ਚੜ੍ਹ ਪਿਆ ਚੇਤਰ ਸੁਹਾਵਾ... : The Tribune India

ਚੜ੍ਹ ਪਿਆ ਚੇਤਰ ਸੁਹਾਵਾ...

ਚੜ੍ਹ ਪਿਆ ਚੇਤਰ ਸੁਹਾਵਾ...

ਹਰਮਨਪ੍ਰੀਤ ਸਿੰਘ

ਹਰਮਨਪ੍ਰੀਤ ਸਿੰਘ

ਨਾਨਕਸ਼ਾਹੀ ਜੰਤਰੀ ਦੇ ਹਿਸਾਬ ਨਾਲ ਚੇਤ ਸਾਲ ਦੇ ਦੇਸੀ ਮਹੀਨਿਆਂ ਦਾ ਪਹਿਲਾ ਮਹੀਨਾ ਹੈ। ਇਸ ਦਾ ਪਹਿਲਾ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਾਲ 1469 ਤੋਂ ਸ਼ੁਰੂ ਹੰਦਾ ਹੈ। ਚੇਤ ਮਹੀਨੇ ਤੋਂ ਹੀ ਪਾਰਸੀਆਂ ਦਾ ਨਵਾਂ ਸਾਲ ਨਵਰੋਜ਼ ਸ਼ੁਰੂ ਹੁੰਦਾ ਹੈ। ਸਾਲ ਦਾ ਹਰ ਮਹੀਨਾ ਆਪਣੇ ਨਾਲ ਨਵੀਂ ਰੁੱਤ ਲੈ ਕੇ ਆਉਂਦਾ ਹੈ। ਹਰ ਮਹੀਨੇ, ਹਰ ਰੁੱਤ ਆਪਣੇ ਆਪ ਵਿੱਚ ਖ਼ਾਸ ਹੈ। ਕੁਦਰਤ ਜਦੋਂ ਚੇਤ ਮਹੀਨੇ ਵਿੱਚ ਮੇਲ੍ਹਦੀ ਹੈ ਤਾਂ ਚਾਰੇ ਪਾਸੇ ਮਹਿਕਾਂ ਫੈਲ ਜਾਂਦੀਆਂ ਹਨ। ਜਦੋਂ ਚੇਤ ਚੜ੍ਹਦਾ ਹੈ ਤਾਂ ਪਹੁ ਫੁੱਟਦਿਆਂ ਸਾਰ ਹੀ ਸਾਰੇ ਪਾਸੇ ਮਹਿਕਾਂ ਫੈਲੀਆਂ ਹੁੰਦੀਆਂ ਹਨ। ਉੱਤਰੀ ਭਾਰਤ ਵਿੱਚ ਅੰਬਾਂ ਅਤੇ ਫ਼ਲਦਾਰ ਬੂਟਿਆਂ ਆੜੂਆਂ ਤੇ ਲੀਚੀਆਂ ਆਦਿ ਨੂੰ ਬੂਰ ਪੈ ਜਾਂਦੇ ਹਨ। ਚੇਤ ਦਾ ਮਹੀਨਾ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਮਾਰਚ ਤੋਂ ਸ਼ੁਰੂ ਹੋ ਅੱਧ ਅਪਰੈਲ ਦੇ ਵਿਚਕਾਰ ਆਉਂਦਾ ਹੈ।

ਚੇਤ ਦਾ ਇਹ 31 ਦਿਨ ਦਾ ਮਹੀਨਾ ਆਪਣੇ ਆਪ ’ਚ ਗਰਮ ਤੇ ਸਰਦ ਦੋ ਰੁੱਤਾਂ ਦੇ ਮੇਲ ਦਾ ਸੁਹਾਵਣਾ ਮਹੀਨਾ ਮੰਨਿਆ ਜਾਂਦਾ ਹੈ। ਚੇਤ ਦੇ ਮਹੀਨੇ ਵਿੱਚ ਜਿੱਥੇ ਰਾਤਾਂ ਹਲਕੀਆਂ ਠੰਢੀਆਂ ਹੋਈਆਂ ਜਾਪਦੀਆਂ ਹਨ, ਉੱਥੇ ਹੀ ਦਿਨੇ ਧੁੱਪ ਹੁੰਦੀ ਹੈ। ਇਸ ਮਹੀਨੇ ਨਾ ਤਾਂ ਬਹੁਤੀ ਗਰਮੀ ਮਹਿਸੂਸ ਹੁੰਦੀ ਹੈ ਤੇ ਨਾ ਹੀ ਬਹੁਤੀ ਸਰਦੀ। ਇਸ ਮਹੀਨੇ ਹੋਏ ਸੁਹਾਵਣੇ ਮੌਸਮ ਵਿੱਚ ਕੁਦਰਤ ਸਾਰੇ ਪਾਸੇ ਹਰਿਆਵਲ ਬਿਖੇਰਦੀ ਨਜ਼ਰ ਆਉਂਦੀ ਹੈ। ਹਰੇ ਤੋਂ ਸੁਨਹਿਰੀ ਹੁੰਦੇ ਕਣਕ ਦੇ ਸਿੱਟੇ ਵਾਤਾਵਰਨ ਵਿੱਚ ਆਪਣਾ ਅਲੱਗ ਹੀ ਸੁਨਹਿਰੀ ਦ੍ਰਿਸ਼ ਪੇਸ਼ ਕਰਦੇ ਨਜ਼ਰ ਪੈਂਦੇ ਹਨ। ਚਹੂੰ ਪਾਸੀਂ ਕੁਦਰਤ ਨੱਚਦੀ ਨਜ਼ਰ ਪੈਂਦੀ ਹੈ। ਬਾਰਹ ਮਾਹ ਵਿੱਚ ਹਿਦਾਇਤਉਲਾ ਕਹਿੰਦੇ ਹਨ:

ਚੜਦੇ ਚੇਤ ਨਹੀਂ ਘਰ ਜਾਨੀ ਰੋ ਰੋ ਆਹੀਂ ਮਾਰਾਂ ਮੈਂ।।

ਫਲਿਆ ਬਾਗ ਪਕੇ ਸੇਬ ਮੇਵੇ ਕਿਸਦੀ ਨਜਰ ਗੁਜਾਰਾਂ ਮੈਂ।।

ਝੁਕ ਰਹੇ ਡਾਲ ਨਹੀਂ ਵਿੱਚ ਮਾਲੀ ਬੁਲਬੁਲ ਵਾਂਗ ਪੁਕਾਰਾਂ ਮੈਂ।।

ਜੇਘਰ ਯਾਰ ਹਦਾਇਤ ਆਵੇ ਅੰਬ ਅਨਾਰ ਉਤਾਰਾਂ ਮੈਂ॥

ਧਰਤ ਦੀ ਹਿੱਕ ’ਤੇ ਬੇਪਰਵਾਹ ਜਿਹੇ ਖੜ੍ਹੇ ਅੰਬਾਂ ਦੇ ਰੁੱਖਾਂ ਤੇ ਅੰਗੂਰ ਦੀਆਂ ਵੇਲਾਂ ’ਤੇ ਪਿਆ ਬੂਰ ਸੂਰਜ ਦੀ ਪਹਿਲੀ ਕਿਰਨ ਨਾਲ ਹੀ ‘ਪਹੁ ਫੁੱਟਦਿਆਂ ਸਾਰ’ ਚਹੂੰ ਪਾਸੇ ਮਹਿਕਾਂ ਫੈਲਾ ਰਿਹਾ ਹੁੰਦਾ ਹੈ। ਕੁਦਰਤ ਦੀ ਕਾਇਨਾਤ ਵਿੱਚ ਮਿੰਨੀ-ਮਿੰਨੀ ਹਵਾ ਵਿੱਚ ਝੁੱਲਦੇ ਲੀਚੀਆਂ, ਆੜੂਆਂ ਤੇ ਅਨਾਰਾਂ ਦੇ ਰੁੱਖਾਂ ’ਤੇ ਆਏ ਫੁੱਲ ਇਉਂ ਜਾਪਦੇ ਹਨ, ਜਿਵੇਂ ਪਵਨ, ਪਾਣੀ ਤੇ ਧਰਤ ਦਾ ਸਤਿਕਾਰ ਕਰਦੇ ਨਜ਼ਰ ਆਉਂਦੇ ਹੋਣ। ਚੇਤ ਦੇ ਮਹੀਨੇ ਸਰ੍ਹੋਂ ਦੀ ਫ਼ਸਲ ਵੀ ਭਰ ਜੋਬਨ ’ਤੇ ਹੁੰਦੀ ਹੈ। ਸਰ੍ਹੋਂ ਨੂੰ ਦਾਣਾ ਪੈ ਜਾਂਦਾ ਹੈ ਤੇ ਚੇਤ ਦੇ ਮਹੀਨੇ ਦੇ ਅਖੀਰ ਹੁੰਦੇ-ਹੁੰਦੇ ਸਰ੍ਹੋਂ ਦੀ ਫ਼ਸਲ ਪੱਕ ਜਾਂਦੀ ਹੈ। ਚੇਤ ਤੇ ਵਿਸਾਖ ਦੇ ਮਹੀਨੇ ਕਿਸਾਨੀ ਜੀਵਨ ਕਾਫ਼ੀ ਰੁਝੇਵਿਆਂ ਭਰਿਆ ਹੁੰਦਾ ਹੈ। ਸਰ੍ਹੋਂ ਦੀ ਫ਼ਸਲ ਦੀ ਕਟਾਈ ਤੇ ਸਾਂਭ-ਸੰਭਾਲ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਖੇਤਾਂ ਵਿੱਚ ਝੂਮਦੀ ਕਣਕਾਂ ਦੀ ਫ਼ਸਲ ਦੀ ਕਟਾਈ ਤੇ ਨਾਲ ਹੀ ਚੇਤ ਤੇ ਵਿਸਾਖ ਦੇ ਮਹੀਨੇ ਰੰਗ ਬਦਲਦੇ ਮੌਸਮ ਵਿੱਚ ਇਸ ਪੱਕੀ ਫ਼ਸਲ ’ਤੇ ਗੜ੍ਹੇ ਪੈਣ ਦਾ ਡਰ ਪੈਦਾ ਹੁੰਦਾ ਰਹਿੰਦਾ ਹੈ। ਪੁਰਾਤਨ ਸਮਿਆਂ ਵਿੱਚ ਕਣਕ ਦੀ ਵਾਢੀ ਵਿਸਾਖ ਚੜ੍ਹਦੇ ਹੁੰਦੀ ਸੀ, ਪਰ ਮੌਜੂਦਾ ਸਮੇਂ ਮੌਸਮੀ ਤਬਦੀਲੀ ਤੇ ਮਸ਼ੀਨੀਕਰਨ ਦੇ ਦੌਰ ਵਿੱਚ ਕਣਕ ਚੜ੍ਹਦੇ ਵਿਸਾਖ ਹੀ ਮੰਡੀਆਂ ’ਚ ਆ ਜਾਂਦੀ ਹੈ।

ਪੁਰਾਤਨ ਸਮੇਂ ਵਿੱਚ ਚੇਤ ਮਹੀਨਾ ਕਾਫ਼ੀ ਰੁਝੇਵਿਆਂ ਭਰਿਆ ਹੁੰਦਾ ਸੀ। ਹੱਥੀਂ ਵੱਢੀ ਕਣਕ ਦੀ ਫ਼ਸਲ ਦੀਆਂ ਭਰੀਆਂ ਬੰਨ੍ਹਣ ਲਈ ਵੇੜਾਂ ਵੱਟਦੇ ਲੋਕਾਂ ਨੂੰ ਕਦੋਂ ਦੁਪਹਿਰ ਤੋਂ ਸ਼ਾਮਾਂ ਹੋ ਜਾਂਦੀਆਂ ਪਤਾ ਹੀ ਨਾ ਲੱਗਦਾ। ਚੇਤ ਮਹੀਨੇ ਵੱਟੀਆਂ ਇਹ ਵੇੜਾਂ ਦੁੱਭ ਦੀਆਂ ਹੁੰਦੀਆਂ ਸਨ। ਜ਼ਿਆਦਾਤਰ ਪਿੰਡਾਂ ਦੇ ਬਾਹਰਵਾਰ ਖੁੱਲ੍ਹੀ ਥਾਵੇਂ ਪਿੱਪਲ, ਬਰੋਟਿਆਂ ਤੇ ਵਿਸ਼ਾਲ ਰੁੱਖਾਂ ਦੀਆਂ ਛਾਵਾਂ ਥੱਲੇ ਇਹ ਵੇੜਾਂ ਵੱਟੀਆਂ ਜਾਂਦੀਆਂ ਸਨ। ਉਨ੍ਹਾਂ ਵੇਲਿਆਂ ਵਿੱਚ ਵੇੜਾਂ ਵੱਟਦੇ ਤਾਂ ਆਉਂਦਾ-ਜਾਂਦਾ ਵੀ ਹੱਥ ਵਟਾ ਜਾਂਦਾ। ਇੱਕ ਦੁੱਭ ਲਾਉਂਦਾ ਜਾਂਦਾ ਤੇ ਦੂਜਾ ਘਿਰਲੀ ਨਾਲ ਦੁੱਭ ਦੀ ਬੇੜ ਨੂੰ ਵਟਾ ਦੇਈ ਜਾਂਦਾ ਅਤੇ ਨਾਲ ਦੀ ਨਾਲ ਹੀ ਇੱਕ-ਇੱਕ ਕਦਮ ਪਿੱਛੇ ਹਟਦਾ ਜਾਂਦਾ ਸੀ ਤੇ ਬੇੜ ਲੰਮੀ ਹੁੰਦੀ ਜਾਂਦੀ। ਇਸ ਤਰ੍ਹਾਂ ਵੇੜਾਂ ਵੱਟਣ ਦਾ ਕੰਮ ਸਾਰਾ ਦਿਨ ਚੱਲਦਾ ਰਹਿੰਦਾ ਤੇ ਨਾਲ ਹੀ ਚੱਲਦਾ ਰਹਿੰਦਾ ਹਲਕਾ-ਫੁਲਕਾ ਜਿਹਾ ਹਾਸਾ ਮਜ਼ਾਕ ਤੇ ਗੱਲ-ਬਾਤੀਂ ਲੱਗਿਆਂ ਨੂੰ ਕਦੋਂ ਸ਼ਾਮ ਹੋ ਜਾਂਦੀ ਪਤਾ ਹੀ ਨਾ ਲੱਗਦਾ। ਸ਼ਾਮ ਨੂੰ ਵੇੜਾਂ ਇੱਕ ਡੰਡੇ ’ਤੇ ਇਕੱਠੀਆਂ ਕਰਕੇ ਇੰਨੂਏ ਬਣਾ ਲਿਆ ਕਰਦੇ ਅਤੇ ਬੇੜਾਂ ਨੂੰ ਸਾਂਭ ਲਿਆ ਜਾਂਦਾ ਸੀ।

ਹਾੜ੍ਹੀ ਵੱਢਣ ਦੀ ਤਿਆਰੀ ਚੇਤ ਦੇ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ। ਇਸ ਮਹੀਨੇ ਵਿੱਚ ਕਈ ਫ਼ਸਲਾਂ ਪੱਕ ਚੁੱਕੀਆਂ ਹੁੰਦੀਆਂ ਹਨ ਤੇ ਕਈ ਪੱਕਣ ਦੀ ਤਿਆਰੀ ਵਿੱਚ ਹੁੰਦੀਆਂ ਹਨ। ਬਾਰਹ ਮਾਹ ਵਿੱਚ ਭਾਈ ਵੀਰ ਸਿੰਘ ਕਹਿੰਦੇ ਹਨ:

ਚੜ੍ਹ ਪਿਆ ਚੇਤਰ ਸੁਹਾਵਾ, ਮਿੱਠੀਆਂ ਵਗਣ ਹਵਾਈਂ,

ਬਾਗ਼ੀਂ ਖਿੜੀਆਂ ਬਹਾਰਾਂ, ਖ਼ੁਸ਼ੀਆਂ ਡੁਲ੍ਹ ਡੁਲ੍ਹ ਪਈਆਂ।

ਕੰਤੇ ਆਣ ਸੁਣਾਈ ਕੋਈ ਕੂਚ ਤਿਆਰੀ,

ਉਡ ਗਏ ਹੱਥਾਂ ਦੇ ਤੋਤੇ, ਦਿਲ ਦੀਆਂ ਦਿਲ ਵਿਚ ਰਹੀਆਂ।

ਹਾਏ ! ਚੇਤਰ ਮਹੀਨੇ ਕੰਤੇ ਕੀਤੀ ਤਿਆਰੀ;

ਲੀਤੇ ਤਰਲੇ ਬਥੇਰੇੇ ਪੇਸ਼ ਕੋਈ ਨ ਗਈਆਂ।

ਚੜ੍ਹ ਪਯਾ ਘੋੜੇ ਤੇ ਮਾਹੀ ਬਣਕੇ ਢੋਲ ਸਿਪਾਹੀ,

ਤੁਰ ਗਯਾ ਦੂਰ ਮੁਹਿੰਮੀਂ, ਮੈਂ ਵਿਚ ਡੋਬਾਂ ਦੇ ਪਈਆਂ ।

ਚੇਤ ਦੇ ਮਹੀਨੇ ਵਿੱਚ ਆਈ ਫ਼ਸਲ ਦੇਖ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਆਸਾਂ ਨੂੰ ਵੀ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਫ਼ਸਲ ਦੀ ਆਮਦ ਇਸ ਮਹੀਨੇ ਤੋਂ ਹੋਣੀ ਸ਼ੁਰੂ ਹੋ ਜਾਂਦੀ ਹੈ, ਉਵੇਂ ਹੀ ਕੁਝ ਤਿੱਥ, ਤਿਉਹਾਰਾਂ ਤੇ ਮੇਲੇ ਵੀ ਚੇਤ ਦੇ ਮਹੀਨੇ ਵਿੱਚ ਆਉਂਦੇ ਹਨ। ਜੇ ਚੇਤ ਦੇ ਮਹੀਨੇ ਵਿਚਲੇ ਮੇਲਿਆਂ ਦੀ ਗੱਲ ਕਰੀਏ ਤਾਂ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ, ਹੋਲੀ, ਨਰਾਤੇ ਤੇ ਰਾਮਨੌਮੀ ਮੁੱਖ ਹਨ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਸਾਰਾ ਸਾਲ ਹੀ ਕੋਈ ਨਾ ਕੋਈ ਤਿੱਥ, ਤਿਉਹਾਰਾਂ ਅਤੇ ਮੇਲੇ ਆਉਂਦੇ ਰਹਿੰਦੇ ਹਨ, ਪਰ ਮੌਸਮੀ ਰੁੱਤਾਂ, ਰੁੱਤਾਂ ਨਾਲ ਆਈਆਂ ਮੌਸਮੀ ਫ਼ਸਲਾਂ ਤੇ ਫ਼ਸਲਾਂ ਨਾਲ ਆਈਆਂ ਲੋਕ ਮਨਾਂ ਵਿੱਚ ਨਵੀਆਂ ਉਮੰਗਾਂ, ਨਵੀਆਂ ਉਮੀਦਾਂ ਕਈ ਵਾਰ ਸਾਡੀ ਅਰਥਹੀਣ ਹੋਈ ਜ਼ਿੰਦਗੀ ਨੂੰ ਇੱਕ ਇਹੋ ਜਿਹਾ ਸੰਦੇਸ਼, ਇੱਕ ਇਹੋ ਜਿਹਾ ਹੁਲਾਰਾ ਦੇ ਜਾਂਦੇ ਹਨ ਕਿ ਸਾਡੀ ਅਰਥਹੀਣ ਹੋਈ ਜ਼ਿੰਦਗੀ ਅਰਥ ਭਰਪੂਰ ਹੋ ਨਿੱਬੜਦੀ ਹੈ।

ਸੰਪਰਕ: 98550-10005

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All