ਹੁਣ ਚੰਗਾ ਚੰਗਾ ਲਗਦੈੈ ਚੰਡੀਗੜ੍ਹ !
ਮੈਂ ਕਈ ਵਰ੍ਹੇ ਪਹਿਲਾਂ ਚੰਡੀਗੜ੍ਹ ਪੜ੍ਹਨ ਆਇਆ ਸਾਂ। ਉਦੋਂ ਸੈਕਟਰ 22 ਵਿੱਚ ਮੇਰੀ ਰਿਹਾਇਸ਼ ਸੀ। ਉਥੋਂ ਮੈਂ 8 ਸੈਕਟਰ ਡੀ ਏ ਵੀ ਸਕੂਲ ਪੜ੍ਹਨ ਜਾਂਦਾ। ਵਿਦਿਆਰਥੀ ਜੀਵਨ ਕਾਫ਼ੀ ਸੁਖਾਲਾ ਤੇ ਚਿੱਤ ਲਾਉਣ ਵਾਲਾ ਹੁੰਦੈ। ਮੈਨੂੰ ਯਾਦ ਹੈ ਉਦੋਂ ਚੰਡੀਗੜ੍ਹ ਵਿੱਚ...
ਮੈਂ ਕਈ ਵਰ੍ਹੇ ਪਹਿਲਾਂ ਚੰਡੀਗੜ੍ਹ ਪੜ੍ਹਨ ਆਇਆ ਸਾਂ। ਉਦੋਂ ਸੈਕਟਰ 22 ਵਿੱਚ ਮੇਰੀ ਰਿਹਾਇਸ਼ ਸੀ। ਉਥੋਂ ਮੈਂ 8 ਸੈਕਟਰ ਡੀ ਏ ਵੀ ਸਕੂਲ ਪੜ੍ਹਨ ਜਾਂਦਾ। ਵਿਦਿਆਰਥੀ ਜੀਵਨ ਕਾਫ਼ੀ ਸੁਖਾਲਾ ਤੇ ਚਿੱਤ ਲਾਉਣ ਵਾਲਾ ਹੁੰਦੈ। ਮੈਨੂੰ ਯਾਦ ਹੈ ਉਦੋਂ ਚੰਡੀਗੜ੍ਹ ਵਿੱਚ ਥਾਂ ਥਾਂ ’ਤੇ ਜ਼ਮੀਨ ਵਿੱਚ ਡੂੰਘੇ ਕਰਕੇ ਲਾਏ ਤੰਦੂਰ ਹੁੰਦੇ ਸਨ, ਜਿਸ ਦੇ ਕੋਲ ਬਣੇ ਪੱਥਰ ਦੇ ਬੈਠਣਿਆਂ ’ਤੇ ਬੈਠ ਕੇ ਅਸੀਂ ਰੋਟੀ ਖਾਂਦੇ ਹੁੰਦੇ ਸਾਂ। ਇੰਨੀ ਉਮਰ ਬੀਤ ਗਈ ਹੈ, ਪਰ ਉਨ੍ਹਾਂ ਢਾਬਿਆਂ ਵਰਗੀ ਰੋਟੀ ਤੇ ਸਵਾਦ ਮੁੜ ਕਦੇ ਨਹੀਂ ਥਿਆਇਆ। ਕਈ ਵਾਰ ਮੈਂ ਹੁਣ ਵੀ ਚੰਡੀਗੜ੍ਹ ਵਿੱਚ ਉਹ ਤੰਦੂਰ ਲੱਭਦਾ ਹਾਂ, ਪਰ ਇੱਕਾ-ਦੁੱਕਾ ਨੂੰ ਛੱਡ ਹੁਣ ਕਿਤੇ ਅਜਿਹੇ ਤੰਦੂਰ ਨਹੀਂ ਲੱਭਦੇ। ਉਸ ਵੇਲੇ ਅਸੀਂ ਇੱਕ ਵਾਰ ਸਕੂਲ ਵੱਲੋਂ ਸੁਖਨਾ ਝੀਲ ਦੀ ਕਾਰ ਸੇਵਾ ਕਰਨ ਗਏ ਸੀ। ਹਾਲਾਂਕਿ ਉਦੋਂ ਉਸ ਕੰਮ ਦੀ ਕੋਈ ਸਮਝ ਨਹੀਂ ਸੀ ਹੁੰਦੀ। ਅਸੀਂ ਛੋਟੇ-ਛੋਟੇ ਬੱਠਲਾਂ ਨਾਲ ਮਿੱਟੀ ਚੁੱਕੀ। ਮੈਨੂੰ ਤਾਂ ਬਸ ਮਾਂ ਨਾਲ ਗੁਰਦੁਆਰੇ ਵਾਲੇ ਕੱਚੇ ਸਰੋਵਰ ਦੀ ਮਿੱਟੀ ਕੱਢਣ ਜਾਣ ਵਰਗਾ ਹੀ ਅਹਿਸਾਸ ਹੋਇਆ।
ਜ਼ਿੰਦਗੀ ਅੱਗੇ ਤੁਰੀ ਅਤੇ ਕੁਝ ਤਲਖ਼ ਹਕੀਕਤਾਂ ਦਾ ਸਾਮਹਣਾ ਵੀ ਹੋਇਆ, ਜਿਨ੍ਹਾਂ ਇਸ ਸ਼ਹਿਰ ਦੇ ਨਕਸ਼ ਮੇਰੇ ਲਈ ਪੱਥਰ ਦੇ ਬਣਾ ਦਿੱਤੇ। ਸਕੂਲ ਛੱਡਣ ਤੋਂ ਬਾਅਦ ਕਈ ਵਰ੍ਹੇ ਮੇਰਾ ਇਸ ਸ਼ਹਿਰ ’ਚ ਵੜਨ ਨੂੰ ਦਿਲ ਨਾ ਕੀਤਾ। ਚੰਡੀਗੜ੍ਹ ਮੈਨੂੰ ਇੱਕ ਚਕਾਚੌਂਧ ਵਾਲਾ ਸ਼ਹਿਰ ਲਗਦਾ, ਜਿਥੇ ਪੈਸੇ ਦਾ ਬੋਲਬਾਲਾ ਸੀ ਤੇ ਜੋ ਦਫ਼ਤਰੀ ਤੇ ਰੁੱਖੀਆਂ ਵਪਾਰਕ ਇਮਾਰਤਾਂ ਨਾਲ ਭਰਿਆ ਪਿਆ ਸੀ। ਪਿੰਡਾਂ, ਕਸਬਿਆਂ ਵਾਲੀ ਖੁੱਲ੍ਹ ਮਾਨਣ ਵਾਲਾ ਮੇਰਾ ਮਨ ਇਥੇ ਨਾ ਲੱਗਿਆ।
2005-06 ਵਿਚ ਨੌਕਰੀ ਤੇ ਹੋਰ ਕੰਮ-ਕਾਜ ਦੇ ਸਿਲਸਿਲੇ ਵਿੱਚ ਬਹੁਤੀ ਵਾਰ ਖਰੜ ਤੇ ਮੁਹਾਲੀ ਰਿਹਾ। ਉਸ ਵੇਲੇ ਵੀ ਚੰਡੀਗੜ੍ਹ ਆਉਣਾ-ਜਾਣਾ ਲੱਗਿਆ ਹੀ ਰਹਿੰਦਾ ਸੀ। ਪਰ ਉਦੋਂ ਮੇਰੇ ਲਈ ਚੰਡੀਗੜ੍ਹ ਆਪਣਾ ਹੋ ਕੇ ਵੀ ਆਪਣਾ ਨਹੀਂ ਸੀ। ਮੁਹਾਲੀ ਹੁਣ ਦਿਨੋ-ਦਿਨ ਤਰੱਕੀ ਕਰ ਰਿਹਾ ਸੀ। ਇਸ ’ਤੇ ਮੈਨੂੰ ਚੰਡੀਗੜ੍ਹ ਦਾ ਮੜੰਗਾ ਪੈਂਦਾ ਜਾਪਦਾ। 2011 ਵਿਚ ਹੁਣ ਇਹ ਸ਼ਹਿਰ ਮੈਨੂੰ ਪਹਿਲਾਂ ਵਾਂਗ ਓਪਰਾ ਨਹੀਂ ਲੱਗਦਾ। ਸਵੇਰੇ ਸੈਰ ਕਰਨ ਜਦੋਂ ਘਰੋਂ ਨਿਕਲਦਾ ਹਾਂ ਤਾਂ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਘੁੰਮਦਾ ਹੋਇਆ ਗਲੀਆਂ, ਇਮਾਰਤਾਂ ਅਤੇ ਬਾਜ਼ਾਰਾਂ ਆਦਿ ਦੀ ਤੁਲਨਾ ਆਪਣੇ ਵਿਦਿਆਰਥੀ ਜੀਵਨ ਵਾਲੇ ਸਮੇਂ ਨਾਲ ਕਰਨ ਲੱਗ ਪੈਂਦਾ ਹਾਂ। ਇਹ ਸਫ਼ਰ ਉਦੋਂ ਸਚਮੁੱਚ ਹੀ ਦੋ ਦਹਾਕਿਆਂ ਵਿੱਚ ਫੈਲ ਜਾਂਦਾ ਹੈ। ਹੁਣ ਚੰਡੀਗੜ੍ਹ ਸ਼ਹਿਰ ਵਿੱਚ ਬਹੁਤ ਕੁਝ ਬਦਲ ਚੁੱਕਿਆ ਹੈ। ਵਿਆਹ ਤੋਂ ਬਾਅਦ ਸਾਡੀ ਰਿਹਾਇਸ਼ ਖਰੜ ਹੋ ਗਈ। ਖਰੜ ਵੀ ਤਰੱਕੀਆਂ ਵੱਲ ਸੀ। ਪਤਨੀ ਨੂੰ ਚੰਡੀਗੜ੍ਹ ਦੇ ਇੱਕ ਸਕੂਲ ਵਿੱਚ ਨੌਕਰੀ ਮਿਲ ਗਈ। ਮੇਰਾ ਵੀ ਕੰਮ-ਧੰਦੇ ਕਰਕੇ ਪੰਜਾਬ ਬੁੱਕ ਸੈਂਟਰ, ਪੰਜਾਬ ਕਲਾ ਭਵਨ, ਟੈਗੋਰ ਥੀਏਟਰ ਦਾ ਚੱਕਰ ਵੱਧ ਗਿਆ ਤੇ ਹੌਲੀ ਹੌਲੀ ਪੁਰਾਣੀਆਂ ਦਫ਼ਤਰੀ ਤੇ ਵਪਾਰਕ ਇਮਾਰਤਾਂ ਮਨ ’ਚੋਂ ਫਿੱਕੀਆਂ ਪੈਣ ਲੱਗੀਆਂ। ਕਈ ਵਾਰ ਸੋਚਦੇ ਸਾਂ, ਨੇੜੇ ਤੇੜੇ ਕੋਈ ਜ਼ਮੀਨ ਖਰੀਦ ਕੇ ਰਿਹਾਇਸ਼ ਦਾ ਪ੍ਰਬੰਧ ਕਰੀਏ, ਪਰ ਦਿਨੋਂ-ਦਿਨ ਤਰੱਕੀ ਕਰ ਰਹੇ ਖਰੜ ਤੇ ਮੁਹਾਲੀ ਹੁਣ ਚੰਡੀਗੜ੍ਹ ਵਾਂਗ ਹੀ ਅਪਣੀ ਪਕੜ ਤੋਂ ਦੂਰ ਹੁੰਦੇ ਜਾਪੇ।
ਫਿਰ ਪਤਨੀ ਦੀ ਤਰੱਕੀ ਮਗਰੋਂ ਰਿਹਾਇਸ਼ ਸੈਕਟਰ 23 ਵਿੱਚ ਹੋ ਗਈ। ਹੁਣ ਕਈ ਵਾਰ ਸੋਚਦਾ ਹਾਂ ਲਗਪਗ ਦੋ ਦਹਾਕਿਆਂ ਦੇ ਫਾਸਲੇ ਵਿੱਚ ਮੈਂ ਚੰਡੀਗੜ੍ਹ ਦੇ ਸੈਕਟਰ 22 ਤੋਂ 23 ਦਾ ਸਫ਼ਰ ਤੈਅ ਕੀਤਾ ਹੈ। ਅੱਖਰਾਂ ਵਿੱਚ ਇਹ ਫ਼ਾਸਲਾ ਸਿਰਫ਼ ਇੱਕ ਅੰਕ ਦਾ ਹੈ ਪਰ ਇਨ੍ਹਾਂ ਦੋ ਦਹਾਕਿਆਂ ਦੌਰਾਨ ਇਸ ਸ਼ਹਿਰ ਬਾਰੇ ਮੇਰੇ ਜ਼ਿਹਨ ਵਿੱਚ ਕਈ ਤਰ੍ਹਾਂ ਦੇ ਅਹਿਸਾਸ ਉੱਸਰੇ ਤੇ ਵਿਗਸੇ ਹਨ। ਇਸ ਸ਼ਹਿਰ ਵਿੱਚ ਕਈ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਨਾਲ ਮੇਰੀ ਤੇ ਮੇਰੇ ਪਰਿਵਾਰ ਦੀਆਂ ਬਹੁਤ ਹੀ ਨਿੱਘੀਆਂ ਤੇ ਮਾਣਮੱਤੀਆਂ ਯਾਦਾਂ ਜੁੜੀਆਂ ਹੋਈਆਂ ਹਨ।
ਹੁਣ ਇਹ ਸ਼ਹਿਰ ਮੈਨੂੰ ਪਹਿਲਾਂ ਵਾਂਗ ਓਪਰਾ ਨਹੀਂ ਲੱਗਦਾ। ਸਵੇਰੇ ਸੈਰ ਕਰਨ ਜਦੋਂ ਘਰੋਂ ਨਿਕਲਦਾ ਹਾਂ ਤਾਂ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਘੁੰਮਦਾ ਹੋਇਆ ਗਲੀਆਂ, ਇਮਾਰਤਾਂ ਅਤੇ ਬਾਜ਼ਾਰਾਂ ਆਦਿ ਦੀ ਤੁਲਨਾ ਆਪਣੇ ਵਿਦਿਆਰਥੀ ਜੀਵਨ ਵਾਲੇ ਸਮੇਂ ਨਾਲ ਕਰਨ ਲੱਗ ਪੈਂਦਾ ਹਾਂ। ਇਹ ਸਫ਼ਰ ਉਦੋਂ ਸਚਮੁੱਚ ਹੀ ਦੋ ਦਹਾਕਿਆਂ ਵਿੱਚ ਫੈਲ ਜਾਂਦਾ ਹੈ। ਹੁਣ ਚੰਡੀਗੜ੍ਹ ਸ਼ਹਿਰ ਵਿੱਚ ਬਹੁਤ ਕੁਝ ਬਦਲ ਚੁੱਕਿਆ ਹੈ। ਹੁਣ ਇਥੇ ਪਾਰਕ, ਸੜਕਾਂ, ਘੁੰਮਣ ਫਿਰਨ ਦੀਆਂ ਥਾਵਾਂ ਸਭ ਕੁਝ ਸਵਾਰ ਦਿੱਤਾ ਗਿਆ ਹੈ। ਇੱਕ ਵੇਲੇ ਪੱਥਰਾਂ ਦਾ ਸ਼ਹਿਰ ਲੱਗਣ ਵਾਲਾ ਚੰਡੀਗੜ੍ਹ ਮੈਨੂੰ ਹੁਣ ਚੰਗਾ ਚੰਗਾ ਲੱਗਦਾ ਹੈ। ਇੰਝ ਲੱਗਦਾ ਹੈ ਜਿਵੇਂ ਮਨ ਦੇ ਬਗੀਚੇ ਵਿੱਚ ਹਜ਼ਾਰਾਂ ਹੀ ਫੁੱਲ ਲੱਗੇ ਹੋਣ।
ਸੰਪਰਕ: 82838-26876

