ਗੱਲਬਾਤ ਦੀ ਤਾਲ਼ੀ ਕਿ ਖ਼ਾਲੀ ?

ਗੱਲਬਾਤ ਦੀ ਤਾਲ਼ੀ ਕਿ ਖ਼ਾਲੀ ?

ਪ੍ਰੋ. ਕਮਲੇਸ਼ ਉੱਪਲ

ਕੇਂਦਰ ਦੀ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਸਿਰਫ਼ ਇਸ ਕਾਰਨ ਵੀ ਵਾਪਸ ਲੈ ਲੈਣੇ ਚਾਹੀਦੇ ਹਨ ਕਿ ਇਨ੍ਹਾਂ ਨੂੰ ਗ਼ੈਰ ਸੰਵਿਧਾਨਕ ਢੰਗ ਨਾਲ ਸੰਸਦ ਦੇ ਦੋਹਾਂ ਸਦਨਾਂ ਵਿਚੋਂ ਚੋਰ ਮੋਰੀਓਂ ਅਤੇ ਗਲਤ ਢੰਗ ਨਾਲ ਪਾਸ ਕਰਾ ਕੇ ਰਾਸ਼ਟਰਪਤੀ ਦੀ ਮੋਹਰ ਲਵਾ ਲਈ। ਜੇਕਰ ਇਹ ਸਰਕਾਰ ਜਮਹੂਰੀਅਤ ਵਿਚ ਆਪਣੀ ਜ਼ਿੰਮੇਵਾਰੀ ਅਤੇ ਆਪਣੇ ਵੋਟਰਾਂ ਪ੍ਰਤੀ ਕ੍ਰਿੱਤਗਤਾ ਬਾਰੇ ਰੱਤੀ ਭਰ ਵੀ ਇਮਾਨਦਾਰ ਹੋਵੇ ਤਾਂ ਇਕ ਵਾਰੀ ਇਨ੍ਹਾਂ ਕਾਨੂੰਨਾਂ ਨੂੰ ਜ਼ਰੂਰ ਵਾਪਸ ਲਵੇ। ਮੁਲਕ ਵਿਚ ਲੋਕਰਾਜੀ ਕਦਰਾਂ ਦੀ ਬਹਾਲੀ ਵੱਲ ਇਹ ਇਸ ਸਰਕਾਰ ਦਾ ਦਰਿਆਦਿਲੀ ਨਾਲ ਚੁੱਕਿਆ ਵੱਡਾ ਕਦਮ ਹੋਵੇਗਾ।

ਆਪਣੇ ਹਰ ਹੁਕਮ, ਹਰ ਫ਼ਰਮਾਨ ਦੀ ਪਾਲਣਾ ਮੋਦੀ ਸਰਕਾਰ ਨੇ ਗਲ ਗੂਠਾ ਦੇਣ ਵਾਲੇ ਢੰਗ ਨਾਲ ਕਰਵਾਈ ਹੈ। ਇੱਕਦਲਵਾਦੀ ਸੱਤਾ ਦੇ ਨਸ਼ੇ ਵਿਚ ਸਰਕਾਰ ਜੀ ਇਹ ਭੁੱਲ ਗਏ ਕਿ ਲੋਕਰਾਜ ਵਿਚ ਲੋਕਾਂ ਦੀ ਆਵਾਜ਼ ਹੀ ਮਾਇਨੇ ਰੱਖਦੀ ਹੈ। ‘ਸਭ ਕਾ ਸਾਥ ਸਭ ਕਾ ਵਿਕਾਸ’ ਵਰਗੇ ਨਾਹਰਿਆਂ ਦਾ ਆਪਣੇ ਆਪ ਵਿਚ ਕੋਈ ਅਰਥ ਨਹੀਂ ਹੁੰਦਾ। ਲੋਕਾਂ ਦੀ ਰਾਇ ਅਤੇ ਲੋਕਾਂ ਦੇ ਹਿਤਾਂ ਨੂੰ ਸਨਮੁਖ ਰਖ ਕੇ ਹੀ ਵਿਕਾਸ ਲਈ ਵਿਸ਼ਵਾਸ ਪੈਦਾ ਹੁੰਦਾ ਹੈ। ਪ੍ਰਧਾਨ ਮੰਤਰੀ ਸਮੇਤ ਕੇਂਦਰ ਦੇ ਸਾਰੇ ਸੀਨੀਅਰ ਮੰਤਰੀ ਉਂਗਲੀ ਖੜ੍ਹੀ ਕਰ ਕੇ ਦੇਸ਼ਵਾਸੀਆਂ ਨੂੰ ਹਮੇਸ਼ਾ ਨਸੀਹਤ ਦੇਣ ਦੇ ਅੰਦਾਜ਼ ਵਿਚ ਗੱਲ ਕਰਦੇ ਹਨ। ਇਨ੍ਹਾਂ ਦੇ ਅੰਦਾਜ਼ ਵਿਚੋਂ ਇਕੋ ਗੋਇਬਲੀ ਸੁਰ ਸੁਣਾਈ ਦਿੰਦੀ ਹੈ ਕਿ ਜੋ ਅਸੀਂ ਵਾਰ ਵਾਰ ਕਹੀ ਜਾਨੇ ਆਂ, ਉਸ ਨੂੰ ਹੀ ਸੱਚ ਸਮਝੋ।

ਹੁਣ ਕਿਸਾਨ ਅੰਦੋਲਨ ਨੇ ਇਹ ਸਾਬਤ ਕਰ ਦਿਤਾ ਹੈ ਕਿ ‘ਹਮ ਭੀ ਮੂੰਹ ਮੇਂ ਜ਼ਬਾਨ ਰਖਤੇ ਹੈਂ...’ ਪਰ ਸੱਤਾਧਾਰੀਆਂ ਨੂੰ ਲੋਕਾਂ ਦੀ ਜ਼ਬਾਨ ਸਮਝ ਨਹੀਂ ਆਉਂਦੀ। ਉਹ ਤਾਂ ਲੋਕਾਂ ਦੀ ਹੋਂਦ ਤੋਂ ਹੀ ਮੁਨਕਰ ਜਾਪਦੇ ਹਨ। ਇਸ ਲਈ ਹੀ ਤਾਂ ‘ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ’ ਵਾਲੇ ਢੰਗ ਤਰੀਕਿਆਂ ਨਾਲ ਫ਼ੈਸਲੇ ਥੋਪਦੇ ਹਨ। ਲੋਕ-ਜੀਵਨ, ਲੋਕ-ਪਰੰਪਰਾ, ਲੋਕ-ਨੀਤੀਆਂ, ਲੋਕ-ਸਭਿਆਚਾਰ ਇਨ੍ਹਾਂ ਦੇ ਕਿਸੇ ਏਜੰਡੇ ਵਿਚ ਕੋਈ ਥਾਂ ਨਹੀਂ ਰੱਖਦੇ। ਇਹ ਉਂਗਲ ਚੁੱਕ ਕੇ ‘ਮਨ ਕੀ ਬਾਤ’ ਵਿਚਲੀਆਂ ਇਬਾਰਤਾਂ ਨਿੱਤ ਦੁਹਰਾਉਂਦੇ ਹਨ ਪਰ ਜਨਤਾ ਦੇ ਮਨ ਦੀਆਂ ਨੂੰ ਇਹ ਨਹੀਂ ਜਾਣਦੇ।

ਕਿਸਾਨਾਂ ਨਾਲ ਗੱਲਬਾਤ ਦਾ ਅੱਠਵਾਂ ਵੀ ਲੰਘ ਗਿਆ ਹੈ ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ; ਇਹ ਤਾਂ ਹੀ ਲੱਗੇਗੀ ਕਿ ਜੇ ਕਿਸਾਨਾਂ ਦੇ ਨਜ਼ਰੀਏ ਨੂੰ ਇਨ੍ਹਾਂ ਦੀਆਂ ਤਰਜੀਹਾਂ ਵਿਚ ਕਿਧਰੇ ਥਾਂ ਮਿਲੇ। ਕਿਸਾਨਾਂ ਨਾਲ ਗੱਲਬਾਤ ਦੇ ਸੱਤਵੇਂ ਗੇੜ ਤੋਂ ਬਾਅਦ ਖੇਤੀ ਮੰਤਰੀ ਜੀ ਨੇ ਟਿੱਪਣੀ ਕੀਤੀ ਸੀ ਕਿ ‘ਤਾਲੀ ਦੋ ਹਾਥੋਂ ਸੇ ਬਜਤੀ ਹੈ’। ਇਨ੍ਹਾਂ ਦੇ ਹੱਥ ਉਤੇ ਵੱਜਣ ਵਾਲਾ ਹੱਥ ਹੀ ਇਹ ਕਿਸਾਨ ਅੰਦੋਲਨ ਹੈ। ਸਾਡੀ ਪੰਜਾਬੀਆਂ ਦੀ ਇਨ੍ਹਾਂ ਨੂੰ ਬੇਨਤੀ ਹੈ ਕਿ ਵਰ੍ਹ ਰਹੇ ਕੱਕਰ ਅਤੇ ਸੰਘਣੀ ਧੁੰਦ ਵਿਚ ਇਕ ਦਿਨ ਸਿੰਘੂ, ਟਿੱਕਰੀ ਜਾਂ ਦੂਜੇ ਬਾਰਡਰਾਂ ਤੇ ਜਾ ਕੇ ਕਿਸਾਨਾਂ ਦੀ ਏਕਤਾ ਦਾ ਮੰਜ਼ਰ ਦੇਖ ਕੇ ਤਾਂ ਆਉਣ। ਹੁਣ ਬੀਬੀਸੀ ਦੀ ਟੈਲੀਵਿਜ਼ਨ ਪੱਤਰਕਾਰ ਨੇ ਵੀ ਐੱਨਡੀਟੀਵੀ ਤੋਂ ਕਿਸਾਨ ਮੋਰਚੇ ਤੋਂ ਅੱਖੀਂ ਡਿੱਠਾ ਹਾਲ ਦੱਸਿਆ ਹੈ। ਉਸ ਕਿਹਾ ਹੈ ਕਿ ਘੋਰ ਸਰਦੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਅੱਖਾਂ ਵਿਚੋਂ ‘ਚੜ੍ਹਦੀ ਕਲਾ’ ਦਾ ਜਿਹੜਾ ਸੰਕਲਪ ਨਜ਼ਰ ਆਉਂਦਾ ਹੈ, ਉਹ ਅਦੁੱਤੀ ਹੈ। ਕਾਸ਼! ਕਿਤੇ ਭਾਜਪਾ ਸਰਕਾਰ ਦੇ ਮੰਤਰੀ ਵੀ ਚੜ੍ਹਦੀ ਕਲਾ ਦੀ ਇਸ ਇਬਾਰਤ ਨੂੰ ਪੜ੍ਹ ਸਕਣ। ਜਾ ਕੇ ਦੇਖਣ ਕਿ ਲੋਕ-ਸ਼ਕਤੀ ਤੇ ਲੋਕ-ਸਾਂਝ ਕੀ ਹੁੰਦੀ ਹੈ। ਕਿਸਾਨੀ ਕੋਈ ਪੇਸ਼ਾ ਨਹੀਂ। ਇਹ ਤਾਂ ਜੀਵਨ ਜਾਚ ਹੈ, ਜਿਊਣ ਦਾ ਅਜਿਹਾ ਅੰਦਾਜ਼ ਹੈ ਜਿਹੜਾ ਵਪਾਰ ਕਦੇ ਨਹੀਂ ਬਣ ਸਕਦਾ। ਇਹ ਵਪਾਰੀਆਂ ਦੀ ਸਰਕਾਰ ਇਨ੍ਹਾਂ ਗੱਲਾਂ ਨੂੰ ਕੀ ਜਾਣੇ। ਇਹ ਤਾਂ ਸੱਤਾ ਦੀ ਹਰਿਆਵਲ ਨੂੰ ਹੀ ਮਾਣਨਾ ਜਾਣਦੀ ਹੈ। ਇਕ ਅਖੌਤ ਹੈ: ‘ਸਾਉਣ ਦੇ ਅੰਨ੍ਹੇ ਨੂੰ ਹਰ ਪਾਸੇ ਹਰਾ ਹੀ ਹਰਾ ਦਿਖਾਈ ਦਿੰਦਾ ਹੈ’, ਇਸੇ ਤਰ੍ਹਾਂ ਇਨ੍ਹਾਂ ਨੂੰ ਜ਼ਿੰਦਗੀ ਦਾ ਹਰ ਪਹਿਲੂ ਵਪਾਰ ਹੀ ਲਗਦਾ ਹੈ। ਕਿਸਾਨਾਂ ਵਲੋਂ ਵਪਾਰ ਦੀ ਤਾਲੀ ਵਜਾਉਣ ਵਾਲਾ ਹੱਥ ਅੱਗੇ ਨਹੀਂ ਵਧ ਸਕੇਗਾ। ਇਹ ਖੇਤੀ ਕਾਨੂੰਨ ਇਕ ਵਾਰੀ ਤਾਂ ਵਾਪਸ ਹੋਣੇ ਹੀ ਚਾਹੀਦੇ ਹਨ। ਜਦੋਂ ਦੁਨੀਆ ਦੇ ਹਰ ਹਿੱਸੇ ਵਿਚੋਂ ਕਿਸਾਨ ਮੋਰਚੇ ਨੂੰ ਸਮਰਥਨ ਮਿਲ ਰਿਹਾ ਹੈ, ਸਰਕਾਰ ਫਿਰ ਵੀ ‘ਮਂੈ ਨਾ ਮਾਨੂੰ’ ਵਾਲਾ ਅੜੀਅਲ ਅਤੇ ਤਰਕਹੀਣ ਰਵੱਈਆ ਅਖ਼ਤਿਆਰ ਕਰੀ ਬੈਠੀ ਹੈ।

ਸੰਪਰਕ: 98149-02564

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All