DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਾਸਤਾਨ ਲਾਇਬਰੇਰੀ ਦੀ

ਇਸ ਵਾਰ ਵਿਸ਼ਵ ਪੁਸਤਕ ਦਿਵਸ ’ਤੇ ਮੈਂ ਫੇਸਬੁੱਕ ’ਤੇ ਆਪਣੇ ਪੁੱਤਰ ਦੀ ਰੀਲ ਦੇਖੀ, ਜਿਸ ਵਿੱਚ ਉਹ ਆਪਣੀਆਂ ਲਿਖੀਆਂ ਹੋਈਆਂ ਕਿਤਾਬਾਂ ਦੇਖ ਰਿਹਾ ਸੀ। ਇਸ ਰੀਲ ਵਿੱਚ ਉਹ ਆਪਣੇ ਪਸੰਦੀਦਾ ਲੇਖਕਾਂ ਦੀਆਂ ਤਸਵੀਰਾਂ ਵੀ ਨਿਹਾਰ ਰਿਹਾ ਸੀ। ਉਸ ਦਾ ਦਾਇਰਾ...

  • fb
  • twitter
  • whatsapp
  • whatsapp
Advertisement

ਇਸ ਵਾਰ ਵਿਸ਼ਵ ਪੁਸਤਕ ਦਿਵਸ ’ਤੇ ਮੈਂ ਫੇਸਬੁੱਕ ’ਤੇ ਆਪਣੇ ਪੁੱਤਰ ਦੀ ਰੀਲ ਦੇਖੀ, ਜਿਸ ਵਿੱਚ ਉਹ ਆਪਣੀਆਂ ਲਿਖੀਆਂ ਹੋਈਆਂ ਕਿਤਾਬਾਂ ਦੇਖ ਰਿਹਾ ਸੀ। ਇਸ ਰੀਲ ਵਿੱਚ ਉਹ ਆਪਣੇ ਪਸੰਦੀਦਾ ਲੇਖਕਾਂ ਦੀਆਂ ਤਸਵੀਰਾਂ ਵੀ ਨਿਹਾਰ ਰਿਹਾ ਸੀ। ਉਸ ਦਾ ਦਾਇਰਾ ਲੇਖਕਾਂ ਵਿੱਚ ਹੈ, ਇਸ ਕਰਕੇ ਉਸ ਕੋਲ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਦਾ ਵੱਡਾ ਭੰਡਾਰ ਹੈ। ਚੰਡੀਗੜ੍ਹ ਦਾ ਫਲੈਟ ਛੋਟਾ ਹੋਣ ਕਰਕੇ ਸਾਰੀਆਂ ਕਿਤਾਬਾਂ ਸਾਂਭਣੀਆਂ ਮੁਮਕਿਨ ਨਹੀਂ। ਇਸ ਲਈ ਸਾਡੇ ਬਰਨਾਲੇ ਵਾਲੇ ਘਰ ਵਿੱਚ ਬਣੀ ਲਾਇਬ੍ਰੇਰੀ ਵਿੱਚ ਬਾਕੀ ਪੁਸਤਕਾਂ ਸਾਂਭੀਆਂ ਹੋਈਆਂ ਹਨ। ਇਸ ਦਾ ਮੈਨੂੰ ਬਹੁਤ ਫ਼ਾਇਦਾ ਹੈ।

ਮੈਂ ਜਦੋਂ ਵੀ ਦੋ ਸਾਲ ਬਾਅਦ ਅਮਰੀਕਾ ਤੋਂ ਦੋ-ਤਿੰਨ ਮਹੀਨੇ ਲਈ ਪੰਜਾਬ ਜਾਂਦਾ ਹਾਂ ਤਾਂ ਮੈਨੂੰ ਚੰਡੀਗੜ੍ਹ ਅਤੇ ਬਰਨਾਲਾ ਵਾਲੇ ਘਰ ਵਿੱਚ ਪੜ੍ਹਨ ਲਈ ਹਰ ਤਰ੍ਹਾਂ ਦੀ ਕਿਤਾਬ ਮਿਲ ਜਾਂਦੀ ਹੈ। ਹਾਲਾਂਕਿ ਮੈਂ ਹਰ ਵਾਰ ਵਾਪਸ ਅਮਰੀਕਾ ਪਰਤਦਿਆਂ ਕੁਝ ਕਿਤਾਬਾਂ ਆਪਣੇ ਨਾਲ ਲੈ ਆਉਂਦਾ ਹਾਂ ਜਾਂ ਮੇਰਾ ਪੁੱਤਰ ਅਮਰੀਕਾ ਆਉਣ-ਜਾਣ ਵਾਲੇ ਕਿਸੇ ਜਾਣਕਾਰ ਹੱਥ ਨਵੀਆਂ ਕਿਤਾਬਾਂ ਭੇਜਦਾ ਰਹਿੰਦਾ ਹੈ, ਪਰ ਸਮਾਨ ਦੇ ਭਾਰ ਦੀ ਹੱਦ ਹੋਣ ਕਾਰਨ ਸਾਰੀਆਂ ਕਿਤਾਬਾਂ ਨਾਲ ਲਿਜਾਣੀਆਂ ਔਖੀਆਂ ਹੁੰਦੀਆਂ ਹਨ। ਮੈਨੂੰ ਨਵੀਆਂ ਕਿਤਾਬਾਂ ਪੜ੍ਹਨ ਦੀ ਇੱਛਾ ਕਾਰਨ ਹਮੇਸ਼ਾ ਪੰਜਾਬ ਜਾਣ ਦੀ ਖਿੱਚ ਰਹਿੰਦੀ ਹੈ। ਪੁੱਤਰ ਵੱਲੋਂ ਸਲੀਕੇ ਨਾਲ ਸਾਂਭੀਆਂ ਹੋਈਆਂ ਕਿਤਾਬਾਂ ਦੇਖ ਕੇ ਮੈਨੂੰ ਮੇਰੀਆਂ ਪੁਸਤਕਾਂ ਦੇ ਖ਼ਜ਼ਾਨੇ ਦੀ ਹੋਈ ਦੁਰਦਸ਼ਾ ਯਾਦ ਆ ਜਾਂਦੀ ਹੈ। ਜਿਵੇਂ ਹੁਣ ਹਰ ਕੋਈ ਆਪਣੇ ਘਰ ਵਿੱਚ ਕਿਤਾਬਾਂ ਦੀ ਲਾਇਬ੍ਰੇਰੀ ਬਣਾ ਕੇ ਮਾਣ ਮਹਿਸੂਸ ਕਰਦਾ ਹੈ। ਅੱਜ ਤੋਂ ਲਗਪਗ ਸੱਠ ਸਾਲ ਪਹਿਲਾਂ ਪਿੰਡਾਂ ਵਿੱਚ ਮਾਹੌਲ ਇਸ ਤਰ੍ਹਾਂ ਦਾ ਨਹੀਂ ਸੀ ਕਿਉਂਕਿ ਸਿਲੇਬਸ ਤੋਂ ਬਾਹਰ ਦੀ ਕਿਤਾਬ ਪੜ੍ਹਨ ’ਤੇ ਘਰ ਵਾਲਿਆਂ ਤੋਂ ਝਿੜਕਾਂ ਹੀ ਮਿਲਦੀਆਂ ਸਨ। ਇਸ ਲਈ ਨਾਵਲ ਜਾਂ ਕਹਾਣੀਆਂ ਘਰ ਦੇ ਮੈਂਬਰਾਂ ਤੋਂ ਚੋਰੀ ਹੀ ਪੜ੍ਹਦੇ ਸੀ।

Advertisement

ਸਕੂਲ ਸਮੇਂ ਮੈਂ ਭਾਵੇਂ ਜਾਸੂਸੀ ਅਤੇ ਰੁਮਾਂਟਿਕ ਨਾਵਲ ਪੜ੍ਹਨੇ ਸ਼ੁਰੂ ਕੀਤੇ ਸਨ ਪਰ ਕਾਲਜ ਪੜ੍ਹਦੇ ਸਮੇਂ ਪਤਾ ਲੱਗ ਗਿਆ ਸੀ ਕਿ ਅਸਲੀ ਸਾਹਿਤ ਜਾਂ ਵਧੀਆਂ ਕਿਤਾਬਾਂ ਕਿਹੜੀਆਂ ਹਨ। ਸਕੂਲ ਕਾਲਜ ਪੜ੍ਹਦੇ ਸਮੇਂ ਮੈਂ ਪੜ੍ਹ ਲਏ ਨਾਵਲ ਇੱਕ ਪੁਰਾਣੇ ਟਰੰਕ ਵਿੱਚ ਰੱਖਦਾ ਹੁੰਦਾ ਸੀ। ਉਸ ਟਰੰਕ ਦਾ ਕੁੰਡਾ ਵੀ ਟੁੱਟਿਆ ਹੋਇਆ ਸੀ। ਇਹੋ ਮੇਰੀ ਲਾਇਬ੍ਰੇਰੀ ਸੀ। ਉਨ੍ਹਾਂ ਸਮਿਆਂ ਵਿੱਚ ਗੈਸੀ ਚੁੱਲ੍ਹੇ ਨਹੀਂ ਸਨ। ਹਰ ਘਰ ਵਿੱਚ ਮਿੱਟੀ ਦੇ ਚੁੱਲ੍ਹੇ ਸਨ। ਸਾਡੇ ਇਲਾਕੇ ਵਿੱਚ ਨਰਮਾ ਕਪਾਹ ਬਹੁਤ ਹੁੰਦਾ ਸੀ। ਇਸ ਲਈ ਉਨ੍ਹਾਂ ਦੀਆਂ ਛਟੀਆਂ ਦੇ ਕੁੰਨੂ ਘਰਾਂ ਵਿੱਚ ਲਗਾ ਲੈਂਦੇ, ਜੋ ਸਾਰਾ ਸਾਲ ਚੁੱਲ੍ਹਿਆਂ ਵਿੱਚ ਬਾਲਣ ਦੇ ਰੂਪ ਵਿੱਚ ਬਾਲਦੇ ਸਨ। ਸਿਆਲ ਦੀਆਂ ਧੁੰਦਾਂ ਵਿੱਚ ਛਟੀਆਂ ਗਿੱਲੀਆਂ ਹੋ ਜਾਂਦੀਆਂ ਤਾਂ ਉਨ੍ਹਾਂ ਨੂੰ ਬਾਲਣ ਲਈ ਘਰ ਵਿੱਚ ਪਏ ਰੱਦੀ ਕਾਗਜ਼ ਜਾਂ ਅਖ਼ਬਾਰ ਆਦਿ ਵਰਤ ਲਏ ਜਾਂਦੇ ਸਨ।

Advertisement

ਐੱਸ ਡੀ ਕਾਲਜ, ਬਰਨਾਲਾ ਤੋਂ ਬੀ ਏ ਕਰਨ ਤੋਂ ਬਾਅਦ ਮੈਂ ਡੀ ਪੀ ਐੱਡ ਕੋਰਸ ਕਰਨ ਲਈ ਮੁਜ਼ੱਫ਼ਰਪੁਰ (ਬਿਹਾਰ) ਚਲਾ ਗਿਆ। ਮੇਰੀਆਂ ਭਰਜਾਈਆਂ ਪੜ੍ਹੀਆਂ-ਲਿਖੀਆਂ ਨਹੀਂ ਸਨ। ਉਸ ਜ਼ਮਾਨੇ ਵਿੱਚ ਕੁੜੀਆਂ ਲਈ ਪੜ੍ਹਾਈ ਦਾ ਮਾਹੌਲ ਵੀ ਨਹੀਂ ਸੀ। ਇਸੇ ਅਗਿਆਨਤਾ ਕਾਰਨ ਮੇਰੀਆਂ ਭਰਜਾਈਆਂ ਨੂੰ ਇਨ੍ਹਾਂ ਕਿਤਾਬਾਂ ਦੀ ਮਹੱਤਤਾ ਨਹੀਂ ਪਤਾ ਸੀ। ਮੇਰੀ ਬੈਠਕ ਦੀ ਸਾਫ਼ ਸਫ਼ਾਈ ਕਰਦੇ ਸਮੇਂ ਉਨ੍ਹਾਂ ਨੂੰ ਮੇਰਾ ਟਰੰਕ ਮਿਲ ਗਿਆ। ਉਨ੍ਹਾਂ ਨੇ ਖੋਲ੍ਹ ਕੇ ਦੇਖਿਆ ਤਾਂ ਇਨ੍ਹਾਂ ਕਿਤਾਬਾਂ ਨੂੰ ਰੱਦੀ ਸਮਝ ਕੇ ਟਰੰਕ ਚੁੱਕ ਕੇ ਰਸੋਈ ਵਿੱਚ ਲੈ ਗਈਆਂ। ਗਿੱਲੀਆਂ ਛਟੀਆਂ ਨੂੰ ਬਾਲਣ ਲਈ ਸੁੱਕੇ ਰੱਦੀ ਕਾਗਜ਼ ਚਾਹੀਦੇ ਸਨ ਅਤੇ ਉਨ੍ਹਾਂ ਨੂੰ ਤਾਂ ਰੱਦੀ ਦਾ ਖ਼ਜ਼ਾਨਾ ਮਿਲ ਗਿਆ ਸੀ। ਮੇਰੇ ਵਾਪਸ ਆਉਂਦੇ ਨੂੰ ਮੈਨੂੰ ਉਨ੍ਹਾਂ ਵਿੱਚੋਂ ਅੱਧ-ਪਚੱਧ ਕਿਤਾਬਾਂ ਹੀ ਮਿਲੀਆਂ। ਮੇਰੇ ਕੋਲ ਹਾਲੇ ਵੀ ਅੰਮ੍ਰਿਤਾ ਪ੍ਰੀਤਮ ਦੀ ਸਵੈ-ਜੀਵਨੀ ‘ਰਸੀਦੀ ਟਿਕਟ’ ਖਸਤਾ ਹਾਲਤ ਵਿੱਚ ਪਈ ਹੈ. ਜੋ ਮੈਂ ਬੀ ਏ ਭਾਗ ਪਹਿਲਾ ਦੇ ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ ਵਿੱਚ ਪ੍ਰਾਈਵੇਟ ਪੇਪਰ ਦਿੰਦਿਆਂ ਪ੍ਰੇਮ ਬੁੱਕ ਡਿਪੂ ਤੋਂ ਖਰੀਦੀ ਸੀ।

ਉਨ੍ਹਾਂ ਸਮਿਆਂ ਦਾ ਇੱਕ ਕਿੱਸਾ ਮੈਨੂੰ ਅੱਜ ਵੀ ਬਹੁਤ ਯਾਦ ਆਉਂਦਾ ਹੈ। ਸਾਡੇ ਸਕਿਆਂ ਵਿੱਚੋਂ ਮੇਰੇ ਤਾਏ ਦਾ ਪੁੱਤਰ ਮੈਥੋਂ ਦੋ-ਤਿੰਨ ਸਾਲ ਪਿੱਛੇ ਪੜ੍ਹਦਾ ਸੀ। ਉਸ ਨੇ ਸਿਲੇਬਸ ਤੋਂ ਬਾਹਰ ਦੀ ਕੋਈ ਵੀ ਕਿਤਾਬ ਨਹੀਂ ਪੜ੍ਹੀ ਸੀ। ਇੱਕ ਦਿਨ ਮੇਰੇ ਟਰੰਕ ਵਿੱਚ ਪਏ ਨਾਵਲ ਦੇਖ ਕੇ ਮੈਨੂੰ ਕਹਿੰਦਾ ਕਿ ਤੂੰ ਇੰਨੇ ਨਾਵਲ ਪੜ੍ਹੇ ਹਨ, ਪਰ ਮੈਂ ਤਾਂ ਅੱਜ ਤੱਕ ਸਿਰਫ਼ ਇੱਕ ਹੀ ਨਾਵਲ ਪੜਿ੍ਹਆ ਹੈ। ਮੈਂ ਉਸ ਨੂੰ ਸਹਿਜੇ ਹੀ ਆਖਿਆ ਕਿ ਤੂੰ ‘ਗਰੀਬ ਦੀ ਦੁਨੀਆ’ ਨਾਵਲ ਪੜ੍ਹਿਆ ਹੈ? ਉਹ ਇੰਨਾ ਹੈਰਾਨ ਹੋਇਆ ਤੇ ਬੋਲਿਆ, ‘‘ਤੈਨੂੰ ਕਿਵੇਂ ਪਤਾ ਕਿ ਮੈਂ ‘ਗਰੀਬ ਦੀ ਦੁਨੀਆ’ ਨਾਵਲ ਪੜਿ੍ਹਆ?’’ਅਸੀਂ ਦੋਵੇਂ ਹਰ ਰੋਜ਼ ਸਵੇਰੇ ਸ਼ਹਿਣੇ ਤੋਂ ਬੁਰਜ ਤੱਕ ਸੈਰ ਕਰਨ ਜਾਂਦੇ ਸੀ। ਇੱਕ ਦੋ ਦਿਨ ਤਾਂ ਮੈਂ ਉਸ ਨੂੰ ਸ਼ਸ਼ੋਪੰਜ ਵਿੱਚ ਰੱਖਿਆ, ਪਰ ਤੀਜੇ ਦਿਨ ਦੱਸਿਆ ਕਿ ਨਾਨਕ ਸਿੰਘ ਦਾ ਨਾਵਲ ‘ਗਰੀਬ ਦੀ ਦੁਨੀਆ’ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੀ ਕਲਾਸ ਦੇ ਸਿਲੇਬਸ ਵਿੱਚ ਲੱਗਿਆ ਹੋਇਆ ਹੈ। ਉਹ ਤਾਂ ਤੈਨੂੰ ਪੜ੍ਹਨਾ ਹੀ ਪੈਣਾ ਸੀ। ਜਿਵੇਂ ਕਿ ਵਿਸ਼ਵ ਪੁਸਤਕ ਦਿਵਸ ਵਾਲੇ ਦਿਨ ਬਹੁਤੇ ਪਾਠਕਾਂ ਨੇ ਆਪਣੀ ਪਹਿਲੀ ਪੜ੍ਹੀ ਪੁਸਤਕ ‘ਤੂਤਾਂ ਵਾਲਾ ਖੂਹ’ ਦੱਸੀ, ਜੋ ਦਸਵੀਂ ਕਲਾਸ ਦੇ ਸਿਲੇਬਸ ਵਿੱਚ ਲੱਗੀ ਹੋਈ ਸੀ।

ਸੰਪਰਕ: +1-469-562-8290

Advertisement
×