DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਿਸ਼ਤਿਆਂ ਦੇ ਰੰਗ

ਸ਼ਰੀਕੇ ’ਚੋਂ ਮੇਰੇ ਚਚੇਰੇ ਭਰਾ ਲੱਗਦੇ ਭਜਨ ਸਿੰਹੁ ਨੇ ਟੈਲੀਫੋਨ ’ਤੇ ਕਿਹਾ, ‘‘ਛੋਟੇ ਭਾਈ, ਤੇਰੇ ਭਤੀਜੇ ਦਾ ਵਿਆਹ ਧਰ ’ਤਾ ਕੱਤਕ ਦੇ ਸੱਤਵੇਂ ਪ੍ਰਵਿਸ਼ਟੇ ਦਾ। ਛੇ ਨੂੰ ਪਾਠ ਦਾ ਭੋਗ ਐ, ਸੱਤ ਦਾ ਵਿਆਹ ਐ ਤੇ ਬਾਕੀ ਅੱਠਵੇਂ ਪ੍ਰਵਿਸ਼ਟੇ ਦੀ...

  • fb
  • twitter
  • whatsapp
  • whatsapp
Advertisement
ਸ਼ਰੀਕੇ ’ਚੋਂ ਮੇਰੇ ਚਚੇਰੇ ਭਰਾ ਲੱਗਦੇ ਭਜਨ ਸਿੰਹੁ ਨੇ ਟੈਲੀਫੋਨ ’ਤੇ ਕਿਹਾ, ‘‘ਛੋਟੇ ਭਾਈ, ਤੇਰੇ ਭਤੀਜੇ ਦਾ ਵਿਆਹ ਧਰ ’ਤਾ ਕੱਤਕ ਦੇ ਸੱਤਵੇਂ ਪ੍ਰਵਿਸ਼ਟੇ ਦਾ। ਛੇ ਨੂੰ ਪਾਠ ਦਾ ਭੋਗ ਐ, ਸੱਤ ਦਾ ਵਿਆਹ ਐ ਤੇ ਬਾਕੀ ਅੱਠਵੇਂ ਪ੍ਰਵਿਸ਼ਟੇ ਦੀ ਪਾਰਟੀ ਰੱਖੀ ਐ ਵੱਡੇ ਪੈਲੇਸ ਵਿੱਚ। ਜ਼ਰੂਰ ਪਹੁੰਚਣਾ ਟੱਬਰ ਨਾਲ। ਕਾਰਡ ਮੈਂ ਵੱਟਸਐਪ ’ਤੇ ਭੇਜ ਰਿਹਾਂ, ਟੈਮ ਦੀ ਕਿੱਲਤ ਐ। ਚੰਗਾ ਬੀਰਾ ਜ਼ਰੂਰ ਪਹੁੰਚਣਾ।’’ ਮੈਂ ਭਰਾ ਹੋਣ ਦੇ ਨਾਤੇ ਭਜਨੇ ਨਾਲ ਹਿਰਖ ਜਤਾਇਆ, ‘ਭਜਨਿਆਂ, ਤੈਨੂੰ ਪਤੈ ਭਰਾਵਾਂ ਨੂੰ ਕਿੱਦਾਂ ਬਲਾਈ ਦਾ ਐ ਵਿਆਹ-ਸ਼ਾਦੀ ’ਤੇ। ਭਾਜੀ ਨ੍ਹੀਂ ਸੀ ਭੇਜਣੀ ਮੈਨੂੰ, ਸੱਖਣਾ ਕਾਰਡ ਭੇਜ ਕੇ ਸਾਰ ’ਤਾ ਉਹ ਵੀ ਟੈਲੀਫੋਨ ’ਤੇ।’ ਭਜਨੇ ਨੇ ਖਚਰਾ ਜਿਹਾ ਹੱਸਦਿਆਂ ਕਿਹਾ, ‘‘ਓ ਛੱਡ ਬੀਰੇ, ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੈਂ। ਭਾਜੀਆਂ-ਭੂਜੀਆਂ ਚਲੀਆਂ ਗਈਆਂ ਬਜ਼ੁਰਗਾਂ ਨਾਲ। ਆਪਾਂ ਤਾਂ ਨਵੇਂ ਜ਼ਮਾਨੇ ਦੇ ਬੰਦੇ ਆਂ, ਪੜ੍ਹੇ-ਲਿਖੇ, ਛੱਡੀਏ ਘਸੇ-ਪਿਟੇ ਰਿਵਾਜਾਂ ਨੂੰ।’

ਮੈਂ ਮਨ ’ਚ ਸੋਚਿਆ, ‘‘ਭਜਨਿਆ ਤੈਨੂੰ ਜ਼ਿਆਦਾ ਈ ਰੰਗ ਚੜ੍ਹ ਗਿਆ ਜ਼ਮਾਨੇ ਦਾ।’ ਪਰ ਭਜਨੇ ਨੂੰ ਨਹੀਂ ਸੀ ਪਤਾ ਕਿ ਕੋਈ ਜ਼ਮਾਨਾ ਕਦੇ ਪੁਰਾਣਾ ਜਾਂ ਨਵਾਂ ਨਹੀਂ ਹੁੰਦਾ, ਬੱਸ ਬੰਦੇ ਦੀ ਆਪਣੀ ਸੋਚ ਹੀ ਬਦਲ ਜਾਂਦੀ ਹੈ।

Advertisement

ਵਿਆਹ ਵਾਲੇ ਦਿਨ ਮੈਂ ਸਿੱਧਾ ਮੈਰਿਜ ਪੈਲੇਸ ਪਹੁੰਚ ਗਿਆ। ਪੈਲੇਸ ਵਿੱਚ ਅੰਤਾਂ ਦੀ ਭੀੜ ਤੇ ਉਸ ਤੋਂ ਵੀ ਵੱਧ ਡੀਜੇ ਦਾ ਚੀਕ-ਚਿਹਾੜਾ। ਮੈਨੂੰ ਭਜਨਾ ਕਿੱਤੇ ਨਜ਼ਰ ਨਾ ਆਇਆ। ਮੈਂ ਪੈਲੇਸ ਤੋਂ ਬਾਹਰ ਆ ਗਿਆ। ਉੱਥੇ ਖੜ੍ਹੇ ਆਪਣੀ ਪਛਾਣ ਦੇ ਇੱਕ ਬੰਦੇ ਨੂੰ ਭਜਨੇ ਬਾਰੇ ਪੁੱਛਿਆ। ਥੋੜ੍ਹੀ ਦੇਰ ਬਾਅਦ ਉਹ ਭਜਨੇ ਨੂੰ ਲੱਭ ਕੇ ਲੈ ਆਇਆ। ਭਜਨੇ ਨੇ ਮੈਨੂੰ ਰਸਮੀ ਜਿਹੀ ਜੱਫੀ ਪਾਉਂਦਿਆਂ ਕਿਹਾ, ‘‘ਓ ਬੱਲੇ ਬੀਰਾ... ਬੜੀ ਦੇਰ ਲਾ ’ਤੀ ਆਉਂਦੇ -ਆਉਂਦੇ। ਤੇਰੇ ਭਤੀਜੇ ਦਾ ਵਿਆਹ ਐ, ਤੂੰ ਤਾਂ ਲੋਕਾਂ ਵਾਂਗੂੰ ਆਇਐਂ। ਹਾਂ ਸੱਚ ਭਾਬੀ ਕਿੱਥੇ ਐ..?’’ ਮੈਨੂੰ ਭਜਨੇ ਦੀ ਜੱਫੀ ਅਤੇ ਬੋਲਾਂ ਵਿੱਚ ਕਿਧਰੇ ਵੀ ਭਰਾਵਾਂ ਵਾਲਾ ਨਿੱਘ ਮਹਿਸੂਸ ਨਾ ਹੋਇਆ। ਮੈਂ ਕਿਹਾ, ‘‘ਭਜਨ ਬੀਰੇ ਕਾਰਡ ’ਤੇ ਤਾਂ ’ਕੱਲਾ ਮੇਰਾ ਈ ਨਾਂ ਲਿਖਿਆ ਸੀ ਤੇ ਮੈਂ ਆ ਗਿਆ।’’ ਉਹ ਛਿੱਥਾ ਜਿਹਾ ਹੋ ਕੇ ਕਹਿਣ ਲੱਗਾ, ‘‘ਓ ਲੈ ਦੱਸ, ਤੂੰ ਤਾਂ ਓਪਰਿਆਂ ਆਲੀਆਂ ਗੱਲਾਂ ਕਰਦੈਂ ਛੋਟੇ ਭਾਈ, ਤੈਨੂੰ ਕੋਈ ਕਹਿਣ ਦੀ ਲੋੜ ਸੀ ਭਲਾ, ਬਾਕੀ ਤੈਨੂੰ ਪਤਾ ਈ ਐ ਬਈ ਵਿਆਹ-ਕਾਰਜਾਂ ਵੇਲੇ ਬੰਦਾ ਕਈ ਪਾਸੇ ਫਸਿਆ ਹੁੰਦੈ।’’ ਗੱਲਾਂ ਕਰਦਿਆਂ ਮੈਂ ਲਾਲ ਰੰਗ ਦਾ ਲਿਫ਼ਾਫ਼ਾ ਭਜਨੇ ਦੀ ਜੇਬ ’ਚ ਪਾ ਦਿੱਤਾ। ਐਨੇ ਨੂੰ ਇੱਕ ਬੰਦੇ ਨੇ ਆ ਕੇ ਭਜਨੇ ਦੇ ਕੰਨ ’ਚ ਕੁਝ ਕਿਹਾ। ‘‘ਓ ਅੱਛਾ-ਅੱਛਾ, ਲੈ ਬੀਰਾ ਤੂੰ ਕੁਛ ਠੰਢਾ-ਤੱਤਾ ਪੀ, ਬਾਹਰ ਐੱਮ ਐੱਲ ਏ ਸਾਬ੍ਹ ਆਏ ਨੇ, ਮੈਂ ਜਾ ਕੇ ਦੇਖਾ ਜ਼ਰਾ।’’

Advertisement

ਪੈਲੇਸ ਵਿੱਚ ਮੈਨੂੰ ਆਪਣੇ ਪਿੰਡ ਦੇ ਕੁੱਝ ਬੰਦੇ ਮਿਲੇ। ਅਸੀਂ ਇਕੱਠਿਆਂ ਚਾਹ-ਪਾਣੀ ਪੀਤਾ। ਥੋੜ੍ਹੀ ਦੇਰ ਬਾਅਦ ਢੋਲ ਦੀ ਆਵਾਜ਼ ਸੁਣਾਈ ਦਿੱਤੀ। ਇੱਕ ਵੱਡੇ ਸਾਰੇ ਕਾਫ਼ਲੇ ਨਾਲ ਫੁੱਲਾਂ ਨਾਲ ਲੱਦੇ ਐੱਮ ਐੱਲ ਏ ਸਾਬ੍ਹ ਆ ਰਹੇ ਸਨ ਅਤੇ ਨਾਲ-ਨਾਲ ਭਜਨਾ ਐੱਮ ਐੱਲ ਏ ਦੇ ਗੱਲ਼ ਵਿੱਚ ਬਾਂਹ ਪਾਈ, ਕਾਲੀਆਂ ਐਨਕਾਂ ਲਾਈ ਮੁਸਕੁਰਾਉਂਦਾ ਤੁਰਿਆ ਆ ਰਿਹਾ ਸੀ। ਭਜਨੇ ਨੇ ਐੱਮ ਐੱਲ ਏ ਨਾਲ਼ ਸਾਰੇ ਪੰਡਾਲ਼ ਦਾ ਗੇੜਾ ਕੱਢਿਆ। ਪਹਿਲਾਂ ਆਪਣੇ ਕੁੜਮਾਂ ਨਾਲ ਜਾਣ-ਪਛਾਣ ਕਰਾਈ, ਫੋਟੋਆਂ ਖਿਚਵਾਈਆਂ। ਫਿਰ ਖ਼ਾਸ-ਖ਼ਾਸ ਦੋਸਤਾਂ ਮਿੱਤਰਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨਾਲ਼ ਜਾਣ-ਪਛਾਣ ਕਰਵਾਈ। ਵਿਆਹ ’ਤੇ ਆਇਆ ਹਰ ਬੰਦਾ ਐੱਮ ਐੱਲ ਏ ਨਾਲ਼ ਸੈਲਫੀ ਲੈਣ ਲਈ ਤਰਲੋ-ਮੱਛੀ ਹੋ ਰਿਹਾ ਸੀ। ਸੈਲਫੀ ਲੈਣ ਵਾਲ਼ਿਆਂ ਨੇ ਐੱਮ ਐੱਲ ਏ ਨੂੰ ਬੁਰੀ ਤਰ੍ਹਾਂ ਘੇਰ ਲਿਆ। ਲੋਕਾਂ ਤੋਂ ਖਹਿੜਾ ਛੁਡਾਉਣ ਲਈ ਭਜਨਾ ਐੱਮ ਐੱਲ ਏ ਨੂੰ ਲੈ ਕੇ ਉੱਪਰਲੀ ਮੰਜ਼ਿਲ ’ਤੇ ਚੜ੍ਹ ਗਿਆ। ਮੈਂ ਬਾਹਰ ਧੁੱਪ ਵਿੱਚ ਬੈਠ ਗਿਆ। ਸੋਚਿਆ ਜਦੋਂ ਭਜਨਾ ਬਾਹਰ ਆਇਆ ਤਾਂ ਉਸ ਤੋਂ ਇਜਾਜ਼ਤ ਲੈ ਕੇ ਦਿਨ ਖੜ੍ਹੇ ਚੰਡੀਗੜ੍ਹ ਪਹੁੰਚ ਜਾਵਾਂਗਾ। ਘੰਟਾ, ਫਿਰ ਦੋ ਘੰਟੇ ਬੀਤ ਗਏ ਪਰ ਭਜਨਾ ਕਮਰੇ ’ਚੋਂ ਬਾਹਰ ਨਾ ਆਇਆ। ਉਪਰੋਂ ਦਿਨ ਢਲ਼ ਰਿਹਾ ਸੀ। ਮੈਨੂੰ ਬੱਸ ਨਾ ਮਿਲਣ ਦਾ ਡਰ ਸਤਾਉਣ ਲੱਗਾ। ਮੈਂ ਹੋਰ ਇੰਤਜ਼ਾਰ ਕਰਨੀ ਠੀਕ ਨਾ ਸਮਝੀ, ਅਖੀਰ ਬਿਨਾਂ ਮਿਲਿਆਂ ਤੁਰ ਪਿਆ। ਵਿਆਹ ਵਿੱਚ ਭਜਨੇ ਦੀ ਅਣਦੇਖੀ ਨੇ ਮੈਨੂੰ ਬਹੁਤ ਉਦਾਸ ਕੀਤਾ।

ਤੀਜੇ ਦਿਨ ਸਵੇਰੇ-ਸਵੇਰੇ ਭਜਨੇ ਦਾ ਟੈਲੀਫੋਨ ਆਇਆ। ਬੜੀ ਉੱਚੀ ਆਵਾਜ਼ ਵਿੱਚ ਭਜਨਾ ਬੋਲ ਰਿਹਾ ਸੀ, ‘‘ਓ ਕਿੱਦਾਂ ਛੋਟੇ ਭਾਈ ਠੀਕ ਐਂ, ਓ ਯਾਰ ਚੰਗਾ ਬੰਦਾ ਐਂ ਤੂੰ। ਓਦਣ ਮੈਨੂੰ ਬਿਨਾਂ ਦੱਸਿਆਂ ਹੀ ਆ ਗਿਆ। ਮੈਂ ਤੈਨੂੰ ਐੱਮ ਐੱਲ ਏ ਸਾਬ੍ਹ ਨੂੰ ਮਿਲਵਾਉਣਾ ਸੀ, ਕੋਈ ਗੱਲਬਾਤ ਕਰਦੇ ’ਕੱਠੇ ਬਹਿ ਕੇ। ਹੋਰ ਵਿਆਹ ਕਿੱਦਾਂ ਦਾ ਲੱਗਿਆ? ਐਧਰ ਸਾਰੇ ਇਲਾਕੇ ’ਚ ਤਾਂ ਬੱਲੇ-ਬੱਲੇ ਹੋਈ ਪਈ ਐ। ਪਰ ਕਈ ਸ਼ਰੀਕ ਤਾਂ ਭੁੱਜ ਕੇ ਕੋਲਾ ਹੋਏ ਪਏ ਐ।’’ ਗੱਲ ਮੁਕਾਉਣ ਲਈ ਮੈਂ ਕਿਹਾ, ‘‘ਬਹੁਤ ਵਧੀਆ ਹੋ ਗਿਆ ਵਿਆਹ, ਮੇਰੇ ਵੱਲੋਂ ਵਧਾਈਆਂ।’’ ਕਹਿ ਕੇ ਮੈਂ ਫੋਨ ਕੱਟ ਦਿੱਤਾ। ਦੋ ਕੁ ਮਿੰਟਾਂ ਬਾਅਦ ਫ਼ਿਰ ਘੰਟੀ ਖੜਕ ਪਈ। ਭਜਨਾ ਕਹਿ ਰਿਹਾ ਸੀ, ‘‘ਹਾਂ, ਜ਼ਰੂਰੀ ਗੱਲ ਕਰਨੀ ਤਾਂ ਰਹਿ ਹੀ ਗਈ ਸੀ। ਤੂੰ ਸੋਮਵਾਰ ਆ ਜਾਈਂ ਪਿੰਡ, ਆਪਾਂ ਸ਼ਹਿਰ ਚਲਾਂਗੇ, ਉਥੇ ਕਿਸੇ ਵਧੀਆ ਹੋਟਲ ’ਚ ਤੈਨੂੰ ਪਾਰਟੀ ਕਰਨੀ ਐਂ ਵਿਆਹ ਦੀ। ਓਦਣ ਕੁਝ ਕਸਰ ਰਹਿ ਗਈ ਸੀ ਤੇਰੀ ਸੇਵਾ ’ਚ। ਨਾਲ਼ੇ ਇੱਕ ਛੋਟਾ ਜਿਹਾ ਕੰਮ ਐ ਕਚਿਹਰੀ ’ਚ। ਓ ਵਿਆਹ ਰਜਿਸਟਰ ਕਰਵਾਉਣੈ, ਤੇਰੀ ਗਵਾਹੀ ਪੁਆਉਣੀ ਐਂ।’’ ਮੈਂ ਗੁੱਸੇ ’ਚ ਕਿਹਾ, ‘‘ਓ ਤੇਰਾ ਐੱਮ ਐੱਲ ਏ ਕਿੱਥੇ ਕੰਮ ਆਊਗਾ ਫਿਰ..?’’ ‘‘ਓ ਨਹੀਂ ਬੀਰਾ, ਜਿੱਥੇ ਭਰਾ ਦੀ ਲੋੜ ਐ, ਉਥੇ ਹੋਰ ਨ੍ਹੀਂ ਕੋਈ ਖੜ੍ਹ ਸਕਦਾ। ਨਾਲ਼ੇ ਇਨ੍ਹਾਂ ਵੱਡੇ ਲੋਕਾਂ ਤੋਂ ਤਾਂ ਵੱਡੇ ਕੰਮ ਈ ਲਈਦੇ ਐ। ਭਰਾ-ਭਰਾ ਹੀ ਹੁੰਦੈ। ਤੂੰ ਆਜੀ ਸੁਵੱਖਤੇ, ਮੈਂ ਇੰਤਜ਼ਾਰ ਕਰੂੰਗਾ ਸੋਮਵਾਰ ਨੂੰ।’’ ਮੈਂ ਫ਼ੋਨ ਬਿਨਾਂ ਕੱਟਿਆਂ ਬਾਹਰ ਆ ਕੇ ਬਹਿ ਗਿਆ, ਭਜਨੇ ਦੇ ਬੋਲਣ ਦੀ ਧੀਮੀ-ਧੀਮੀ ਆਵਾਜ਼ ਮੈਨੂੰ ਲਗਾਤਾਰ ਸੁਣਦੀ ਰਹੀ, ਪਰ ਮੇਰਾ ਜੀਅ ਗਰਜ਼ਾਂ ਨਾਲ ਬੱਝੇ ਅਜਿਹੇ ਕਿਸੇ ਰਿਸ਼ਤੇ ਦੀ ਆਵਾਜ਼ ਨੂੰ ਸੁਣਨਾ ਨਹੀਂ ਸੀ ਚਾਹੁੰਦਾ।

ਸੰਪਰਕ: 88378-08371

Advertisement
×