬ ਅਤੇ ਭੌਤਿਕ ਵਿਗਿਆਨ ਪੜ੍ਹਾਉਂਦਾ ਸੀ। 1968 ਵਿਚ ਐੱਮਏ ਅੰਗਰੇਜ਼ੀ ਕਰਨ ਮਗਰੋਂ ਕਾਲਜ ਵਿਚ ਲੈਕਚਰਰ ਲੱਗ ਗਿਆ। ਅੰਗਰੇਜ਼ੀ ਪੜ੍ਹਨ ਦਾ ਸ਼ੌਕ ਭਾਵੇਂ ਬਹੁਤ ਸੀ ਪਰ ਪੜ੍ਹਾਉਣ ਦਾ ਨਾ ਕੋਈ ਤਜਰਬਾ ਸੀ ਅਤੇ ਨਾ ਹੀ ਕੋਈ ਟ੍ਰੇਨਿੰਗ। ਦੇਖਾ-ਦੇਖੀ ਕੰਮ ਚੱਲਦਾ ਸੀ, ਐਵੇਂ ਪੀਰੀਅਡ-ਕੱਟੀ ਹੋ ਰਹੀ ਸੀ। ਸੁਣਿਆ ਸੀ ਕਿ ਅੰਗਰੇਜ਼ੀ ਦੇ ਪ੍ਰੋਫ਼ੈਸਰਾਂ ਲਈ ਕੇਂਦਰੀ ਅੰਗਰੇਜ਼ੀ ਸੰਸਥਾ (ਸੀਫ਼ਲ) ਹੈਦਰਾਬਾਦ ਤੋਂ ਡਾਕ ਰਾਹੀਂ ਕੀਤਾ ਹੋਇਆ ਦੋ-ਸਾਲਾ ਡਿਪਲੋਮਾ ਕੋਰਸ ਕਾਫ਼ੀ ਲਾਹੇਵੰਦ ਹੁੰਦਾ ਹੈ। ਇਸੇ ਪ੍ਰੋਗਰਾਮ ਦੇ ਤਹਿਤ 1977 ਵਿਚ ਦਾਖ਼ਲਾ ਲੈ ਲਿਆ। ਉਦੋਂ ਸਾਲ ਦੀ ਕੁਲ ਫ਼ੀਸ ਕੇਵਲ 300 ਰੁਪਏ ਹੁੰਦੀ ਸੀ। ਬੜੇ ਨਿਯਮਬੱਧ ਢੰਗ ਨਾਲ ਉਲੀਕੇ ਅਤੇ ਕੋਰਸ ਨਾਲ ਸਬੰਧਤ ਹਫ਼ਤਾਵਾਰ ਕੰਮ (ਅਸਾਈਨਮੈਂਟ) ਡਾਕ ਰਾਹੀਂ ਆ ਜਾਂਦਾ ਸੀ। ਹਰ ਅਸਾਈਨਮੈਂਟ ਦਾ ਬਾਕਾਇਦਾ ਮੁਲੰਕਣ ਏ ਪਲੱਸ, ਏ, ਬੀ ਪਲੱਸ, ਬੀ ਆਦਿ ਮਿਲਦਾ ਸੀ ਅਤੇ ਅਗਲੀ ਅਸਾਈਨਮੈਂਟ ਤੇ ਪੜ੍ਹਨ ਸਮੱਗਰੀ ਨਾਲ ਹੀ ਆ ਜਾਂਦੀ ਸੀ। ਹੁਣ ਵਾਂਗ ਸਾਰੀ ਸਮੱਗਰੀ ਇੱਕੋ ਕਿਸ਼ਤ ਵਿਚ ਨਹੀਂ ਸੀ ਆਉਂਦੀ।

ਸਾਡੇ ਕੋਰਸ ਦਾ ਸੰਪਰਕ ਪ੍ਰੋਗਰਾਮ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਵਿਚ ਰੱਖਿਆ ਗਿਆ। ਸਾਰੇ ਮੁਲਕ ਵਿਚੋਂ 80 ਦੇ ਕਰੀਬ ਕਾਲਜ ਅਧਿਆਪਕ ਦੋ ਹਫ਼ਤਿਆਂ ਦੇ ਇਸ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਸਨ। ਬਹੁਤ ਹੀ ਫ਼ਾਇਦੇਮੰਦ ਲੈਕਚਰ ਅਤੇ ਵਿਹਾਰਕ ਸਿਖਲਾਈ ਇਸ ਪ੍ਰੋਗਰਾਮ ਦਾ ਮੁੱਖ ਭਾਗ ਸਨ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਅਮਰੀਕ ਸਿੰਘ ਵੀ ਕਦੇ ਕਦੇ ਝਾਤੀ ਮਾਰਨ ਆ ਜਾਂਦੇ। ਉਹ ਖੁਦ ਵੀ ਅੰਗਰੇਜ਼ੀ ਦੇ ਹੀ ਪ੍ਰੋਫੈਸਰ ਰਹਿ ਚੁੱਕੇ ਸਨ ਅਤੇ ਉਨ੍ਹਾਂ ਦਾ ਗਿਆਨ ਭੰਡਾਰ ਵਿਸ਼ਾਲ ਸੀ।

ਖੈਰ... ਰਿਹਾਇਸ਼ ਲਈ ਹੋਸਟਲ ਵਿਚ ਵੱਖ ਵੱਖ ਕਮਰੇ ਮਿਲੇ ਹੋਏ ਸਨ। ਮੇਰੇ ਕਮਰੇ ਦੇ ਸਾਹਮਣੇ ਵਾਲੇ ਕਮਰੇ ਵਿਚ ਇਸ ਗਰੁੱਪ ਦੇ ਸਭ ਤੋਂ ਜ਼ਹੀਨ ਅਤੇ ਹਿੰਮਤੀ ਭਾਗੀਦਾਰ ਮਿਸਟਰ ਐੱਸ ਦਾਸ ਸਨ। ਸਨ ਤਾਂ ਉਹ ਕਲਕੱਤੇ ਦੇ ਕਿਸੇ ਕਾਲਜ ਵਿਚੋਂ ਪਰ ਮਿੱਠ-ਬੋਲੜੇ ਸੁਭਾਅ ਕਰ ਕੇ ਜਲਦੀ ਹੀ ਸਾਰੀ ਕਲਾਸ ਵਿਚ ਘੁਲ ਮਿਲ ਗਏ। ਅਸੀਂ ਦੋਵੇਂ ਇਕੋ ਜਿਹੀ ਉਮਰ ਦੇ ਸਾਂ ਅਤੇ ਕਮਰੇ ਆਹਮੋ-ਸਾਹਮਣੇ ਹੋਣ ਕਰ ਕੇ ਪੜ੍ਹਾਈ ਤੋਂ ਬਾਅਦ ਹਰ ਤਰ੍ਹਾਂ ਦੀ ਗੱਲਬਾਤ ਦੇਰ ਰਾਤ ਤੱਕ ਚੱਲਦੀ ਰਹਿੰਦੀ ਸੀ, ਅੰਗਰੇਜ਼ੀ ਵਿਚ। ਦਸੰਬਰ ਜਨਵਰੀ ਦੀ ਠੰਢ ਵਿਚ ਪਟਿਆਲਾ ਵੀ ਬੰਗਾਲੀਆਂ ਲਈ ਹਿੱਲ ਸਟੇਸ਼ਨ ਬਣ ਚੁੱਕਾ ਸੀ। ਮੈਂ ਪੰਜਾਬੀ ਇਤਿਹਾਸ ਅਤੇ ਵਿਰਸੇ ਨਾਲ ਸਬੰਧਤ ਮਾੜੀ ਮੋਟੀ ਜਾਣਕਾਰੀ ਉਨ੍ਹਾਂ ਨੂੰ ਦਿੰਦਾ ਰਹਿੰਦਾ ਸੀ। ਕਲਾਸ ਵਿਚ ਬੈਠਣਾ ਵੀ ਨਾਲ ਨਾਲ ਅਤੇ ਪਰੈਕਟੀਕਲ ਲੈਕਚਰ ਵੀ ਇੱਕ ਦੂਜੇ ਨਾਲ ਸਲਾਹ ਕਰ ਕੇ ਦਿੰਦੇ ਸਾਂ। ਗੱਲ ਕੀ, ਗੂੜ੍ਹੀ ਦੋਸਤੀ ਹੋ ਗਈ। ਤਕਰੀਬਨ ਹਰ ਵਿਚਾਰ-ਅਧੀਨ ਵਿਸ਼ੇ ਤੇ ਉਹ ਬਹੁਤ ਸੰਜੀਦਾ ਅਤੇ ਬਾ-ਮਕਸਦ ਸਵਾਲ ਸਬੰਧਤ ਪ੍ਰੋਫ਼ੈਸਰ ਪਾਸੋਂ ਪੁੱਛਦੇ ਸਨ ਜਿਸ ਨਾਲ ਉਹ ਲੈਕਚਰ ਹੋਰ ਵੀ ਦਿਲਚਸਪ ਹੋ ਜਾਂਦਾ ਸੀ। ਅੰਤ ਦਸੰਬਰ ਦੀ ਛੁੱਟੀਆਂ ਤੋਂ ਬਾਅਦ ਅਸੀ ਖੁਸ਼ੀ ਖੁਸ਼ੀ ਆਪੋ-ਆਪਣੇ ਕਾਲਜਾਂ ਨੂੰ ਚਲੇ ਗਏ।

ਅਗਲਾ ਸੰਪਰਕ ਪ੍ਰੋਗਰਾਮ ਗਰਮੀਆਂ ਦੀਆਂ ਛੁੱਟੀਆਂ ਵਿਚ 4 ਮਈ 1978 ਨੂੰ ਸ਼ੁਰੂ ਹੋਣਾ ਸੀ ਜਿਸ ਤੋਂ ਬਾਅਦ ਇਮਤਿਹਾਨ ਵੀ ਹੋਣਾ ਸੀ। ਯੂਨੀਵਰਸਿਟੀ ਦੇ ਮਾਹੌਲ ਤੋਂ ਹੁਣ ਸਾਰੇ ਸਿੱਖਿਆਰਥੀ ਵਾਕਿਫ਼ ਹੋ ਚੁੱਕੇ ਸਨ, ਦੂਰੋਂ ਆਉਣ ਵਾਲੇ ਤਾਂ ਪਹੁੰਚ ਚੁੱਕੇ ਸਨ ਪਰ ਮੈਂ ਕਿਉਂਕਿ ਅੰਮ੍ਰਿਤਸਰੋਂ ਜਾਣਾ ਸੀ, ਫ਼ਾਸਲਾ ਬਹੁਤਾ ਨਾ ਹੋਣ ਕਾਰਨ ਮੈਂ ਸਵੇਰੇ ਪੰਜ ਵਜੇ ਚੱਲਦੀ ਟਰੇਨ ਫੜ ਕੇ ਰਾਜਪੁਰੇ ਤੋਂ ਬੱਸ ਰਾਹੀਂ ਪਹੁੰਚਣਾ ਸੀ, 4 ਮਈ ਨੂੰ ਹੀ। ਮੈਂ ਛੋਟਾ ਜਿਹਾ ਅਟੈਚੀ ਕੇਸ ਚੁੱਕੀ ਹੋਸਟਲ ਵਿਚ ਪਹੁੰਚਿਆ ਤਾਂ ਕੀ ਦੇਖਿਆ ਕਿ ਬਾਹਰ ਪੌੜੀਆਂ ਉੱਤੇ ਖਲੋ ਕੇ ਪ੍ਰੋਫ਼ੈਸਰ ਦਾਸ ਅਗਾਊਂ ਪਹੁੰਚ ਚੁੱਕੇ ਪ੍ਰੋਫ਼ੈਸਰਾਂ ਨੂੰ ਭਾਸ਼ਨ ਦੇ ਰਹੇ ਸਨ ਅਤੇ ਸਾਰੇ ਜਣੇ ਉਨ੍ਹਾਂ ਦਾ ਭਾਸ਼ਨ ਬਹੁਤ ਸੰਜੀਦਗੀ ਨਾਲ ਸੁਣ ਰਹੇ ਸਨ। ਪ੍ਰੋਫ਼ੈਸਰ ਦਾਸ ਦੇ ਹੱਥ ਵਿਚ ਤਹਿ ਕੀਤਾ ਅੰਗਰੇਜ਼ੀ ਦਾ ਅਖ਼ਬਾਰ ਸੀ ਅਤੇ ਉਹ ਬੜੀ ਗੂੜ੍ਹ ਅੰਗਰੇਜ਼ੀ ਵਿਚ ਸੰਬੋਧਨ ਕਰ ਰਹੇ ਸਨ। ਮੈਂ ਵੀ ਮਲਕੜੇ ਜਿਹੇ ਉਨ੍ਹਾਂ ਦੇ ਇੱਕ ਪਾਸੇ, ਬਗਲ ਵਿਚ ਜਾ ਖਲੋਤਾ। ਉਨ੍ਹਾਂ ਨੇ ਮੈਨੂੰ ਨਹੀਂ ਦੇਖਿਆ। ਉਹ ਪ੍ਰੋ. ਮੋਹਨ ਸਿੰਘ ਦੀ ਮੌਤ ਦੀ ਖ਼ਬਰ ਉੱਤੇ ਗ਼ਮ ਜ਼ਾਹਿਰ ਕਰ ਰਹੇ ਸਨ ਅਤੇ ਵਾਰ ਵਾਰ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਜ਼ਾਤੀ ਤੌਰ ਤੇ ਬੜਾ ਡੂੰਘਾ ਸਦਮਾ ਪਹੁੰਚਿਆ ਹੈ ਕਿ ਉਨ੍ਹਾਂ ਨਾਲ ਉਹ ਕੁਝ ਦੇਰ ਤੋਂ ਚਿੱਠੀ-ਪੱਤਰ ਵੀ ਕਰ ਰਹੇ ਸਨ ਅਤੇ ਪਰਿਵਾਰਕ ਸਬੰਧਾਂ ਦੀ ਗੱਲ ਕਰ ਰਹੇ ਸਨ।

ਜਦੋਂ ਉਨ੍ਹਾਂ ਨੇ ਪ੍ਰੋਫ਼ੈਸਰ ਮੋਹਨ ਸਿੰਘ ਦੀ ਖ਼ੁਸ਼ਖਤੀ ਦੀ ਗੱਲ ਕੀਤੀ ਤਾਂ ਮੇਰੇ ਕੰਨ ਖੜ੍ਹੇ ਹੋ ਗਏ- ਇਹ ਤਾਂ ਮੇਰਾ ਜ਼ਿਕਰ ਹੋ ਰਿਹਾ ਸੀ! ਮੈਂ ਅਜੇ ਅਖ਼ਬਾਰ ਨਹੀਂ ਸੀ ਦੇਖਿਆ ਪਰ ਜਦੋਂ ਹੀ ਮੈਂ ਦਾਸ ਹੁਰਾਂ ਦੇ ਸਾਹਮਣੇ ਹੋਇਆ ਤਾਂ ਉਹ ਹੱਕੇ-ਬੱਕੇ ਰਹਿ ਗਏ ਕਿ ਇਹ ਕੀ ਹੋ ਰਿਹਾ ਹੈ। ਮੈਨੂੰ ਦੇਖ ਕੇ ਉਹ ਹੈਰਾਨ ਪ੍ਰੇਸ਼ਾਨ ਮੈਨੂੰ ਪੁੱਛਣ ਲੱਗੇ ਕਿ ਤੂੰ ਕਿੱਥੋਂ ਨਿਕਲ ਆਇਆ ਹੈਂ, ਤੇਰੀ ਤਾਂ ਚਲਾਣੇ ਦੀ ਖ਼ਬਰ ਛਪੀ ਹੈ।... ਉਹ ਬਹੁਤਾ ਗ਼ਲਤ ਨਹੀਂ ਸੀ। 4 ਮਈ 1978 ਅੰਗਰੇਜ਼ੀ ਟ੍ਰਿਬਿਊਨ ਦੀ ਹੈਡਲਾਈਨ ਸੀ- ‘ਪ੍ਰੋਫ਼ੈਸਰ ਮੋਹਨ ਸਿੰਘ ਇਜ਼ ਨੋ ਮੋਰ’। ਜਦੋਂ ਦੱਸਿਆ ਕਿ ਚਲਾਣਾ ਤਾਂ ਪੰਜਾਬੀ ਦੇ ਸ਼੍ਰੋਮਣੀ ਅਤੇ ਸਿਰਮੌਰ ਕਵੀ ਤੇ ਦੋਸਤਾਂ ਦੇ ਦੋਸਤ ਪ੍ਰੋ. ਮੋਹਨ ਸਿੰਘ ਦਾ ਹੋਇਆ ਹੈ ਤਾਂ ਖ਼ਬਰ ਦਾ ਅਰਥ ਬਦਲ ਗਿਆ। ਦਾਸ ਦੇ ਸਾਹ ਵਿਚ ਸਾਹ ਆਇਆ। ਕੁਝ ਹਾਸਾ ਵੀ ਪਿਆ। ਅੱਜ 43 ਸਾਲ ਬਾਅਦ ਉਹ ਭੁਲੇਖਾ ਯਾਦ ਆ ਰਿਹਾ ਹੈ।

*ਸਾਬਕਾ ਪ੍ਰੋਫੈਸਰ, ਖਾਲਸਾ ਕਾਲਜ, ਅੰਮ੍ਰਿਤਸਰ।

ਸੰਪਰਕ: 80545-95595

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All