ਰੌਸ਼ਨ ਚਿਰਾਗ਼
ਕਾਲਜ ਅਧਿਆਪਨ ਦੇ 36 ਸਾਲਾਂ ਦੌਰਾਨ ਮੈਂ ਦੇਖਿਆ ਕਿ ਇੱਕ ਅਧਿਆਪਕ ਸਿਖਿਆਰਥੀਆਂ ਨੂੰ ਬਹੁਤ ਕੁਝ ਸਿਖਾਉਂਦਾ ਹੈ, ਪਰ ਉਨ੍ਹਾਂ ਕੋਲੋਂ ਵੀ ਕਈ ਕੁਝ ਸਿੱਖਦਾ ਹੈ। ਇਹ ਸਿੱਖਿਆ ਉਸ ਪੱਧਰ ਦੀ ਨਹੀਂ, ਜੋ ‘ਫਿਜ਼ੀਸ਼ੀਅਨ ਹੀਲ ਦਾਈਸੈਲਫ’ (ਚਿਕਿਤਸਕ, ਆਪਣਾ ਇਲਾਜ ਕਰ) ਦੇ...
ਕਾਲਜ ਅਧਿਆਪਨ ਦੇ 36 ਸਾਲਾਂ ਦੌਰਾਨ ਮੈਂ ਦੇਖਿਆ ਕਿ ਇੱਕ ਅਧਿਆਪਕ ਸਿਖਿਆਰਥੀਆਂ ਨੂੰ ਬਹੁਤ ਕੁਝ ਸਿਖਾਉਂਦਾ ਹੈ, ਪਰ ਉਨ੍ਹਾਂ ਕੋਲੋਂ ਵੀ ਕਈ ਕੁਝ ਸਿੱਖਦਾ ਹੈ। ਇਹ ਸਿੱਖਿਆ ਉਸ ਪੱਧਰ ਦੀ ਨਹੀਂ, ਜੋ ‘ਫਿਜ਼ੀਸ਼ੀਅਨ ਹੀਲ ਦਾਈਸੈਲਫ’ (ਚਿਕਿਤਸਕ, ਆਪਣਾ ਇਲਾਜ ਕਰ) ਦੇ ਬਰਾਬਰ ‘ਟੀਚਰ, ਟੀਚ ਦਾਈਸੈਲਫ’ (ਅਧਿਆਪਕ! ਆਪਣੇ ਆਪ ਨੂੰ ਪੜ੍ਹਾ) ਵਾਂਗ ਹੋਵੇ। ਜਿਵੇਂ ਇੱਕ ਕਾਬਲ ਡਾਕਟਰ ਨਵੀਆਂ ਖੋਜਾਂ ਬਾਰੇ ਪੂਰੀ ਜਾਣਕਾਰੀ ਰੱਖਦਾ ਹੈ, ਉਵੇਂ ਹੀ ਇਹ ਇੱਕ ਚੰਗਾ ਅਧਿਆਪਕ ਖ਼ੁਦ ਨੂੰ ਹਮੇਸ਼ਾ ਸਮੇਂ ਦਾ ਹਾਣੀ ਬਣਾਉਣ ਦੀ ਕੋਸ਼ਿਸ਼ ਲਗਾਤਾਰ ਕਰਦਾ ਹੈ। ਦਰਅਸਲ, ਅਧਿਆਪਕ ਸਾਰੀ ਉਮਰ ਆਪ ਵੀ ਵਿਦਿਆਰਥੀ ਹੀ ਰਹਿੰਦਾ ਹੈ ਭਾਵੇਂ ਉਸ ਦਾ ਮੁੱਖ ਕੰਮ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੁੰਦਾ ਹੈ। ਖ਼ੈਰ, ਚੰਗੇ ਵਿਦਿਆਰਥੀ ਸਾਨੂੰ ਸਿਆਣੇ ਸਰੋਤੇ ਬਣਨ ਦਾ ਸਬਕ ਸਿਖਾਉਂਦੇ ਹਨ; ਹੋਣਹਾਰ ਵਿਦਿਆਰਥੀ ਸਾਨੂੰ ਜੋਸ਼ ਨਾਲ ਪੜ੍ਹਾਉਣ ਦਾ ਹੁਲਾਰਾ ਦਿੰਦੇ ਹਨ ਅਤੇ ਬਹੁਤ ਹੁਸ਼ਿਆਰ ਵਿਦਿਆਰਥੀ ਸਾਨੂੰ ਹਰ ਵੇਲੇ ਸੁਚੇਤ ਅਤੇ ਨਿਰੰਤਰ ਸਿੱਖਦੇ ਰਹਿਣ ਦੀ ਸਿੱਖਿਆ ਦਿੰਦੇ ਹਨ।
ਇਸ ਤੋਂ ਬਿਨਾਂ ਵੀ ਅਸੀਂ ਸਿਖਿਆਰਥੀਆਂ ਕੋਲੋਂ ਬਹੁਤ ਕੁਝ ਸਿੱਖਦੇ ਹਾਂ। ਸੱਚ ਜਾਣਿਓ, ਮੈਂ ਧਾਰਮਿਕ ਸਿਧਾਂਤ ‘ਦਸਵੰਧ’ ਕੱਢਣ ਦੇ ਵਿਹਾਰਕ ਪੱਖ ਨੂੰ ਕਿਸੇ ਧਾਰਮਿਕ ਅਸਥਾਨ ਤੋਂ ਨਹੀਂ ਸਿੱਖ ਸਕਿਆ ਸੀ, ਸਗੋਂ ਮੈਂ ਇਹ ਸਬਕ ਕਲਾਸਰੂਮ ਵਿੱਚੋਂ ਸਿੱਖਿਆ ਤੇ ਸਿਖਾਇਆ ਵੀ ਇੱਕ ਸਿੱਖਿਆਰਥੀ ਨੇ, ਕੋਈ ਸਿੱਧਾ ਸਬਕ ਦੇ ਕੇ ਨਹੀਂ ਸਗੋਂ ਆਪਣੀ ਜ਼ਿੰਦਗੀ ਦੇ ਤਲਖ਼ ਤਜਰਬੇ ਰਾਹੀਂ। ਉਹ ਵਿਦਿਆਰਥੀ ਬਹੁਤ ਹੁਸ਼ਿਆਰ ਸੀ। ਹਰ ਸਵਾਲ ਦਾ ਜਵਾਬ ਫਟਾਫਟ ਦਿੰਦਾ। ਸਾਲਾਨਾ ਇਮਤਿਹਾਨ ਨਜ਼ਦੀਕ ਆ ਰਹੇ ਸਨ ਅਤੇ ਮੈਂ ਕਲਾਸ ਵਿੱਚ ਅੰਗਰੇਜ਼ੀ ਦੇ ਪਾਠਕ੍ਰਮ ਦੀ ਦੁਹਰਾਈ ਕਰਵਾ ਰਿਹਾ ਸੀ। ਮੈਂ ਇੱਕ ਪ੍ਰਸ਼ਨ ਪੁੱਛਿਆ, ਜਿਸ ਦਾ ਜਵਾਬ ਅਕਾਦਮਿਕ ਵਰ੍ਹੇ ਦੇ ਉਸ ਪੜਾਅ ’ਤੇ ਦੇਣਾ ਉਸ ਵਰਗੇ ਲਾਇਕ ਵਿਦਿਆਰਥੀ ਲਈ ਖੱਬੇ ਹੱਥ ਦੀ ਖੇਡ ਸੀ, ਪਰ ਉਹ ਚੁੱਪਚਾਪ ਖੜ੍ਹਾ ਰਿਹਾ। ਮੇਰੇ ਵਾਰ-ਵਾਰ ਕਹਿਣ ਅਤੇ ਸਖ਼ਤ ਲਹਿਜੇ ਦੇ ਬਾਵਜੂਦ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਲਟਾ ਇਹ ਕਹਿ ਕੇ ਬੈਠ ਗਿਆ ਕਿ ਉਸ ਨੇ ਤਾਂ ਸਾਲਾਨਾ ਪੇਪਰ ਹੀ ਨਹੀਂ ਦੇਣੇ।
ਮੈਂ ਬਹੁਤ ਫ਼ਿਕਰਮੰਦ ਹੋਇਆ ਕਿ ਇੰਨਾ ਲਾਇਕ ਵਿਦਿਆਰਥੀ ਭਲਾ ਅਜਿਹਾ ਫ਼ੈਸਲਾ ਕਿਉਂ ਕਰ ਰਿਹਾ ਹੈ? ਕਲਾਸ ਖ਼ਤਮ ਹੋਣ ਤੋਂ ਬਾਅਦ ਜਦੋਂ ਮੈਂ ਉਸ ਨੂੰ ਇਕਾਂਤ ਵਿੱਚ ਇਸ ਦਾ ਕਾਰਨ ਪੁੱਛਿਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਉਹ ਕਹਿਣ ਲੱਗਾ ਕਿ ਉਸ ਦੀ ਮਾਂ ਨੇ ਮਿਹਨਤ-ਮਜ਼ਦੂਰੀ ਕਰਕੇ ਉਸ ਦੀ ਦਾਖ਼ਲਾ ਫੀਸ ਲਈ ਪੈਸੇ ਜੋੜੇ ਸਨ, ਪਰ ਉਸ ਦੇ ਨਸ਼ੇੜੀ ਪਿਤਾ ਨੇ ਉਹ ਸਾਰੇ ਪੈਸੇ ਸ਼ਰਾਬ ’ਤੇ ਉਡਾ ਦਿੱਤੇ। ਹੁਣ ਫੀਸ ਭਰਨ ਲਈ ਪੈਸੇ ਨਾ ਹੋਣ ਕਰਕੇ ਉਹ ਪੇਪਰ ਨਹੀਂ ਦੇ ਸਕੇਗਾ ਅਤੇ ਉਸ ਦੀ ਪੜ੍ਹਾਈ ਅੱਧਵਾਟੇ ਹੀ ਛੁੱਟ ਜਾਵੇਗੀ। ਮੈਂ ਤੁਰੰਤ ਉਸ ਨੂੰ ਦਾਖ਼ਲਾ ਫ਼ੀਸ ਜਿੰਨੀ ਰਕਮ ਫੜਾਈ ਅਤੇ ਕਾਲਜ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ। ਉਸ ਨੇ ਬਹੁਤ ਝਿਜਕ ਨਾਲ ਉਹ ਪੈਸੇ ਲਏ ਅਤੇ ਫੀਸ ਜਮ੍ਹਾਂ ਕਰਵਾ ਦਿੱਤੀ। ਉਸ ਨੇ ਪੇਪਰ ਦਿੱਤੇ ਅਤੇ ਬਹੁਤ ਚੰਗੇ ਨੰਬਰਾਂ ਨਾਲ ਪਾਸ ਵੀ ਹੋਇਆ। ਇਸ ਘਟਨਾ ਮਗਰੋਂ ਮੈਂ ਇਹ ਨੇਮ ਬਣਾ ਲਿਆ ਕਿ ਸਾਲ ਦੇ ਅਖੀਰ ਵਿੱਚ ਜਦੋਂ ਦਾਖ਼ਲਾ ਫੀਸ ਭੇਜੀ ਜਾਂਦੀ ਸੀ ਤਾਂ ਕੁਝ ਰਕਮ ਮੈਂ ਲੋੜਵੰਦ, ਪਰ ਹੋਣਹਾਰ ਵਿਦਿਆਰਥੀਆਂ ਲਈ ਰਾਖਵੀਂ ਰੱਖ ਲੈਂਦਾ ਅਤੇ ਜਿਸ ਕਿਸੇ ਨੂੰ ਵੀ ਜ਼ਰੂਰਤ ਹੁੰਦੀ, ਉਸ ਦੀ ਮਾਇਕ ਸਹਾਇਤਾ ਕਰ ਦਿੰਦਾ। ਅਜਿਹਾ ਕਰਨ ਨਾਲ ਮੈਨੂੰ ਬਹੁਤ ਹੀ ਆਤਮਿਕ ਆਨੰਦ ਮਿਲਦਾ। ਮੈਨੂੰ ਲੱਗਦਾ ਜਿਵੇਂ ਮੈਂ ਕੋਈ ਪੂਜਾ-ਪਾਠ ਕਰ ਲਿਆ ਹੋਵੇ। ਫਿਰ ਮੇਰੀ ਸੇਵਾਮੁਕਤੀ ਦਾ ਸਮਾਂ ਆਇਆ। ਉਨ੍ਹਾਂ ਦਿਨਾਂ ਵਿੱਚ ਮੈਂ ਕਾਰਜਕਾਰੀ ਪ੍ਰਿੰਸੀਪਲ ਵਜੋਂ ਜ਼ਿੰਮੇਵਾਰੀ ਨਿਭਾਅ ਰਿਹਾ ਸੀ। ਨੌਕਰੀ ਦੇ ਆਖ਼ਰੀ ਸਾਲ ਜੋ ਰਕਮ ਮੈਂ ਲੋੜਵੰਦ ਵਿਦਿਆਰਥੀਆਂ ਨੂੰ ਦੇਣੀ ਸੀ, ਉਹ ਵੰਡ ਚੁੱਕਾ ਸੀ, ਪਰ ਅਚਾਨਕ ਇੱਕ ਵਿਦਿਆਰਥੀ ਮੇਰੇ ਕੋਲ ਆਇਆ। ਉਸ ਨੇ ਦਾਖ਼ਲਾ ਫੀਸ ਨਾ ਭਰ ਸਕਣ ਦੀ ਮਜਬੂਰੀ ਦੱਸਦਿਆਂ ਵਿੱਤੀ ਸਹਾਇਤਾ ਲਈ ਬੇਨਤੀ ਕੀਤੀ। ਮੇਰੇ ਵੱਲੋਂ ਇਹ ਜਵਾਬ ਦੇਣ ’ਤੇ ਕਿ “ਮੈਂ ਤਾਂ ਪਹਿਲਾਂ ਹੀ ਇਸ ਕਾਰਜ ਲਈ ਰੱਖੀ ਸਾਰੀ ਰਕਮ ਵੰਡ ਚੁੱਕਾ ਹਾਂ ਅਤੇ ਕੁਝ ਦਿਨਾਂ ਬਾਅਦ ਮੈਂ ਸੇਵਾਮੁਕਤ ਵੀ ਹੋ ਰਿਹਾ ਹਾਂ” ਉਹ ਬਹੁਤ ਪ੍ਰੇਸ਼ਾਨ ਹੋ ਗਿਆ ਅਤੇ ਉਸ ਦੀਆਂ ਅੱਖਾਂ ਭਰ ਆਈਆਂ। ਮੈਂ ਤੁਰੰਤ ਆਪਣੇ ਕੋਲੋਂ ਉਸ ਦੀ ਦਾਖ਼ਲਾ ਫੀਸ ਜਿੰਨੀ ਰਾਸ਼ੀ ਉਸ ਨੂੰ ਸੌਂਪੀ ਤਾਂ ਉਹ ਕਾਹਲੀ ਨਾਲ ਦਫ਼ਤਰ ਵਿੱਚ ਫੀਸ ਜਮ੍ਹਾਂ ਕਰਵਾ ਕੇ ਮੁੜ ਮੇਰੇ ਕੋਲ ਆਇਆ। ਉਸ ਨੇ ਸਤਿਕਾਰ ਨਾਲ ਸਿਰ ਝੁਕਾ ਕੇ ਕਿਹਾ, “ਸਰ, ਜੇ ਜ਼ਿੰਦਗੀ ਵਿੱਚ ਮੈਂ ਚਾਰ ਪੈਸੇ ਕਮਾਉਣ ਜੋਗਾ ਹੋਇਆ ਤਾਂ ਮੈਂ ਵੀ ਤੁਹਾਡੇ ਵਾਂਗ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਕਰਿਆ ਕਰਾਂਗਾ।”
ਉਸ ਵੇਲੇ ਮੈਂ ਮਹਿਸੂਸ ਕੀਤਾ ਕਿ ਵਾਕਈ ਹੀ ‘ਚਿਰਾਗ਼ ਨਾਲ ਚਿਰਾਗ਼ ਰੌਸ਼ਨ’ ਹੋਣ ਦੀ ਕਹਾਣੀ ਇਉਂ ਹੀ ਤੁਰਦੀ ਹੈ।
ਸੰਪਰਕ: 98766-55055
