ਮੱਕੀ ਦਾ ਕੇਰਾ
ਮੇਰੇ ਬਚਪਨ ਵੇਲੇ ਹਰੇਕ ਬੱਚੇ ਨੂੰ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਘਰ ਜਾਣ ਦਾ ਬਹੁਤ ਚਾਅ ਚੜ੍ਹਦਾ ਸੀ। ਕੁਝ ਦਿਨਾਂ ਦੀ ਇਸ ਪ੍ਰਾਹੁਣਾਚਾਰੀ ਵਿੱਚ ਖਾਣ ਪੀਣ ਦੀਆਂ ਵੀ ਮੌਜਾਂ ਤੇ ਮਾਂ-ਪਿਓ ਦੀਆਂ ਝਿੜਕਾਂ ਤੋਂ ਵੀ ਛੁਟਕਾਰਾ ਰਹਿੰਦਾ ਸੀ। ਨਾਨੇ-ਨਾਨੀ ਨੂੰ...
ਮੇਰੇ ਬਚਪਨ ਵੇਲੇ ਹਰੇਕ ਬੱਚੇ ਨੂੰ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਘਰ ਜਾਣ ਦਾ ਬਹੁਤ ਚਾਅ ਚੜ੍ਹਦਾ ਸੀ। ਕੁਝ ਦਿਨਾਂ ਦੀ ਇਸ ਪ੍ਰਾਹੁਣਾਚਾਰੀ ਵਿੱਚ ਖਾਣ ਪੀਣ ਦੀਆਂ ਵੀ ਮੌਜਾਂ ਤੇ ਮਾਂ-ਪਿਓ ਦੀਆਂ ਝਿੜਕਾਂ ਤੋਂ ਵੀ ਛੁਟਕਾਰਾ ਰਹਿੰਦਾ ਸੀ। ਨਾਨੇ-ਨਾਨੀ ਨੂੰ ਵੀ ਇਨ੍ਹੀਂ ਦਿਨੀਂ ਆਪਣੇ ਦੋਹਤੇ-ਦੋਹਤੀਆਂ ਦੀ ਉਡੀਕ ਰਹਿੰਦੀ ਸੀ। ਮੇਰੇ ਨਾਨਕੇ ਸਾਡੇ ਘਰ ਤੋਂ ਕੋਈ ਵੀਹ ਕੁ ਕਿਲੋਮੀਟਰ ਦੂਰ ਪਿੰਡ ਸੰਸਾਰਪੁਰ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹਨ ਅਤੇ ਅਸੀਂ ਉਨ੍ਹਾਂ ਦਿਨਾਂ ਵਿੱਚ ਪੈਦਲ ਹੀ ਨਾਨਕੇ ਜਾਇਆ ਕਰਦੇ ਸਾਂ। ਸਕੂਲ ਵੱਲੋਂ ਮਿਲਿਆ ਛੁੱਟੀਆਂ ਦਾ ਕੰਮ ਅਸੀਂ ਪਹਿਲੇ ਹਫ਼ਤੇ ਵਿੱਚ ਹੀ ਮੁਕਾ ਲੈਂਦੇ ਅਤੇ ਫਿਰ ਬੇਫ਼ਿਕਰ ਹੋ ਕੇ ਮਾਮਿਆਂ ਦੇ ਘਰ ਜਾਂਦੇ। ਮਾਮਿਆਂ ਘਰ ਜਾਣ ਦਾ ਇੱਕ ਕਾਰਨ ਇਹ ਵੀ ਸੀ ਕਿ ਮੇਰੇ ਮਾਮਿਆਂ ਦਾ ਇਲਾਕਾ ਅੰਬਾਂ ਲਈ ਮਸ਼ਹੂਰ ਸੀ ਅਤੇ ਜੂਨ ਦੇ ਅੰਤ ਵਿੱਚ ਅੰਬ ਪੱਕਣੇ ਵੀ ਸ਼ੁਰੂ ਹੋ ਜਾਂਦੇ ਸਨ। ਸਾਨੂੰ ਮਾਮਿਆਂ ਦੇ ਅੰਬਾਂ ਤੋਂ ਇਲਾਵਾ ਆਸ-ਪਾਸ ਦੇ ਅੰਬਾਂ ਦਾ ਸਵਾਦ ਅਤੇ ਕਿਹੜਾ ਅੰਬ ਕਦੋਂ ਪੱਕਦਾ ਹੈ, ਦੀ ਸਾਰੀ ਜਾਣਕਾਰੀ ਹੁੰਦੀ ਸੀ।
ਮੇਰੀ ਮਾਂ ਆਪਣੀਆਂ ਸਾਰੀਆਂ ਭੈਣਾਂ ਵਿੱਚੋਂ ਵੱਡੀ ਸੀ ਇਸ ਲਈ ਅਸੀਂ ਆਪਣੀ ਨਾਨੀ ਦੇ ਸਾਰੇ ਦੋਹਤਿਆਂ ਵਿੱਚੋਂ ਲਾਡਲੇ ਸਾਂ। ਮੇਰੇ ਨਾਨੇ ਦੀ ਜ਼ਮੀਨ ਆਪਣੇ ਸ਼ਰੀਕਾਂ ਵਿੱਚੋਂ ਸਭ ਤੋਂ ਜ਼ਿਆਦਾ ਸੀ ਅਤੇ ਉਸ ਸਮੇਂ ਖੇਤੀਬਾੜੀ ਵੀ ਹੱਥੀਂ ਹੀ ਹੁੰਦੀ ਸੀ, ਜਿਸ ਕਰਕੇ ਨਾਨਾ ਜੀ ਹਮੇਸ਼ਾ ਚਾਹੁੰਦੇ ਸਨ ਕਿ ਅਸੀਂ ਖੇਤੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰੀਏ। ਉਸ ਜ਼ਮਾਨੇ ਵਿੱਚ ਬੱਚੇ ਵੀ ਮਾਪਿਆਂ ਨਾਲ ਖੇਤੀ ਦੇ ਕੰਮ ਵਿੱਚ ਕਾਫੀ ਹੱਥ ਵਟਾਉਂਦੇ ਸਨ ਪਰ ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਅਸੀਂ ਪੜ੍ਹੀਏ, ਇਸ ਲਈ ਉਹ ਸਾਨੂੰ ਜ਼ਿਆਦਾ ਖੇਤੀਬਾੜੀ ਦਾ ਕੰਮ ਨਹੀਂ ਸੀ ਕਰਨ ਦਿੰਦੇ। ਬਸ ਖੇਤਾਂ ਵਿੱਚ ਰੋਟੀ ਲੈ ਕੇ ਗਏ ਤਾਂ ਓਨੀ ਦੇਰ ਹਲ ਵਾਹ ਲੈਣਾ ਜਿੰਨੀ ਦੇਰ ਪਿਤਾ ਜੀ ਨੇ ਰੋਟੀ ਖਾਣੀ। ਵਾਢੀ ਵੇਲੇ ਥੋੜ੍ਹੀ ਜਿਹੀ ਮਦਦ ਕਰ ਦੇਣੀ। ਮੈਂ ਇੱਕ ਵਾਰੀ ਕਣਕ ਦਾ ਕੇਰਾ (ਹਲ਼ ਦੇ ਪਿੱਛੇ ਹੱਥ ਨਾਲ ਬੀਜ ਖਿਲਾਰਨਾ) ਵੀ ਥੋੜ੍ਹਾ ਜਿਹਾ ਕੀਤਾ ਸੀ।
ਇੱਕ ਵਾਰ ਦੀ ਗੱਲ ਹੈ, ਜੂਨ ਮਹੀਨੇ ਦੇ ਆਖਰੀ ਦਿਨ ਸਨ ਤੇ ਅਗਲੇ ਦਿਨ ਅਸੀਂ ਘਰ ਵਾਪਸ ਆਉਣਾ ਸੀ ਅਤੇ ਮੱਕੀ ਦੀ ਬਿਜਾਈ ਚੱਲ ਰਹੀ ਸੀ। ਸ਼ਾਮ ਦਾ ਵੇਲਾ ਸੀ, ਨਾਨਾ ਜੀ ਨੇ ਪੁੱਛਿਆ,‘‘ਤੁਹਾਡੇ ਵਿੱਚੋਂ ਕਿਸੇ ਨੂੰ ਕੇਰਾ ਕਰਨਾ ਆਉਂਦੈ? ਮੈਂ ਝੱਟ ਕਹਿ ਦਿੱਤਾ, ‘‘ਹਾਂ ਮੈਂ ਕੀਤਾ ਹੋਇਐ।’’ ਨਾਨਾ ਜੀ ਮੱਕੀ ਦਾ ਬੀਜ ਲੈ ਕੇ ਤੇ ਨਾਲ ਮੈਨੂੰ ਲੈ ਕੇ ਉਸ ਖੇਤ ਵੱਲ ਤੁਰ ਪਏ ਜੋ ਘਰੋਂ ਥੋੜ੍ਹਾ ਦੂਰ ਸੀ। ਖੇਤ ਵਿੱਚ ਪੁੱਜ ਕੇ ਨਾਨਾ ਜੀ ਹਲ਼ ਵਾਹੁਣ ਲੱਗ ਪਏ ਤੇ ਮੈਂ ਪਿੱਛੇ ਪਿੱਛੇ ਕੇਰਾ ਕਰਦਾ ਗਿਆ। ਅਜੇ ਦੋ ਤਿੰਨ ਸਿਆੜ ਹੀ ਨਿਕਲੇ ਸਨ ਤੇ ਬੀਜ ਖ਼ਤਮ ਹੋ ਗਿਆ। ਮੈਂ ਨਾਨਾ ਜੀ ਤੋਂ ਹੋਰ ਬੀਜ ਮੰਗਿਆ। ਨਾਨਾ ਜੀ ਹੈਰਾਨ ਕਿ ਬੀਜ ਹੁਣੇ ਹੀ ਮੁੱਕ ਗਿਆ ਕਿਉਂਕਿ ਜੋ ਬੀਜ ਉਨ੍ਹਾਂ ਮੈਨੂੰ ਦਿੱਤਾ ਸੀ ਉਹ ਤਾਂ ਪੂਰੇ ਖੇਤ ਦਾ ਬੀਜ ਸੀ। ਉਨ੍ਹਾਂ ਨਾ ਆ ਵੇਖਿਆ ਨਾ ਤਾਅ, ਦੋ ਤਿੰਨ ਪਰੈਣਾਂ (ਬਲਦਾਂ ਨੂੰ ਡਰਾਉਣ ਵਾਲਾ ਡੰਡਾ) ਮੇਰੀ ਪਿੱਠ ’ਤੇ ਸੁੱਟ ਦਿੱਤੀਆਂ। ਮੈਂ ਹੈਰਾਨ ਕਿ ਇਹ ਕੀ ਹੋ ਗਿਆ ਅਤੇ ਮੈਂ ਰੋਣ ਲੱਗ ਪਿਆ। ਨਾਨਾ ਜੀ ਕਹਿਣ ਲੱਗੇ, ‘‘ਤੂੰ ਤੇ ਕਹਿੰਦਾ ਸੀ ਕਿ ਮੈਨੂੰ ਕੇਰਾ ਕਰਨਾ ਆਉਂਦਾ।’’ ਮੈਂ ਦੱਸਿਆ ਕਿ ਮੈਂ ਇੱਕ ਵਾਰੀ ਕਣਕ ਦਾ ਥੋੜ੍ਹਾ ਜਿਹਾ ਕੇਰਾ ਕੀਤਾ ਸੀ। ਨਾਨਾ ਜੀ ਸਮਝ ਗਏ ਤੇ ਮੈਨੂੰ ਪਿਆਰ ਕਰਦੇ ਬੋਲੇ, ‘‘ਕੋਈ ਨ੍ਹੀਂ ਪੁੱਤ ਤੂੰ ਬੈਠ ਮੈਂ ਹੋਰ ਬੀਜ ਲੈ ਕੇ ਆਉਂਦਾ।’’ ਥੋੜ੍ਹੀ ਦੇਰ ਬਾਅਦ ਨਾਨਾ ਜੀ ਹੋਰ ਬੀਜ ਲੈ ਕੇ ਆ ਗਏ ਤੇ ਮੈਨੂੰ ਸਮਝਾਇਆ ਕਿ ਮੱਕੀ ਦਾ ਬੀਜ ਕਿਵੇਂ ਕੇਰੀਦਾ ਹੈ। ਮੈਨੂੰ ਉਸ ਦਿਨ ਦੋ-ਤਿੰਨ ਪਰੈਣਾਂ ਖਾ ਕੇ ਸਮਝ ਆਇਆ ਕਿ ਕਣਕ ਦੇ ਕੇਰੇ ਵੇਲੇ ਬੀਜ ਸੰਘਣਾ ਖਿਲਾਰਨਾ ਹੁੰਦਾ ਤੇ ਮੱਕੀ ਵੇਲੇ ਵਿਰਲਾ।
ਸੰਪਰਕ: 94647-30770

