ਵਿਦਾਇਗੀ ਪਾਰਟੀ ਵਾਲਾ ਕੋਟ
ਸਿਰ ’ਤੋਂ ਪਿਤਾ ਜੀ ਦਾ ਸਾਇਆ ਛੋਟੀ ਉਮਰ ਵਿੱਚ ਹੀ ਉੱਠ ਜਾਣ ਕਾਰਨ ਭਰਾਵਾਂ ਵਿੱਚੋਂ ਵੱਡਾ ਹੋਣ ਨਾਤੇ ਪਰਿਵਾਰਕ ਜ਼ਿੰਮੇਵਾਰੀਆਂ, ਘਰ ਦੀ ਗ਼ੁਰਬਤ ਅਤੇ ਮਾਂ ਦੀ ਸਬਰ-ਸੰਤੋਖ ਵਾਲੀ ਆਦਤ ਨੇ ਮੈਨੂੰ ਬਚਪਨ ਵਿੱਚ ਹੀ ਇਹ ਸਮਝਾ ਦਿੱਤਾ ਸੀ ਕਿ ਆਪਣੇ...
ਸਿਰ ’ਤੋਂ ਪਿਤਾ ਜੀ ਦਾ ਸਾਇਆ ਛੋਟੀ ਉਮਰ ਵਿੱਚ ਹੀ ਉੱਠ ਜਾਣ ਕਾਰਨ ਭਰਾਵਾਂ ਵਿੱਚੋਂ ਵੱਡਾ ਹੋਣ ਨਾਤੇ ਪਰਿਵਾਰਕ ਜ਼ਿੰਮੇਵਾਰੀਆਂ, ਘਰ ਦੀ ਗ਼ੁਰਬਤ ਅਤੇ ਮਾਂ ਦੀ ਸਬਰ-ਸੰਤੋਖ ਵਾਲੀ ਆਦਤ ਨੇ ਮੈਨੂੰ ਬਚਪਨ ਵਿੱਚ ਹੀ ਇਹ ਸਮਝਾ ਦਿੱਤਾ ਸੀ ਕਿ ਆਪਣੇ ਸ਼ੌਕ ਨਾਲ ਸਮਝੌਤਾ ਕਰਕੇ ਰੱਖਣਾ ਪਵੇਗਾ। ਮਾਂ ਦੀ ਚੁੱਪ ਹੀ ਮੈਨੂੰ ਇਹ ਅਹਿਸਾਸ ਕਰਵਾ ਦਿੰਦੀ ਸੀ ਕਿ ਉਮਰ ਵਿੱਚ ਭਾਵੇਂ ਮੈਂ ਛੋਟਾ ਹਾਂ ਪਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੱਖੋਂ ਵੱਡਾ ਹਾਂ। ਕਦੇ-ਕਦੇ ਭਾਵੁਕ ਹੋ ਕੇ ਮਾਂ ਦੇ ਕਹੇ ਸ਼ਬਦ ਕਿ “ਤੂੰ ਭਰਾਵਾਂ ਵਿੱਚੋਂ ਵੱਡਾ ਹੈਂ, ਜੋ ਕੁਝ ਤੂੰ ਕਰੇਂਗਾ, ਉਹੀ ਛੋਟੇ ਕਰਨਗੇ; ਜੇ ਚੰਗਾ ਕਰੋਗੇ ਤਾਂ ਕੁਝ ਬਣ ਜਾਓਗੇ, ਮਾੜਾ ਕਰੋਗੇ ਤਾਂ ਲੋਕਾਂ ਦੇ ਹੱਥਾਂ ਵੱਲ ਵੇਖਣਾ ਪਵੇਗਾ” ਮੈਨੂੰ ਸਦਾ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਸਨ।
ਮਾਮਿਆਂ ਦੇ ਬੱਚਿਆਂ ਦੇ ਕੱਪੜੇ, ਜੋ ਅਸੀਂ ਦਰਜ਼ੀ ਤੋਂ ਠੀਕ ਕਰਵਾ ਕੇ ਵਿਆਹ-ਸ਼ਾਦੀਆਂ ਉੱਤੇ ਪਾਉਂਦੇ, ਸਾਡੇ ਲਈ ਨਵੇਂ ਹੀ ਹੁੰਦੇ ਸਨ। ਮਾਂ ਦੀ ਆਦਰਸ਼ਮਈ ਜ਼ਿੰਦਗੀ ਸਾਡੇ ਲਈ ਸਦਾ ਰਾਹ-ਦਸੇਰੀ ਸੀ। ਉਸ ਨੂੰ ਮੈਥੋਂ ਇਹ ਉਮੀਦ ਸੀ ਕਿ ਮੈਂ ਪਰਿਵਾਰ ਦੇ ਚੰਗੇ ਦਿਨ ਜ਼ਰੂਰ ਲਿਆਵਾਂਗਾ। ਪਰ ਜਦੋਂ ਮੈਂ ਅੱਠਵੀਂ ਜਮਾਤ ਪਾਸ ਕੀਤੀ ਤਾਂ ਹਾਣੀਆਂ ਨੂੰ ਵੇਖ ਕੇ ਜ਼ਿੰਦਗੀ ਦਾ ਰੰਗ ਬਦਲਣ ਲੱਗ ਪਿਆ। ਦੂਜੇ ਬੱਚਿਆਂ ਵਾਂਗ ਨਵੇਂ ਅਤੇ ਸੋਹਣੇ ਕੱਪੜੇ ਪਾਉਣ ਨੂੰ ਮਨ ਕਰਨ ਲੱਗਾ ਪਰ ਪਰਿਵਾਰ ਦੀ ਮਜਬੂਰੀ ਉਸ ਭਾਵਨਾ ਨੂੰ ਦਬਾ ਦਿੰਦੀ ਸੀ। ਦਸਵੀਂ ਜਮਾਤ ਵਿੱਚ ਕਿਸੇ ਖ਼ਾਸ ਮੌਕੇ ਉੱਤੇ ਦੋਸਤਾਂ ਦੇ ਕੱਪੜੇ ਪਾ ਕੇ ਮਨ ਦੀ ਰੀਝ ਪੂਰੀ ਕਰਨ ਦੀ ਆਦਤ ਪੈ ਗਈ। ਦੂਜਿਆਂ ਦੇ ਕੱਪੜੇ ਪਾਉਣ ਦੀ ਇਸ ਆਦਤ ਨੂੰ ਵੇਖ ਕੇ ਮਾਂ ਦੀ ਸਖ਼ਤੀ ਵਿੱਚ ਬਦਲਾਅ ਆਇਆ।
ਉਹ ਸਮਝ ਗਈ ਸੀ ਕਿ ਹੁਣ ਬੱਚੇ ਵੱਡੇ ਹੋ ਗਏ ਹਨ ਅਤੇ ਇਨ੍ਹਾਂ ਨੂੰ ਸਖ਼ਤੀ ਦੀ ਨਹੀਂ ਸਗੋਂ ਪਿਆਰ ਦੀ ਲੋੜ ਹੈ। ਮਾਂ ਬਹੁਤ ਸਲੀਕੇ ਨਾਲ ਸਮਝਾਉਂਦੀ, “ਪੁੱਤਰਾ, ਦੂਜਿਆਂ ਦੇ ਕੱਪੜੇ ਪਾ ਕੇ ਕੋਈ ਬਿਮਾਰੀ ਨਾ ਲੁਆ ਬੈਠੀਂ। ਤੇਰੇ ਸਿਰ ਉੱਤੇ ਪਿਓ ਨਹੀਂ ਹੈ, ਕੋਈ ਗ਼ਲਤ ਕੰਮ ਕਰਕੇ ਉਲਾਂਭਾ ਨਾ ਲਿਆਈਂ।” ਮੈਂ ਦੋਸਤਾਂ ਦੇ ਕੱਪੜੇ ਪਾਉਣੇ ਤਾਂ ਨਾ ਛੱਡੇ ਪਰ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਮਾਂ ਨੂੰ ਕੋਈ ਉਲਾਂਭਾ ਸੁਣਨਾ ਪਵੇ।
ਦਸਵੀਂ ਦੀ ਸਾਲਾਨਾ ਪ੍ਰੀਖਿਆ ਤੋਂ ਪਹਿਲਾਂ ਸਕੂਲ ਦੀ ਵਿਦਾਇਗੀ ਪਾਰਟੀ ਹੋਣ ਜਾ ਰਹੀ ਸੀ, ਜਿਸ ਦੌਰਾਨ ਜਮਾਤ ਦੀ ਫ਼ੋਟੋ ਵੀ ਕਰਵਾਈ ਜਾਣੀ ਸੀ। ਸਾਰੇ ਬੱਚੇ ਆਪਣੀ ਹਿੰਮਤ ਮੁਤਾਬਿਕ ਨਵੇਂ ਕੱਪੜੇ ਤਿਆਰ ਕਰਵਾ ਰਹੇ ਸਨ। ਮੇਰੇ ਮਨ ਵਿੱਚ ਵੀ ਚੰਗੇ ਕੱਪੜੇ ਪਾ ਕੇ ਫ਼ੋਟੋ ਖਿਚਵਾਉਣ ਦਾ ਸ਼ੌਕ ਜਾਗਿਆ। ਇੱਕ ਦਿਨ ਹੌਸਲਾ ਕਰਕੇ ਮਾਂ ਨੂੰ ਕਿਹਾ, “ਬੀਜੀ, ਮੇਰੀ ਵਿਦਾਇਗੀ ਪਾਰਟੀ ਉੱਤੇ ਫ਼ੋਟੋ ਹੋਣੀ ਹੈ, ਮੈਨੂੰ ਮਾਮਾ ਜੀ ਦੇ ਬੱਚਿਆਂ ਤੋਂ ਕੋਈ ਕੋਟ-ਪੈਂਟ ਲੈ ਦਿਓ।” ਮਾਂ ਨੇ ਸੌਖੇ ਜਿਹੇ ਸ਼ਬਦਾਂ ਵਿੱਚ ਗੱਲ ਮੁਕਾ ਦਿੱਤੀ ਕਿ ਤੇਰੀ ਭੈਣ ਨੇ ਸਕੂਲ ਦੀ ਵਰਦੀ ਨਾਲ ਹੀ ਫ਼ੋਟੋ ਖਿਚਵਾਈ ਸੀ, ਤੂੰ ਵੀ ਵਰਦੀ ਨਾਲ ਹੀ ਖਿਚਵਾ ਲੈ।
ਮਾਂ ਨੂੰ ਅੱਗੇ ਕੁਝ ਕਹਿਣ ਦਾ ਹੌਸਲਾ ਨਹੀਂ ਪਿਆ। ਮੈਂ ਦੋਸਤਾਂ ਤੋਂ ਪੈਂਟ-ਕਮੀਜ਼ ਦਾ ਪ੍ਰਬੰਧ ਤਾਂ ਕਰ ਲਿਆ ਪਰ ਕੋਟ ਜਾਂ ਕੋਟੀ ਦਾ ਕੋਈ ਜੁਗਾੜ ਨਾ ਹੋ ਸਕਿਆ। ਪਾਰਟੀ ਨੂੰ ਦੋ ਦਿਨ ਬਾਕੀ ਸਨ। ਪਿੰਡ ਵਿੱਚ ਹੀ ਇੱਕ ਡਰਾਈਕਲੀਨਰ ਦੀ ਦੁਕਾਨ ਵਾਲੇ ਦਾ ਮੁੰਡਾ ਮੇਰਾ ਜਾਣਕਾਰ ਸੀ। ਮੈਂ ਉਸ ਨੂੰ ਇੱਕ ਦਿਨ ਲਈ ਕੋਟ ਦੇਣ ਦੀ ਬੇਨਤੀ ਕੀਤੀ। ਉਸ ਨੇ ਸ਼ਰਤ ਰੱਖੀ ਕਿ ਜੇਕਰ ਅਸਲ ਗਾਹਕ ਆਪਣਾ ਕੋਟ ਲੈਣ ਆ ਗਿਆ ਤਾਂ ਮੈਨੂੰ ਉਸੇ ਵੇਲੇ ਵਾਪਸ ਦੇਣਾ ਪਵੇਗਾ। ਮੈਂ ਸ਼ਰਤ ਮੰਨ ਲਈ।
ਵਿਦਾਇਗੀ ਪਾਰਟੀ ਵਾਲੇ ਦਿਨ ਜਦੋਂ ਮੈਂ ਕਮੀਜ਼-ਪੈਂਟ ਅਤੇ ਕੋਟ ਪਾ ਕੇ ਘਰੋਂ ਤੁਰਨ ਲੱਗਾ ਤਾਂ ਉਸੇ ਮੁੰਡੇ ਨੇ ਆ ਕੇ ਕੋਟ ਵਾਪਸ ਮੰਗ ਲਿਆ ਕਿਉਂਕਿ ਗਾਹਕ ਆ ਗਿਆ ਸੀ। ਮੈਂ ਚਾਹੁੰਦਾ ਸੀ ਕਿ ਉਹ ਗਾਹਕ ਨੂੰ ਟਾਲ ਦੇਵੇ ਪਰ ਆਪਣਾ ਵਾਅਦਾ ਯਾਦ ਕਰਕੇ ਮੈਨੂੰ ਬਿਨਾਂ ਮਨ ਤੋਂ ਕੋਟ ਮੋੜਨਾ ਪਿਆ। ਮੇਰੀ ਵਿਦਾਇਗੀ ਪਾਰਟੀ ਦੀ ਫ਼ੋਟੋ ਖਿਚਵਾਉਣ ਦਾ ਸਾਰਾ ਚਾਅ ਫਿੱਕਾ ਪੈ ਗਿਆ।
ਮੇਰੀ ਸਿਆਣੀ ਮਾਂ ਨੇ ਮੇਰਾ ਹੌਸਲਾ ਵਧਾਉਂਦਿਆਂ ਕਿਹਾ, “ਪੁੱਤਰਾ, ਮਨ ਛੋਟਾ ਨਾ ਕਰ, ਪੜ੍ਹ-ਲਿਖ ਕੇ ਜਦੋਂ ਅਫ਼ਸਰ ਬਣੇਂਗਾ ਤਾਂ ਤੇਰੇ ਕੋਲ ਇਸ ਤੋਂ ਵੀ ਵਧੀਆ ਕੋਟ ਹੋਣਗੇ। ਤੇਰੀ ਭੈਣ ਨੇ ਤੇਰੀ ਸਕੂਲ ਵਾਲੀ ਵਰਦੀ ਧੋ ਕੇ ਪ੍ਰੈਸ ਕਰ ਦਿੱਤੀ ਹੈ ਅਤੇ ਨਵੀਂ ਕੋਟੀ ਵੀ ਬੁਣ ਕੇ ਤਿਆਰ ਕਰ ਦਿੱਤੀ ਹੈ।” ਮੈਂ ਨਵੀਂ ਬੁਣੀ ਹੋਈ ਕੋਟੀ ਅਤੇ ਸਕੂਲ ਦੀ ਵਰਦੀ ਨਾਲ ਹੀ ਵਿਦਾਇਗੀ ਪਾਰਟੀ ਦੀ ਫ਼ੋਟੋ ਖਿਚਵਾਈ।
ਉਸ ਦਿਨ ਤੋਂ ਬਾਅਦ ਮੈਂ ਕਦੇ ਕਿਸੇ ਦੋਸਤ ਤੋਂ ਕੱਪੜੇ ਨਹੀਂ ਮੰਗੇ। ਅੱਜ ਜਦੋਂ ਵੀ ਮੈਂ ਕੋਟ ਪਾਉਂਦਾ ਹਾਂ ਤਾਂ ਉਹ ਵਿਦਾਇਗੀ ਪਾਰਟੀ ਵਾਲਾ ਦਿਨ ਅਤੇ ਮਾਂ ਦੇ ਅਨਮੋਲ ਸ਼ਬਦ ਯਾਦ ਆ ਜਾਂਦੇ ਹਨ। ਅਧਿਆਪਕ ਅਤੇ ਪ੍ਰਿੰਸੀਪਲ ਦੇ ਅਹੁਦੇ ਉੱਤੇ ਕੰਮ ਕਰਦਿਆਂ ਜਦੋਂ ਮੈਂ ਆਪਣੇ ਸਕੂਲ ਦੀ ਪਾਰਟੀ ਵਿੱਚ ਗ਼ਰੀਬ ਬੱਚਿਆਂ ਨੂੰ ਸਾਧਾਰਨ ਕੱਪੜਿਆਂ ਵਿੱਚ ਫ਼ੋਟੋ ਖਿਚਵਾਉਂਦੇ ਵੇਖਦਾ ਹਾਂ ਤਾਂ ਮੈਨੂੰ ਆਪਣੇ ਵਿਦਿਆਰਥੀ ਜੀਵਨ ਦੀ ਉਹ ਘਟਨਾ ਚੇਤੇ ਆ ਜਾਂਦੀ ਹੈ। ਭਾਵੇਂ ਉਸ ਸਮੇਂ ਮਨ ਨੂੰ ਠੇਸ ਪਹੁੰਚੀ ਸੀ ਪਰ ਉਸ ਘਟਨਾ ਨੇ ਮੈਨੂੰ ਸਿਖਾਇਆ ਕਿ ਉਧਾਰੀਆਂ ਜਾਂ ਦੂਜਿਆਂ ਦੀਆਂ ਚੀਜ਼ਾਂ ਨਾਲ ਜ਼ਿੰਦਗੀ ਕਦੇ ਸੌਖੀ ਨਹੀਂ ਹੁੰਦੀ।
ਸੰਪਰਕ: 98726-27136

