ਆ ਗਿਆ ਭਾਈ...!
ਰੋਜ਼ ਵਾਂਗ ਮੈਂ ਆਪਣੀ ਧੀ ਦੇ ਪਟਿਆਲਾ ਤੋਂ ਵਾਪਸ ਆਉਣ ਵੇਲੇ ਭਵਾਨੀਗੜ੍ਹ ਬੱਸ ਸਟੈਂਡ ’ਤੇ ਖੜ੍ਹਾ ਉਸ ਦੀ ਉਡੀਕ ਕਰ ਰਿਹਾ ਸੀ। ਬੱਸ ਇੱਕ ਘੰਟਾ ਲੇਟ ਪਹੁੰਚੀ। ਇੱਕ ਘੰਟੇ ਦੀ ਉਡੀਕ ਦੌਰਾਨ ਮੈਂ ਆਪਣੀ ਬੇਟੀ ਨੂੰ ਦੋ ਤਿੰਨ ਵਾਰ ਫੋਨ...
ਰੋਜ਼ ਵਾਂਗ ਮੈਂ ਆਪਣੀ ਧੀ ਦੇ ਪਟਿਆਲਾ ਤੋਂ ਵਾਪਸ ਆਉਣ ਵੇਲੇ ਭਵਾਨੀਗੜ੍ਹ ਬੱਸ ਸਟੈਂਡ ’ਤੇ ਖੜ੍ਹਾ ਉਸ ਦੀ ਉਡੀਕ ਕਰ ਰਿਹਾ ਸੀ। ਬੱਸ ਇੱਕ ਘੰਟਾ ਲੇਟ ਪਹੁੰਚੀ। ਇੱਕ ਘੰਟੇ ਦੀ ਉਡੀਕ ਦੌਰਾਨ ਮੈਂ ਆਪਣੀ ਬੇਟੀ ਨੂੰ ਦੋ ਤਿੰਨ ਵਾਰ ਫੋਨ ਕਰਕੇ ਪੁੱਛਿਆ ਕਿ ਉਹ ਲੇਟ ਕਿਉਂ ਹੋ ਗਈ ਤੇ ਹੁਣ ਕਿੱਥੇ ਪਹੁੰਚੀ ਹੈ। ਉਸ ਨੇ ਭਵਾਨੀਗੜ੍ਹ ਪਹੁੰਚ ਕੇ ਦੱਸਿਆ ਕਿ ਅੱਜ ਪੀ ਆਰ ਟੀ ਸੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਦੀ ਹੜਤਾਲ ਹੋਣ ਕਾਰਨ ਉਹ ਲੇਟ ਹੋ ਗਈ ਸੀ। ਧੀ ਨੂੰ ਵੇਖ ਮੇਰੀ ਚਿੰਤਾ ਖ਼ਤਮ ਹੋ ਗਈ। ਉਸ ਨੂੰ ਲੈ ਕੇ ਘਰ ਵੱਲ ਜਾਂਦਿਆਂ ਮੇਰਾ ਚੇਤਾ ਆਪਣੇ ਬਚਪਨ ਵੱਲ ਚਲਾ ਗਿਆ। ਮੈਨੂੰ ਆਪਣੇ ਸਕੂਲ ਦੇ ਦਿਨ ਯਾਦ ਆਏ।
ਸੰਨ 1970 ਵਿੱਚ ਮੈਂ ਸਰਕਾਰੀ ਮਿਡਲ ਸਕੂਲ ਬਾਲਦ ਕਲਾਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਇਹ ਸਕੂਲ ਮੇਰੇ ਪਿੰਡ ਮੱਟਰਾਂ ਤੋਂ 5 ਕੁ ਕਿਲੋਮੀਟਰ ਦੀ ਵਿੱਥ ’ਤੇ ਸੰਗਰੂਰ-ਪਟਿਆਲਾ ਮੁੱਖ ਮਾਰਗ ’ਤੇ ਪੈਂਦਾ ਸੀ। ਇਸੇ ਦੌਰਾਨ ਸੰਗਰੂਰ ਸਟੇਡੀਅਮ ਵਿੱਚ ਸਕੂਲਾਂ ਦੀਆਂ ਖੇਡਾਂ ਹੋ ਰਹੀਆਂ ਸਨ ਅਤੇ ਸਾਡੇ ਸਕੂਲ ਦੇ ਬੱਚੇ ਵੀ ਖੇਡਣ ਗਏ ਸਨ। ਸਕੂਲ ਲੱਗਣ ’ਤੇ ਸਵੇਰ ਦੀ ਸਭਾ ਵਿੱਚ ਅਧਿਆਪਕ ਨੇ ਕਿਹਾ ਕਿ ਜਿਹੜੇ ਬੱਚੇ ਖੇਡਾਂ ਦੇਖਣ ਲਈ ਸੰਗਰੂਰ ਜਾਣਾ ਚਾਹੁੰਦੇ ਹਨ, ਉਹ ਛੁੱਟੀ ਲੈ ਕੇ ਜਾ ਸਕਦੇ ਹਨ। ਇਹ ਐਲਾਨ ਹੁੰਦਿਆਂ ਹੀ ਅਸੀਂ ਵੱਡੀ ਗਿਣਤੀ ਬੱਚੇ ਸਕੂਲ ਤੋਂ ਛੁੱਟੀ ਲੈ ਕੇ ਆਪੋ-ਆਪਣੇ ਸਾਈਕਲਾਂ ’ਤੇ ਸੰਗਰੂਰ ਵੱਲ ਤੁਰ ਪਏ। ਬਾਲਦ ਕਲਾਂ ਤੋਂ ਸੰਗਰੂਰ 20 ਕਿਲੋਮੀਟਰ ਦੂਰ ਪੈਂਦਾ ਹੈ। ਰਾਹ ਵਿੱਚ ਵੀ ਅਸੀਂ ਬਹੁਤ ਮਸਤੀ ਕੀਤੀ ਤੇ ਸੰਗਰੂਰ ਸਟੇਡੀਅਮ ਪਹੁੰਚ ਗਏ।
ਉਥੇ ਪਹੁੰਚ ਕੇ ਵੀ ਅਸੀਂ ਸਟੇਡੀਅਮ ਵਿੱਚ ਖੇਡਾਂ ਦੇਖਣ ਦੀ ਥਾਂ ਇਧਰ-ਉਧਰ ਸਾਈਕਲ ਭਜਾਉਂਦੇ ਫਿਰਦੇ ਰਹੇ। ਇਸੇ ਦੌਰਾਨ ਜਦੋਂ ਮੈਂ ਆਪਣਾ ਸਾਈਕਲ ਖੇਡ ਗਰਾਊਂਡ ਵਿੱਚੋਂ ਲੰਘਾਉਣ ਲੱਗਿਆ ਤਾਂ ਉਥੇ ਤਾਇਨਾਤ ਇੱਕ ਕਰਮਚਾਰੀ ਨੇ ਮੇਰਾ ਸਾਈਕਲ ਫੜ ਲਿਆ ਤੇ ਮੈਨੂੰ ਕਿਹਾ ਕਿ ਹੁਣ ਇਹ ਸਾਈਕਲ ਸ਼ਾਮ ਨੂੰ ਹੀ ਮਿਲੇਗੀ। ਕੁੱਝ ਸਮੇਂ ਬਾਅਦ ਮੈਂ ਸਾਈਕਲ ਲੈਣ ਵਾਸਤੇ ਉਸ ਕਰਮਚਾਰੀ ਦੀਆਂ ਮਿੰਨਤਾਂ ਵੀ ਕੀਤੀਆਂ, ਪਰ ਉਹ ਨਹੀਂ ਮੰਨਿਆ। ਮੈਂ ਉਦਾਸ ਹੋਇਆ ਉਥੇ ਫਿਰਦਾ ਰਿਹਾ। ਜੇਬ ਵਿੱਚ ਕੋਈ ਪੈਸਾ ਵੀ ਨਹੀਂ ਸੀ। ਹੌਲੀ ਹੌਲੀ ਮੇਰੇ ਨਾਲ ਦੇ ਪਿੰਡਾਂ ਦੇ ਸਾਰੇ ਬੱਚੇ ਘਰਾਂ ਨੂੰ ਵਾਪਸ ਚਲੇ ਗਏ। ਅਖੀਰ ਵਿੱਚ ਜਦੋਂ ਸ਼ਾਮ ਨੂੰ ਮੈਚ ਖ਼ਤਮ ਹੋਏ ਤਾਂ ਮੈਂ ਡਰਦਾ ਡਰਦਾ ਫਿਰ ਉਸ ਕਰਮਚਾਰੀ ਕੋਲ ਗਿਆ। ਉਸ ਨੇ ਮੈਨੂੰ ਦੁਬਾਰਾ ਝਿੜਕਿਆ ਤੇ ਮੇਰਾ ਸਾਈਕਲ ਮੈਨੂੰ ਦੇ ਦਿੱਤਾ। ਸਾਈਕਲ ਦੇਣ ਮਗਰੋਂ ਉਸ ਨੇ ਮੈਨੂੰ ਮੇਰੇ ਪਿੰਡ ਦਾ ਨਾਂ ਪੁੱਛਿਆ ਤਾਂ ਉਹ ਹੈਰਾਨ ਹੋ ਗਿਆ। ਦਰਅਸਲ ਸੰਗਰੂਰ ਤੋਂ ਮੇਰਾ ਪਿੰਡ 25 ਕਿਲੋਮੀਟਰ ਦੂਰ ਸੀ। ਉਸ ਨੇ ਸ਼ਰਮਿੰਦਾ ਹੁੰਦੇ ਨੇ ਕਿਹਾ ਕਿ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਕਿ ਤੇਰਾ ਪਿੰਡ ਇੰਨਾ ਦੂਰ ਹੈ।
ਜਦੋਂ ਮੈਂ ਉਸ ਤੋਂ ਸਾਈਕਲ ਲੈ ਕੇ ਸੰਗਰੂਰ ਤੋਂ ਮੁੱਖ ਸੜਕ ਰਾਹੀਂ ਭਵਾਨੀਗੜ੍ਹ ਵੱਲ ਨੂੰ ਤੁਰਿਆ ਤਾਂ ਦਿਨ ਪੂਰੀ ਤਰ੍ਹਾਂ ਢਲ ਗਿਆ ਸੀ। 12-13 ਸਾਲ ਦੀ ਉਮਰ ਹੋਣ ਕਾਰਨ ਮੇਰੇ ਸਾਈਕਲ ਦੀ ਕਾਠੀ ਤੋਂ ਪੈਰ ਪੈਡਲਾਂ ਤੱਕ ਪੂਰੇ ਨਹੀਂ ਪਹੁੰਚਦੇ ਸਨ, ਜਿਸ ਕਾਰਨ ਮੈ ਜ਼ਿਆਦਾ ਡੰਡੇ ’ਤੇ ਬੈਠ ਕੇ ਹੀ ਸਾਈਕਲ ਚਲਾਉਂਦਾ ਸੀ। ਭਵਾਨੀਗੜ੍ਹ ਤੋਂ ਪਹਿਲਾਂ ਹੀ ਸੂਰਜ ਛਿਪ ਗਿਆ, ਪਰ ਭਵਾਨੀਗੜ੍ਹ ਤੋਂ ਨਦਾਮਪੁਰ ਤੱਕ ਆਵਾਜਾਈ ਚਲਦੀ ਹੋਣ ਕਾਰਨ ਮੈਂ ਬਿਨਾਂ ਡਰ ਤੋਂ ਪਹੁੰਚ ਗਿਆ। ਨਦਾਮਪੁਰ ਬੱਸ ਸਟੈਂਡ ਤੋਂ ਇਕ ਕਿਲੋਮੀਟਰ ਨਹਿਰ ਦੀ ਸੁੰਨਸਾਨ ਪਟੜੀ ’ਤੇ ਜਾਣਾ ਸੀ। ਇਸ ਪਟੜੀ ’ਤੇ ਮੈਨੂੰ ਬਹੁਤ ਡਰ ਲੱਗਿਆ। ਲਗਾਤਾਰ ਸਾਈਕਲ ਚਲਾਉਂਦਾ ਹੋਇਆ ਸੋਚਦਾ ਰਿਹਾ ਕਿ ਮੈਂ ਅੱਜ ਠੀਕ ਠਾਕ ਘਰ ਪਹੁੰਚ ਜਾਵਾਂ, ਫਿਰ ਅੱਗੇ ਤੋਂ ਅਜਿਹੀ ਗ਼ਲਤੀ ਨਹੀਂ ਕਰਦਾ। ਨਹਿਰ ਦੀ ਪਟੜੀ ਤੋਂ ਬਾਅਦ 2 ਕਿਲੋਮੀਟਰ ਬਿਲਕੁਲ ਰੋਹੀ ਬੀਆਬਾਨ ਸੀ, ਮੈਂ ਡਰਦੇ ਡਰਦੇ ਨੇ ਉਹ ਵੀ ਪਾਰ ਕਰ ਲਿਆ।
ਮੈਨੂੰ ਸਭ ਤੋਂ ਵੱਧ ਡਰ ਸਾਡੇ ਪਿੰਡ ਤੋਂ ਥੋੜ੍ਹਾ ਜਿਹਾ ਪਹਿਲਾਂ ਆਉਂਦੇ ਇਕ ਕਿੱਕਰ ਦੇ ਦਰੱਖਤ ਤੋਂ ਲੱਗ ਰਿਹਾ ਸੀ। ਸਾਡੇ ਬਜ਼ੁਰਗਾਂ ਮੂੰਹੋਂ ਮੈਂ ਸੁਣਿਆ ਹੋਇਆ ਸੀ ਕਿ ਇਸ ਦਰੱਖਤ ’ਤੇ ਇੱਕ ਭੂਤ ਰਹਿੰਦੀ ਹੈ, ਜੋ ਬੰਦਿਆਂ ਨੂੰ ਚਿੰਬੜ ਜਾਂਦੀ ਹੈ। ਮੇਰਾ ਸਾਈਕਲ ਜਿਵੇਂ ਜਿਵੇਂ ਇਸ ਕਿੱਕਰ ਕੋਲ ਜਾ ਰਿਹਾ ਸੀ, ਤਿਵੇਂ ਤਿਵੇਂ ਮੇਰੀ ਧੜਕਣ ਹੋਰ ਤੇਜ਼ ਹੋ ਰਹੀ ਸੀ। ਜਦੋਂ ਮੇਰਾ ਸਾਈਕਲ ਇਸ ਦਰੱਖ਼ਤ ਦੇ ਹੇਠਾਂ ਲੰਘ ਰਿਹਾ ਸੀ, ਤਾਂ ਮੇਰੇ ਮਨ ਦੀ ਅਵਸਥਾ ਉਸ ਭੂਤ ਦੇ ਚਿੰਬੜਨ ਦੀ ਉਡੀਕ ਹੀ ਕਰ ਰਹੀ ਸੀ। ਪਰ ਮੈਂ ਜਿਵੇਂ ਤਿਵੇਂ ਆਪਣੇ ਮਨ ’ਤੇ ਕਾਬੂ ਪਾਇਆ ਤੇ ਇਸ ਡਰ ਅਤੇ ਦਰੱਖ਼ਤ ਨੂੰ ਪਾਰ ਕਰ ਗਿਆ ਤੇ ਕੁੱਝ ਮਿੰਟਾਂ ਵਿੱਚ ਹੀ ਘਰ ਪਹੁੰਚ ਗਿਆ। ਕਮਾਲ ਦੀ ਗੱਲ ਇਹ ਸੀ ਕਿ ਮੈਨੂੰ ਮੇਰੀ ਬੇਬੇ ਅਤੇ ਬਾਪੂ ਹੁਰਾਂ ਵਿੱਚੋਂ ਕਿਸੇ ਨੇ ਇੰਨਾ ਲੇਟ ਹੋਣ ਬਾਰੇ ਕੁੱਝ ਨਹੀਂ ਪੁੱਛਿਆ। ਸਾਰਿਆਂ ਨੇ ਕਿਹਾ ‘‘ਆ ਗਿਆ ਭਾਈ, ਚੱਲ ਭੁੱਖਾ ਹੋਵੇਂਗਾ, ਰੋਟੀ ਖਾ ਲੈ।’’
ਮੇਰੇ ਬਚਪਨ ਦੀ ਘਟਨਾ ਯਾਦ ਕਰਕੇ ਮੈਂ ਸੋਚਿਆ ਕਿ ਅੱਜ ਦੇ ਸਮੇਂ ਅਤੇ ਉਸ ਸਮੇਂ ਦੇ ਹਾਲਾਤ ਦਾ ਜ਼ਮੀਨ ਆਸਮਾਨ ਦਾ ਫਰਕ ਹੈ। ਅੱਜ ਅਸੀਂ ਥੋੜ੍ਹੀ ਜਿਹੀ ਦੇਰ ਹੋਣ ਨਾਲ ਹੀ ਬੱਚਿਆਂ ਪ੍ਰਤੀ ਬਹੁਤ ਚਿੰਤਤ ਹੋ ਜਾਂਦੇ ਹਾਂ। ਉਨ੍ਹਾਂ ਸਮਿਆਂ ਵਿੱਚ ਮਾਪਿਆਂ ਦਾ ਠਰ੍ਹੰਮਾ ਬਿਲਕੁਲ ਹੀ ਸਹਿਜ ਜ਼ਿੰਦਗੀ ਜਿਊਣ ਵਾਲਾ ਸੀ ਜਦਕਿ ਅਜੋਕੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਹਿਜਤਾ ਬਿਲਕੁਲ ਮਨਫੀ ਹੋ ਗਈ ਹੈ।
ਸੰਪਰਕ: 98142-07558

