DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਬਦਾਂ ਦੀ ਚੋਣ

ਮਾਂ ਬੋਲੀ ਪੰਜਾਬੀ ਆਪਣੇ ਅਮੁੱਕ ਸ਼ਬਦ ਭੰਡਾਰ ਪੱਖੋਂ ਬਹੁਤ ਅਮੀਰ ਭਾਸ਼ਾ ਹੈ। ਬੋਲਣ ਵੇਲੇ ਸਲੀਕੇ ਨਾਲ ਕੀਤੀ ਗਈ ਸ਼ਬਦਾਂ ਦੀ ਚੋਣ ਸੁਣਨ ਵਾਲੇ ’ਤੇ ਡੂੰਘੀ ਛਾਪ ਛੱਡਦੀ ਹੈ। ਕੁਝ ਦਿਨ ਪਹਿਲਾਂ ਮੈਨੂੰ ਇੱਕ ਬਜ਼ੁਰਗ ਪਾਠਕ ਦਾ ਫੋਨ ਆਇਆ ਅਤੇ ਉਸ...

  • fb
  • twitter
  • whatsapp
  • whatsapp
Advertisement

ਮਾਂ ਬੋਲੀ ਪੰਜਾਬੀ ਆਪਣੇ ਅਮੁੱਕ ਸ਼ਬਦ ਭੰਡਾਰ ਪੱਖੋਂ ਬਹੁਤ ਅਮੀਰ ਭਾਸ਼ਾ ਹੈ। ਬੋਲਣ ਵੇਲੇ ਸਲੀਕੇ ਨਾਲ ਕੀਤੀ ਗਈ ਸ਼ਬਦਾਂ ਦੀ ਚੋਣ ਸੁਣਨ ਵਾਲੇ ’ਤੇ ਡੂੰਘੀ ਛਾਪ ਛੱਡਦੀ ਹੈ। ਕੁਝ ਦਿਨ ਪਹਿਲਾਂ ਮੈਨੂੰ ਇੱਕ ਬਜ਼ੁਰਗ ਪਾਠਕ ਦਾ ਫੋਨ ਆਇਆ ਅਤੇ ਉਸ ਨੇ ਗੱਲਬਾਤ ਕਰਦਿਆਂ ਮੈਨੂੰ ‘ਪੁੱਤਰਾ’ ਕਹਿ ਕੇ ਸੰਬੋਧਨ ਕੀਤਾ। ਮਾਪਿਆਂ ਦੇ ਤੁਰ ਜਾਣ ਦੇ ਕਿੰਨੇ ਵਰ੍ਹਿਆਂ ਪਿੱਛੋਂ ਇਹ ਮੋਹ ਭਰਿਆ ਸ਼ਬਦ ਕੰਨੀਂ ਪਿਆ। ਉਸ ਦੀ ਗੱਲਬਾਤ ਵਿੱਚ ਇੰਨੀ ਅਪਣੱਤ ਭਰੀ ਸੀ ਜਿਵੇਂ ਕੋਈ ਮੇਰਾ ਆਪਣਾ ਵਡੇਰਾ ਹੋਵੇ। ਸਮਾਂ ਨਾ ਹੋਣ ਦੇ ਬਾਵਜੂਦ ਮੈਂ ਉਸ ਦੀ ਪੂਰੀ ਗੱਲ ਸੁਣੀ।

ਮੈਂ ਆਪਣੀ ਅਧਿਆਪਕਾ ਦੀ ਨੌਕਰੀ ਦਾ ਸਾਰਾ ਅਰਸਾ ਪੇਂਡੂ ਸਕੂਲਾਂ ਵਿੱਚ ਹੀ ਪੜ੍ਹਾਇਆ। ਕੁਝ ਸਾਲ ਪਹਿਲਾਂ ਦੀ ਗੱਲ ਹੈ ਅਸੀਂ ਚਾਰ ਅਧਿਆਪਕਾਵਾਂ ਸ਼ਹਿਰ ਤੋਂ ਹਰ ਰੋਜ਼ ਨੇੜਲੇ ਪਿੰਡ ਦੇ ਸਕੂਲ ਵਿੱਚ ਪੜ੍ਹਾਉਣ ਲਈ ਬੱਸ ’ਤੇ ਜਾਂਦੀਆਂ ਸਾਂ। ਪਿੰਡ ਦੇ ਅੱਡੇ ਤੋਂ ਸਕੂਲ ਥੋੜ੍ਹੀ ਵਿੱਥ ’ਤੇ ਸੀ ਅਤੇ ਉੱਥੇ ਸਾਨੂੰ ਤੁਰ ਕੇ ਜਾਣਾ ਪੈਂਦਾ ਸੀ। ਰਸਤੇ ਵਿੱਚ ਗੁਰਦੁਆਰਾ ਸਾਹਿਬ ਸੀ ਅਤੇ ਉਸ ਦੇ ਗੇਟ ਅੱਗੇ ਦੋ ਚਾਰ ਬਜ਼ੁਰਗ ਬੈਠੇ ਹੁੰਦੇ ਸਨ। ਗਰਮੀ ਦੀ ਰੁੱਤ ’ਚ ਅਸੀਂ ਤੇਜ਼ ਕਦਮ ਤੁਰੀਆਂ ਜਾ ਰਹੀਆਂ ਸੀ। ਗੁਰਦੁਆਰਾ ਸਾਹਿਬ ਅੱਗੇ ਬੈਠਾ ਬਜ਼ੁਰਗ ਬੋਲਿਆ, ‘ਆ ਗਈਆਂ ਪੁੱਤ।’ ਅਸੀਂ, ‘ਹਾਂ ਜੀ’ ਕਿਹਾ। ਬਜ਼ੁਰਗ ਬੋਲਿਆ ‘ਧੀਏ ਗੁੱਸਾ ਨਾ ਕਰਿਓ ਤਾਂ ਇੱਕ ਗੱਲ ਕਹਾਂ, ਕਈ ਦਿਨਾਂ ਤੋਂ ਮੇਰੇ ਮਨ ਵਿੱਚ ਹੈ।’ ਅਸੀਂ ਆਪਣੀ ਹੈਰਾਨੀ ਛੁਪਾ ਕੇ ਕਿਹਾ, ‘ਦੱਸੋ ਜੀ।’ ਉਹ ਕਹਿੰਦਾ, ‘ਪੁੱਤ ਤੁਹਾਡੇ ਪੈਰਾਂ ਵਿੱਚ ਭਾਵੇਂ ਮਹਿੰਗੀਆਂ ਚੱਪਲਾਂ ਪਾਈਆਂ ਹੋਈਆਂ ਹਨ, ਹੈ ਤਾਂ ਫਿੱਡੇ ਛਿੱਤਰ ਹੀ। ਪੁੱਤ ਫਿੱਡੇ ਛਿੱਤਰ ਤਾਂ ਮਾੜੇ ਕਰਮਾਂ ਵਾਲੇ ਪਾਉਂਦੇ ਹਨ ਪਰ ਤੁਸੀਂ ਤਾਂ ਚੰਗੇ ਭਾਗਾਂ ਵਾਲੀਆਂ ਹੋ, ਨੌਕਰੀ ਕਰਦੀਆਂ ਹੋ, ਕਮਾਉਂਦੀਆਂ ਹੋ, ਤੁਸੀਂ ਕਿਉਂ ਫਿੱਡੇ ਛਿੱਤਰ ਘੜੀਸਦੀਆਂ ਹੋ। ਜੁੱਤੀ ਪਾਇਆ ਕਰੋ, ਪੁੱਤ ਸਾਰਾ ਪੈਰ ਢਕਿਆ ਜਾਂਦੈ, ਨਾਲੇ ਮਿੱਟੀ ਘੱਟੇ ਤੋਂ ਬਚਾਅ ਰਹਿੰਦਾ। ਮੇਰੀਆਂ ਧੀਆਂ, ਮੇਰੀ ਗੱਲ ’ਤੇ ਗੌਰ ਕਰਿਓ, ਮੈਂ ਤੁਹਾਡੇ ਪਿਉ ਦੀ ਉਮਰ ਦਾ ਹਾਂ, ਤਾਂ ਹੀ ਕਹਿ ਦਿੱਤਾ।’ ਉਸ ਦੀ ਸੁਚੱਜੇ ਸ਼ਬਦਾਂ ਦੀ ਚੋਣ ਤੇ ਅਪਣੱਤ ਭਰੀ ਨਸੀਹਤ ’ਤੇ ਅਸੀਂ ਪੂਰਾ ਪਹਿਰਾ ਦਿੱਤਾ। ਜਿੰਨਾ ਚਿਰ ਅਸੀਂ ਉਸ ਸਕੂਲ ਵਿੱਚ ਸਰਵਿਸ ਕੀਤੀ, ਗਰਮੀ ਹੋਵੇ ਜਾਂ ਸਰਦੀ ਹਮੇਸ਼ਾ ਬੰਦ ਜੁੱਤੀ ਹੀ ਪਾਈ। ਸ਼ਬਦਾਂ ਦੀ ਚੋਣ ਬਾਰੇ ਪੰਜਾਬੀ ਭਾਸ਼ਾ ਵਿੱਚ ਬੜੇ ਮੁਹਾਵਰੇ ਹਨ। ਵਿਦਿਅਕ ਸੰਸਥਾਵਾਂ ਸਿੱਖਿਆਰਥੀਆਂ ਨੂੰ ਸਿੱਖਿਅਤ ਕਰਨ ਦਾ ਫ਼ਰਜ਼ ਨਿਭਾਉਂਦੀਆਂ ਹਨ। ਅਧਿਆਪਕ ਛੋਟੇ-ਛੋਟੇ ਕੋਰੇ ਕਾਗਜ਼ ਵਰਗੇ ਬੱਚਿਆਂ ਤੋਂ ਲੈ ਕੇ ਅੱਲ੍ਹੜ ਉਮਰ ਦੇ ਵਿਦਿਆਰਥੀਆਂ ਨੂੰ ਹੀਰੇ ਵਾਂਗ ਤਰਾਸ਼ਦਾ ਹੈ। ਅਧਿਆਪਕ ਆਪਣੇ ਵਿਦਿਆਰਥੀਆਂ ਦੇ ਰੋਲ ਮਾਡਲ ਵੀ ਹੁੰਦੇ ਹਨ ਤੇ ਬੱਚੇ ਉਨ੍ਹਾਂ ਵਰਗਾ ਬਣਨਾ ਲੋਚਦੇ ਹਨ। ਕਾਲਜਾਂ ਵਿੱਚ ਸਮੇਂ ਸਮੇਂ ’ਤੇ ਸਮਾਜ ਦੀਆਂ ਹੋਰ ਸਫਲ ਸ਼ਖ਼ਸੀਅਤਾਂ ਤੇ ਵਿਦਵਾਨਾਂ ਦੇ ਲੈਕਚਰ ਵੀ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਮੈਨੂੰ ਯਾਦ ਹੈ ਕਿ ਸਾਡੇ ਕਾਲਜ ਵਿੱਚ ਕਰਵਾਏ ਮਰਹੂਮ ਨਾਵਲਕਾਰ ਗੁਰਦਿਆਲ ਸਿੰਘ ਜੈਤੋ ਦਾ ਭਾਸ਼ਣ ਅਸੀਂ ਦੋ ਘੰਟੇ ਬੇਰੋਕ ਸੁਣਿਆ ਸੀ। ਭਾਸ਼ਾ ਦਾ ਮਿਆਰ, ਬੋਲਣ ਦਾ ਸਲੀਕਾ, ਧੀਮੀ ਪਰ ਪ੍ਰਭਾਵਸ਼ਾਲੀ ਆਵਾਜ਼ ਨੇ ਸਭ ਵਿਦਿਆਰਥੀਆਂ ’ਤੇ ਡੂੰਘਾ ਪ੍ਰਭਾਵ ਛੱਡਿਆ।

Advertisement

ਇਸੇ ਤਰ੍ਹਾਂ ਇੱਕ ਵਾਰ ਜਦੋਂ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹੇ ਤਾਂ ਅਧਿਆਪਕ ਅਤੇ ਵਿਦਿਆਰਥੀ ਹੈਰਾਨ ਹੋ ਗਏ ਕਿ ਸਕੂਲ ਦੇ ਸਾਰੇ ਵਿਹੜੇ ਵਿੱਚ ਇੱਟਾਂ, ਰੇਤੇ ਅਤੇ ਬੱਜਰੀ ਰੱਖੀ ਹੋਈ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਇਹ ਪੰਚਾਇਤ ਨੇ ਪਿੰਡ ਵਿੱਚ ਗਲੀਆਂ ਪੱਕੀਆਂ ਕਰਨ ਲਈ ਸਾਮਾਨ ਰਖਵਾਇਆ ਹੈ। ਪੰਚਾਇਤ ਨੂੰ ਸੁਨੇਹਾ ਭੇਜਿਆ ਕਿ ਸਕੂਲ ਦਾ ਵਿਹੜਾ ਖਾਲੀ ਕਰ ਦਿੱਤਾ ਜਾਵੇ ਪਰ ਸਾਮਾਨ ਉਵੇਂ ਹੀ ਪਿਆ ਰਿਹਾ। ਸਕੂਲ ਵਿੱਚ ਦੋ ਕਮਰਿਆਂ ਦੇ ਫ਼ਰਸ਼ ਕੱਚੇ ਸਨ। ਵਿਦਿਆਰਥੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਵਿਹੜਾ ਖਾਲੀ ਕਰਨ ਦੇ ਇਰਾਦੇ ਨਾਲ ਅਸੀਂ ਅਧਿਆਪਕਾਂ ਨੇ ਇੱਟਾਂ ਉਨ੍ਹਾਂ ਕਮਰਿਆਂ ਵਿੱਚ ਚਿਣਨ ਦੀ ਸੋਚੀ। ਬੱਸ ਫਿਰ ਕੀ ਸੀ, ਅਧਿਆਪਕਾਂ ਦੀ ਨਿਗਰਾਨੀ ਹੇਠ ਤਿੰਨ ਸੌ ਵਿਦਿਆਰਥੀਆਂ ਨੇ ਕਾਹਲੀ ਨਾਲ ਇੱਕ ਘੰਟੇ ਵਿੱਚ ਕਮਰਿਆਂ ਵਿੱਚ ਇੱਟਾਂ ਚਿਣ ਦਿੱਤੀਆਂ। ਅੱਧੀ ਛੁੱਟੀ ਵੇਲੇ ਪਿੰਡ ਵਿੱਚ ਇਸ ਕਾਰਵਾਈ ਦਾ ਪਤਾ ਲੱਗ ਗਿਆ। ਪੰਚਾਇਤ ਆ ਕੇ ਲੜਨ ਲੱਗੀ ਕਿ ਤੁਸੀਂ ਇਹ ਗ਼ਲਤ ਕੀਤਾ ਹੈ, ਇਹ ਤਾਂ ਗਲੀਆਂ ਪੱਕੀਆਂ ਕਰਨ ਲਈ ਸਾਮਾਨ ਰਖਵਾਇਆ ਸੀ। ਹੁਣ ਮੌਕਾ ਅਸੀਂ ਸਾਂਭਣਾ ਸੀ, ਅਸੀਂ ਕਿਹਾ, ‘ਸਰਪੰਚ ਸਾਬ੍ਹ ਸਕੂਲ ਵੀ ਤੁਹਾਡਾ ਈ ਐ, ਬੱਚੇ ਵੀ ਤੁਹਾਡੇ ਪੜ੍ਹਦੇ ਆ, ਅਸੀਂ ਤਾਂ ਇਹੀ ਸਮਝ ਕੇ ਇੱਟਾਂ ਚਿਣਵਾ ਦਿੱਤੀਆਂ। ਸਾਨੂੰ ਤਾਂ ਲੱਗਦਾ ਸੀ ਤੁਸੀਂ ਖੁਸ਼ ਹੋਵੋਗੇ। ਜੇਕਰ ਤੁਹਾਨੂੰ ਠੀਕ ਨਹੀਂ ਲੱਗਾ ਤਾਂ ਇੱਟਾਂ ਪੁੱਟ ਸਕਦੇ ਹੋ।’ ਪਤਾ ਨਹੀਂ ਉਨ੍ਹਾਂ ਨੇ ਕੀ ਸੋਚਿਆ ਕਹਿਣ ਲੱਗੇ,‘ਨਹੀਂ-ਨਹੀਂ ਭਾਈ ਇੱਟਾਂ ਕਿਉਂ ਪੁੱਟਣੀਆਂ? ਤੁਸੀਂ ਕਿਹੜਾ ਆਪਣੇ ਘਰ ਫ਼ਰਸ਼ ਲਾਇਆ ਪਰ ਕੀਤੀ ਤੁਸੀਂ ਕਾਹਲੀ ਈ ਐ।’ ਉਨ੍ਹਾਂ ਨੇ ਘੰਟੇ ਕੁ ਪਿੱਛੋਂ ਸੀਮਿੰਟ ਦੀਆਂ ਚਾਰ ਬੋਰੀਆਂ ਤੇ ਮਿਸਤਰੀ ਭੇਜ ਦਿੱਤਾ ਤੇ ਉਸ ਨੇ ਦੋਵਾਂ ਕਮਰਿਆਂ ਵਿੱਚ ਵਧੀਆ ਢੰਗ ਨਾਲ ਫ਼ਰਸ਼ ਪਾ ਦਿੱਤਾ। ਇਸ ਤਰ੍ਹਾਂ ਸਲੀਕੇ ਦੀ ਗੱਲਬਾਤ ਤੇ ਸ਼ਬਦਾਂ ਦੀ ਸਹੀ ਚੋਣ ਨਾਲ ਸਕੂਲ ਅਧਿਆਪਕਾਂ ਸਿਰ ਲੜਾਈ ਪੈਣੋਂ ਬਚ ਗਈ ਤੇ ਕੰਮ ਵੀ ਹੋ ਗਿਆ।

Advertisement

ਸੰਪਰਕ: 98766-35262

Advertisement
×