ਮਿੱਟੀ ਵਾਲੀ ਖੀਰ
ਜਿਸ ਇਲਾਕੇ ਵਿੱਚ ਮੇਰਾ ਜਨਮ ਹੋਇਆ, ਉਹ ਕਿਸੇ ਵੇਲੇ ਕਾਫ਼ੀ ਪੱਛੜਿਆ ਹੋਇਆ ਸੀ। ਲੋਕਾਂ ਕੋਲ ਰੁਜ਼ਗਾਰ ਦੇ ਸਾਧਨ ਨਹੀਂ ਸਨ ਅਤੇ ਜ਼ਮੀਨਾਂ ਵੀ ਬਹੁਤ ਘੱਟ ਸਨ। ਥੋੜ੍ਹੀ ਬਹੁਤੀ ਖੇਤੀਬਾੜੀ ਹੁੰਦੀ ਸੀ, ਜੋ ਮੀਂਹ ਉੱਤੇ ਨਿਰਭਰ ਸੀ। ਹਰ ਘਰ ਵਿੱਚ ਪਸ਼ੂ...
ਜਿਸ ਇਲਾਕੇ ਵਿੱਚ ਮੇਰਾ ਜਨਮ ਹੋਇਆ, ਉਹ ਕਿਸੇ ਵੇਲੇ ਕਾਫ਼ੀ ਪੱਛੜਿਆ ਹੋਇਆ ਸੀ। ਲੋਕਾਂ ਕੋਲ ਰੁਜ਼ਗਾਰ ਦੇ ਸਾਧਨ ਨਹੀਂ ਸਨ ਅਤੇ ਜ਼ਮੀਨਾਂ ਵੀ ਬਹੁਤ ਘੱਟ ਸਨ। ਥੋੜ੍ਹੀ ਬਹੁਤੀ ਖੇਤੀਬਾੜੀ ਹੁੰਦੀ ਸੀ, ਜੋ ਮੀਂਹ ਉੱਤੇ ਨਿਰਭਰ ਸੀ। ਹਰ ਘਰ ਵਿੱਚ ਪਸ਼ੂ (ਜਿਵੇਂ ਬਲਦ, ਗਾਂ, ਮੱਝ ਜਾਂ ਬੱਕਰੀਆਂ) ਜ਼ਰੂਰ ਹੁੰਦੇ ਸਨ। ਖੇਤਾਂ ਵਿੱਚ ਕੰਮ ਕਰ ਲਿਆ ਅਤੇ ਖਾ-ਪੀ ਲਿਆ, ਬੱਸ ਇਹੀ ਜ਼ਿੰਦਗੀ ਸੀ।
ਸੰਨ 1960 ਦੇ ਕਰੀਬ ਜਦੋਂ ਤਲਵਾੜਾ ਨੇੜੇ ਪੌਂਗ ਡੈਮ ਬਣਨਾ ਸ਼ੁਰੂ ਹੋਇਆ ਤਾਂ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਦਾ ਕੁਝ ਮੌਕਾ ਮਿਲਿਆ। ਇਹ ਡੈਮ ਬਣਨ ਨਾਲ ਬਾਹਰਲੇ ਇਲਾਕਿਆਂ ਦੇ ਪੜ੍ਹੇ-ਲਿਖੇ ਲੋਕ ਵੀ ਤਲਵਾੜਾ ਆਏ, ਜਿਸ ਦਾ ਅਸਰ ਇਹ ਹੋਇਆ ਕਿ ਸਾਡੇ ਲੋਕਾਂ ਨੂੰ ਵੀ ਪੜ੍ਹਾਈ ਦਾ ਮਹੱਤਵ ਸਮਝ ਆਉਣ ਲੱਗਿਆ। ਜਦੋਂ ਮੇਰਾ ਜਨਮ ਹੋਇਆ ਤਾਂ ਸਾਡਾ ਇਲਾਕਾ ਬਦਲਾਅ ਵੱਲ ਵਧ ਰਿਹਾ ਸੀ, ਪਰ ਮੇਰੇ ਬਚਪਨ ਵੇਲੇ ਸਕੂਲ ਜਾਣਾ, ਪਸ਼ੂ ਚਰਾਉਣ ਜਾਣਾ ਅਤੇ ਵਾਪਸੀ ’ਤੇ ਉਨ੍ਹਾਂ ਲਈ ਪੱਠੇ ਵੱਢ ਕੇ ਲਿਆਉਣਾ ਬੱਚਿਆਂ ਦੇ ਮੁੱਖ ਕੰਮ ਹੁੰਦੇ ਸਨ। ਛੁੱਟੀ ਵਾਲੇ ਦਿਨ ਬਿਆਸ ਦਰਿਆ ਕੰਢੇ ਪਸ਼ੂ ਚਰਾਉਣ ਸਵੇਰੇ ਹੀ ਚਲੇ ਜਾਣਾ ਅਤੇ ਸ਼ਾਮ ਨੂੰ ਘਰ ਪਰਤਣਾ। ਮੁੰਡਿਆਂ ਨੇ ਕਦੇ-ਕਦੇ ਘਰੋਂ ਚੋਰੀ ਬੇਸਣ ਜਾਂ ਮੱਕੀ ਦਾ ਆਟਾ, ਤੇਲ ਅਤੇ ਨਮਕ ਲੈ ਜਾਣਾ ਤੇ ਦਰਿਆ ਕੰਢੇ ਪਕੌੜੇ ਬਣਾ ਕੇ ਵੀ ਖਾਣੇ। ਕੁੜੀਆਂ ਨੇ ਵੀ ਘਰੋਂ ਚੌਲ, ਗੁੜ ਲੈ ਜਾਣਾ ਤੇ ਬੱਕਰੀ ਦਾ ਦੁੱਧ ਚੋਅ ਕੇ ਖੀਰ ਬਣਾ ਲੈਣੀ।
ਅਜਿਹੀ ਹੀ ਇੱਕ ਘਟਨਾ ਮੇਰੀ ਪੰਜਵੀਂ ਜਮਾਤ ਦੀ ਹੈ। ਮੁਹੱਲੇ ਦੇ ਮੁੰਡਿਆਂ ਨੇ ਕਿਸੇ ਹੋਰ ਪਾਸੇ ਪਸ਼ੂ ਚਰਾਉਣ ਦਾ ਮਨ ਬਣਾਇਆ, ਪਰ ਮੇਰੀ ਮਾਂ ਨੇ ਮੈਨੂੰ ਉਨ੍ਹਾਂ ਨਾਲ ਜਾਣ ਤੋਂ ਰੋਕ ਦਿੱਤਾ ਅਤੇ ਮੈਨੂੰ ਪਸ਼ੂ ਦੇ ਕੇ ਮੁਹੱਲੇ ਦੀਆਂ ਕੁੜੀਆਂ ਨਾਲ ਹੀ ਤੋਰ ਦਿੱਤਾ। ਉਸ ਦਿਨ ਕੁੜੀਆਂ ਦਾ ਖੀਰ ਬਣਾਉਣ ਦਾ ਪ੍ਰੋਗਰਾਮ ਬਣਿਆ ਹੋਇਆ ਸੀ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਮੈਨੂੰ ਵੀ ਖੀਰ ਮਿਲੇਗੀ ਤਾਂ ਉਹ ਕਹਿਣ ਲੱਗੀਆਂ ਕਿ ਜੇ ਤੂੰ ਅੱਜ ਸਾਰਾ ਦਿਨ ਸਾਡੇ ਡੰਗਰਾਂ ਦੀ ਰਾਖੀ ਕਰੇਂਗਾ ਤਾਂ ਹੀ ਤੈਨੂੰ ਖੀਰ ਮਿਲੇਗੀ।
ਮੈਂ ਕੁਝ ਦੇਰ ਤਾਂ ਪਸ਼ੂਆਂ ਦੀ ਰਾਖੀ ਕਰਦਾ ਰਿਹਾ, ਪਰ ਪਸ਼ੂ ਜ਼ਿਆਦਾ ਹੋਣ ਕਰਕੇ ਇੱਧਰ-ਉੱਧਰ ਖਿੱਲਰ ਗਏ। ਮੈਨੂੰ ਡਰ ਸੀ ਕਿ ਜੇਕਰ ਮੈਂ ਪਸ਼ੂਆਂ ਮਗਰ ਦੂਰ ਨਿਕਲ ਗਿਆ ਤਾਂ ਪਿੱਛੋਂ ਕਿਤੇ ਉਹ ਖੀਰ ਨਾ ਖਾ ਜਾਣ ਅਤੇ ਮੈਂ ਹੱਥ ਮਲਦਾ ਰਹਿ ਜਾਵਾਂ। ਇੰਨੇ ਨੂੰ ਪਸ਼ੂ ਹੋਰ ਅੱਗੇ ਵਧ ਗਏ। ਕੁੜੀਆਂ ਨੇ ਮੌਕਾ ਤਾੜਦਿਆਂ ਆਖਿਆ ਕਿ ਤੂੰ ਪਸ਼ੂਆਂ ਦੀ ਰਾਖੀ ਠੀਕ ਤਰ੍ਹਾਂ ਨਹੀਂ ਕੀਤੀ, ਇਸ ਲਈ ਤੈਨੂੰ ਕੋਈ ਖੀਰ-ਵੀਰ ਨਹੀਂ ਮਿਲਣੀ, ਦੌੜ ਇੱਥੋਂ। ਇਹ ਸੁਣਦਿਆਂ ਹੀ ਮੇਰਾ ਖੀਰ ਖਾਣ ਦਾ ਸੁਪਨਾ ਚਕਨਾਚੂਰ ਹੋ ਗਿਆ। ਜਿਉਂ ਹੀ ਕੁੜੀਆਂ ਪਸ਼ੂਆਂ ਨੂੰ ਮੋੜਨ ਲਈ ਥੋੜ੍ਹੀ ਦੂਰ ਗਈਆਂ ਤਾਂ ਪਤਾ ਨਹੀਂ ਮੇਰੇ ਬਾਲ ਮਨ ਵਿੱਚ ਕੀ ਆਇਆ, ਮੈਂ ਉੱਠਿਆ ਅਤੇ ਜ਼ੋਰ ਨਾਲ ਬੋਲਿਆ, ‘‘ਜੇ ਇਹ ਖੀਰ ਮੈਨੂੰ ਨਹੀਂ ਮਿਲਣੀ ਤਾਂ ਮੈਂ ਤੁਹਾਡੇ ਖਾਣ ਜੋਗੀ ਵੀ ਨਹੀਂ ਰਹਿਣ ਦੇਣੀ।’’ ਇਹ ਆਖਦਿਆਂ ਹੀ ਮੈਂ ਉਸ ਖੀਰ ਵਿੱਚ ਮਿੱਟੀ ਪਾ ਦਿੱਤੀ। ਫਿਰ ਕੀ ਸੀ, ਜੀਹਦੇ ਹੱਥ ਜੋ ਵੀ ਆਇਆ, ਉਨ੍ਹਾਂ ਨੇ ਮੈਨੂੰ ਉਸੇ ਨਾਲ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਪਤਾ ਨਹੀਂ ਮੈਨੂੰ ਕਿੰਨੇ ਸੋਟੇ ਪਏ, ਪਰ ਮੈਂ ਰੋਇਆ ਨਹੀਂ। ਮੈਂ ਇਹੀ ਕਹਿੰਦਾ ਰਿਹਾ, ‘‘ਕੋਈ ਨਹੀਂ, ਮੈਨੂੰ ਤਾਂ ਨਹੀਂ ਮਿਲੀ ਪਰ ਖਾਣ ਮੈਂ ਤੁਹਾਨੂੰ ਵੀ ਨਹੀਂ ਦਿੱਤੀ।’’
ਉਨ੍ਹਾਂ ਕੁੜੀਆਂ ਵਿੱਚੋਂ ਹੁਣ ਇੱਕ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਬਾਕੀ ਵੀ ਉਮਰ ਦੇ ਆਖ਼ਰੀ ਪੜਾਅ ਵੱਲ ਹਨ। ਕਦੇ-ਕਦੇ ਜਦੋਂ ਬੀਤੇ ਸਮੇਂ ਦੀ ਇਹ ਘਟਨਾ ਚੇਤੇ ਆਉਂਦੀ ਹੈ ਤਾਂ ਬਚਪਨ ਦੀ ਮਾਸੂਮੀਅਤ ’ਤੇ ਹਾਸਾ ਵੀ ਆਉਂਦਾ ਹੈ ਅਤੇ ਆਪਣੀ ਉਸ ਬਾਲ-ਹੱਠ ਵਾਲੀ ਕਰਤੂਤ ’ਤੇ ਸ਼ਰਮ ਵੀ ਆਉਂਦੀ ਹੈ। ਕੁਝ ਸਾਲ ਪਹਿਲਾਂ ਜਦੋਂ ਉਨ੍ਹਾਂ ਵਿੱਚੋਂ ਇੱਕ ਜਣੀ ਮੈਨੂੰ ਮਿਲੀ ਤਾਂ ਅਸੀਂ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਹੱਸ ਰਹੇ ਸਾਂ। ਗੱਲਾਂ-ਗੱਲਾਂ ਵਿੱਚ ਮੈਂ ਉਸ ਨੂੰ ਮਜ਼ਾਕ ਨਾਲ ਪੁੱਛਿਆ, “ਦੱਸ ਤਾਂ ਸਹੀ, ਉਸ ਦਿਨ ਵਾਲੀ ਉਹ ਖੀਰ ਕਿੰਨੀ ਕੁ ਸੁਆਦ ਸੀ?” ਉਹ ਝੱਟ ਆਪਣੀ ਮਿੱਠੀ ਪਹਾੜੀ ਬੋਲੀ ਵਿੱਚ ਬੋਲੀ, “ਹਾਏ ਵੇ, ਤੈਨੂੰ ਖੀਰ ਦਾ ਸੁਆਦ ਚੇਤਾ ਹੈ, ਬੱਚੂ... ਉਹ ਜਿਹੜੀ ਉਸ ਦਿਨ ਤੈਨੂੰ ਫੰਡ (ਮਾਰ) ਪਈ ਸੀ, ਉਹ ਭੁੱਲ ਗਿਆਂ?” ਅੱਜ ਵੀ ਜਦੋਂ ਅਤੀਤ ਦੀਆਂ ਪਰਤਾਂ ਫਰੋਲਦਾ ਹਾਂ ਤਾਂ ਮਿੱਠੀਆਂ ਯਾਦਾਂ ਦੇ ਇਸ ਘੇਰੇ ਵਿੱਚ ਬਚਪਨ ਦੀ ਉਹ ਚਾਸ਼ਨੀ ਅਤੇ ਮਿੱਟੀ ਦੀ ਖ਼ੁਸ਼ਬੋ ਨਾਲ ਰਿੱਝੀ ਖੀਰ ਦਾ ਸਵਾਦ, ਪਈ ਮਾਰ ਦੇ ਉਸ ਦੁੱਖ ਨਾਲੋਂ ਕਿਤੇ ਵੱਧ ਮਿੱਠਾ ਜਾਪਦਾ ਹੈ।
ਸੰਪਰਕ: 94647-30770

