ਅਜਾਇਬ ਸਿੰਘ ਟਿਵਾਣਾ
ਡੀਏਵੀ ਸਕੂਲ ਪਟਿਆਲਾ ਦਾ 10ਵੀਂ ਕਲਾਸ ਦਾ ਵਿਦਿਆਰਥੀ ਸਾਲਾਨਾ ਪੇਪਰਾਂ ਦੇ ਸਮੇਂ ਵਾਰ ਵਾਰ ਸਿੰਘੂ ਬਾਰਡਰ ਜਾਣ ਲਈ ਜਿ਼ੱਦ ਕਰ ਰਿਹਾ ਸੀ। ਅਜਿਹੀ ਜਿ਼ੱਦ ਜਿਵੇਂ ਕੋਈ ਛੋਟਾ ਬੱਚਾ ਕਿਸੇ ਮੇਲੇ ਵਿਚ ਕੋਈ ਖਿਡੌਣਾ ਲੈਣ ਲਈ ਜਾਂ ਚੀਜ਼ੀ ਲੈਣ ਲਈ ਕਰਦਾ ਹੈ। ਪਾਪਾ ਨੇ ਸਾਲਾਨਾ ਪੇਪਰਾਂ ਤੋਂ ਬਾਅਦ ਸਿੰਘੂ ਬਾਰਡਰ ਲੈ ਕੇ ਜਾਣ ਦਾ ਵਾਅਦਾ ਕੀਤਾ, ਫਿਰ ਜਾ ਕੇ ਕਿਤੇ ਉਹ ਸ਼ਾਂਤ ਹੋਇਆ। ਕਿਸਾਨ ਮੋਰਚੇ ਦੀ ਸ਼ੁਰੂਆਤ ਦੌਰਾਨ ਹੀ ਉਹ ਆਪਣੇ ਪਾਪਾ ਨਾਲ ਸ਼ੰਭੂ ਬਾਰਡਰ ’ਤੇ ਹਾਜ਼ਰੀ ਲਾ ਆਇਆ ਸੀ। ਹੁਣ ਉਹ ਥਾਪਰ ਯੂਨੀਵਰਸਿਟੀ ਚੌਕ ਵਿਚ ਥਾਪਰ ਦੇ ਆਪਣੇ ਨੌਜਵਾਨ ਸਾਥੀਆਂ ਨਾਲ ਰੋਜ਼ਾਨਾ 5:30 ਤੋਂ 6:45 ਤੱਕ ਹੱਥਾਂ ਵਿਚ ਕਿਸਾਨੀ ਸੰਘਰਸ਼ ਦੀ ਹਮਾਇਤ ਵਾਲੇ ਮਾਟੋ ਲੈ ਕੇ ਖੜ੍ਹਦਾ ਹੁੰਦਾ ਸੀ, ਪੂਰੇ ਜੋਸ਼ ਨਾਲ ਨਾਹਰੇ ਲਗਾਉਂਦਾ ਸੀ। ਆਪਣੀ ਜਿ਼ੰਦਗੀ ਦੇ ਆਖ਼ਰੀ ਦਿਨ ਵੀ ਉਸ ਨੇ ਦੋ ਮਾਟੋ ਚੁੱਕੇ ਹੋਏ ਸਨ। ਉਸ ਦੇ ਸੱਜੇ ਹੱਥ ਵਿਚ ‘ਕਾਲੇ ਕਾਨੂੰਨ ਰੱਦ ਕਰੋ’ ਅਤੇ ਖੱਬੇ ਹੱਥ ਵਿਚ ‘ਨੋ ਫਾਰਮਰਜ਼ ਨੋ ਫੂਡ ਨੋ ਫਿਊਚਰ’ ਵਾਲੇ ਮਾਟੋ ਸਨ।
ਉਸ ਦਿਨ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ ਸੀ। ਇਸ ਰੋਸ ਦਿਖਾਵੇ ਦੌਰਾਨ ਮੇਰੀ ਪਤਨੀ ਵੀ ਮੇਰੇ ਨਾਲ ਹੁੰਦੀ ਸੀ। ਉਸ ਨੇ ਮੇਰੀ ਪਤਨੀ ਕੁਲਦੀਪ ਨੂੰ ਪੁੱਛਿਆ ਸੀ, “ਆਂਟੀ ਜੀ, ਅੱਜ ਅੰਕਲ ਨਹੀਂ ਆਏ?” ਉਹ ਜਿਸ ਦੇ ਵੀ ਵਾਹ ਵਿਚ ਆਉਂਦਾ ਸੀ, ਉਸ ਨੂੰ ਆਪਣਾ ਬਣਾ ਲੈਂਦਾ ਸੀ। ਉਸ ਦੀਆਂ ਅਜੀਬ ਖਾਹਸ਼ਾਂ ਸਨ: “ਪਾਪਾ ਮੈਂ ਕਿਸਾਨ ਦਾ ਪੁੱਤਰਾ ਹਾਂ, ਕੈਨੇਡਾ ਜਾ ਕੇ ਫਾਰਮਿੰਗ ਕਰਾਂਗਾ।” ਜਦੋਂ ਮਾਂ ਬਾਪ ਨਵਾਂ ਘਰ ਬਣਾਉਣ ਲੱਗੇ ਤਾਂ ਕਹਿਣ ਲੱਗਾ, “ਪਾਪਾ, ਮੈਨੂੰ ਮਾਡਰਨ ਕੋਠੀਆਂ ਪਸੰਦ ਨ੍ਹੀਂ, ਸਾਡਾ ਘਰ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਕਿਸੇ ਪੁਰਾਣੀ ਹਵੇਲੀ ਵਰਗਾ ਹੋਵੇ; ਜਿਸ ਵਿਚ ਚੁੱਲ੍ਹਾ ਚੌਂਕਾ ਬਣਿਆ ਹੋਵੇ; ਜਿਸ ਵਿਚ ਹਾਰਾ ਹੋਵੇ। ਇੱਕ ਪਾਸੇ ਦੁੱਧ ਕੜ੍ਹ ਰਿਹਾ ਹੋਵੇ ਤੇ ਦੂਜੇ ਪਾਸੇ ਦਾਲ ਰਿੱਝ ਰਹੀ ਹੋਵੇ। ਉਹ ਕੜ੍ਹਿਆ ਦੁੱਧ ਆਪਾਂ ਪੀਆ ਕਰਾਂਗੇ ਤੇ ਕਰਾਰੀ ਦਾਲ ਨਾਲ ਰੋਟੀ ਖਾਇਆ ਕਰਾਂਗੇ। ਮੈਂ ਇੱਕ ਘੋੜੀ ਵੀ ਜ਼ਰੂਰ ਲਵਾਂਗਾ।”
ਉਹਦੀ ਮਾਂ ਹਰਵਿੰਦਰ ਕਹਿੰਦੀ ਹੈ: “ਮੇਰੇ ਪਰਮਵੀਰ ਨੂੰ ਦੁੱਧ ਪੀਣ, ਮੱਖਣੀ, ਸੁੱਕੀਆਂ ਸਬਜ਼ੀਆਂ ਅਤੇ ਆਲੂ ਦੇ ਪਰੌਂਠੇ ਖਾਣ ਦਾ ਬੜਾ ਸ਼ੌਂਕ ਸੀ। ਬਣ ਠਣ ਕੇ ਰਹਿਣ ਦਾ ਜਨੂਨ ਸੀ, ਅੱਧਾ ਘੰਟਾ ਤਿਆਰ ਹੋਣ ਚ ਹੀ ਲਾਉਂਦਾ ਸੀ। ਆਪਣੀ ਛੋਟੀ ਭੈਣ ਦਿਵਜੋਤ ਨੂੰ ਲਾਡ ਲਾਡ ਵਿਚ ਬਹੁਤ ‘ਤੰਗ’ ਕਰਦਾ ਸੀ। ਆਪਣੇ ਤੋਂ ਵੱਡੇ ਦੇ ਪੈਰੀਂ ਹੱਥ ਲਾਉਣਾ ਉਸ ਦੇ ਸੁਭਾਅ ਦਾ ਹਿੱਸਾ ਸੀ।” …
ਸ਼ਾਮ ਦੇ ਕਰੀਬ 6:30 ਵਜੇ ਇੱਕ ਫਾਰਚੂਨਰ ਆਈ ਜਿਸ ਨੇ ਪਰਮਵੀਰ ਦੀ ਜਿ਼ੰਦਗੀ ਦੀ ਅੰਬਰ ਛੋਂਹਦੀ ਪਰਵਾਜ਼ ਭਰਨ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤੀ। ਥਾਪਰ ਚੌਕ ਤੋਂ ਮੇਰੀ ਬੁੱਕਲ ਵਿਚ ਸ਼ੁਰੂ ਹੋਇਆ ਉਸ ਦਾ ਸਫ਼ਰ ਰਾਜਿੰਦਰਾ, ਕੋਲੰਬੀਆ ਏਸ਼ੀਆ ਤੇ ਪੀ ਜੀ ਆਈ ਤੋਂ ਹੁੰਦਾ ਹੋਇਆ ਅਖੀਰ ਪਹਿਲੀ ਅਪਰੈਲ ਨੂੰ ਆਖ਼ਰੀ ਸਟੇਸ਼ਨ ਮੈਕਸ ਹਸਪਤਾਲ ਮੁਹਾਲੀ ਵਿਚ ਸਮਾਪਤ ਹੋ ਗਿਆ। ਉਹ ਵੀ ਉਸੇ ਰਾਹ ਤੁਰ ਗਿਆ ਜਿੱਥੇ ਉਸ ਦੇ ਪਿਤਾ ਸਮਾਨ ਤੇ ਹਰ ਰੋਜ਼ ਉਸ ਦੇ ਬਿਲਕੁਲ ਨਾਲ ਖੜ੍ਹਨ ਵਾਲਾ ਸਾਬਕਾ ਫੌਜੀ ਇੰਦਰਜੀਤ ਸਿੰਘ 29 ਮਾਰਚ ਨੂੰ ਤੁਰ ਗਿਆ ਸੀ। ਦੋਵਾਂ ਨੂੰ ਸੰਯੁਕਤ ਕਿਸਾਨ ਮੋਰਚ ਨੇ ਸ਼ਹੀਦ ਦਾ ਦਰਜਾ ਦਿੱਤਾ ਗਿਆ। ਕਿਸਾਨ ਯੂਨੀਅਨਾਂ ਦੇ ਝੰਡੇ ਵਿਚ ਆਪਣੀ ਆਖ਼ਰੀ ਯਾਤਰਾ ਕਰਨ ਵਾਲਾ ਸ਼ਾਇਦ ਇਹ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਸੀ। ਥਾਪਰ ਚੌਕ ਵਿਚ ਪਰਮਵੀਰ ਦੇ ਲਗਾਏ ਜਾਂਦੇ ਨਾਅਰੇ ਵੀ ਵਾਰ ਵਾਰ ਲੱਗੇ ਹਨ, ਉਸ ਦੇ ਸਹਿਪਾਠੀਆਂ ਨੇ ਮੋਮਬੱਤੀਆਂ ਵੀ ਜਗਾਈਆਂ ਨੇ। ਉਸ ਦੇ ਸਾਥੀ ਉਸ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਪਾ ਕੇ ਉਸ ਨੂੰ ਅੰਤਿਮ ਵਿਦਾਇਗੀ ਦੇ ਰਹੇ ਸਨ ਜਿਨ੍ਹਾਂ ਤੇ ਛਪਿਆ ਹੈ: ਕਿਸਾਨੀ ਸ਼ਹੀਦ ਅਮਰ ਰਹਿਣ!
ਅਲਵਿਦਾ ਪਰਮਵੀਰ ਪੁੱਤਰਾ! ਬਹੁਤ ਯਾਦ ਆਏਂਗਾ।
ਸੰਪਰਕ: 78887-38476