ਚੱਲ ਮੇਰਿਆ ਪੁੱਤਾ...

ਚੱਲ ਮੇਰਿਆ ਪੁੱਤਾ...

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

ਸਮੇਂ ਦੀ ਚੱਕੀ ਦੇ ਪੁੜਾਂ ਵਿਚਾਲੇ ਪੀਹ ਹੁੰਦੀ ਨੂੰ ਭਾਵੇਂ ਤੀਹਵਾਂ ਸਾਲ ਹੈ ਪਰ ਹੱਸਦੀ ਉਹ ਅਜੇ ਵੀ ਹਿੜ ਹਿੜ ਕਰਕੇ ਹੈ। ਫੁੱਫੜ ਮਿਹਰ ਸਿੰਘ ਦਾ ਵੀ ਇਸੇ ਤਰ੍ਹਾਂ ਦਾ ਹੀ ਹਾਸਾ ਰਿਹਾ, ਭਾਵੇਂ ਅਫਸੋਸ ਤੇ ਕਿਉਂ ਨਾ ਬੈਠਾ ਹੋਵੇ। ਨਿੱਕੀ ਜਿਹੀ ਗੱਲ ਤੇ ਬਹੁਤੀ ਵਾਰ ਉਹਦੀ ਹਿੜ ਹਿੜ ਮੁੱਕਦੀ ਹੀ ਨਾ। ਫੁੱਫੜ ਦੇ ਹਾਸੇ ਵਿਚੋਂ ਤਾਂ ਮਾਸੂਮੀਅਤ ਦੀ ਝਲਕ ਪੈਂਦੀ ਸੀ ਪਰ ਇਹਦੀ ਹਿੜ ਹਿੜ ਤੋਂ ਸਾਫ਼ ਪਤਾ ਲੱਗਦਾ ਕਿ ਹਾਸਾ ਧੌਣ ਤੋਂ ਉਪਰੋਂ ਉਪਰੋਂ ਨਿਕਲਦਾ। ਫੁੱਫੜ ਨੇ ਸਾਰੀ ਉਮਰ ਕੋਈ ਗੱਲ ਦਿਲ ਤੇ ਨਹੀਂ ਸੀ ਲਾਈ। ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਮਸਤ-ਮੌਲਾ ਬੰਦਾ ਸੀ। ਇਹ ਵਿਚਾਰੀ ਤਾਂ ਸਾਲਾਂ ਤੋਂ ਪੀੜ ਪੀੜ ਹੋ ਰਹੀ ਹੈ। ਕਹਿੰਦੇ ਨੇ, ਬਾਰਾਂ ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ, ਇਸ ਤੇ ਤਾਂ ਇਹ ਅਖਾਣ ਵੀ ਨਹੀਂ ਢੁਕਦੀ।

ਬਚਪਨ ਉਹਦਾ ਵੀ ਸਹੇਲੀਆਂ ਵਾਂਗ ਗੁੱਡੀਆਂ ਪਟੋਲਿਆਂ ਨਾਲ ਖੇਡਦਿਆਂ ਲੰਘਿਆ। ਬਸ ਘਰਦਿਆਂ ਨੇ ਵੱਡਾ ਘਰ ਦੇਖ ਕੇ ਵਿਆਹ ਦੀ ਕਾਹਲੀ ਕੀ ਕੀਤੀ, ਉਹਦੀ ਜ਼ਿੰਦਗੀ ਨੂੰ ਜਿਵੇਂ ਉਮਰ ਭਰ ਦਾ ਗ੍ਰਹਿਣ ਲੱਗ ਗਿਆ। ਮੁਕਲਾਵੇ ਵਾਲੀ ਰਾਤ ਹੀ ਉਹਨੂੰ ਭਿਣਕ ਪੈ ਗਈ ਸੀ ਕਿ ਮੁੰਡਾ ਅਮਲੀ ਹੈ ਪਰ ਬਾਪ ਦੀ ਇੱਜ਼ਤ ਬਾਰੇ ਸੋਚ ਕੇ ਉਹਨੇ ਬੁੱਲ੍ਹਾਂ ਨੂੰ ਤੋਪਾ ਮਾਰ ਲਿਆ। ਕੁਝ ਆਪਣੇ ਆਪ ਤੇ ਮਾਣ ਵੀ ਸੀ, ਬਈ ਪਿਆਰ ਨਾਲ ਉਹਨੂੰ ਢਾਲ ਲਵੇਗੀ। ਢਾਈ ਸਾਲੀਂ ਉਨ੍ਹਾਂ ਦੇ ਘਰ ਧੀ ਨੇ ਕਿਲਕਾਰੀ ਮਾਰੀ। ਪਤੀ ਕਹੇ, “ਕਿੱਥੇ ਪੱਥਰ ਜੰਮ’ਤਾ। ਦਿਲ ਕਰਦਾ ਮੰਜੇ ਤੇ ਨਾਲ ਪਈ ਨੂੰ ਵੱਖੀ ਹੇਠ ਦੇ ਕੇ ਮਾਰ ਦਿਆਂ।” ਉਹਦੀਆਂ ਅੱਖਾਂ ਦੇ ਕੋਏ ਦਿਨੇ ਰਾਤੀਂ ਗਿੱਲੇ ਰਹਿਣ ਲੱਗੇ। ਫਿਰ ਛੇ ਮਹੀਨੇ ਬਾਅਦ ਹੀ ਉਹਨੇ ਪਤੀ ਦੀ ਗੱਲ ਮੰਨ ਲਈ। ਮੁੰਡੇ ਦੀ ਚਾਹਤ ਲਈ ਉਹ ਮਾਹਿਲਪੁਰ ਵਾਲੇ ਬਾਬੇ ਦੇ ਡੇਰੇ ਵੀ ਗਈ ਤੇ ਪੁੰਿਨਆਂ ਦੀਆਂ ਚੌਂਕੀਆਂ ਵੀ ਭਰੀਆਂ। ਫਿਰ ਝੋਲੀ ਪੁੱਤਰ ਤਾਂ ਪਿਆ ਪਰ ਇਕ ਪੈਰ ਟੇਢਾ ਅਤੇ ਦੋਵੇਂ ਬਾਹਾਂ ਵੱਟ ਖਾਧੀਆਂ ਸਨ। ਪੁੱਤਰ ਬਾਰੇ ਅਜਿਹੀ ਭਿਣਕ ਪੈਂਦਿਆਂ ਉਹ ਘਰ ਛੱਡ ਕੇ ਨਿਕਲ ਗਿਆ ਸੀ।

ਉਹਨੇ ਦੋਵੇਂ ਬੱਚੇ ਹੱਡ-ਭੰਨਵੀਂ ਮਿਹਨਤ ਕਰਕੇ ਪਾਲੇ। ਧੀ ਨੂੰ 13ਵੇਂ ਸਾਲ ਵਿਚ ਬੁਖ਼ਾਰ ਕੀ ਚੜ੍ਹਿਆ ਕਿ ਜਾਨ ਲੈ ਕੇ ਹੀ ਗਿਆ। ਪੁੱਤਰ ਨੂੰ ਤੁਰਨ ਲਈ ਵੈਸਾਖੀਆਂ ਦੀ ਲੋੜ ਪੈਂਦੀ ਸੀ। ਫਿਰ ਵੀ ਉਹ ਆਪਣੇ ਪੁੱਤਰ ਨਾਲ ਖੁਸ਼ ਸੀ। ਪਹਿਲਾਂ ਪਹਿਲ ਤਾਂ ਉਹਦਾ ਗੁਜ਼ਾਰਾ ਚੱਲਦਾ ਰਿਹਾ ਪਰ ਹੁਣ ਆ ਕੇ ਲੱਗਾ ਕਿ ਕੁਝ ਨਾ ਪਾਈਏ ਤਾਂ ਖੂਹ ਵੀ ਖਾਲੀ ਹੋ ਜਾਂਦਾ। ਉਹ ਪੁੱਤਰ ਨੂੰ ਗੁਆਂਢੀਆਂ ਦੇ ਸਹਾਰੇ ਛੱਡ ਕੇ ਨੌਕਰੀ ਤੇ ਜਾਣ ਲੱਗ ਪਈ। ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿਚ ਉਹਨੂੰ ਟੀਚਰ ਦੀ ਨੌਕਰੀ ਮਿਲ ਗਈ ਸੀ।

ਉਹਦੇ ਦਿਨ ਫਿਰਨ ਲੱਗੇ ਪਰ ਛੇਤੀ ਹੀ ਇੰਜ ਲੱਗਾ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਪੁੱਤਰ ਬਿਮਾਰ ਰਹਿਣ ਲੱਗਾ। ਸ਼ਹਿਰ ਦਾ ਕੋਈ ਚੰਗਾ ਡਾਕਟਰ ਨਹੀਂ ਛੱਡਿਆ ਪਰ ਮਰਜ਼ ਕਿਸੇ ਦੀ ਸਮਝ ਨਾ ਪਵੇ। ਜ਼ਿਲ੍ਹਾ ਹਸਪਤਾਲ ਦੇ ਮੈਡੀਕਲ ਅਫ਼ਸਰ ਨੇ ਉਹਨੂੰ ਪੀਜੀਆਈ ਤੋਰ ਦਿੱਤਾ। ਉਹ ਪੀਜੀਆਈ ਕੀ ਆਈ, ਉਸ ਉੱਤੇ ਜਿਵੇਂ ਅਸਮਾਨ ਡਿੱਗ ਪਿਆ। ਡਾਕਟਰ ਨੇ ਪੈਂਦੀ ਸੱਟੇ ਕਹਿ ਦਿੱਤਾ ਕਿ ਬੱਚੇ ਦਾ ਗੁਰਦਾ ਖ਼ਰਾਬ ਹੈ। ਇਲਾਜ ਤਾਂ ਚੱਲੇਗਾ ਹੀ ਪਰ ਟੰਟਾ ਤਾਂ ਗੁਰਦਾ ਬਦਲਣ ਨਾਲ ਹੀ ਵੱਢਿਆ ਜਾਵੇਗਾ। ਉਹਨੇ ਨਵਾਂ ਸ਼ਹਿਰ ਵਾਲਾ ਪਲਾਟ ਵੇਚ ਕੇ ਗੁਰਦਾ ਬਦਲਣ ਲਈ ਹਾਮੀ ਭਰ ਦਿੱਤੀ। ਰਹਿਣ ਲਈ ਚੰਡੀਗੜ੍ਹ ਉਹਦਾ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ ਸੀ, ਉਹ ਸੈਣੀ ਭਵਨ ਵਿਚ ਰੁਕ ਗਈ, ਇਹ ਪੀਜੀਆਈ ਤੋਂ ਬਹੁਤਾ ਦੂਰ ਨਹੀਂ ਸੀ ਪੈਂਦਾ।

ਬੱਚੇ ਦਾ ਇਲਾਜ ਚੱਲ ਪਿਆ ਪਰ ਇਸ ਦੇ ਬਾਵਜੂਦ ਹਾਲਤ ਵਿਗੜਦੀ ਗਈ। ਇਕ ਦਿਨ ਮਾਂ ਪੁੱਤਰ ਦੋਹਾਂ ਨੂੰ ਡਾਕਟਰ ਦੇ ਹੱਥ ਖੜ੍ਹੇ ਲੱਗਣ ਲੱਗੇ। ਪੀਜੀਆਈ ਦੇ ਡਾਕਟਰਾਂ ਦੀ ਇਕ ਖ਼ਾਸੀਅਤ ਹੈ: ਉਹ ਮਰੀਜ਼ ਨੂੰ ਬਹੁਤਾ ਚਿਰ ਹਨੇਰੇ ਵਿਚ ਨਹੀਂ ਰੱਖਦੇ। ਮਰੀਜ਼ ਜੇਰੇ ਵਾਲਾ ਹੋਵੇ ਤਾਂ ਉਹਨੂੰ, ਨਹੀਂ ਤਾਂ ਉਪਰਲੇ ਬੰਦੇ ਨੂੰ ਬਿਮਾਰੀ ਦੀ ਗੰਭੀਰਤਾ ਬਾਰੇ ਇਸ਼ਾਰਾ ਕਰ ਦਿੰਦੇ ਹਨ। ਇਕ ਦਿਨ ਜਦੋਂ ਡਾਕਟਰ ਨੇ ਬੁਲਾ ਕੇ ਮਾਂ ਦੀ ਕੌਂਸਲਿੰਗ ਕਰਨੀ ਚਾਹੀ ਤਾਂ ਉਹ ਜਿਵੇਂ ਫਿਸ ਹੀ ਪਈ ਪਰ ਉਹਦੇ ਹੰਝੂ ਅੱਖਾਂ ਵਿਚ ਆਉਂਦਿਆਂ ਹੀ ਸੁੱਕ ਗਏ। ਫਿਰ ਬੋਲੀ, “ਮੇਰਾ ਪਤੀ ਮੇਰੀ ਧੀ ਨੂੰ ਪੱਥਰ ਕਹਿੰਦਾ ਸੀ ਪਰ ਪੱਥਰ ਤਾਂ ਮੈਂ ਹਾਂ!” ਅੱਜ ਉਹ ਡਾਕਟਰ ਦੇ ਮੂੰਹੋਂ ਕੁਝ ਵੀ ਸੁਣਨਾ ਨਹੀਂ ਚਾਹੁੰਦੀ ਸੀ ਜਿਵੇਂ ਉਹਨੂੰ ਕੋਈ ਭਿਣਕ ਪੈ ਗਈ ਹੋਵੇ, “ਮੇਰੇ ਪੁੱਤਰ ਨੂੰ ਤਾਂ ਗੁਰਦਾ ਨਸੀਬ ਨਹੀਂ ਹੋਇਆ ਪਰ ਉਹਦੀਆਂ ਦੋਨੋਂ ਅੱਖਾਂ ਤੇ ਦਿਲ ਜ਼ਰੂਰ ਕਿਸੇ ਨੂੰ ਦੇ ਦੇਈਏ। ਮੇਰਾ ਪੁੱਤ ਇਸ ਰੂਪ ਹੀ ਜਿ਼ੰਦਾ ਰਹੇਗਾ।” ਫਿਰ ਉਹਦੇ ਮੂੰਹੋਂ ਮੱਲੋਮੱਲੀ ਨਿੱਕਲ ਗਿਆ, “ਤੂੰ ਵੀ ਚੱਲ ਮੇਰਿਆ ਪੁੱਤਾ! ਮੈਂ ਪਤਾ ਨੀ ਅਜੇ ਹੋਰ ਕੀ ਕੀ ਦੇਖਣਾ।”

ਉਹ ਡਾਕਟਰ ਕੋਲੋਂ ਉਠ ਕੇ ਸੈਣੀ ਭਵਨ ਪਰਤੀ ਤਾਂ ਪੁੱਤਰ ਮੰਜੇ ਤੋਂ ਥੱਲੇ ਡਿੱਗਿਆ ਪਿਆ ਸੀ। ਬੈੱਡ ਤੇ ਪੱਖੇ ਨਾਲ ਉਡਦਾ ਕਾਗਜ਼ ਉਹਦੀ ਨਜ਼ਰੀਂ ਪਿਆ: “ਮਾਂ ਮੇਰੇ ਤੰਦਰੁਸਤ ਅੰਗ ਦਾਨ ਕਰ ਦੇਈਂ। ਦੂਜਿਆਂ ਦੀਆਂ ਅੱਖਾਂ ਵਿਚੋਂ ਮੈਨੂੰ ਦੇਖਦੀ ਰਹੀਂ। ਨਾਲੇ ਮੇਰੇ ਦਿਲ ਦੀ ਧੜਕਣ ਵੀ ਸੁਣ ਸਕੇਂਗੀ। ਸਮਝ ਲਈ ਤੇਰਾ ਬੇਟਾ ਜ਼ਿੰਦਾ ਹੈ।”

ਉਹਨੂੰ ਲੱਗਾ, ਬੀਤੇ ਦਿਨੀਂ ਪੀਜੀਆਈ ਵਿਚ ‘ਬਰੇਨ ਡੈੱਡ’ ਮਰੀਜ਼ਾਂ ਦੇ ਨਾਲਦਿਆਂ ਨੂੰ ਉਨ੍ਹਾਂ ਦੇ ਅੰਗ ਦਾਨ ਲਈ ਪ੍ਰੇਰਨ ਬਾਰੇ ਕੀਤੀਆਂ ਗੱਲਾਂ ਉਹਨੇ ਸੁਣ ਲਈਆਂ ਸਨ।
ਸੰਪਰਕ: 98147-34035

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All