DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੱਛੀਆਂ ਰੰਗ ਬਿਰੰਗੀਆਂ...!

ਗੱਲ 14 ਅਕਤੂਬਰ 1997 ਦੀ ਹੈ। ਪੰਜਾਬ ਭਰ ’ਚੋਂ ਗਏ ਇਨਕਲਾਬੀ ਜਥੇਬੰਦੀਆਂ ਦੇ ਕਾਰਕੁਨ ਵੱਡੀ ਗਿਣਤੀ ’ਚ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਉਸ ਦਿਨ ਤੜਕਸਾਰ ਪਹੁੰਚ ਕੇ ਪਲੇਟਫਾਰਮ ’ਤੇ ਬੈਠੇ, ਊਂਘਦੇ, ਤੁਰੇ ਫਿਰਦੇ ਇੱਕ-ਦੂਜੇ ਨੂੰ ਅੰਦਰੋਂ-ਅੰਦਰੀਂ ਮੁਸਕਰਾਹਟਾਂ ਵੰਡ ਰਹੇ ਸਨ। ਪੰਜਾਬ...

  • fb
  • twitter
  • whatsapp
  • whatsapp
Advertisement
ਗੱਲ 14 ਅਕਤੂਬਰ 1997 ਦੀ ਹੈ। ਪੰਜਾਬ ਭਰ ’ਚੋਂ ਗਏ ਇਨਕਲਾਬੀ ਜਥੇਬੰਦੀਆਂ ਦੇ ਕਾਰਕੁਨ ਵੱਡੀ ਗਿਣਤੀ ’ਚ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਉਸ ਦਿਨ ਤੜਕਸਾਰ ਪਹੁੰਚ ਕੇ ਪਲੇਟਫਾਰਮ ’ਤੇ ਬੈਠੇ, ਊਂਘਦੇ, ਤੁਰੇ ਫਿਰਦੇ ਇੱਕ-ਦੂਜੇ ਨੂੰ ਅੰਦਰੋਂ-ਅੰਦਰੀਂ ਮੁਸਕਰਾਹਟਾਂ ਵੰਡ ਰਹੇ ਸਨ। ਪੰਜਾਬ ਭਰ ’ਚੋਂ ਪੁੱਜੇ ਇਹ ਸੈਂਕੜੇ ਵਰਕਰ ਗੁਪਤ ਰੂਪ ’ਚ ਇਕ ਮਿਸ਼ਨ ਸਰ ਕਰਨ ਆਏ ਸਨ। ਉਸ ਦਿਨ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਸੌ ਦੇ ਕਰੀਬ ਵਰਕਰ ਦੇਰ ਰਾਤ ਤੱਕ ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਦੀ ਇੱਕ ਧਰਮਸ਼ਾਲਾ ’ਚ ਟਿਕੇ ਰਹੇ। ਕਿਸੇ ਹੋਰ ਨੂੰ ਕੰਨੋ-ਕੰਨੀ ਖ਼ਬਰ ਨਹੀਂ ਸੀ ਕਿ ਇਹ ਇੱਥੇ ਕੀ ਕਰ ਰਹੇ ਹਨ। ਅਸੀਂ ਸਾਝਰੇ ਪੰਜ ਵਜੇ ਫਾਸਟ ਟਰੇਨ ਫੜ ਕੇ ਢਾਈ ਘੰਟਿਆਂ ’ਚ ਪਵਿੱਤਰ ਨਗਰੀ ਜਾ ਉੱਤਰੇ। ਜੇ ਵਰਕਰ ਆਪੋ-ਆਪਣੇ ਘਰਾਂ ਤੋਂ ਤੁਰਦੇ ਤਾਂ ਸ਼ਾਇਦ ਸਮੇਂ ਸਿਰ ਪੁੱਜਣਾ ਅਸੰਭਵ ਸੀ। ਮਿਸ਼ਨ ਦਾ ਨਿਸ਼ਾਨਾ ਤੇ ਰੂਟ ਨਿਸ਼ਚਿਤ ਸੀ। ਰਾਣੀ ਐਲਿਜ਼ਾਬੈੱਥ ਦੂਜੀ ਨੇ ਸਵੇਰੇ ਨੌਂ ਵਜੇ ਠੀਕ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਲੰਘਣਾ ਸੀ। ਠੀਕ ਸਾਢੇ ਅੱਠ ਵਜੇ ਅੰਮ੍ਰਿਤਸਰ ਦੇ ਰੇਲਵੇ ਪਲੇਟਫਾਰਮ ’ਤੇ ਇਕ ਰੋਹ ਭਰਪੂਰ ਨਾਅਰਾ ਗੂੰਜਿਆ ‘‘ਸਾਮਰਾਜਵਾਦ ਮੁਰਦਾਬਾਦ’’ ਇਨਕਲਾਬ ਜ਼ਿੰਦਾਬਾਦ। ਸਟੇਸ਼ਨ ’ਤੇ ਖੜ੍ਹੀਆਂ ਬੈਠੀਆਂ ਸਵਾਰੀਆਂ ਇੱਕਦਮ ਠਠੰਬਰ ਗਈਆਂ। ਪੂਰੇ ਦਾ ਪੂਰਾ ਕਾਫ਼ਲਾ ਸ਼ਹਿਦ ਦੀਆਂ ਮੱਖੀਆਂ ਵਾਂਗ ਇੱਕਦਮ ਸਟੇਸ਼ਨ ਤੋਂ ਬਾਹਰ ਨਿਕਲ ਕੇ ਭੰਡਾਰੀ ਪੁਲ ਵੱਲ ਨੂੰ ਹੋ ਤੁਰਿਆ। ਪੁਲ ’ਤੇ ਖੜ੍ਹੇ ਦਰਜਨਾਂ ਪੁਲੀਸ ਵਾਲੇ ਕੇਰਾਂ ਘਾਬਰ ਗਏ। ਮੁਜ਼ਾਹਰਾਕਾਰੀਆਂ ਨੇ ‘‘ਜੱਲ੍ਹਿਆਂਵਾਲਾ ਬਾਗ਼ ਦੀ ਕਾਤਲ ਰਾਣੀ ਵਾਪਸ ਜਾਓ’’ ‘‘ਸਾਮਰਾਜੀ ਲੁਟੇਰੇ ਮੁਰਦਾਬਾਦ’’ ਦੇ ਨਾਅਰਿਆਂ ਨਾਲ ਪੂਰਾ ਅੰਮ੍ਰਿਤਸਰ ਗੂੰਜਣ ਲਾ ਦਿੱਤਾ। ਪੁਲੀਸ ਹਫੜਾ-ਦਫੜੀ ’ਚ ਮੁਜ਼ਾਹਰੇ ਨੂੰ ਕੰਟਰੋਲ ਕਰਨ ਲਈ ਵਾਹ ਲਾ ਰਹੀ ਸੀ। ਮੁਜ਼ਾਹਰਾਕਾਰੀਆਂ ਨੇ ਹਾਲ ਬਾਜ਼ਾਰ ਵੱਲ ਵਧਦਿਆਂ ਪੁਲੀਸ ਦਾ ਘੇਰਾ ਤੋੜ ਦਿੱਤਾ ਸੀ। ਕਿੰਨੇ ਹੀ ਬੈਰੀਕੇਡ ਮਿੰਟਾਂ ਸਕਿੰਟਾਂ ’ਚ ਧੂਹ ਦਿੱਤੇ। ਐਨੇ ਨੂੰ ਪੁਲੀਸ ਨੇ ਮੁਜ਼ਾਹਰਾਕਾਰੀਆਂ ’ਤੇ ਬਿਨਾਂ ਕਿਸੇ ਨੋਟਿਸ ਦੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਡਟੇ ਰਹੇ। ਮੁਜ਼ਾਹਰਾਕਾਰੀਆਂ ਨੂੰ ਧੱਕੇ ਨਾਲ ਬੱਸਾਂ, ਟਰੱਕਾਂ ’ਚ ਲੱਦ ਲਿਆ ਗਿਆ। ਪੁਲੀਸ ਨੇ ਦਸ-ਦਸ ਵੀਹ-ਵੀਹ ਕਿਲੋਮੀਟਰ ਦੂਰ ਲਿਜਾ ਕੇ ਵੱਖ-ਵੱਖ ਥਾਵਾਂ ’ਤੇ ਕੁਟਾਪਾ ਚਾੜ੍ਹਦਿਆਂ ਅੰਮ੍ਰਿਤਸਰ ਤੋਂ ਬਾਹਰ ਕੱਢ ਕੇ ਮਸਾਂ ਸੁੱਖ ਦਾ ਸਾਹ ਲਿਆ ਸੀ। ਮੁਜ਼ਾਹਰਾਕਾਰੀਆਂ ਦਾ ਮਕਸਦ ਸੀ ਕਿ ਰਾਣੀ ਐਲਿਜ਼ਾਬੈੱਥ ਦੂਜੀ ਦੇ ਪੈਰ ਜੱਲਿਆਂਵਾਲਾ ਬਾਗ਼ ਦੀ ਪਵਿੱਤਰ ਧਰਤੀ ’ਤੇ ਨਹੀਂ ਪੈਣ ਦੇਣੇ। ਵਿਰੋਧ ਜ਼ਬਰਦਸਤ ਸੀ। ਇਸ ਦੌਰਾਨ ਪੁਲੀਸ ਦੇ ਸਖ਼ਤ ਘੇਰੇ ’ਚ ਉਹ ਜੱਲ੍ਹਿਆਂਵਾਲਾ ਬਾਗ਼ ਗਈ ਤੇ ਫੁੱਲ ਯਾਦਗਾਰ ’ਤੇ ਰੱਖ ਕੇ ਮੁੜ ਆਈ। ਇੰਗਲੈਂਡ ਦੀ ਇਸ ਮਹਾਰਾਣੀ ਐਲਿਜ਼ਾਬੈੱਥ ਦੂਜੀ ਨੇ ਲੰਮਾ ਸਮਾਂ ਸਾਡੇ ਮੁਲਕ ’ਤੇ ਜਾਬਰ ਡੰਡਾ ਚਲਾ, ਸਾਨੂੰ ਗ਼ੁਲਾਮ ਬਣਾ ਲੁੱਟਿਆ ਵੀ ਸੀ ਤੇ ਕੁੱਟਿਆ ਵੀ ਸੀ। ‘ਮਹਾਰਾਣੀ ਵਾਪਸ ਜਾਓ, ਸ਼ਹੀਦਾਂ ਦੀ ਕਾਤਲ ਵਾਪਸ ਜਾਓ’ ਦੇ ਰੋਹ ਤੇ ਅਰਥ ਭਰਪੂਰ ਪ੍ਰਦਰਸ਼ਨ ਨੇ ਸਾਮਰਾਜੀ ਵਿਦੇਸ਼ੀ ਲੁਟੇਰੇ ਅਤੇ ਦੇਸੀ ਹਾਕਮਾਂ ਨੂੰ ਇਸ ਵਿਰੋਧ ਰਾਹੀਂ ਦੱਸ ਦਿੱਤਾ ਕਿ ਸਾਡੀ ਤੇ ਤੁਹਾਡੀ ਦੁਸ਼ਮਣੀ ਜਮਾਤੀ ਹੈ, ਸਦੀਵੀ ਹੈ, ਪੱਕੀ ਹੈ। ਹਰਮੰਦਿਰ ਸਾਹਿਬ ’ਚ ਸਵਾਗਤ ਲਈ ਹੱਥ ਬੰਨ੍ਹੀ ਖੜ੍ਹੇ ਪ੍ਰਮੁੱਖ ਸਿੱਖ ਆਗੂ ਨੇ ਵਿਰੋਧ ਕਰਨ ਵਾਲਿਆਂ ਨੂੰ ਇੱਕ ਦਿਨ ਪਹਿਲਾਂ ਸਖ਼ਤ ਚਿਤਾਵਨੀ ਜਾਰੀ ਕੀਤੀ ਸੀ ਕਿ ‘ਸੋਚ ਸਮਝ ਕੇ ਅੰਮ੍ਰਿਤਸਰ ਆਇਓ’। ਇੰਨਾ ਹੀ ਨਹੀਂ ਰਾਣੀ ਨੇ ਸਮੇਤ ਜੁਰਾਬਾਂ ਹਰਮੰਦਿਰ ਸਾਹਿਬ ਸਰੋਵਰ ਦਾ ਚੱਕਰ ਲਾਇਆ। ਨਾ ਉਸਨੇ ਮੱਥਾ ਟੇਕਿਆ ਤੇ ਨਾ ਹੀ ਦੇਗ ਹਾਸਲ ਕੀਤੀ। ਸਰੋਵਰ ਕੰਢੇ ਖੜ੍ਹੇ ਹੋ ਕੇ ਸਿਰਫ ਇੱਕ ਵਾਕ ਹੀ ਉਸ ਨੇ ਬੋਲਿਆ ‘‘ਫਿਸ਼ਜ਼ ਆਰ ਵੈਰੀ ਕਲਰਫੁੱਲ’’ ਯਾਨੀ ਮੱਛੀਆਂ ਬੜੀਆਂ ਰੰਗ ਬਿਰੰਗੀਆਂ ਨੇ। ਦਰਬਾਰ ਸਾਹਿਬ ਦੀ ਇਤਿਹਾਸਕਤਾ, ਮਹਾਨਤਾ, ਸਿੱਖੀ ਦੀ ਵਿਲੱਖਣ ਜੀਵਨ ਜਾਚ, ਸਿੱਖੀ ਦੀ ਸਾਰਥਿਕਤਾ ਬਾਰੇ ਸ਼ਾਇਦ ਉਸ ਨੂੰ ਗਿਆਨ ਹੀ ਨਹੀਂ ਸੀ ਤੇ ਜਾਂ ਫਿਰ ਉਸਨੂੰ ਇਹ ਲੱਗਦਾ ਸੀ ਕਿ ਇਹ ਸਭ ਫਾਲਤੂ ਗੱਲਾਂ ਹਨ। ਹਾਂ... ਮੱਛੀਆਂ ਕਿੰਨੀਆਂ ਰੰਗ ਬਿਰੰਗੀਆਂ ਹਨ, ਇਹ ਗਿਆਨ ਉਸਨੇ ਦਰਬਾਰ ਸਾਹਿਬ ’ਚ ਹਾਸਲ ਕੀਤਾ ਸੀ। ਪਰ ਅਸੀਂ ਮੱਛੀਆਂ, ਮਗਰਮੱਛ ਨਾਲ ਆਪਣਾ ਰਿਸ਼ਤਾ ਜਾਣਦੀਆਂ ਸਾਂ ਤੇ ਇਸੇ ਰਿਸ਼ਤੇ ਨੂੰ ਬੁਲੰਦ ਕਰਨ ਅੰਮ੍ਰਿਤਸਰ ਆਈਆਂ ਸਾਂ। ਭੰਡਾਰੀ ਪੁਲ ’ਤੇ ਥੋੜ੍ਹਾ ਪੱਛੜ ਗਏ ਸਾਡੇ ਦਰਜਨ ਕੁ ਬਜ਼ੁਰਗ ਸਾਥੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਏ ਸਨ ਜਿਨ੍ਹਾਂ ’ਤੇ ਪਰਚੇ ਦਰਜ ਹੋਏ ਤੇ ਉਹ ਲੰਮਾ ਸਮਾਂ ਕੋਰਟਾਂ ’ਚ ਖੱਜਲ ਖੁਆਰ ਹੋਏ। ਰਾਣੀ ਦੇ ਉੱਡ ਜਾਣ ਤੋਂ ਬਾਅਦ ਦੂਰ ਦੁਰਾਡੇ ਤੋਂ ਸਾਰੇ ਵਰਕਰ ਮੁੜ ਇਕ ਵਾਰ ਘੰਟੇ ਡੇਢ ਘੰਟੇ ’ਚ ਹੀ ਜੱਲ੍ਹਿਆਂਵਾਲਾ ਬਾਗ਼ ਦੇ ਗੇਟ ’ਤੇ ਇਕੱਤਰ ਹੋ ਗਏ। ਪਤਲੀ ਗਲੀ ਦੇ ਗੇਟ ’ਤੇ ਖੜ੍ਹੀ ਪੁਲੀਸ ਨੇ ਅੰਦਰ ਜਾਣ ਤੋਂ ਜਦੋਂ ਧੱਕੇ ਨਾਲ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਾਅਰਾ ਗੂੰਜ ਉੱਠਿਆ ‘‘ਜੱਲ੍ਹਿਆਂਵਾਲਾ ਬਾਗ਼ ਅਸਾਡਾ ਹੈ, ਅਸਾਡਾ ਹੈ।’’ ਸ਼ਹੀਦੀ ਲਾਟ ’ਤੇ ਰਾਣੀ ਵੱਲੋਂ ਰੱਖਿਆ ਗੁਲਦਸਤਾ ਮੁਜ਼ਾਹਰਾਕਾਰੀਆਂ ਨੇ ਪਰ੍ਹੇ ਵਗ੍ਹਾ ਮਾਰਿਆ ਸੀ।

ਸੰਪਰਕ: 94170-67344

Advertisement

Advertisement

Advertisement
×