DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇੱਕ ਅਣਜਾਣ ਫਰਿਸ਼ਤਾ

ਬਚਪਨ ਦੀਆਂ ਯਾਦਾਂ ਕਿਸੇ ਪੁਰਾਣੀ ਕਿਤਾਬ ਦੇ ਵਰਕਿਆਂ ਵਿੱਚ ਸਾਂਭ ਕੇ ਰੱਖੇ ਮੋਰ ਦੇ ਖੰਭ ਜਾਂ ਗੁਲਾਬ ਦੀਆਂ ਪੱਤੀਆਂ ਵਰਗੀਆਂ ਹੁੰਦੀਆਂ ਹਨ। ਵਕਤ ਭਾਵੇਂ ਕਿੰਨਾ ਵੀ ਬੀਤ ਜਾਵੇ ਜਦੋਂ ਕਦੇ ਯਾਦਾਂ ਦੀ ਉਸ ਕਿਤਾਬ ਦੇ ਪੰਨੇ ਪਲਟੇ ਜਾਂਦੇ ਹਨ ਤਾਂ...

  • fb
  • twitter
  • whatsapp
  • whatsapp
Advertisement

ਬਚਪਨ ਦੀਆਂ ਯਾਦਾਂ ਕਿਸੇ ਪੁਰਾਣੀ ਕਿਤਾਬ ਦੇ ਵਰਕਿਆਂ ਵਿੱਚ ਸਾਂਭ ਕੇ ਰੱਖੇ ਮੋਰ ਦੇ ਖੰਭ ਜਾਂ ਗੁਲਾਬ ਦੀਆਂ ਪੱਤੀਆਂ ਵਰਗੀਆਂ ਹੁੰਦੀਆਂ ਹਨ। ਵਕਤ ਭਾਵੇਂ ਕਿੰਨਾ ਵੀ ਬੀਤ ਜਾਵੇ ਜਦੋਂ ਕਦੇ ਯਾਦਾਂ ਦੀ ਉਸ ਕਿਤਾਬ ਦੇ ਪੰਨੇ ਪਲਟੇ ਜਾਂਦੇ ਹਨ ਤਾਂ ਉਨ੍ਹਾਂ ਵਿੱਚੋਂ ਉੱਠਦੀ ਮਹਿਕ ਰੂਹ ਤੱਕ ਨੂੰ ਮਹਿਕਾ ਦਿੰਦੀ ਹੈ। ਕੁਝ ਯਾਦਾਂ ਅਜਿਹੀਆਂ ਹੁੰਦੀਆਂ ਹਨ ਜੋ ਕੈਲੰਡਰਾਂ ਵਿੱਚ ਤਾਂ ਪੁਰਾਣੀਆਂ ਹੋ ਸਕਦੀਆਂ ਹਨ ਪਰ ਦਿਲ ਵਿੱਚ ਕਦੇ ਵੀ ਪੁਰਾਣੀਆਂ ਨਹੀਂ ਪੈਂਦੀਆਂ। ਸੰਨ 1989-90 ਦਾ ਇੱਕ ਖ਼ਾਸ ਦਿਨ ਮੇਰੀ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਆਇਆ ਸੀ। ਅੱਜ ਲਗਪਗ ਚਾਰ ਦਹਾਕਿਆਂ ਦਾ ਸਮਾਂ ਗੁਜ਼ਰ ਜਾਣ ਦੇ ਬਾਵਜੂਦ ਉਸ ਦਿਨ ਦੇ ਕੁਝ ਦ੍ਰਿਸ਼ ਅੱਜ ਵੀ ਮੇਰੇ ਮਨ ਦੇ ਕੈਨਵਸ ’ਤੇ ਉਸੇ ਤਰ੍ਹਾਂ ਉਕਰੇ ਹੋਏ ਹਨ। ਉਦੋਂ ਮੈਂ ਪ੍ਰਾਇਮਰੀ ਸਕੂਲ ਦੀ ਚੌਥੀ ਜਾਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੋਵਾਂਗਾ ਅਤੇ ਉਮਰ ਮਸਾਂ ਗਿਆਰਾਂ ਕੁ ਸਾਲ ਦੀ ਹੋਵੇਗੀ। ਮੇਰੇ ਨਾਲ ਮੇਰਾ ਜਮਾਤੀ ਕਾਲਾ ਬੇਦੀ ਸੀ ਜੋ ਮੇਰੇ ਤੋਂ ਸਾਲ ਕੁ ਵੱਡਾ ਸੀ।

ਦੁਨੀਆਦਾਰੀ ਦੇ ਛਲ-ਕਪਟ, ਫ਼ਿਕਰਾਂ ਅਤੇ ਤਾਣੇ-ਬਾਣੇ ਤੋਂ ਕੋਹਾਂ ਦੂਰ ਅਸੀਂ ਆਪਣੇ ਬਚਪਨ ਦੀ ਮਾਸੂਮੀਅਤ ਵਿੱਚ ਗੁੰਮ ਸਾਂ। ਉਸ ਦਿਨ ਅਸੀਂ ਸਕੂਲੋਂ ਮਿਲਣ ਵਾਲੇ ਵਜ਼ੀਫ਼ੇ ਦਾ ਫਾਰਮ ਭਰਨ ਲਈ ਮਾਨਸਾ ਕਚਹਿਰੀ ਜਾਣਾ ਸੀ। ਅੱਜ ਦੇ ਬੱਚਿਆਂ ਵਾਂਗ ਨਾ ਸਾਡੇ ਕੋਲ ਮੋਬਾਈਲ ਸਨ ਨਾ ਕੋਈ ਵੱਡਾ ਸਾਡੇ ਨਾਲ ਸੀ ਅਤੇ ਨਾ ਹੀ ਕਿਸੇ ਨੇ ਇਹ ਸਮਝਾਇਆ ਸੀ ਕਿ ਕਿੱਥੇ ਜਾਣਾ ਹੈ ਤੇ ਕੀ ਕਰਨਾ ਹੈ। ਉਸ ਵੇਲੇ ਪਿੰਡਾਂ ਦੇ ਬੱਚਿਆਂ ਦਾ ਬਚਪਨ ਬਿਲਕੁਲ ਭੋਲ਼ਾ, ਬੇਫ਼ਿਕਰ ਅਤੇ ਮਾਸੂਮ ਹੁੰਦਾ ਸੀ। ਅਸੀਂ ਝੁਨੀਰ ਤੋਂ ਮਾਨਸਾ ਜਾਣ ਵਾਲੀ ਸਰਕਾਰੀ ਬੱਸ ਵਿੱਚ ਚੜ੍ਹ ਗਏ। ਸਾਡੀਆਂ ਨਿੱਕੀਆਂ-ਨਿੱਕੀਆਂ ਜੇਬਾਂ ਵਿੱਚ ਕੁੱਲ ਮਿਲਾ ਕੇ ਢਾਈ-ਤਿੰਨ ਰੁਪਏ ਹੀ ਸਨ। ਇਹ ਵੀ ਨਹੀਂ ਸੀ ਪਤਾ ਕਿ ਉਹ ਪੈਸੇ ਕਿਰਾਏ ਲਈ ਕਾਫ਼ੀ ਹਨ ਜਾਂ ਨਹੀਂ। ਬੱਸ ਚੱਲ ਪਈ ਅਤੇ ਕੁਝ ਦੇਰ ਬਾਅਦ ਜਦੋਂ ਕੰਡਕਟਰ ਟਿਕਟ ਕੱਟਣ ਲਈ ਸਾਡੇ ਕੋਲ ਆਇਆ ਤਾਂ ਅਸੀਂ ਆਪਣੀ ਮੁੱਠੀ ਵਿਚਲੇ ਉਹ ਸਾਰੇ ਸਿੱਕੇ ਉਸ ਦੇ ਹੱਥ ਉੱਤੇ ਰੱਖ ਦਿੱਤੇ। ਉਸ ਨੇ ਪੈਸੇ ਗਿਣੇ, ਥੋੜ੍ਹਾ ਗੰਭੀਰ ਹੋਇਆ ਅਤੇ ਫਿਰ ਸਾਡੇ ਚਿਹਰਿਆਂ ਵੱਲ ਵੇਖ ਕੇ ਮੁਸਕਰਾਉਂਦਿਆਂ ਕਿਹਾ, “ਪੁੱਤਰ, ਇਹ ਤਾਂ ਕਿਰਾਏ ਤੋਂ ਕਾਫ਼ੀ ਘੱਟ ਨੇ।” ਅਸੀਂ ਵੀ ਪੂਰੀ ਸਾਦਗੀ ਅਤੇ ਲਾਚਾਰੀ ਨਾਲ ਆਪਣੀ ਬੇਬਸੀ ਜ਼ਾਹਰ ਕਰਦਿਆਂ ਕਹਿ ਦਿੱਤਾ “ਸਾਡੇ ਕੋਲ ਤਾਂ ਬੱਸ ਇੰਨੇ ਹੀ ਹਨ, ਹੋਰ ਪੈਸੇ ਨਹੀਂ ਹਨ।”

Advertisement

ਅੱਜ ਯਾਦ ਨਹੀਂ ਕਿ ਉਸ ਨੇ ਸਾਡੀ ਪੂਰੀ ਟਿਕਟ ਕੱਟੀ ਸੀ ਜਾਂ ਅੱਧੀ ਪਰ ਇਹ ਜ਼ਰੂਰ ਯਾਦ ਹੈ ਕਿ ਉਸ ਨੇ ਸਾਡੀ ਮਜਬੂਰੀ ਨੂੰ ਸਵੀਕਾਰਿਆ ਅਤੇ ਸਾਨੂੰ ਬੱਸ ਤੋਂ ਹੇਠਾਂ ਨਾ ਉਤਾਰਿਆ। ਇਹ ਉਸ ਸਫ਼ਰ ਦੌਰਾਨ ਸਾਡੇ ਉੱਤੇ ਹੋਈ ਪਹਿਲੀ ਰਹਿਮਤ ਸੀ। ਬੱਸ ਮਾਨਸਾ ਪਹੁੰਚ ਗਈ। ਬੱਸ ਤੋਂ ਉਤਰ ਕੇ ਕਚਹਿਰੀ ਵੱਲ ਜਾਣ ਲਈ ਅਸੀਂ ਕੁਝ ਹੀ ਕਦਮ ਪੁੱਟੇ ਹੋਣਗੇ ਕਿ ਪਿੱਛੋਂ ਕਿਸੇ ਨੇ ਮੇਰੇ ਮੋਢੇ ’ਤੇ ਹੱਥ ਰੱਖਿਆ। ਮੈਂ ਪਿੱਛੇ ਮੁੜ ਕੇ ਵੇਖਿਆ; ਸਾਹਮਣੇ ਇੱਕ ਸੂਟ-ਬੂਟ ਵਿੱਚ ਸਜਿਆ, ਹੱਥ ਵਿੱਚ ਸੂਟਕੇਸ ਫੜੀ ਇੱਕ ਭੱਦਰਪੁਰਸ਼ ਖੜ੍ਹਾ ਸੀ। ਉਸ ਨੇ ਬੜੀ ਸਹਿਜਤਾ ਨਾਲ ਆਪਣੀ ਜੇਬ ਵਿੱਚੋਂ ਪੰਜ ਰੁਪਏ ਦਾ ਇੱਕ ਨੋਟ ਕੱਢਿਆ, ਮੇਰੀ ਨਿੱਕੀ ਜਿਹੀ ਹਥੇਲੀ ’ਤੇ ਰੱਖਿਆ ਅਤੇ ਮੋਹ ਭਿੱਜੀ ਆਵਾਜ਼ ਵਿੱਚ ਕਿਹਾ, “ਪੁੱਤਰ, ਵਾਪਸ ਘਰ ਵੀ ਤਾਂ ਜਾਣਾ ਹੈ... ਇਹ ਆਪਣੇ ਕੋਲ ਰੱਖ ਲਓ।”

Advertisement

ਮੈਂ ਅਤੇ ਕਾਲਾ ਇੱਕ-ਦੂਜੇ ਦਾ ਮੂੰਹ ਵੇਖਦੇ ਰਹਿ ਗਏ। ਸਾਨੂੰ ਸਮਝ ਹੀ ਨਹੀਂ ਆਈ ਕਿ ਇਹ ਕੀ ਹੋ ਗਿਆ ਹੈ। ਧੰਨਵਾਦ ਕਰਨਾ ਵੀ ਨਹੀਂ ਆਉਂਦਾ ਸੀ; ਸ਼ਬਦ ਵੀ ਕਈ ਵਾਰ ਉਮਰ ਦੇ ਨਾਲ ਹੀ ਆਉਂਦੇ ਹਨ। ਉਸ ਉਮਰ ਵਿੱਚ ਸਾਡੇ ਕੋਲ ਸਿਰਫ਼ ਹੈਰਾਨ ਅੱਖਾਂ ਸਨ। ਉਸ ਨੇ ਨਾ ਸਾਡਾ ਨਾਮ ਪੁੱਛਿਆ, ਨਾ ਆਪਣਾ ਦੱਸਿਆ। ਉਹ ਆਇਆ ਵੀ ਚੁੱਪ-ਚਾਪ ਸੀ ਤੇ ਚਲਾ ਵੀ ਚੁੱਪ-ਚਾਪ ਗਿਆ। ਅੱਜ ਸੋਚਦਾ ਹਾਂ ਤਾਂ ਲੱਗਦਾ ਹੈ ਕੁਝ ਲੋਕ ਸਾਡੀ ਜ਼ਿੰਦਗੀ ਵਿੱਚ ਉਮਰ ਦੇ ਇੱਕ ਪਲ ਨੂੰ ਰੌਸ਼ਨ ਕਰਨ ਹੀ ਆਉਂਦੇ ਹਨ। ਇਨਸਾਨੀ ਜ਼ਿਹਨ ਵੀ ਕਿੰਨਾ ਅਜੀਬ ਹੈ। ਅੱਜ ਮੈਨੂੰ ਇਹ ਬਿਲਕੁਲ ਯਾਦ ਨਹੀਂ ਕਿ ਕਚਹਿਰੀ ਵਿੱਚ ਸਾਡਾ ਫਾਰਮ ਕਿਸ ਨੇ ਭਰਿਆ, ਕਿੰਨਾ ਸਮਾਂ ਲੱਗਾ ਜਾਂ ਅਸੀਂ ਵਾਪਸ ਪਿੰਡ ਕਿਵੇਂ ਪਹੁੰਚੇ।

ਉਹ ਸਭ ਕੁਝ ਸਮੇਂ ਦੀ ਧੁੰਦ ਵਿੱਚ ਪੂਰੀ ਤਰ੍ਹਾਂ ਵਿਲੀਨ ਹੋ ਚੁੱਕਾ ਹੈ, ਮੇਰੇ ਜ਼ਿਹਨ ਵਿੱਚ ਇਸ ਦਾ ਇੱਕ ਵੀ ਅਕਸ ਬਾਕੀ ਨਹੀਂ। ਪਰ ਉਹ ਦੋ-ਤਿੰਨ ਮਿੰਟ, ਮਾਨਸਾ ਦਾ ਬੱਸ ਅੱਡਾ, ਮੇਰੇ ਮੋਢੇ ਉੱਤੇ ਰੱਖੇ ਉਸ ਹੱਥ ਦਾ ਨਿੱਘ ਅਤੇ ਮੇਰੀ ਹਥੇਲੀ ਵਿੱਚ ਆ ਕੇ ਟਿਕਿਆ ਉਹ ਪੰਜ ਰੁਪਏ ਦਾ ਨੋਟ, ਅੱਜ ਚਾਰ ਦਹਾਕਿਆਂ ਬਾਅਦ ਵੀ ਉਹ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਹੂਬਹੂ ਸਾਕਾਰ ਹੋ ਜਾਂਦਾ ਹੈ, ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ। ਅੱਜ ਵੀ ਜਦੋਂ ਮੈਂ ਅਤੇ ਕਾਲਾ ਬੇਦੀ ਕਦੇ ਮਿਲਦੇ ਹਾਂ ਤਾਂ ਇਸ ਘਟਨਾ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਪਹਿਲਾਂ ਤਾਂ ਅਸੀਂ ਆਪਣੀ ਸਾਦਗੀ ’ਤੇ ਹੱਸਦੇ ਹਾਂ ਕਿ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਬੱਸ ਵਿੱਚ ਚੜ੍ਹਨ ਲਈ ਪੂਰੇ ਪੈਸੇ ਚਾਹੀਦੇ ਹੁੰਦੇ ਹਨ। ਫਿਰ ਦਿਲ ਵਿੱਚ ਅਗਲਾ ਸਵਾਲ ਉੱਠਦਾ ਹੈ ਕਿ ਜੇ ਉਹ ਸੱਜਣ ਉਸ ਦਿਨ ਨਾ ਮਿਲਦੇ ਅਤੇ ਉਹ ਪੰਜ ਰੁਪਏ ਨਾ ਦਿੰਦੇ ਤਾਂ ਸਾਡਾ ਕੀ ਬਣਦਾ? ਅਸੀਂ ਘਰ ਕਿਸ ਤਰ੍ਹਾਂ ਆਉਂਦੇ? ਸ਼ਾਇਦ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਰੋਂਦੇ-ਧੋਂਦੇ ਘਰ ਵਾਪਸ ਆ ਹੀ ਜਾਂਦੇ ਪਰ ਫਿਰ ਮਨੁੱਖਤਾ ਅਤੇ ਰੱਬੀ ਹੋਂਦ ਦਾ ਉਹ ਅਣਮੁੱਲਾ ਪਾਠ ਸਾਨੂੰ ਕੌਣ ਪੜ੍ਹਾਉਂਦਾ? ਉਹ ਪੰਜ ਰੁਪਏ ਅੱਜ ਵੀ ਮੇਰੇ ਲਈ ਅਣਮੁੱਲੀ ਦੌਲਤ ਹਨ, ਕਿਉਂਕਿ ਉਸ ਅਣਜਾਣ ਸ਼ਖ਼ਸ ਨੇ ਸਾਡੀ ਜੇਬ ਵਿੱਚ ਮਹਿਜ਼ ਪੈਸੇ ਨਹੀਂ ਪਾਏ ਸਨ, ਸਗੋਂ ਸਾਡੇ ਡੋਲਦੇ ਬਾਲ ਮਨਾਂ ਨੂੰ ਇਨਸਾਨੀਅਤ ’ਤੇ ਇੱਕ ਅਟੁੱਟ ਭਰੋਸਾ ਦਿੱਤਾ ਸੀ। ਮੈਨੂੰ ਨਹੀਂ ਪਤਾ ਉਹ ਸੱਜਣ ਅੱਜ ਕਿੱਥੇ ਹੋਣਗੇ। ਉਸ ਦਿਨ ਮੈਂ ਪਹਿਲੀ ਵਾਰ ਜਾਣਿਆ ਸੀ ਕਿ ਕਈ ਵਾਰ ਰੱਬ ਮੰਦਰਾਂ ਜਾਂ ਮਸਜਿਦਾਂ ਵਿੱਚ ਹੀ ਨਹੀਂ ਮਿਲਦਾ, ਉਹ ਇੱਕ ਅਣਜਾਣ ਮੁਸਾਫ਼ਿਰ ਬਣ ਕੇ ਤੁਹਾਡੇ ਮੋਢੇ ’ਤੇ ਹੱਥ ਰੱਖਦਾ ਹੈ, ਤੁਹਾਡੀ ਮਦਦ ਕਰਦਾ ਹੈ ਅਤੇ ਭੀੜ ਵਿੱਚ ਗੁੰਮ ਹੋ ਜਾਂਦਾ ਹੈ।

ਸੰਪਰਕ: 98769-68193

Advertisement
×