DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੰਦ ਕੁਰੇ, ਚੁਬਾਰਾ ਪਾ ’ਤਾ...

ਚੁਬਾਰੇ ਨੂੰ ਲੈ ਕੇ ਬਾਪੂ-ਬੇਬੇ ਦੀ ਤੂੰ-ਤੂੰ ਮੈਂ-ਮੈਂ ਹੁਣ ਰੋਜ਼ ਦਾ ਵਰਤਾਰਾ ਹੋ ਗਿਆ ਸੀ। ਬਾਪੂ ਆਪਣੀ ਥਾਂ ਠੀਕ ਸੀ ਤੇ ਬੇਬੇ ਆਪਣੀ ਥਾਂ। ਪਰ ਉਨ੍ਹਾਂ ਦੇ ਇਸ ਨਿੱਤ ਦੇ ਝਗੜੇ ਨੇ ਸਾਰੇ ਪਰਿਵਾਰ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ।...

  • fb
  • twitter
  • whatsapp
  • whatsapp
Advertisement

ਚੁਬਾਰੇ ਨੂੰ ਲੈ ਕੇ ਬਾਪੂ-ਬੇਬੇ ਦੀ ਤੂੰ-ਤੂੰ ਮੈਂ-ਮੈਂ ਹੁਣ ਰੋਜ਼ ਦਾ ਵਰਤਾਰਾ ਹੋ ਗਿਆ ਸੀ। ਬਾਪੂ ਆਪਣੀ ਥਾਂ ਠੀਕ ਸੀ ਤੇ ਬੇਬੇ ਆਪਣੀ ਥਾਂ। ਪਰ ਉਨ੍ਹਾਂ ਦੇ ਇਸ ਨਿੱਤ ਦੇ ਝਗੜੇ ਨੇ ਸਾਰੇ ਪਰਿਵਾਰ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ। ਗੱਲ ਕਰੀਬ ਪੰਜ-ਛੇ ਦਹਾਕੇ ਪੁਰਾਣੀ ਹੈ। ਘਰ ਵਿੱਚ ਘੋਰ ਗ਼ਰੀਬੀ ਸੀ। ਕਬੀਲਦਾਰੀ ਚਲਾਉਣ ਲਈ ਬਾਪੂ ਨੂੰ ਦਿਨ-ਰਾਤ ਸਖ਼ਤ ਮਿਹਨਤ ਕਰਨੀ ਪੈਂਦੀ ਸੀ। ਮੈਂ ਬਾਪੂ ਨੂੰ ਕਦੇ ਵਿਹਲਾ ਬੈਠਿਆਂ ਨਹੀਂ ਦੇਖਿਆ ਸੀ। ਉਹ ਸਾਰਾ ਦਿਨ ਮਸ਼ੀਨ ’ਤੇ ਕੱਪੜੇ ਸਿਉਂਦਾ ਰਹਿੰਦਾ ਸੀ। ਰੁਝੇਵੇਂ ਬੇਬੇ ਦੇ ਵੀ ਘੱਟ ਨਹੀਂ ਸਨ। ਘਰ ਦੀ ਕਬੀਲਦਾਰੀ ਤੋਰਨ ਲਈ ਬੇਬੇ ਦੀਆਂ ਬਹੁਤ ਜ਼ਿੰਮੇਵਾਰੀਆਂ ਸਨ। ਰੋਟੀ-ਟੁੱਕ ਪਕਾਉਣਾ, ਲੀੜੇ ਧੋਣਾ, ਦੁੱਧ ਸਾਂਭਣਾ ਅਤੇ ਘਰ ਦੀ ਸਾਫ਼-ਸਫ਼ਾਈ ਆਦਿ ਤਾਂ ਬੇਬੇ ਦੇ ਨਿੱਤ ਦੇ ਕੰਮ ਸਨ। ਇਸ ਤੋਂ ਇਲਾਵਾ ਬਾਪੂ ਦੁਆਰਾ ਸਾਲ ਭਰ ਕੀਤੇ ਗਏ ਕੰਮ ਦੀ ਮਜ਼ਦੂਰੀ ਲਈ ਬੇਬੇ ਨੂੰ ਪਿੰਡ ਦੇ ਜ਼ਿੰਮੀਦਾਰਾਂ ਦੇ ਘਰੇ ਹਾੜ੍ਹੀ-ਸਾਉਣੀ ਕਈ-ਕਈ ਗੇੜੇ ਲਾਉਣੇ ਪੈਂਦੇ ਸਨ।

ਬੇਬੇ ਦੀ ਦੂਜੀ ਵੱਡੀ ਜ਼ਿੰਮੇਵਾਰੀ ਸਾਲ ਵਿੱਚ ਦੋ ਵਾਰ ਕੱਚੇ ਘਰ ਨੂੰ ਲਿੱਪਣ ਪੋਚਣ ਦੀ ਹੁੰਦੀ ਸੀ। ਪਿੰਡ ਦੇ ਛੱਪੜ ’ਚੋਂ ਸਿਰ ’ਤੇ ਮਿੱਟੀ ਢੋਣੀ, ਉਸ ਵਿੱਚ ਤੂੜੀ ਰਲਾ ਕੇ ਕਈ-ਕਈ ਦਿਨ ਲੱਤ ਲਾ ਕੇ ਇੱਕ ਜਾਨ ਕਰਨਾ, ਗਿੱਲੀ-ਮਿੱਟੀ ਦੇ ਥੋਬੇ ਲੈ ਕੇ ਲੱਕੜ ਦੀ ਪੌੜੀ ’ਤੇ ਚੜ੍ਹਨਾ ਤੇ ਫਿਰ ਪਤਲੇ ਹੱਥ ਨਾਲ ਸਾਰੇ ਘਰ ਨੂੰ ਲਿੱਪਣਾ ਬਹੁਤ ਹੀ ਥਕਾ ਦੇਣ ਵਾਲੇ ਅਤੇ ਜੋਖ਼ਮ ਭਰੇ ਕੰਮ ਸਨ। ਵੈਸੇ ਘਰ ਦੀ ਲਿੱਪਾ-ਪੋਚੀ ਕਰਨ ਵਿੱਚ ਬੇਬੇ ਬਹੁਤ ਸਚਿਆਰੀ ਸੀ ਅਤੇ ਪਿੰਡ ਦੀ ਕੋਈ ਹੋਰ ਸੁਆਣੀ ਇਸ ਕੰਮ ਵਿੱਚ ਉਸ ਦਾ ਮੁਕਾਬਲਾ ਨਹੀਂ ਸੀ ਕਰ ਸਕਦੀ।

Advertisement

ਘਰ ਦੀ ਜਗ੍ਹਾ ਵੀ ਬਹੁਤ ਤੰਗ ਸੀ। ਬਸ ਤਿੰਨ ਕੁ ਮਰਲੇ ਤੇ ਛਤਾਅ ਵੀ ਸੱਤ-ਅੱਠ ਜੀਆਂ ਦੇ ਪਰਿਵਾਰ ਦੀਆਂ ਲੋੜਾਂ ਮੁਤਾਬਕ ਪੂਰਾ ਨਹੀਂ ਸੀ। ਇੱਕ ਸਬਾਤ ਤੇ ਇੱਕ ਬਾਹਰਲੀ ਬੈਠਕ, ਜਿਹੜੀ ਸਿਰਫ ਨਾਂ ਦੀ ਹੀ ਬੈਠਕ ਸੀ, ਅਸਲ ਵਿੱਚ ਤਾਂ ਇਹ ਚਾਰ ਕੁ ਮੰਜੀਆਂ ਦਾ ਇੱਕ ਛੋਟਾ ਜਿਹਾ ਕੱਚਾ ਕੋਠਾ ਹੀ ਸੀ, ਜਿਹੜਾ ਦਿਨ ਵੇਲੇ ਬਾਪੂ ਦੀ ਕਿਰਤਸ਼ਾਲਾ ਹੁੰਦਾ ਸੀ ਤੇ ਰਾਤ ਨੂੰ ਇਹ ਉਸ ਦਾ ਸੌਣ ਵਾਲਾ ਕਮਰਾ ਹੁੰਦਾ ਸੀ। ਬੈਠਕ ਦੇ ਨਾਲ ਛਤੜੇ-ਨੁਮਾ ਥੋੜ੍ਹਾ ਜਿਹਾ ਹੋਰ ਛਤਾਅ ਕੀਤਾ ਸੀ, ਜਿੱਥੇ ਘਰ ਦੀਆਂ ਦੁੱਧ ਦੀਆਂ ਲੋੜਾਂ ਪੂਰੀਆਂ ਕਰਨ ਲਈ ਰੱਖੀ ਮੱਝ ਬੰਨ੍ਹੀ ਜਾਂਦੀ ਸੀ। ਇੱਕ ਵੱਡਾ ਕੋਠਾ, ਜਿਸ ਨੂੰ ਸਬ੍ਹਾਤ ਆਖਿਆ ਕਰਦੇ ਸਾਂ, ਉਸ ਵਿੱਚ ਇੱਕ ਪਾਸੇ ਕੌਲ਼ਾ ਜਿਹਾ ਕਰ ਕੇ ਮੱਝ ਵਾਸਤੇ ਤੂੜੀ-ਤੰਦ ਸਾਂਭਣ ਦਾ ਜੁਗਾੜ ਕੀਤਾ ਹੋਇਆ ਸੀ। ਸਬਾਤ ਦੀ ਦੂਸਰੀ ਗੁੱਠ ਵਿੱਚ ਇੱਟਾਂ ਦਾ ਵਲਗਣ ਕਰਕੇ ਸਾਲ ਭਰ ਵਾਸਤੇ ਕਣਕ ਸਾਂਭਣ ਲਈ ਜਗ੍ਹਾ ਬਣਾਈ ਗਈ ਸੀ। ਇਸੇ ਵਲਗਣ ਉੱਪਰ ਹੀ ਬੇਬੇ ਦਾ ਸੰਦੂਕ ਰੱਖਿਆ ਹੋਇਆ ਸੀ। ਇਸੇ ਸਬ੍ਹਾਤ ਵਿੱਚ ਬਾਪੂ ਤੋਂ ਸਿਵਾ ਪਰਿਵਾਰ ਦੇ ਬਾਕੀ ਸੱਤ ਜੀਆਂ ਦੇ ਸੌਣ ਲਈ ਮੰਜੇ ਡਾਹੇ ਹੁੰਦੇ ਸਨ। ਐਨੇ ਵੱਡੇ ਪਰਿਵਾਰ ਦੀਆਂ ਲੋੜਾਂ ਨੂੰ ਦੇਖਦਿਆਂ ਅਤੇ ਨਾਲ ਹੀ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਿ ਆਉਂਦੇ ਸਿਆਲ ਤਾਈਂ ਵੱਡੇ ਭਰਾ ਦਾ ਵਿਆਹ ਕਰਨਾ ਸੀ, ਬੇਬੇ ਬਾਪੂ ਦਿਨ-ਰਾਤ ਸੋਚਦੇ ਰਹਿੰਦੇ ਸਨ ਕਿ ਕਿਵੇਂ ਨਾ ਕਿਵੇਂ ਇੱਕ ਕੋਠਾ ਹੋਰ ਛੱਤਿਆ ਜਾਵੇ। ਪਰ ਕੋਠਾ ਛੱਤਣ ਵਿੱਚ ਵੀ ਸਮੱਸਿਆ ਸੀ। ਪਹਿਲਾਂ ਤਾਂ ਪੈਸੇ ਦਾ ਕੋਈ ਜੁਗਾੜ ਨਹੀਂ ਸੀ ਬਣਦਾ, ਪਰ ਜੇਕਰ ਪੈਸੇ-ਧੇਲੇ ਦਾ ਮਸਲਾ ਕਿਵੇਂ ਨਾ ਕਿਵੇਂ ਹੱਲ ਕਰ ਵੀ ਲਿਆ ਜਾਂਦਾ ਤਾਂ ਦੂਸਰੀ ਸਮੱਸਿਆ ਜਗ੍ਹਾ ਦੀ ਸੀ। ਵਿਹੜਾ ਤਾਂ ਪਹਿਲਾਂ ਹੀ ਮਸਾਂ ਚਾਰ ਕੁ ਮੰਜਿਆਂ ਜੋਗਾ ਸੀ, ਤਾਂ ਫਿਰ ਹੋਰ ਕੋਠਾ ਛੱਤਿਆ ਜਾਵੇ ਤਾਂ ਕਿੱਥੇ?

Advertisement

ਅਖੀਰ ਸੋਚ-ਵਿਚਾਰ ਕਰ ਕੇ ਇਹੀ ਵਿਉਂਤ ਠੀਕ ਲੱਗੀ ਕਿ ਬੈਠਕ ਉੱਪਰ ਚੁਬਾਰਾ ਛੱਤ ਲਿਆ ਜਾਵੇ ਪਰ ਇੱਥੇ ਵੀ ਬਾਪੂ-ਬੇਬੇ ਵਿੱਚ ਮਤਭੇਦ ਸੀ। ਬੇਬੇ ਚਾਹੁੰਦੀ ਸੀ ਕਿ ਚੁਬਾਰਾ ਪੱਕੀਆਂ ਇੱਟਾਂ ਨਾਲ ਛੱਤਿਆ ਜਾਵੇ। ਉਸ ਦੀ ਦਲੀਲ ਸੀ ਕਿ ਇੰਨੇ ਉੱਚੇ ਚੁਬਾਰੇ ਨੂੰ ਉਹ ਲਿਪਿਆ ਕਿਵੇਂ ਕਰੇਗੀ। ਪਰ ਬਾਪੂ ਦਾ ਕਹਿਣਾ ਸੀ ਕਿ ਪੈਸਿਆਂ ਦਾ ਪ੍ਰਬੰਧ ਤਾਂ ਕੱਚੇ ਚੁਬਾਰੇ ਵਾਸਤੇ ਕਰਨਾ ਵੀ ਉਸ ਲਈ ਪਹਾੜੋਂ ਪੱਥਰ ਲਿਆਉਣ ਸਮਾਨ ਸੀ। ਫਿਰ ਪੱਕਾ ਬਣਾਇਆ ਜਾਵੇ ਤਾਂ ਕਿਵੇਂ? ਗੱਲ ਜੇਕਰ ਚੁਬਾਰਾ ਪਾਉਣ ਤੱਕ ਹੀ ਸੀਮਤ ਹੁੰਦੀ ਤਾਂ ਕੋਈ ਹੀਲਾ-ਵਸੀਲਾ ਕਰ ਲਿਆ ਜਾਂਦਾ, ਪਰ ਬਾਪੂ ਸਾਹਮਣੇ ਤਾਂ ਇੱਕ ਹੋਰ ਸਮੱਸਿਆ ਬਘਿਆੜ ਵਾਂਗੂੰ ਮੂੰਹ ਅੱਡੀ ਖੜ੍ਹੀ ਸੀ। ਘਰ ਵਿੱਚ ਕੋਠੇ ਜਿੱਡੀਆਂ ਚਾਰ ਧੀਆਂ ਬੈਠੀਆਂ ਸਨ, ਜਿਨ੍ਹਾਂ ਨੂੰ ਸਹੁਰੇ ਘਰ ਤੋਰਨ ਲਈ ਵੀ ਥੱਬਾ ਨੋਟਾਂ ਦਾ ਚਾਹੀਦਾ ਸੀ। ਇਸੇ ਕਸ਼ਮਕਸ਼ ਦੌਰਾਨ ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਤੇ ਹਰ ਸਾਲ ਵਾਂਗ ਬੇਬੇ ਮੈਨੂੰ ਨਾਨਕੇ ਲੈ ਤੁਰੀ। 20 ਕੁ ਦਿਨਾਂ ਬਾਅਦ ਜਦੋਂ ਅਸੀਂ ਨਾਨਕਿਆਂ ਤੋਂ ਵਾਪਸ ਆਏ ਤਾਂ ਅੱਡੇ ’ਤੇ ਹੀ ਮੋਹਣਾ ਮਿਸਤਰੀ ਮਿਲ ਗਿਆ। ਉਹ ਅੱਗਲ ਵਾਂਡੇ ਹੋ ਕੇ ਬੇਬੇ ਨੂੰ ਕਹਿਣ ਲੱਗਾ, “ਚੰਦ ਕੁਰੇ, ਤੇਰੇ ਜਾਣ ਮਗਰੋਂ ਚੁਬਾਰਾ ਪਾ ’ਤਾ। ਪਾਇਆ ਤਾਂ ਕੱਚਾ ਹੀ ਹੈ ਪਰ ਪੱਕਿਆਂ ਨੂੰ ਮਾਤ ਪਾਉਂਦੈ।” ਇੰਨਾ ਕਹਿ ਕੇ ਮੋਹਣਾ ਮਿਸਤਰੀ ਤਾਂ ਅਗਾਂਹ ਨੂੰ ਤੁਰ ਗਿਆ, ਪਰ ਬੇਬੇ ਉੱਥੇ ਹੀ ਸਿਰ ਫੜ ਕੇ ਬਹਿ ਗਈ, “ਹਾਏ ਨੀ ਅੰਮੜੀਏ, ਮੇਰੀ ਜਾਨ ਨੂੰ ਇੱਕ ਹੋਰ ਸਿਆਪਾ ਪੈ ਗਿਆ, ਕਿਵੇਂ ਲਾਇਆ ਕਰੂੰਗੀ ਮੈਂ ਇੰਨੀਆਂ ਉੱਚੀਆਂ ਕੰਧਾਂ ਨੂੰ ਮਿੱਟੀ ਗਾਰਾ।” ਘਰ ਆ ਕੇ ਬੇਬੇ ਕੁਝ ਦਿਨ ਤਾਂ ਘੁੱਟੀ-ਵੱਟੀ ਜਿਹੀ ਫਿਰਦੀ ਰਹੀ ਪਰ ਫੇਰ ਹੌਸਲਾ ਕਰ ਕੇ ਬੱਠਲ ਚੁੱਕਿਆ ਟੋਭੇ ਤੋਂ ਗਿੱਲੀ ਮਿੱਟੀ ਲਿਆਂਦੀ ਤੇ ਉਸ ਵਿੱਚ ਤੂੜੀ ਰਲਾਉਣ ਲੱਗ ਪਈ। ਹਫ਼ਤੇ ਮਗਰੋਂ ਬੇਬੇ ਗੁਆਂਢੀਆਂ ਦੀ ਵੱਡੀ ਪੌੜੀ ਮੰਗ ਲਿਆਈ ਤੇ ਚੁਬਾਰੇ ਦੀਆਂ ਉੱਚੀਆਂ ਕੰਧਾਂ ਲਿੱਪਣ ਲੱਗ ਪਈ।

ਸੰਪਰਕ: 95018-38700

Advertisement
×