75 ਵਰ੍ਹਿਆਂ ਬਾਅਦ ਦੇਸ਼ ਨੂੰ ਦਰਪੇਸ਼ ਚੁਣੌਤੀਆਂ : The Tribune India

75 ਵਰ੍ਹਿਆਂ ਬਾਅਦ ਦੇਸ਼ ਨੂੰ ਦਰਪੇਸ਼ ਚੁਣੌਤੀਆਂ

75 ਵਰ੍ਹਿਆਂ ਬਾਅਦ ਦੇਸ਼ ਨੂੰ ਦਰਪੇਸ਼ ਚੁਣੌਤੀਆਂ

ਮਨੋਜ ਜੋਸ਼ੀ

ਮਨੋਜ ਜੋਸ਼ੀ

ਆਲਮੀ ਮਹਾਂਮਾਰੀ, ਪਿਛਲੇ ਗ਼ਲਤ ਕਦਮਾਂ ਅਤੇ ਹੋਰ ਬੱਜਰ ਗ਼ਲਤੀਆਂ ਦੇ ਬਾਵਜੂਦ ਸਤ੍ਵਾ ਉੱਤੇ ਸਾਰਾ ਕੁਝ ਵਧੀਆ ਚੱਲ ਰਿਹਾ ਹੈ। ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ਼) ਦੀ ਪੇਸ਼ੀਨਗੋਈ ਹੈ ਕਿ ਭਾਰਤ 2027 ਤੱਕ 5 ਟ੍ਰਿਲੀਅਨ (5 ਲੱਖ ਕਰੋੜ/50 ਖਰਬ/ 5,000,000,000,000) ਡਾਲਰ ਦੀ ਜੀਡੀਪੀ (ਕੁੱਲ ਘਰੇਲੂ ਪੈਦਾਵਾਰ) ਨਾਲ ਦੁਨੀਆਂ ਦਾ ਪੰਜਵਾਂ ਵੱਡਾ ਅਰਥਚਾਰਾ ਬਣ ਜਾਵੇਗਾ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹੁਦਾ ਸੰਭਾਲਿਆ ਸੀ, ਉਦੋਂ ਭਾਰਤ ਦੁਨੀਆਂ ਦਾ ਦਸਵਾਂ ਵੱਡਾ ਅਰਥਚਾਰਾ ਸੀ।

ਰਸਾਲੇ ‘ਦਿ ਇਕੌਨੋਮਿਸਟ’ ਦੀ ਰਿਪੋਰਟ ਮੁਤਾਬਿਕ ਭਾਰਤ ਇਕਹਿਰੇ ਕੌਮੀ ਬਾਜ਼ਾਰ ਦੀ ਸਿਰਜਣਾ, ਨਵਿਆਉਣਯੋਗ ਊਰਜਾ ’ਤੇ ਆਧਾਰਿਤ ਸਨਅਤ ਦਾ ਵਿਸਤਾਰ, ਆਈਟੀ ਵਿਚ ਪ੍ਰਮੁੱਖਤਾ ਅਤੇ ਸਰਕਾਰ ਦੇ ਵਿਸ਼ਾਲ ਭਲਾਈ ਖ਼ਰਚਿਆਂ ਰਾਹੀਂ ਸੰਚਾਲਿਤ ਹੁੰਦਾ ਹੈ। ਸ਼ਾਹਰਾਹਾਂ ਦਾ ਜਾਲ 2014 ਦੇ ਮੁਕਾਬਲੇ 50 ਫ਼ੀਸਦੀ ਵਧਿਆ ਹੈ, ਹਵਾਈ ਭਾੜੇ ਦੀ ਰਕਮ 44 ਫ਼ੀਸਦੀ ਵਧੀ ਹੈ, ਦੇਸ਼ ਵਿਚ ਬ੍ਰਾਡਬੈਂਡ ਦੇ 78.3 ਕਰੋੜ ਵਰਤੋਂਕਾਰ ਹਨ ਅਤੇ ਕੌਮੀ ਡਿਜੀਟਲ ਨੈੱਟਵਰਕ ਨੇ ਟੈਕਸ ਚੋਰੀ ਨੂੰ ਬਹੁਤ ਮੁਸ਼ਕਲ ਬਣਾ ਦਿੱਤਾ ਹੈ।

ਸ੍ਰੀ ਮੋਦੀ ਦੀ ਰਣਨੀਤੀ ਇਕ ਤਰ੍ਹਾਂ ਮੋਟੇ ਜਿਹੇ ਢੰਗ ਨਾਲ ਦੱਖਣੀ ਕੋਰੀਆ ਦੀ ਸਿਰਜਣਾ ਵਾਲੇ ਚੈਬਲਜ਼ (Chaebols - ਖ਼ਾਸ ਤਰ੍ਹਾਂ ਦੇ ਢਾਂਚੇ ਵਾਲੇ ਬੜੇ ਵੱਡੇ ਕਾਰੋਬਾਰੀ ਘਰਾਣੇ) ਦਾ ਪ੍ਰਤੀਬਿੰਬ ਜਾਪਦੀ ਹੈ। ਸਾਡੇ ਮੁਲਕ ਵਿਚ ਅਡਾਨੀ, ਰਿਲਾਇੰਸ ਇੰਡਸਟਰੀ, ਟਾਟਾ ਅਤੇ ਜੇਐੱਸਡਬਲਿਊ ਸਟੀਲ ਨੂੰ ਆਪਣਾ ਕਾਰੋਬਾਰ ਵਧਾਉਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਇਵਜ਼ ਵਿਚ ਛੋਟੀ ਤੇ ਦਰਮਿਆਨੀ ਸਨਅਤ ਦਾ ਕੀ ਬਣਦਾ ਹੈ, ਇਸ ਦੀ ਬਹੁਤੀ ਫ਼ਿਕਰ ਨਹੀਂ ਕੀਤੀ ਜਾ ਰਹੀ। ਭਾਰਤ ਨੂੰ ਇਸ ਮਾਮਲੇ ਵਿਚ ਇਹ ਫ਼ਾਇਦਾ ਹੈ ਕਿ ਆਲਮੀ ਕਾਰੋਬਾਰੀ ਪਹਿਲਾਂ ਹੀ ਨਿਵੇਸ਼ ਮੌਕਿਆਂ ਲਈ ਵਧੇਰੇ ਸਥਿਰ ਤੇ ਭਰੋਸੇਮੰਦ ਅਰਥਚਾਰਿਆਂ ਦੀ ਤਲਾਸ਼ ਵਿਚ ਹਨ।

ਇਸ ਦੌਰਾਨ ਥੋੜ੍ਹੇ ਸੰਕਟ ਦੇ ਬੱਦਲ ਛਾਏ ਦਿਖਾਈ ਦਿੰਦੇ ਹਨ। ਭਾਰਤੀ ਅਰਥਚਾਰੇ ਨੂੰ ਕੋਵਿਡ ਮਹਾਂਮਾਰੀ ਨੇ ਬਹੁਤ ਨੁਕਸਾਨ ਪਹੁੰਚਾਇਆ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਅਪਰੈਲ 2022 ਦੀ ਰਿਪੋਰਟ ਮੁਤਾਬਿਕ ਭਾਰਤ ਨੂੰ ਇਹ ਜਿਹੜਾ ਨੁਕਸਾਨ ਹੋਇਆ ਹੈ, ਇਸ ਤੋਂ ਪੂਰਨ ਲਈ ਹਾਲੇ 13 ਸਾਲ ਹੋਰ ਲੱਗਣਗੇ। ਬੀਤੇ ਤਿੰਨ ਸਾਲਾਂ ਦੌਰਾਨ ਹੋਇਆ ਪੈਦਾਵਾਰੀ ਘਾਟਾ 50 ਲੱਖ ਕਰੋੜ ਰੁਪਏ ਤੋਂ ਵੱਧ ਹੈ। ਫਿਰ ਆਲਮੀ ਮਹਾਂਮਾਰੀ ਹਾਲੇ ਖ਼ਤਮ ਨਹੀਂ ਹੋਈ।

ਮਹਾਂਮਾਰੀ ਤੋਂ ਸ਼ੁਰੂ ਹੋਏ ਮਹਿੰਗਾਈ ਦਰ ਦੇ ਵਾਧੇ ਨੂੰ ਹੁਣ ਯੂਕਰੇਨ ਜੰਗ ਤੇ ਰੂਸ ਉੱਤੇ ਆਇਦ ਪਾਬੰਦੀਆਂ ਵੱਲੋਂ ਹੁਲਾਰਾ ਦਿੱਤਾ ਜਾ ਰਿਹਾ ਹੈ। ਪਹਿਲਾਂ ਖ਼ੁਰਾਕੀ ਵਸਤਾਂ ਦੀ ਉੱਚੀਆਂ ਕੀਮਤਾਂ ਨੇ ਮਹਿੰਗਾਈ ਨੂੰ ਵਧਾਇਆ ਅਤੇ ਹੁਣ ਇਹ ਰੋਲ ਤੇਲ ਦੀਆਂ ਉੱਚੀਆਂ ਕੀਮਤਾਂ ਵੱਲੋਂ ਨਿਭਾਇਆ ਜਾ ਰਿਹਾ ਹੈ। ਦੁਨੀਆਂ ਭਰ ਵਿਚ ਵੱਖ-ਵੱਖ ਵਸਤਾਂ ਅਤੇ ਕੱਚੇ ਮਾਲ ਦੀਆਂ ਕੀਮਤਾਂ ਵਿਚ ਆ ਰਿਹਾ ਉਛਾਲ ਭਾਰਤ ਉੱਤੇ ਮਾੜਾ ਅਸਰ ਪਾ ਰਿਹਾ ਹੈ। ਵਧਦੀ ਮਹਿੰਗਾਈ ਦਰ ਅਦਿੱਖ ਚੋਰ ਵਾਂਗ ਹੁੰਦੀ ਹੈ ਜਿਹੜੀ ਤੁਹਾਡੀ ਆਮਦਨ ਅਤੇ ਬੱਚਤਾਂ ਨੂੰ ਚੁਰਾ ਲੈਂਦੀ ਹੈ ਅਤੇ ਦੇਸ਼ ਦੇ ਗ਼ਰੀਬਾਂ ਲਈ ਤਾਂ ਇਹ ਬਹੁਤ ਹੀ ਮਾਰੂ ਸਾਬਿਤ ਹੁੰਦੀ ਹੈ।

ਜੇ ਅਮਰੀਕਾ ਤੇ ਯੂਰਪ ’ਚ ਵੀ ਮੰਦਵਾੜਾ ਆਉਂਦਾ ਹੈ ਤਾਂ ਭਾਰਤ ਨੂੰ ਵੀ ਆਲਮੀ ਮਾਲੀ ਸਰਗਰਮੀਆਂ ਦੀ ਮੰਦੀ ਦਾ ਸਾਹਮਣਾ ਕਰਨਾ ਪਵੇਗਾ। ਰੂਸ-ਯੂਕਰੇਨ ਜੰਗ ਲੰਬੀ ਚਲੀ ਜਾਣ, ਰੂਸ ਉੱਤੇ ਹੋਰ ਬੰਦਿਸ਼ਾਂ ਲਾਈਆਂ ਜਾਣ ਅਤੇ ਹੋਰ ਮੁਲਕ ਵੀ ਜੰਗ ਵਿਚ ਧੱਕੇ ਜਾਣ ਦੀ ਸੂਰਤ ਵਿਚ ਸਾਡੀਆਂ ਵਿਕਾਸ ਸੰਭਾਵਨਾਵਾਂ ਨੂੰ ਵੀ ਭਾਰੀ ਝਟਕਾ ਲੱਗੇਗਾ। ਇਸ ਦੇ ਬਾਵਜੂਦ ਭਾਰਤੀ ਅਰਥਚਾਰੇ ਦੇ ਬੁਨਿਆਦੀ ਆਧਾਰ ਮਜ਼ਬੂਤ ਹਨ ਅਤੇ ਅਸੀਂ ਹਾਲਾਤ ਨਾਲ ਸਿੱਝ ਲਵਾਂਗੇ।

ਬੇਰੁਜ਼ਗਾਰੀ ਵੱਡੀ ਚੁਣੌਤੀ ਹੈ ਜਿਹੜੀ ਇਸ ਸਮੇਂ ਦੁਨੀਆਂ ਭਰ ਵਿਚੋਂ ਸਭ ਤੋਂ ਜ਼ਿਆਦਾ ਹੈ। ਇਸ ਸਮੱਸਿਆ ਦੀ ਗੰਭੀਰਤਾ ਦਾ ਪਤਾ ਪਿਛਲੇ ਦਿਨੀਂ ਸਰਕਾਰ ਵੱਲੋਂ ਸੰਸਦ ਵਿਚ ਇਕ ਸਵਾਲ ਦੇ ਦਿੱਤੇ ਗਏ ਜਵਾਬ ਤੋਂ ਲੱਗ ਜਾਂਦਾ ਹੈ। ਸਰਕਾਰ ਨੇ ਜਵਾਬ ਵਿਚ ਕਿਹਾ ਕਿ ਬੀਤੇ ਅੱਠ ਸਾਲਾਂ ਦੌਰਾਨ ਜਿਹੜੇ ਉਮੀਦਵਾਰਾਂ ਨੇ ਪੱਕੀਆਂ ਨੌਕਰੀਆਂ ਲਈ ਅਰਜ਼ੀਆਂ ਦਿੱਤੀਆਂ ਸਨ, ਸਰਕਾਰ ਨੇ ਉਨ੍ਹਾਂ ਵਿਚੋਂ ਮਹਿਜ਼ 0.3 ਫ਼ੀਸਦੀ ਦੀ ਹੀ ਭਰਤੀ ਕੀਤੀ ਹੈ। ਸਾਲ 20-24 ਦੇ ਉਮਰ ਜੁੱਟ ਵਾਲੇ ਬੇਰੁਜ਼ਗਾਰਾਂ ਦੀ ਦਰ ਹੈਰਾਨੀਜਨਕ ਢੰਗ ਨਾਲ 43.7 ਫ਼ੀਸਦੀ ਤੱਕ ਜਾ ਪੁੱਜੀ ਹੈ। ਕੰਮ-ਕਾਜੀ ਔਰਤਾਂ ਦੀ ਗਿਣਤੀ ਘਟ ਕੇ 26 ਤੋਂ 19 ਫ਼ੀਸਦੀ ਰਹਿ ਗਈ ਹੈ। ਕਿਰਤ ਸ਼ਕਤੀ ਭਾਗੀਦਾਰੀ ਦਰ - ਭਾਵ ਜੋ ਲੋਕ ਕੰਮ ਕਰ ਰਹੇ ਹਨ ਜਾਂ ਕੰਮ ਦੀ ਤਲਾਸ਼ ਵਿਚ ਹਨ - ਘਟ ਕੇ ਕੰਮ ਕਰਨ ਦੀ ਕਾਨੂੰਨੀ ਉਮਰ ਦੇ 90 ਕਰੋੜ ਲੋਕਾਂ ਦਾ ਮਹਿਜ਼ 40 ਫ਼ੀਸਦੀ ਹਿੱਸਾ ਰਹਿ ਗਈ ਹੈ। ਇਸ ਦਾ ਮਤਲਬ ਹੈ ਕਿ ਅਜਿਹੇ 60 ਫ਼ੀਸਦੀ ਲੋਕਾਂ, ਮੁੱਖ ਤੌਰ ’ਤੇ ਨੌਜਵਾਨ ਤੇ ਔਰਤਾਂ ਨੇ ਨਿਰਾਸ਼ਾ ਵਿਚ ਨੌਕਰੀ ਦੀ ਤਲਾਸ਼ ਹੀ ਛੱਡ ਦਿੱਤੀ ਹੈ।

ਭਾਰਤ ਦੀ ਆਬਾਦੀ ਪੱਖੋਂ ਲਾਹੇਵੰਦੀ ਸਥਿਤੀ ਸਾਨੂੰ ਭਵਿੱਖ ਲਈ ਸ਼ਕਤੀ ਪ੍ਰਦਾਨ ਕਰਨ ਵਾਲੀ ਮੰਨੀ ਜਾਂਦੀ ਹੈ, ਪਰ ਇਹ ਆਬਾਦੀ ਅੰਕੜੇ ਵੀ ਇਕ ਤਰ੍ਹਾਂ ਬੁਰੇ ਸੁਪਨੇ ਵਰਗੇ ਹੀ ਜਾਪ ਰਹੇ ਹਨ। ਬਹੁਤ ਸਾਰੀਆਂ ਸਮੱਸਿਆਵਾਂ ਸਿੱਖਿਆ ਦੇ ਮਾੜੇ ਮਿਆਰ ਅਤੇ ਰੁਜ਼ਗਾਰ ਸਿਖਲਾਈ ਨਾਲ ਸਬੰਧਿਤ ਹਨ। ਪਹਿਲੋਂ ਦਿਖਾਈ ਦੇ ਰਹੇ ਵਿਕਾਸ ਰੁਝਾਨਾਂ ਨੂੰ ਜਾਰੀ ਰੱਖਣ ਲਈ ਦੇਸ਼ ਨੂੰ ਸਿੱਖਿਅਤ ਤੇ ਹੁਨਰਮੰਦ ਕਿਰਤ ਸ਼ਕਤੀ ਦੀ ਲੋੜ ਹੈ।

ਸਾਡੇ ਭਵਿੱਖ ਲਈ ਜੋਖ਼ਮ ਦਾ ਇਕ ਹੋਰ ਪੱਧਰ ਆਲਮੀ ਢਾਂਚੇ ਦੀ ਅਸਥਿਰਤਾ ਵਿਚ ਪਿਆ ਹੈ ਜਿਹੜਾ ਦਿਸ਼ਾਹੀਣ ਹੈ ਅਤੇ ਇਸ ਢਾਂਚੇ ਨੂੰ ਆਕਾਰ ਦੇਣ ਵਾਲੇ ਅਮਰੀਕਾ, ਯੂਰਪੀ ਯੂਨੀਅਨ, ਰੂਸ ਤੇ ਚੀਨ ਆਦਿ ਦੇ ਇਸ ਸਮੇਂ ਨਵੀਂ ਸ਼ੀਤ ਜੰਗ ਵਿਚ ਸਿੰਙ ਫਸੇ ਹੋਏ ਹਨ। ਆਲਮੀ ਮਹਾਂਮਾਰੀ, ਮੌਸਮੀ ਤਬਦੀਲੀ ਅਤੇ ਵਿਸ਼ਵ ਵਪਾਰ ਪ੍ਰਬੰਧ ਨਾਲ ਸਬੰਧਿਤ ਮੁੱਦਿਆਂ ਨਾਲ ਸਿੱਝਣ ਲਈ ਕੋਈ ਵੀ ਸਾਂਝੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਅਤੇ ਆਲਮੀ ਅਮਨ ਤੇ ਸੁਰੱਖਿਆ ਦੀ ਤਾਂ ਗੱਲ ਹੀ ਛੱਡ ਦਿਉ। ਇਕ ਪਾਸੇ ਰੂਸ-ਯੂਕਰੇਨ ਜੰਗ ਕਿਸੇ ਤਣ-ਪੱਤਣ ਲੱਗਦੀ ਦਿਖਾਈ ਨਹੀਂ ਦੇ ਰਹੀ ਅਤੇ ਹਾਲਾਤ ਨੂੰ ਬਦ ਤੋਂ ਬਦਤਰ ਬਣਾਉਂਦਿਆਂ ਚੀਨ ਵੱਲੋਂ ਤਾਇਵਾਨ ਨੂੰ ਜ਼ੋਰ ਨਾਲ ਆਪਣੇ ਕਬਜ਼ੇ ਵਿਚ ਲੈਣ ਲਈ ਦਿਖਾਏ ਜਾ ਰਹੇ ਤੇਵਰਾਂ ਕਾਰਨ ਸੰਸਾਰ ਦੀਆਂ ਦੋ ਵੱਡੀਆਂ ਤਾਕਤਾਂ ਅਮਰੀਕਾ ਤੇ ਚੀਨ ਦਾ ਤਣਾਅ ਸਿਖਰਾਂ ਉੱਤੇ ਜਾ ਪੁੱਜਾ ਹੈ। ਇਹ ਅਜਿਹਾ ਘਟਨਾਚੱਕਰ ਹੈ ਜਿਹੜਾ ਆਲਮੀ ਢਾਂਚੇ ਲਈ ਹੋਰ ਕੁਝ ਨਹੀਂ ਸਿਰਫ਼ ਤਬਾਹਕੁਨ ਸਿੱਟੇ ਲੈ ਕੇ ਆਵੇਗਾ।

ਇਸ ਦੇ ਨਾਲ ਹੀ ਇਹ ਪਰਮਾਣੂ ਹਾਲਾਤ ਸਬੰਧੀ ਵੀ ਚਿੰਤਾ ਕਰਨ ਦਾ ਸਮਾਂ ਹੈ। ਰੂਸ ਵੱਲੋਂ ਯੂਕਰੇਨ ਜੰਗ ਵਿਚ ਪਰਮਾਣੂ ਹਥਿਆਰ ਵਰਤਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੇ ਬਹੁਤ ਖ਼ਤਰਨਾਕ ਘਟਨਾਕ੍ਰਮ ਪੈਦਾ ਕਰ ਦਿੱਤਾ ਹੈ। ਪਰ ਬਹੁਤੇ ਮੁਲਕਾਂ ਲਈ ਵੱਡਾ ਸਬਕ ਇਹ ਹੈ ਕਿ ਸਿਰਫ਼ ਪਰਮਾਣੂ ਹਥਿਆਰ ਹੀ ਤੁਹਾਡੀ ਸੁਰੱਖਿਆ ਦੀ ਗਾਰੰਟੀ ਦੇ ਸਕਦੇ ਹਨ ਅਤੇ ਇਹ ਅਜਿਹੀ ਸਥਿਤੀ ਹੈ ਜਿਸ ਨਾਲ ਇਨ੍ਹਾਂ ਹਥਿਆਰਾਂ ਦੇ ਫੈਲਾਅ ਨੂੰ ਹੀ ਹੁਲਾਰਾ ਮਿਲੇਗਾ।

ਭਾਰਤ ਲਈ ਸੰਕਟ ਚੀਨ ਹੈ ਜਿਹੜਾ ਤਿੱਬਤੀ ਪਠਾਰ ਅਤੇ ਸ਼ਿਨਚਿਆਂਗ ਵਿਚ ਆਪਣਾ ਫ਼ੌਜੀ ਢਾਂਚਾ ਮਜ਼ਬੂਤ ਕਰ ਰਿਹਾ ਹੈ। ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਭਾਰਤ ਦੀ ਸੁਰੱਖਿਆ ਮਜ਼ਬੂਤ ਹੈ ਅਤੇ ਹਾਲ ਦੀ ਘੜੀ ਹਵਾਈ ਤਾਕਤ ਪੱਖੋਂ ਵੀ ਇਸ ਦਾ ਹੱਥ ਉੱਚਾ ਹੈ। ਸਰਹੱਦੀ ਢਾਂਚੇ ਦੀ ਉਸਾਰੀ ਦੀ ਮਹਾਂ-ਮੁਹਿੰਮ ਨਾਲ ਇਹ ਟਿਕਾਣੇ ਮਜ਼ਬੂਤੀ ਫੜ ਰਹੇ ਹਨ ਪਰ ਭਾਰਤੀ ਫ਼ੌਜ ਨੂੰ ਲਗਾਤਾਰ ਸਭ ਤੋਂ ਵੱਡੀ ਸਮੱਸਿਆ ਲੋੜੀਂਦਾ ਬਜਟ ਨਾ ਮਿਲਣ ਦੀ ਆ ਰਹੀ ਹੈ। ਅਗਨੀਪਥ ਦੇ ਬਾਵਜੂਦ ਅਗਲੇ ਦਹਾਕੇ ਅਤੇ ਇਸ ਤੋਂ ਅਗਾਂਹ ਤੱਕ ਰੱਖਿਆ ਬਜਟ ਉੱਤੇ ਪੈਨਸ਼ਨ ਦਾ ਬੋਝ ਬਣਿਆ ਰਹੇਗਾ ਅਤੇ ਫ਼ੌਜ ਦੇ ਆਧੁਨਿਕੀਕਰਨ ਲਈ ਫੰਡਾਂ ਦੀ ਘਾਟ ਰੜਕਦੀ ਰਹੇਗੀ। ਦੂਜਾ, ਅਗਨੀਵੀਰ ਪ੍ਰਾਜੈਕਟ ਆਖ਼ਰ ਸਾਨੂੰ ਨੀਮ-ਸਿਖਲਾਈਯਾਫ਼ਤਾ ਫ਼ੌਜ ਦੇਣ ਵਾਲਾ ਵੀ ਸਾਬਤ ਹੋ ਸਕਦਾ ਹੈ, ਜਦੋਂਕਿ ਮੌਜੂਦਾ ਮਾਹੌਲ ਫ਼ੌਜੀ ਹੁਨਰ ਤੇ ਯੋਗਤਾਵਾਂ ਦੇ ਕਿਤੇ ਉਚੇਰੇ ਪੱਧਰ ਦੀ ਮੰਗ ਕਰਦਾ ਹੈ। ਜੇ ਅਸੀਂ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਤੋਂ ਅਗਾਂਹ ਦੇਖਦੇ ਹਾਂ ਸੁਰੱਖਿਆ ਹਾਲਾਤ ਬਹੁਤੇ ਵਧੀਆ ਨਹੀਂ ਹਨ। ਪਾਕਿਸਤਾਨ ਭਾਵੇਂ ਨਿੱਘਰ ਗਿਆ ਹੈ, ਪਰ ਇਹ ਭਾਰਤ ਲਈ ਖ਼ਤਰਾ ਬਣਿਆ ਰਹੇਗਾ, ਭਾਵੇਂ ਇਹ ਨਾਕਾਮ ਮੁਲਕ ਹੋਵੇ ਤੇ ਭਾਵੇਂ ਕਾਮਯਾਬ।

ਇਕ ਅਸਲ ਵੱਡੀ ਚਿੰਤਾ ਵਾਲਾ ਮਾਮਲਾ ਅੰਦਰੂਨੀ ਸੁਰੱਖਿਆ ਦਾ ਹੈ। ਕਸ਼ਮੀਰ ਵਿਚਲੀ ਦਹਿਸ਼ਤਗਰਦੀ ਵਰਗੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਨੇੜ ਕਿਤੇ ਨਿਬੇੜਾ ਹੁੰਦਾ ਦਿਖਾਈ ਨਹੀਂ ਦਿੰਦਾ। ਹੁਣ ਤੱਕ ਇਸਲਾਮੀ ਕੱਟੜਪੰਥੀ ਤੋਂ ਦੂਰ ਹੀ ਰਹਿਣ ਵਾਲੇ ਭਾਰਤੀ ਮੁਸਲਮਾਨਾਂ ਨੂੰ ਜਿਸ ਤਰ੍ਹਾਂ ਦੇ ਦਮਨ ਤੇ ਅੱਤਿਆਚਾਰਾਂ ਦਾ ਇਸ ਵਕਤ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਤੋਂ ਉਹ ਕੱਟੜਪੰਥੀ ਵਾਲੀ ਦਿਸ਼ਾ ਵੱਲ ਧੱਕੇ ਜਾ ਸਕਦੇ ਹਨ। ਇਹ ਚੇਤੇ ਰੱਖਣ ਦੀ ਲੋੜ ਹੈ ਕਿ ਕਿਸੇ ਵੀ ਸਫ਼ਲ ਸਮਾਜ ਲਈ ਪ੍ਰਮੁੱਖ ਤੱਤ ਹੁੰਦੇ ਹਨ: ਮੌਕਿਆਂ ਦੀ ਬਰਾਬਰੀ ਅਤੇ ਸਾਂਝੀ ਤੇ ਇਕਸਾਰਤਾ ਵਾਲੀ ਕੌਮੀ ਪਛਾਣ। ਇਨ੍ਹਾਂ ਨਾਲ ਹੀ ਸਿਆਸੀ, ਧਾਰਮਿਕ ਅਤੇ ਨਸਲੀ ਵੰਡਾਂ-ਵਖਰੇਵਿਆਂ ਤੋਂ ਉੱਭਰਿਆ ਜਾ ਸਕਦਾ ਹੈ।

* ਡਿਸਟਿੰਗੁਇਸ਼ਡ ਫੈਲੋ, ਆਬਜ਼ਰਵਰ ਰਿਸਰਚ ਫਾਊਂਡੇਸ਼ਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All