ਤੁਰ ਗਿਆ ਦਰਵੇਸ਼

ਤੁਰ ਗਿਆ ਦਰਵੇਸ਼

ਮੁਖਤਿਆਰ ਸਿੰਘ

ਮੁਖਤਿਆਰ ਸਿੰਘ

ਅਪਰੈਲ ਦੀ 23 ਤਾਰੀਖ਼ ਨੂੰ ਸਵੇਰੇ ਅਵਤਾਰ ਸਿੰਘ ਬਿਲਿੰਗ ਤੋਂ ਸੂਚਨਾ ਮਿਲੀ ਕਿ ਸਾਡੇ ਪਿਆਰੇ ਮਿੱਤਰ ਮਾਨੂੰਪੁਰੀ ਨਹੀਂ ਰਹੇ। ਮੈਂ ਹੈਰਾਨ ਕਿ ਅਜੇ ਚਾਰ ਪੰਜ ਦਿਨ ਪਹਿਲਾਂ ਸਾਡੀ ਲੰਮੀ ਗੱਲਬਾਤ ਹੋਈ ਸੀ। ਉਹ ਦੱਸ ਰਹੇ ਸੀ ਕਿ ਕਿਸਾਨੀ ਉਜਾੜੇ ਬਾਰੇ ਇਕ ਅਮਰੀਕੀ ਨਾਵਲ ਪੜ੍ਹ ਕੇ ਲੂੰ ਕੰਡੇ ਖੜ੍ਹੇ ਹੁੰਦੇ ਹਨ। ਮੈਨੂੰ ਉਹ ਨਾਵਲ ਪੜ੍ਹਨ ਲਈ ਕਹਿ ਰਹੇ ਸਨ। ਮੈਂ ਇਕ ਅੱਧੇ ਦਿਨ ’ਚ ਲੈ ਕੇ ਆਉਣਾ ਸੀ ਪਰ...। ਉਨ੍ਹਾਂ ਦਾ ਦਿਲ ਇੰਨਾ ਕੋਮਲ ਸੀ ਕਿ ਦੂਜਿਆਂ ਦੀ ਤਕਲੀਫ਼ ਵੇਖ ਕੇ ਭਾਵਕ ਹੋ ਜਾਂਦੇ। ਉਨ੍ਹਾਂ ਨੇ ਸਮੇਂ ਦੀ ਨਬਜ਼ ਪਛਾਣਦਿਆਂ ‘ਲੋਹੇ ਦੀ ਔਰਤ’ ਨਾਵਲੈੱਟ 1970ਵਿਆਂ ਦੇ ਮੱਧ ਵਿਚ ਲਿਖਿਆ ਜੋ ਕਿਸਾਨੀ ਸੰਘਰਸ਼ ਦੀ ਤਰਜਮਾਨੀ ਕਰਦਾ ਹੈ। ਪਿੰਡ ਵਿਚ ਰਹਿਣ ਕਰਕੇ ਉਨ੍ਹਾਂ ਦੀ ਖੇਤੀ ਨਾਲ ਡੂੰਘੀ ਸਾਂਝ ਸੀ। ਉਨ੍ਹਾਂ ਨੂੰ ਅਧਿਆਪਕ ਅਤੇ ਗਿਆਨ ਦਾ ਭੰਡਾਰੀ ਹੋਣ ਕਰਕੇ ਸਾਰੇ ਇੱਜ਼ਤ ਨਾਲ ਗਿਆਨੀ ਜੀ ਕਹਿੰਦੇ ਸਨ।

ਮਾਨੂੰਪੁਰੀ ਹੋਰੀਂ ਚੰਗਾ ਸਾਹਿਤ ਪੜ੍ਹਦੇ ਤੇ ਬੱਚਿਆਂ ਅਤੇ ਦੋਸਤਾਂ ਮਿੱਤਰਾਂ ਨੂੰ ਪੜ੍ਹਨ ਲਈ ਪ੍ਰੇਰਦੇ। ਉਹ ਕਿਤਾਬਾਂ ਦਾ ਨਿੱਜੀ ਭੰਡਾਰ ਹੋਣ ਦੇ ਨਾਲ ਨਾਲ ਪਿੰਡ ਵਿਚ ਆਪਣੇ ਯਤਨਾਂ ਦੁਆਰਾ ਪੰਜਾਬੀ ਸਾਹਿਤ ਸਭਾ, ਦਿੱਲੀ ਦੀ ਸਹਾਇਤਾ ਨਾਲ ਲਾਇਬਰੇਰੀ ਚਲਾਉਂਦੇ ਵਿਦਿਆ ਦਾ ਚਾਨਣ ਵੰਡਦੇ ਰਹੇ। ਅਵਤਾਰ ਸਿੰਘ ਬਿਲਿੰਗ ਉਨ੍ਹਾਂ ਕੋਲ ਪੜ੍ਹਿਆ ਤੇ ਆਪਣੇ ਆਪ ਨੂੰ ਕਹਾਣੀਕਾਰ ਅਤੇ ਨਾਵਲਕਾਰ ਬਣਾਉਣ ਲਈ ਮਾਨੂੰਪੁਰੀ ਹੋਰਾਂ ਨੂੰ ਪਹਿਲੇ ਰਾਹ ਦਸੇਰਾ ਮੰਨਦਾ ਹੈ। ਜਗਜੀਤ ਸਿੰਘ ਸੇਖੋਂ ਮਾਨੂੰਪੁਰ ਉਨ੍ਹਾਂ ਨੂੰ ਗੁਰੂ ਮੰਨਦਾ ਹੈ।

ਪ੍ਰਸਿੱਧ ਕਹਾਣੀਕਾਰ ਬਲਵਿੰਦਰ ਗਰੇਵਾਲ ਵੀ ਉਨ੍ਹਾਂ ਦਾ ਵਿਦਿਆਰਥੀ ਹੋਣ ਦਾ ਮਾਣ ਮਹਿਸੂਸ ਕਰਦਾ ਹੈ। ਮਾਨੂੰਪੁਰੀ ਵਰਗੇ ਗੁਣੀ ਬੰਦੇ ਦਾ ਤੁਰ ਜਾਣਾ ਵੱਡਾ ਵਿਗੋਚਾ ਹੈ। ਚੰਗੇ ਇਨਸਾਨ, ਸੁਹਿਰਦ ਮਿੱਤਰ, ਅਤਿਅੰਤ ਸੂਝਵਾਨ ਪਾਠਕ ਅਤੇ ਸਾਹਿਤਕਾਰ ਹੋਣ ਤੋਂ ਵੀ ਵੱਧ ਉਹ ਲਾਸਾਨੀ ਅਧਿਆਪਕ ਸਨ। ਜਿੰਨੇ ਚੰਗੇ ਇਨਸਾਨ ਓਨੇ ਹੀ ਵਧੀਆ ਸਾਹਿਤਕਾਰ। ਮੈਂ ਅਤੇ ਅਵਤਾਰ ਸਿੰਘ ਬਿਲਿੰਗ ਉਨ੍ਹਾਂ ਤੋਂ ਆਪਣੀਆਂ ਕਹਾਣੀਆਂ ਅਤੇ ਨਾਵਲਾਂ ਬਾਰੇ ਰਾਇ ਲੈਂਦੇ।

ਮਾਨੂੰਪੁਰੀ ਹੋਰੀਂ ਯਾਰਾਂ ਦੇ ਯਾਰ ਸਨ। ਹਮੇਸ਼ਾ ਸੱਚ ’ਤੇ ਖੜ੍ਹਨ ਵਾਲੇ। ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਗਿਆਨ ਵੰਡਣ ਲਈ ਪੂਰੇ ਅਤੇ ਪੂਰੀ ਜ਼ਿੰਦਗੀ ਸਮਰਪਤ ਰਹੇ। ਸਕੂਲੀ ਸਿੱਖਿਆ ਦੇ ਨਾਲ ਨਾਲ ਸੁਚੱਜੀਆਂ ਜੀਵਨ ਕਦਰਾਂ ਦੇ ਲੜ ਲਾਉਣ ਵਾਲੇ। ਕਵਿਤਾ, ਕਹਾਣੀ ਤੇ ਨਾਵਲ ਵਿਚ ਪੂਰੀ ਦਿਲਚਸਪੀ ਰੱਖਦੇ ਸਨ। ਜੇ ਕਿਤੇ ਉਨ੍ਹਾਂ ਨੂੰ ਕਹਾਣੀ, ਨਾਵਲ ਜਾਂ ਕੋਈ ਲੇਖ ਪੜ੍ਹਦਿਆਂ ਉਸ ਸੰਬੰਧੀ ਪਿਛੋਕੜ ਜਾਨਣ ਦੀ ਇੱਛਾ ਜਾਗਦੀ ਤਾਂ ਉੱਥੇ ਹੀ ਪੜ੍ਹਨਾ ਛੱਡ ਕੇ ਉਸ ਸਬੰਧੀ ਕਿਤਾਬ ਲੱਭ ਕੇ ਪੜ੍ਹਨ ਲੱਗਦੇ। ਕਈ ਵਾਰ ਤਾਂ ਉਸੇ ਵੇਲੇ ਪਤਾ ਕਰਨ ਲਈ ਉਸ ਲੇਖਕ ਨੂੰ ਝੱਟ ਫੋਨ ਮਿਲਾ ਲੈਂਦੇ। ਜਾਣਕਾਰੀ ਇਕੱਠੀ ਕਰਨ ਲਈ ਹਮੇਸ਼ਾਂ ਤਾਂਘ ਰਹਿੰਦੀ। ਲਿਖਣ ਨਾਲੋਂ ਬਹੁਤਾ ਪੜ੍ਹਨ ਵੱਲ ਤਵੱਜੋ ਦਿੰਦੇ ਸਨ। ਉਨ੍ਹਾਂ ਦੇ ਕੋਮਲ ਦਿਲ ਨੇ ਪਿੰਡ ਮਾਨੂੰਪੁਰ ਸਕੂਲ ਵਿਚ ਬੱਚਿਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਨੀਝ ਨਾਲ ਵਿਚਾਰਦਿਆਂ ਬਾਲਾਂ ਦੇ ਹਰ ਪੱਖ ਨੂੰ ਲੈ ਕੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਲਈ ਬਾਲ ਸਾਹਿਤ ਵੱਲ ਮੋੜਾ 1956-57 ਤੋਂ ਕਵਿਤਾ ਆਰੰਭ ਕਰਕੇ ਲਗਾਤਾਰ ਜਾਰੀ ਰਹੀ। 1959 ਵਿਚ ਪਹਿਲੀ ਕਵਿਤਾ ‘ਜੀਵਨ ਪ੍ਰੀਤੀ’ ਵਿਚ ਪਟਿਆਲੇ ਤੋਂ ਛਪੀ। ਫਿਰ ਅਖ਼ਬਾਰਾਂ ਤੇ ਰਸਾਲਿਆਂ ਵਿਚ ਰਚਨਾਵਾਂ ਆਉਣ ਲੱਗੀਆਂ। ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ ਆਦਿ ਵਿਚ ਛਪਣ ਲੱਗ ਪਏ।

ਉਨ੍ਹਾਂ ਨੂੰ ਸਾਹਿਤ ਵੱਲ ਆਉਣ ਦੀ ਪ੍ਰੇਰਨਾ ਪ੍ਰੀਤਲੜੀ ਤੋਂ ਮਿਲੀ। ਉਨ੍ਹਾਂ ਦੀਆਂ ਬਾਲ ਕਵਿਤਾਵਾਂ ਵੱਖ ਵੱਖ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਤਾਂ ਛਪਦੀਆਂ ਰਹੀਆਂ, ਪਰ ਕਿਤਾਬੀ ਰੂਪ ਵਿਚ 1995 ’ਚ ਪਿੰਡ ਦੇ ਸਕੂਲ ਤੋਂ ਸੇਵਾਮੁਕਤ ਹੋ ਕੇ 1996 ਵਿਚ ‘ਬੋਲ ਪਿਆਰੇ ਬਾਲਾਂ ਦੇ’ ਛਪੀ। ਫਿਰ ਲਗਾਤਾਰ ਬਾਲ ਪੁਸਤਕਾਂ ਆਈਆਂ: ‘ਬਾਲ ਬਗੀਚਾ’, ‘ਬਾਲ ਉਡਾਰੀਆਂ’, ‘ਮਾਮੇ ਦੀ ਚਿੜੀ’, ‘ਹੰਕਾਰੀ ਕੁੱਕੜ’, ‘ਫੁੱਲ ਰੰਗ ਬਰੰਗੇ’, ‘ਸੱਚ ਖੜ੍ਹਾ ਨੀਂਹ ਵਿਚ ਉਚਾ’, ‘ਜ਼ਖਮੀ ਹੰਸ ਤੇ ਰਾਜ ਕੁਮਾਰ’, ‘ਮਿੱਤਰਤਾ ਬਚਪਨ ਦੀ’, ‘ਚੰਨ ਨੂੰ ਚਿੱਠੀ’, ‘ਰੁੱਖ ਤੇ ਮਨੁੱਖ’ ਤੇ ‘ਅੱਖਰਾਂ ਦੀ ਮੀਟਿੰਗ’ (2018) ਵਿਚ ਆਖ਼ਰੀ ਪੁਸਤਕ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੀ। ‘ਬਾਲੜੀਆਂ ਦਾ ਸੁਨੇਹਾ’ ਕਵਿਤਾ ਵਿਚ ਬਹੁਤ ਸੌਖੇ ਤਰੀਕੇ ਨਾਲ ਸੁਨੇਹਾ ਦਿੰਦੇ ਹਨ:

ਪਿੰਡ ਮੇਰੇ ਦੀਆਂ ਬਾਲੜੀਆਂ, ਪਿੰਡ ਮੇਰੇ ਦੀਆਂ ਬਾਲੜੀਆਂ।

ਪਿਉ ਦਾਦੇ ਦੀਆਂ ਲਾਲੜੀਆਂ ਜੀ, ਪਿਉ ਦਾਦੇ ਦੀਆਂ ਲਾਲੜੀਆਂ।

ਵਿਦਿਆ ਪੜ੍ਹ ਪੜ੍ਹ ਅੱਗੇ ਵਧੀਆਂ, ਨਾਂ ਚਮਕਾਉਂਦੀਆਂ, ਬਾਲੜੀਆਂ।

ਫੁੱਲਾਂ ਵਾਂਗੂੰ ਮਹਿਕਾਂ ਵੰਡਣ, ਜਗ ਚਮਕਾਉਂਦੀਆਂ ਬਾਲੜੀਆਂ।

‘ਲੋਹੇ ਦੀ ਔਰਤ’ ਨਾਵਲ ਤੋਂ ਬਾਅਦ ਮਾਨੂੰਪੁਰੀ ਬਾਲ ਸਾਹਿਤ ਨੂੰ ਪੂਰੇ ਸਮਰਪਿਤ ਹੋ ਗਏ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ‘ਦਸਮ ਗ੍ਰੰਥ’ ਵਿਚ ਸਿਕੰਦਰ ਦੀ ਕਥਾ ਬਦਲੇ ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ 1974 ਵਿਚ ਮੈਕਾਲਫ ਮੈਮੋਰੀਅਲ ਗੋਲਡ ਮੈਡਲ ਮਿਲਿਆ। ‘ਬੋਲ ਪਿਆਰੇ ਬਾਲਾਂ ਦੇ’ ਨੂੰ ਸਾਕਾ ਸਰਹਿੰਦ ਕਾਵਿ ਰਚਨਾ ਲਈ ਜੋਗੀ ਅੱਲਾ ਯਾਰ ਖਾਂ ਆਦਿ ਅਨੇਕਾਂ ਪੁਰਸਕਾਰ ਮਿਲੇ।

ਮਹਿੰਦਰ ਸਿੰਘ ਮਾਨੂੰਪੁਰੀ ਸਾਹਿਤ ਸਭਾ ਸਮਰਾਲਾ ਦੇ ਮੋਢੀਆਂ ਵਿਚੋਂ ਸਨ ਜੋ ਸਕੱਤਰ ਰਹੇ। ਸਾਹਿਤ ਸਭਾ ਖੰਨਾ ਦੇ ਪ੍ਰਧਾਨ ਰਹੇ ਤੇ ਹੋਰ ਸਭਾਵਾਂ ਨਾਲ ਵੀ ਜੁੜੇ ਰਹੇ। ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਸਨ।

‘ਬਾਰਾ ਮਾਹਾ’ ਸਮੇਤ ਉਨ੍ਹਾਂ ਦੀਆਂ ਕਈ ਬਾਲ ਕਵਿਤਾਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਤੇ ਹੋਰ ਪ੍ਰਾਈਵੇਟ ਪਾਠ ਪੁਸਤਕਾਂ ਵਿਚ ਸ਼ਾਮਲ ਹਨ। ਬਾਰਾ ਮਾਹਾ ਕਵਿਤਾ ਹਰ ਸਮੇਂ ਪੜ੍ਹੀ ਜਾਇਆ ਕਰੇਗੀ:

‘ਚੇਤ ਮਹੀਨਾ ਚੜ੍ਹਦਾ, ਕਣਕੀਂ ਸੋਨਾ ਮੜ੍ਹਦਾ ਹੈ।

ਵੈਸਾਖ ਵਿਸਾਖੀ ਨਹਾਉਂਦੇ ਹਾਂ, ਦਾਣੇ ਘਰ ਵਿਚ ਲਿਆਉਂਦੇ ਹਾਂ।

ਜੇਠ ਮਹੀਨਾ ਲੂਆਂ ਦਾ, ਪਾਣੀ ਸੁੱਕਦਾ ਖੂਹਾਂ ਦਾ।

ਹਾੜ ਮਹੀਨਾ ਤੱਪਦਾ ਹੈ, ਸਾਨੂੰ ਅੰਦਰੇ ਰੱਖਦਾ ਹੈ।...

ਬਾਰਾ-ਮਾਹਾ ਪੜ੍ਹਦੇ ਜੋ, ਗੱਲ ਸਿਆਣੀ ਕਰਦੇ ਉਹ।’

ਮਹਿੰਦਰ ਸਿੰਘ ਮਾਨੂੰਪੁਰੀ ਦਾ ਜਨਮ 1 ਸਤੰਬਰ 1937 ਨੂੰ ਨਾਨਕੇ ਪਿੰਡ ਮਨੈਲੀ ਹੋਇਆ। ਚਾਰੇ ਭਰਾ ਨਰਮ ਸੁਭਾਅ ਦੇ ਅਤੇ ਵਿੱਦਿਆ ਦੇ ਖੇਤਰ ਵਿਚ। ਮਾਨੂੰਪੁਰੀ ਹੋਰਾਂ ਨੇ 1949 ਵਿਚ ਪ੍ਰਾਇਮਰੀ ਪਿੰਡ ਮਾਨੂੰਪੁਰ ਵਿਚ ਅਤੇ ਮੈਟ੍ਰਿਕ ਪੰਜਾਬ ਯੂਨੀਵਰਸਿਟੀ (ਸੋਲਨ) ਸ਼ਿਮਲਾ ਤੋਂ 1955 ਵਿਚ ਕੀਤੀ। ਗਿਆਨੀ, ਐਮ.ਏ. ਪੰਜਾਬੀ, ਡਰਾਇੰਗ ਟੀਚਰ ਟ੍ਰੇਨਿੰਗ ਕੋਰਸ, ਓ.ਟੀ., ਬੀ.ਐਡ. ਤੇ ਐਮ.ਐਡ. ਤਕ ਵਿਦਿਆ ਪ੍ਰਾਪਤ ਕੀਤੀ। 1955 ਵਿਚ ਹੀ ਪਿੰਡ ਮਾਨੂੰਪੁਰ ਸਕੂਲ ਵਿਚ ਅਧਿਆਪਕ ਲੱਗ ਗਏ। ਲਗਾਤਾਰ ਪਿੰਡ ਦੇ ਸਕੂਲ ਵਿਚ ਹੀ ਵਿੱਦਿਆ ਦਾ ਚਾਨਣ ਵੰਡਣ ਤੋਂ ਬਾਅਦ 1995 ਵਿਚ ਸੇਵਾਮੁਕਤ ਹੋਏ। ਕਿਤਾਬਾਂ ਪੜ੍ਹਨ ਦੇ ਸ਼ੌਕ ਕਾਰਨ ਖੰਨਾ ਦੀ ਮਿਉਂਸਪਲਟੀ ਲਾਇਬਰੇਰੀ ਦੇ ਮੈਂਬਰ ਸਨ। 23 ਅਪਰੈਲ 2021 ਨੂੰ ਉਨ੍ਹਾਂ ਦੇ ਦੇਹਾਂਤ ਕਾਰਨ ਪਰਿਵਾਰ ਨੂੰ ਤਾਂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਸਾਨੂੰ ਸਾਰੇ ਮਿੱਤਰਾਂ ਲਈ ਵੀ ਉਨ੍ਹਾਂ ਦਾ ਵਿਛੋੜਾ ਅਸਹਿ ਹੈ। ਉਨ੍ਹਾਂ ਦਾ ਰਚਿਆ ਬਾਲ ਸਾਹਿਤ ਹਮੇਸ਼ਾਂ ਬੱਚਿਆਂ ਨੂੰ ਚਾਨਣ ਵੰਡਦਾ ਰਹੇਗਾ। ਅੱਜ 2 ਮਈ ਨੂੰ ਪਿੰਡ ਮਾਨੂੰਪੁਰ ਵਿਚ ਉਨ੍ਹਾਂ ਦੀ ਅੰਤਿਮ ਅਰਦਾਸ ਹੋਵੇਗੀ।

ਸੰਪਰਕ: 98728-23511

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All