ਹਮੀਰ ਸਿੰਘ
ਜਾਬ ਦੀ ਇਤਿਹਾਸਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਲਈ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਬਣਾਈ ਕਮੇਟੀ ਦੀ ਰਿਪੋਰਟ, ਪਾਰਟੀ ਦੀ ਕੋਰ ਕਮੇਟੀ ਨੇ 27 ਜੁਲਾਈ ਦੀ ਮੀਟਿੰਗ ਵਿਚ ਪ੍ਰਵਾਨ ਕਰ ਲਈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 29 ਜੁਲਾਈ ਨੂੰ ਪਾਰਟੀ ਦਾ ਜਥੇਬੰਦਕ ਢਾਂਚਾ ਅਤੇ ਦਲ ਨਾਲ ਸਬੰਧਿਤ ਜਨਤਕ ਜਥੇਦੰਬੀਆਂ ਦੀਆਂ ਅਹੁਦੇਦਾਰੀਆਂ ਭੰਗ ਕਰਨ ਦਾ ਐਲਾਨ ਕਰ ਦਿੱਤਾ। ਜਥੇਬੰਦਕ ਢਾਂਚੇ ਭੰਗ ਕਰਨ ਦਾ ਹੱਕਾਂ ਬਾਰੇ ਵਿਵਾਦ ਵੀ ਛਿੜਿਆ ਹੈ। ਇਹ ਸਾਰਾ ਮਾਮਲਾ ਪਾਰਟੀ ਦੇ ਸੰਵਿਧਾਨ ਨੂੰ ਜਾਣਨ ਦੀ ਦਿਲਚਸਪੀ ਪੈਦਾ ਕਰਦਾ ਹੈ। 5 ਸਤੰਬਰ 2018 ਨੂੰ ਭਾਰਤ ਦੇ ਚੋਣ ਕਮਿਸ਼ਨ ਦੀ ਵੈੱਬਸਾਈਟ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਅੰਗਰੇਜ਼ੀ ਦੇ 12 ਪੰਨਿਆਂ ਦਾ ਸੰਵਿਧਾਨ ਮੌਜੂਦ ਹੈ। ਇਸ ਤੋਂ ਪਿੱਛੋਂ ਦਸੰਬਰ 2019 ਨੂੰ ਜਨਰਲ ਇਜਲਾਸ ਹੋਇਆ ਹੈ।
ਪ੍ਰਸ਼ਨ: ਜਨਰਲ ਇਜਲਾਸ ਕਿੰਨੀ ਦੇਰ ਬਾਅਦ ਹੋਣਾ ਚਾਹੀਦਾ ਹੈ? ਪ੍ਰਧਾਨ ਦੀ ਚੋਣ ਕਿਵੇਂ ਹੁੰਦੀ ਹੈ?
ਉੱਤਰ: ਸੰਵਿਧਾਨ ਮੁਤਾਬਿਕ ਹਰ ਤਿੰਨ ਸਾਲ ਪਿੱਛੋਂ ਜਨਰਲ ਇਜਲਾਸ ਅੰਦਰ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਹੈ। 2008 ਤੋਂ ਪਿੱਛੋਂ ਇਹ ਕਰੀਬ ਪੰਜ ਸਾਲ ਬਾਅਦ ਹੀ ਹੋਈ ਹੈ। ਇਜਲਾਸ ਦੌਰਾਨ ਪੰਜਾਬ ਅਤੇ ਦੇਸ਼ ਤੇ ਵਿਦੇਸ਼ਾਂ ਦੇ 500 ਡੈਲੀਗੇਟ ਹਿੱਸਾ ਲੈਂਦੇ ਹਨ; ਮਸਲਨ, ਸੁਖਬੀਰ ਸਿੰਘ ਬਾਦਲ 31 ਜਨਵਰੀ 2008 ਦੇ ਡੈਲੀਗੇਟ ਇਜਲਾਸ ਵਿਚ ਪਹਿਲੀ ਵਾਰ ਪ੍ਰਧਾਨ ਬਣੇ। ਉਸ ਸਮੇਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਨ੍ਹਾਂ ਦੇ ਨਾਮ ਦੀ ਪੇਸ਼ਕਸ਼ ਕੀਤੀ, ਕੈਪਟਨ ਕੰਵਲਜੀਤ ਸਿੰਘ ਨੇ ਤਾਈਦ ਕੀਤੀ ਅਤੇ ਸੁਖਦੇਵ ਸਿੰਘ ਢੀਂਡਸਾ ਤਾਈਦ ਮਜ਼ੀਦ ਕੀਤੀ। ਦਸੰਬਰ 2013 ਵਿਚ ਪ੍ਰਧਾਨਗੀ ਲਈ ਰਣਜੀਤ ਸਿੰਘ ਬ੍ਰਹਮਪੁਰਾ ਨੇ ਨਾਮ ਦੀ ਪੇਸ਼ਕਸ਼ ਕੀਤੀ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਤਾਈਦ ਕੀਤੀ ਸੀ। 14 ਦਸੰਬਰ 2019 ਦੇ ਇਜਲਾਸ ਤੱਕ ਬ੍ਰਹਮਪੁਰਾ ਤੇ ਢੀਂਡਸਾ ਅਕਾਲੀ ਦਲ ਛੱਡ ਚੁੱਕੇ ਸਨ ਅਤੇ ਸੁਖਬੀਰ ਸਿੰਘ ਬਾਦਲ ਦੇ ਤੀਸਰੀ ਵਾਰ ਪ੍ਰਧਾਨ ਬਣਨ ਲਈ ਨਾਮ ਦੀ ਪੇਸ਼ਕਸ਼ ਜਥੇਦਾਰ ਤੋਤਾ ਸਿੰਘ ਨੇ ਕੀਤੀ ਅਤੇ ਜਗਮੀਤ ਸਿੰਘ ਬਰਾੜ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਤਾਈਦ ਕੀਤੀ ਸੀ।
ਪ੍ਰਸ਼ਨ: ਜਥੇਬੰਦਕ ਢਾਂਚਾ ਕੀ ਹੈ?
ਉੱਤਰ: ਕਿਸੇ ਵੀ ਪਿੰਡ, ਕਸਬੇ ਜਾਂ ਸ਼ਹਿਰ ਵਿਚ ਅਕਾਲੀ ਦਲ ਦੀ ਕਮੇਟੀ (ਜਥਾ) ਬਣਾਉਣ ਲਈ ਘੱਟੋ-ਘੱਟ 10 ਮੈਂਬਰ ਹੋਣੇ ਜ਼ਰੂਰੀ ਹਨ। ਕਿਸੇ ਪਿੰਡ, ਸ਼ਹਿਰ ਜਾਂ ਕਸਬੇ ਵਿਚ ਇਕ ਹੀ ਜਥਾ ਹੋਵੇਗਾ। ਸਰਕਲ ਅਕਾਲੀ ਜਥਾ ਬਣਾਉਣ ਲਈ ਘੱਟੋ-ਘੱਟ 100 ਮੁੱਢਲੇ (ਪ੍ਰਾਇਮਰੀ) ਮੈਂਬਰ ਜਾਂ ਪੰਜ ਜਥੇ ਹੋਣੇ ਜ਼ਰੂਰੀ ਹਨ। ਵਰਕਿੰਗ ਕਮੇਟੀ ਸਰਕਲ ਦੀਆਂ ਹੱਦਾਂ ਨਿਸ਼ਚਤ ਕਰਨ ਦਾ ਅਧਿਕਾਰ ਰੱਖਦੀ ਹੈ। ਜ਼ਿਲ੍ਹਾ ਅਕਾਲੀ ਜਥੇ ਦੀ ਚੋਣ ਸਰਕਲ ਡੈਲੀਗੇਟ ਕਰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਰ ਯੂਨਿਟ ਵਿਚ ਘੱਟੋ-ਘੱਟ ਦੋ ਅਹੁਦੇਦਾਰ ਅਤੇ ਤਿੰਨ ਮੈਂਬਰ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਤੋਂ ਹੋਣਗੇ। ਹਰ ਯੂਨਿਟ ਵਿਚ ਘੱਟੋ-ਘੱਟ ਇਕ ਮਹਿਲਾ ਮੈਂਬਰ ਹੋਵੇਗੀ।
ਪ੍ਰਸ਼ਨ: ਦਲ ਦੇ ਕਿੰਨੇ ਅਹੁਦੇਦਾਰ ਹੋ ਸਕਦੇ ਹਨ?
ਉੱਤਰ: ਦੋ ਸਰਪ੍ਰਸਤ ਹੋ ਸਕਦੇ ਹਨ। ਇਕ ਪ੍ਰਧਾਨ, ਚਾਰ ਸੀਨੀਅਰ ਮੀਤ ਪ੍ਰਧਾਨ, ਚਾਰ ਮੀਤ ਪ੍ਰਧਾਨ, ਇਕ ਸਕੱਤਰ ਜਨਰਲ, ਛੇ ਜਨਰਲ ਸਕੱਤਰ, ਇਕ ਸਕੱਤਰ, ਦੋ ਜਥੇਬੰਦਕ ਸਕੱਤਰ, ਇਕ ਪ੍ਰੈੱਸ ਸਕੱਤਰ ਅਤੇ ਇਕ ਖਜ਼ਾਨਚੀ ਹੋਣਗੇ। ਇਹ ਵਿਸ਼ੇਸ਼ ਤੌਰ ਉੱਤੇ ਨੋਟ ਕੀਤਾ ਗਿਆ ਹੈ ਕਿ ਜ਼ਰੂਰਤ ਅਨੁਸਾਰ ਅਹੁਦੇਦਾਰਾਂ ਦੀ ਗਿਣਤੀ ਵਧਾਉਣ ਅਤੇ ਘਟਾਉਣ ਦਾ ਅਧਿਕਾਰ ਪ੍ਰਧਾਨ ਕੋਲ ਹੋਵੇਗਾ। ਕਿਸੇ ਖਾਲੀ ਹੋਏ ਅਹੁਦੇ ਉੱਤੇ ਨਿਯੁਕਤੀ ਵੀ ਪ੍ਰਧਾਨ ਕਰੇਗਾ। ਪ੍ਰਧਾਨਗੀ ਦਾ ਅਹੁਦਾ ਖਾਲੀ ਹੋਣ ਉੱਤੇ ਵਰਕਿੰਗ ਕਮੇਟੀ ਨੂੰ ਹੱਕ ਹੈ ਕਿ ਉਹ ਅਗਲੀ ਚੋਣ ਤੱਕ ਕਿਸੇ ਨੂੰ ਪ੍ਰਧਾਨ ਚੁਣ ਸਕਦੀ ਹੈ। ਇਸੇ ਤਰ੍ਹਾਂ ਦਾ ਨਿਯਮ ਜ਼ਿਲ੍ਹਾ ਅਤੇ ਸਰਕਲ ਦੇ ਪ੍ਰਧਾਨਾਂ ਉੱਤੇ ਲਾਗੂ ਹੁੰਦਾ ਹੈ। ਕਿਸੇ ਅਹੁਦੇਦਾਰ ਨੂੰ ਤਿੰਨ ਮਹੀਨਿਆਂ ਤੋਂ ਵੱਧ ਜੇਲ੍ਹ ਭੇਜਣ ਉੱਤੇ ਵਰਕਿੰਗ ਕਮੇਟੀ ਆਰਜ਼ੀ ਤੌਰ ਉੱਤੇ ਨਿਯੁਕਤੀ ਕਰਦੀ ਹੈ।
ਪ੍ਰਸ਼ਨ: ਪਾਰਟੀ ਦੀਆਂ ਕਿੰਨੀਆਂ ਕਮੇਟੀਆਂ ਹਨ?
ਉੱਤਰ: ਸੰਵਿਧਾਨ ਅਨੁਸਾਰ ਤਿੰਨ ਕਮੇਟੀਆਂ ਹਨ: ਸਿਆਸੀ ਮਾਮਲਿਆਂ ਦੀ ਕਮੇਟੀ ਦੇ 25, ਵਰਕਿੰਗ ਕਮੇਟੀ ਦੇ 51 ਅਤੇ ਜਨਰਲ ਕੌਂਸਲ ਦੇ 101 ਮੈਂਬਰ ਹੋ ਸਕਦੇ ਹਨ।
ਪ੍ਰਸ਼ਨ: ਕਮੇਟੀਆਂ ਦੀਆਂ ਮੀਟਿੰਗਾਂ ਦੀ ਕੀ ਵਿਧੀ ਹੈ?
ਉੱਤਰ: ਅਕਾਲੀ ਦਲ ਦੀ ਜਨਰਲ ਬਾਡੀ (ਕੌਂਸਲ+ਵਰਕਿੰਗ ਕਮੇਟੀ+ਸਿਆਸੀ ਮਾਮਲਿਆਂ ਦੀ ਕਮੇਟੀ) ਦੀ ਮੀਟਿੰਗ ਸਾਲ ’ਚ ਇਕ ਵਾਰ ਹੋਣੀ ਜ਼ਰੂਰੀ ਹੈ ਜਿਸ ’ਚ ਦਲ ਦੀਆਂ ਪੂਰੇ ਸਾਲ ਦੀਆਂ ਸਰਗਰਮੀਆਂ ਦਾ ਲੇਖਾ-ਜੋਖਾ ਹੁੰਦਾ ਹੈ। ਕੋਰਮ ਲਈ ਕਮੇਟੀ ਮੈਂਬਰਾਂ ਦਾ 5ਵਾਂ ਹਿੱਸਾ (20%) ਮੈਂਬਰਾਂ ਦੀ ਜ਼ਰੂਰਤ ਹੈ। ਵਰਕਿੰਗ ਕਮੇਟੀ ਦੀ ਮੀਟਿੰਗ ਦੇ ਕੋਰਮ ਲਈ ਇਕ ਤਿਹਾਈ ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਹੈ। ਸਿਆਸੀ ਮਾਮਲਿਆਂ ਦੀ ਕਮੇਟੀ ਅਤੇ ਵਰਕਿੰਗ ਕਮੇਟੀ ਦੀ ਮੀਟਿੰਗ ਦੋ ਮਹੀਨਿਆਂ ਅੰਦਰ ਇਕ ਵਾਰ ਹੋਣੀ ਚਾਹੀਦੀ ਹੈ।
ਪ੍ਰਸ਼ਨ: ਇਸ ਸਮੇਂ ਵਰਕਿੰਗ ਕਮੇਟੀ ਦੇ ਕਿੰਨੇ ਮੈਂਬਰ ਹਨ?
ਉੱਤਰ: ਸੁਖਬੀਰ ਸਿੰਘ ਬਾਦਲ ਦੇ 15 ਮਾਰਚ 2021 ਨੂੰ ਜਾਰੀ ਪ੍ਰੈੱਸ ਬਿਆਨ ਰਾਹੀਂ ਵਰਕਿੰਗ ਕਮੇਟੀ ਦੇ 87 ਮੈਂਬਰਾਂ ਦੀ ਸੂਚੀ ਜਾਰੀ ਕੀਤੀ ਸੀ। 17 ਜਨਵਰੀ 2016 ਨੂੰ ਡਾ. ਦਲਜੀਤ ਸਿੰਘ ਚੀਮਾ ਦੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ 100 ਮੈਂਬਰਾਂ ਦੇ ਨਾਮ ਜਾਰੀ ਕੀਤੇ ਗਏ ਅਤੇ ਕਿਹਾ ਗਿਆ ਕਿ ਵਰਕਿੰਗ ਕਮੇਟੀ, ਵਿਸ਼ੇਸ਼ ਆਮੰਤ੍ਰਿਤ ਮੈਂਬਰ ਅਤੇ ਸਲਾਹਕਾਰ ਕਮੇਟੀ ਦੇ 170 ਮੈਂਬਰ ਹੋਣਗੇ।
ਪ੍ਰਸ਼ਨ: ਕੀ ਪ੍ਰਧਾਨ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਜਾ ਸਕਦਾ ਹੈ?
ਉੱਤਰ: ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਏਜੰਡਾ ਸਰਕੂਲੇਟ ਕਰਨ ਤੋਂ ਬਾਅਦ ਪ੍ਰਧਾਨ ਖਿ਼ਲਾਫ਼ ਬੇਭਰੋਸਗੀ ਦਾ ਮਤਾ ਲਿਆਂਦਾ ਜਾ ਸਕਦਾ ਹੈ। ਜੇ ਬੇਭਰੋਸਗੀ ਦਾ ਮਤਾ ਪਾਸ ਹੋ ਜਾਂਦਾ ਹੈ ਤਾਂ ਪ੍ਰਧਾਨ ਦਾ ਅਹੁਦਾ ਖਾਲੀ ਸਮਝਿਆ ਜਾਵੇਗਾ ਅਤੇ ਉਸੇ ਮੀਟਿੰਗ ਵਿਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਜੇ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਬੇਭਰੋਸਗੀ ਦਾ ਮਤਾ ਪਾਸ ਹੁੰਦਾ ਹੈ ਤਾਂ ਇਸ ਦੇ ਖਿਲਾਫ਼ ਅਪੀਲ ਜਨਰਲ ਹਾਊਸ ਵਿਚ ਕੀਤੀ ਜਾ ਸਕਦੀ ਹੈ। ਇਹੀ ਨਿਯਮ ਹੋਰਾਂ ਜਥਿਆਂ ਦੇ ਪ੍ਰਧਾਨਾਂ ਉੱਤੇ ਲਾਗੂ ਹੁੰਦਾ ਪਰ ਬੇਭਰੋਸਗੀ ਦਾ ਮਤਾ ਦਲ ਦੀ ਮਨਜ਼ੂਰੀ (?) ਨਾਲ ਲਿਆਉਣਾ ਜ਼ਰੂਰੀ ਹੈ। ਬੇਭਰੋਸਗੀ ਦਾ ਮਤਾ ਪ੍ਰਧਾਨਗੀ ਦੀ ਚੋਣ ਤੋਂ ਤਿੰਨ ਮਹੀਨਿਆਂ ਦੇ ਅੰਦਰ ਨਹੀਂ ਲਿਆਂਦਾ ਜਾ ਸਕਦਾ। ਪ੍ਰਧਾਨ ਨੂੰ ਹਟਾਉਣ ਲਈ ਬੇਭਰੋਸਗੀ ਦਾ ਮਤਾ ਸਬੰਧਿਤ ਜਨਰਲ ਹਾਊਸ ਵਿਚ ਬਹੁਸੰਮਤੀ ਨਾਲ ਪਾਸ ਹੋਣਾ ਜ਼ਰੂਰੀ ਹੈ।
ਪ੍ਰਸ਼ਨ: ਕਮੇਟੀਆਂ ਦੀਆਂ ਮੀਟਿੰਗਾਂ ਸੱਦਣ ਦੇ ਅਧਿਕਾਰ ਕਿਸ ਕੋਲ ਹਨ?
ਉੱਤਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕਮੇਟੀਆਂ ਦੀਆਂ ਮੀਟਿੰਗਾਂ ਸੱਦਣ ਦਾ ਅਧਿਕਾਰ ਹੈ। ਜੇ ਪ੍ਰਧਾਨ ਮੀਟਿੰਗ ਨਾ ਬੁਲਾ ਰਿਹਾ ਹੋਵੇ ਤਾਂ ਜਰਨਲ ਹਾਊਸ ਦੇ 30 ਜਾਂ (ਜਰਨਲ) ਕੌਂਸਲ ਦੇ 10 ਮੈਂਬਰ ਜਾਂ ਵਰਕਿੰਗ ਕਮੇਟੀ ਦੇ 5 ਮੈਂਬਰ ਮੀਟਿੰਗ ਬੁਲਾਉਣ ਦੀ ਅਪੀਲ ਕਰ ਸਕਦੇ ਹਨ। ਪ੍ਰਧਾਨ ਉਨ੍ਹਾਂ ਦੀ ਅਪੀਲ ਉੱਤੇ ਮੀਟਿੰਗ ਬੁਲਾਉਣ ਲਈ ਪਾਬੰਦ ਹੋਵੇਗਾ। ਜੇ ਪ੍ਰਧਾਨ ਮੀਟਿੰਗ ਦਾ ਨੋਟਿਸ ਦਿੱਤੇ ਜਾਣ ਤੋਂ ਸੱਤ ਦਿਨਾਂ ਦਿਨਾਂ ਤੱਕ ਜਰਨਲ ਹਾਊਸ ਦੀ ਇਕ ਮਹੀਨੇ ਅੰਦਰ ਅਤੇ ਕੌਂਸਲ ਦੀ 15 ਦਿਨਾਂ ਅੰਦਰ ਅਤੇ ਵਰਕਿੰਗ ਕਮੇਟੀ ਦੀ ਸੱਤ ਦਿਨਾਂ ਦੇ ਅੰਦਰ ਮੀਟਿੰਗ ਦੀ ਤਾਰੀਖ਼ ਨਿਸਚਤ ਕਰਨ ਵਿਚ ਅਸਫ਼ਲ ਰਹਿੰਦਾ ਹੈ ਤਾਂ ਨੋਟਿਸ ਦੇਣ ਵਾਲੇ ਮੈਂਬਰ ਖ਼ੁਦ ਸਬੰਧਿਤ ਕਮੇਟੀ ਦੀ ਮੀਟਿੰਗ ਬੁਲਾ ਸਕਦੇ ਹਨ। ਇਹ ਮੀਟਿੰਗ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਹੋ ਸਕਦੀ ਹੈ।
ਪ੍ਰਸ਼ਨ: ਜਥਿਆਂ ਜਾਂ ਕਮੇਟੀਆਂ ਨੂੰ ਭੰਗ ਕਰਨ ਦੇ ਅਧਿਕਾਰ ਕਿਸ ਕੋਲ ਹਨ ?
ਉੱਤਰ: ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕਿਸੇ ਵੀ ਜਥੇ ਨੂੰ ਭੰਗ ਕਰਨ ਦਾ ਅਧਿਕਾਰ ਹੈ; ਜੇ ਜਥਾ ਪਾਰਟੀ ਦੇ ਨਿਯਮਾਂ, ਮਤਿਆਂ, ਦਿਸ਼ਾ-ਨਿਰਦੇਸ਼ਾਂ ਜਾਂ ਜਥੇਬੰਦਕ ਜਿ਼ੰਮੇਵਾਰੀ ਨਿਭਾਉਣ ਤੋਂ ਇਨਕਾਰ ਕਰ ਦੇਵੇ ਜਾਂ ਪਾਰਟੀ ਦੇ ਹਿੱਤਾਂ ਖਿ਼ਲਾਫ਼ ਕੰਮ ਕਰੇ। ਇਸ ਹਾਲਾਤ ਵਿਚ ਵਰਕਿੰਗ ਕਮੇਟੀ ਅਸਥਾਈ ਜਥਾ ਬਣਾ ਸਕਦੀ ਹੈ। ਇਸੇ ਦੌਰਾਨ ਨਵੀਂ ਭਰਤੀ ਕਰਕੇ ਚੋਣ ਪ੍ਰਕਿਰਿਆ ਰਾਹੀਂ ਜਥਾ ਬਣਾਇਆ ਜਾਵੇਗਾ। ਵਰਕਿੰਗ ਕਮੇਟੀ ਕਿਸੇ ਵੀ ਮੈਂਬਰ ਨੂੰ ਪਾਰਟੀ ਤੋਂ ਕੱਢ ਸਕਦੀ ਹੈ। ਜ਼ਿਲ੍ਹਾ ਅਕਾਲੀ ਜਥਾ ਕਿਸੇ ਮੈਂਬਰ ਨੂੰ ਮੁਅੱਤਲ ਕਰ ਸਕਦਾ ਹੈ।