ਸ਼ਗਨਾਂ ਵਾਲਾ ਖ਼ੂਨ
ਇੱਕ ਅਣਜਾਣ ਔਰਤ ਦੇ ਮੂੰਹੋਂ ਸ਼ੁਕਰਾਨੇ ਦੇ ਸ਼ਬਦ ਸੁਣਦਿਆਂ ਮੈਂ ਪਤਨੀ ਵੱਲੋਂ ਮਜ਼ਾਕ ਵਿੱਚ ਬੋਲੇ ਸ਼ਬਦ ਸੱਚ ਹੁੰਦੇ ਪ੍ਰਤੱਖ ਵੇਖ ਰਿਹਾ ਸਾਂ। ਮਿਤੀ 27 ਅਗਸਤ 2025 ਨੂੰ ਸਵੇਰੇ-ਸਵੇਰੇ ਪੀ ਜੀ ਆਈ ਲਈ ਰਵਾਨਾ ਹੋਣ ਵੇਲੇ ਘਰਵਾਲੀ ਨੇ ਸਹਿਜ ਸੁਭਾਅ ਹੀ...
ਇੱਕ ਅਣਜਾਣ ਔਰਤ ਦੇ ਮੂੰਹੋਂ ਸ਼ੁਕਰਾਨੇ ਦੇ ਸ਼ਬਦ ਸੁਣਦਿਆਂ ਮੈਂ ਪਤਨੀ ਵੱਲੋਂ ਮਜ਼ਾਕ ਵਿੱਚ ਬੋਲੇ ਸ਼ਬਦ ਸੱਚ ਹੁੰਦੇ ਪ੍ਰਤੱਖ ਵੇਖ ਰਿਹਾ ਸਾਂ। ਮਿਤੀ 27 ਅਗਸਤ 2025 ਨੂੰ ਸਵੇਰੇ-ਸਵੇਰੇ ਪੀ ਜੀ ਆਈ ਲਈ ਰਵਾਨਾ ਹੋਣ ਵੇਲੇ ਘਰਵਾਲੀ ਨੇ ਸਹਿਜ ਸੁਭਾਅ ਹੀ ਮਾਸਟਰ ਕਾਰਡ ਉੱਤੇ ਨਜ਼ਰ ਮਾਰਦਿਆਂ ਪਿਛਲੇ ਖ਼ੂਨਦਾਨ ਦਾ ਇੰਦਰਾਜ (ਰਿਕਾਰਡ) ਵੇਖਿਆ ਅਤੇ ਮਜ਼ਾਕ ਕਰਨ ਲੱਗੀ “ਆਹ ਵੇਖਿਆ ਤੁਸੀਂ, ਪੰਜਾਹ ਵਾਰ ਖ਼ੂਨਦਾਨ ਕਰ ਚੁੱਕੇ ਹੋ, ਇਸ ਵਾਰ ਇਕਵੰਜਵਾਂ ਸ਼ਗਨ ਪਾਉਣ ਚੱਲੇ ਹੋ!” ਮੈਂ ਗਹੁ ਨਾਲ ਮਾਸਟਰ ਕਾਰਡ ਵੱਲ ਵੇਖਿਆ, ਸੱਚਮੁੱਚ ਇਹ ਇਕਵੰਜਵੀਂ ਵਾਰੀ ਸੀ। ਮੈਨੂੰ ਯਾਦ ਆਇਆ ਕਿ ਸਾਡੇ ਵੱਡੇ-ਵਡੇਰੇ ਪਹਿਲੇ ਸਮਿਆਂ ਵਿੱਚ ਇੱਕੀ, ਇਕੱਤੀ ਜਾਂ ਇਕਵੰਜਾ ਰੁਪਏ ਦਾ ਸ਼ਗਨ ਜਾਂ ਨਿਉਂਦਾ ਪਾਇਆ ਕਰਦੇ ਸਨ। ਪਤਾ ਨਹੀਂ ਇਹ ਇਕਵੰਜਵਾਂ ‘ਸ਼ਗਨਾਂ ਵਾਲਾ ਖ਼ੂਨ’ ਕਿਸ ਨੂੰ ਨਸੀਬ ਹੋਵੇਗਾ! ਮੈਂ ਇਹੀ ਖ਼ਿਆਲ ਮਨ ਵਿੱਚ ਚਿਤਵਦਾ ਹੋਇਆ ਪੀ ਜੀ ਆਈ ਜਾ ਪੁੱਜਾ ਅਤੇ ਬਲੱਡ ਬੈਂਕ ਦੇ ਕਾਊਂਟਰ ਤੋਂ ਹਰਾ ਫਾਰਮ ਲੈ ਕੇ ਭਰਨ ਲਈ ਹਾਲ ਵਿੱਚ ਜਾ ਬੈਠਾ।
ਨੇੜੇ ਹੀ ਇੱਕ ਔਰਤ ਆਪਣੀਆਂ ਅੱਖਾਂ ਵਿੱਚੋਂ ਡਿੱਗਦੇ ਹੰਝੂ ਰੁਮਾਲ ਨਾਲ ਵਾਰ-ਵਾਰ ਸਾਫ਼ ਕਰਦੀ, ਕਦੇ ਧਰਤੀ ਵੱਲ, ਕਦੇ ਉੱਪਰ ਵੱਲ ਅਤੇ ਕੁਝ ਉਚੇਚਾ ਮੇਰੇ ਵੱਲ ਵੇਖ ਰਹੀ ਸੀ। ਉਹ ਬੇਚੈਨ ਹੋਈ ਕਦੇ ਕੁਰਸੀ ਤੋਂ ਉੱਠ ਖਲੋਂਦੀ ਅਤੇ ਕਦੇ ਫਿਰ ਬੈਠ ਜਾਂਦੀ। ਪੀ ਜੀ ਆਈ ਵਿੱਚ ਅਜਿਹੇ ਦੁਖਿਆਰੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਜਿਹੀ ਹਾਲਤ ਵਿੱਚ ਅਕਸਰ ਹੀ ਦੇਖਣ ਨੂੰ ਮਿਲਦੇ ਹਨ। ਮੈਂ ਫਾਰਮ ਭਰਨ ਉਪਰੰਤ ਲੋੜੀਂਦਾ ਸਰੀਰਕ ਚੈੱਕ-ਅੱਪ ਕਰਵਾ ਕੇ ਬੈੱਡ ਉੱਤੇ ਲੇਟ ਗਿਆ। ਹਮੇਸ਼ਾ ਦੀ ਤਰ੍ਹਾਂ ਉਹੀ ਮੋਟੀ ਤਿੱਖੀ ਸੂਈ ਬਾਂਹ ਵਿੱਚ ਲੱਗੀ ਜਿਸ ਦਾ ਮੈਂ ਆਦੀ ਹੋ ਚੁੱਕਾ ਸਾਂ। ਨਾਲੀ ਰਾਹੀਂ ਵਹਿੰਦਾ ਖ਼ੂਨ ਥੈਲੀ ਵਿੱਚ ਪੈਂਦਾ ਮੈਂ ਸਾਫ਼ ਦੇਖ ਰਿਹਾ ਸਾਂ। ਕੁਝ ਹੀ ਸਮੇਂ ਵਿੱਚ ਖ਼ੂਨ ਨਾਲ ਭਰੀ ਥੈਲੀ ਸੁਰੱਖਿਅਤ ਬਕਸੇ ਵਿੱਚ ਜਮ੍ਹਾਂ ਹੋ ਗਈ। ਸਾਵਧਾਨੀ ਵਜੋਂ ਕੁਝ ਪਲ ਲੇਟਣ ਉਪਰੰਤ ਜ਼ਰੂਰੀ ਰਿਫਰੈਸ਼ਮੈਂਟ ਲੈ ਕੇ ਮੈਂ ਬਾਹਰ ਵੱਲ ਤੁਰ ਪਿਆ।
ਅਜੇ ਬਲੱਡ ਬੈਂਕ ਦੇ ਗੇਟ ਤੋਂ ਕੁਝ ਕੁ ਕਦਮ ਹੀ ਪੁੱਟੇ ਸਨ ਕਿ ਪਿੱਛੋਂ ਇੱਕ ਔਰਤ ਦੀ ਉੱਚੀ ਆਵਾਜ਼ “ਸਰ! ਰੁਕੀਏ ਪਲੀਜ਼!” ਨੇ ਮੇਰਾ ਧਿਆਨ ਖਿੱਚਿਆ। ਮੈਂ ਰੁਕਿਆ ਅਤੇ ਪਿੱਛੇ ਮੁੜ ਕੇ ਵੇਖਿਆ। ਉਹੀ ਔਰਤ ਜੋ ਮੈਨੂੰ ਫਾਰਮ ਭਰਦਿਆਂ ਤੱਕ ਰਹੀ ਸੀ, ਤੇਜ਼ੀ ਨਾਲ ਅੱਗੇ ਵਧ ਕੇ ਮੇਰਾ ਹੱਥ ਕੱਸ ਕੇ ਫੜ ਲੈਂਦੀ ਹੈ। ਮੈਂ ਹੈਰਾਨ ਹੋ ਕੇ ਉਤਸੁਕਤਾ ਨਾਲ ਉਸ ਔਰਤ ਵੱਲ ਤੱਕਿਆ। ਘਗਿਆਈ ਹੋਈ, ਤਰਲੇ ਭਰੀ ਆਵਾਜ਼ ਵਿੱਚ ਬੋਲਦਿਆਂ ਉਸ ਦਾ ਗੱਚ ਭਰ ਆਇਆ “ਸਰ, ਮਾਈ ਹਸਬੈਂਡ ਇਜ਼ ਐਡਮਿਟਿਡ ਹਿਅਰ ਡਿਊ ਟੂ ਕੈਂਸਰ, ਨੀਡਜ਼ ਇਮੀਡੀਏਟ ਬਲੱਡ। ਮੈਂ ਖ਼ੁਦ ਏਕ ਬਾਰ ਖ਼ੂਨ ਦੇ ਚੁੱਕੀ ਹੂੰ, ਨੋ ਵਨ ਇਜ਼ ਨੋਅਨ ਟੂ ਮੀ ਐਟ ਹਿਅਰ, ਆਈ ਐਮ ਫ਼ਰਾਮ ਮਨੀਪੁਰ। ਮੇਰੇ ਘਰ ਕੇ ਲੋਗ ਯਹਾਂ ਕੇ ਲੀਏ ਚੱਲ ਦੀਏ ਹੈਂ, ਮਗਰ ਜਬ ਤੱਕ ਵੋਹ ਪਹੁੰਚੇਂਗੇ ਕਹੀਂ ਦੇਰ ਨਾ ਹੋ ਜਾਏ। ਆਈ ਐਮ ਹੈਲਪਲੈੱਸ! ਸਮ ਵਨ ਟੋਲਡ ਮੀ ਐਟ ਹਿਅਰ, ਹੂ ਡੋਨੇਟ ਬਲੱਡ ਵਿਦ ਗ੍ਰੀਨ ਕਾਰਡ ਆਰ ਦਿ ਵਾਲੰਟੀਅਰ ਡੋਨਰ। ਮੈਨੇ ਦੇਖਾ ਆਪਨੇ ਭੀ ਹਰਾ ਫਾਰਮ ਭਰਾ ਹੈ ਨਾ, ਆਪ ਵਾਲੰਟੀਅਰ ਡੋਨਰ ਹੋ ਨਾ? ਯੂ ਪਲੀਜ਼ ਡਿਵੋਟ ਯੂਅਰ ਡੋਨੇਸ਼ਨ ਟੂ ਮਾਈ ਹਸਬੈਂਡ, ਪਲੀਜ਼!” (ਸਰ, ਮੇਰੇ ਪਤੀ ਕੈਂਸਰ ਕਰਕੇ ਇੱਥੇ ਦਾਖ਼ਲ ਹਨ ਅਤੇ ਉਨ੍ਹਾਂ ਨੂੰ ਤੁਰੰਤ ਖ਼ੂਨ ਦੀ ਲੋੜ ਹੈ। ਮੈਂ ਮਨੀਪੁਰ ਤੋਂ ਹਾਂ ਅਤੇ ਇੱਥੇ ਮੇਰਾ ਕੋਈ ਜਾਣਕਾਰ ਨਹੀਂ ਹੈ। ਪਰਿਵਾਰਕ ਮੈਂਬਰ ਤੁਰ ਪਏ ਹਨ ਪਰ ਉਦੋਂ ਤੱਕ ਦੇਰ ਨਾ ਹੋ ਜਾਵੇ। ਮੈਂ ਬੇਵੱਸ ਹਾਂ, ਕਿਰਪਾ ਕਰਕੇ ਆਪਣਾ ਦਾਨ ਮੇਰੇ ਪਤੀ ਦੇ ਨਾਮ ਕਰ ਦਿਓ!)
ਇੱਕੋ ਸਾਹੇ ਬੋਲਦਿਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ ਸੀ। ਉਸ ਨੇ ਮੇਰਾ ਹੱਥ ਹੋਰ ਵੀ ਘੁੱਟ ਕੇ ਫੜ ਲਿਆ ਸੀ। ਮੇਰੇ ਨਾਲ ਇਹ ਵਰਤਾਰਾ ਪਹਿਲੀ ਵਾਰ ਅਤੇ ਇੰਨਾ ਤੁਰਤ-ਫੁਰਤ ਵਾਪਰਿਆ ਕਿ ਕੁਝ ਪਲ ਮੈਂ ਇੰਜ ਸੁੰਨ ਖੜ੍ਹਾ ਰਿਹਾ ਜਿਵੇਂ ਸੁੰਨ ਹੋ ਗਿਆ ਹੋਵਾਂ। ਮੈਂ ਤੁਰੰਤ ਸੰਭਲਦਿਆਂ ਅਤੇ ਹਾਲਾਤ ਦੀ ਨਜ਼ਾਕਤ ਨੂੰ ਭਾਂਪਦਿਆਂ ਉਸ ਅਣਜਾਣ ਔਰਤ ਨੂੰ ਨਾਲ ਲੈ ਕੇ ਵਾਪਸ ਬਲੱਡ ਬੈਂਕ ਅੰਦਰ ਜਾ ਪੁੱਜਿਆ ਅਤੇ ਸਟਾਫ਼ ਨੂੰ ਸਾਰੀ ਸਥਿਤੀ ਦੱਸਦਿਆਂ ਆਪਣਾ ਮਾਸਟਰ ਕਾਰਡ ਅੱਗੇ ਰੱਖ ਦਿੱਤਾ।
ਮੈਨੂੰ ਅਥਾਹ ਖ਼ੁਸ਼ੀ ਅਤੇ ਸਕੂਨ ਮਹਿਸੂਸ ਹੋਇਆ ਜਦੋਂ ਬਲੱਡ ਬੈਂਕ ਸਟਾਫ਼ ਨੇ ਮੇਰੀ ਗੱਲ ਸੁਣਦਿਆਂ ਸਾਰ ਬਿਨਾਂ ਕੋਈ ਸਵਾਲ-ਜਵਾਬ ਕੀਤੇ, ਮੇਰੇ ਮਾਸਟਰ ਕਾਰਡ ਦੀ ਸੁਵਿਧਾ ਮੁਤਾਬਿਕ ਤੁਰੰਤ ਖ਼ੂਨ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਚਿਹਰੇ ਉੱਤੇ ਝਲਕਦੇ ਸਵੈ-ਮਾਣ ਪਰ ਵਕਤ ਹੱਥੋਂ ਮਜਬੂਰ ਆਪਣੇ ਪਤੀ ਦੀ ਜ਼ਿੰਦਗੀ ਖ਼ਾਤਰ ਤਰਲੇ ਲੈਂਦੀ ਉਸ ਅਣਜਾਣ ਔਰਤ ਦਾ ਨਾਂ-ਪਤਾ ਪੁੱਛਣਾ ਮੈਂ ਨਾ ਤਾਂ ਵਾਜਬ ਸਮਝਿਆ ਅਤੇ ਨਾ ਹੀ ਕੋਸ਼ਿਸ਼ ਕੀਤੀ। ਪਰ ਅੰਤ ਜਦੋਂ ਉਸ ਨੇ ਹੰਝੂਆਂ ਭਰੀਆਂ ਅੱਖਾਂ ਨਾਲ “ਗੌਡ ਬਲੈੱਸ ਯੂ ਸਰ... ਗੌਡ ਬਲੈੱਸ ਯੂ ਸਰ” ਕਹਿੰਦਿਆਂ ਸ਼ੁਕਰਾਨੇ ਵਜੋਂ ਮੇਰੇ ਹੱਥ ਫੜ ਕੇ ਆਪਣੇ ਮੱਥੇ ਨਾਲ ਲਾ ਲਏ ਤਾਂ ਮੇਰੀਆਂ ਵੀ ਅੱਖਾਂ ਨਮ ਹੋ ਗਈਆਂ। ਮੈਨੂੰ ਪਤਨੀ ਦੇ ਮਜ਼ਾਕ ਵਿੱਚ ਕਹੇ ਸ਼ਬਦ “ਇਕਵੰਜਵਾਂ ਸ਼ਗਨ...” ਯਾਦ ਆ ਰਹੇ ਸਨ। ਭਾਵੇਂ ਮੈਂ ਪਹਿਲਾਂ ਕਈ ਵਾਰ ਲੋੜਵੰਦ ਲੋਕਾਂ ਵਾਸਤੇ ਖ਼ੂਨ ਦੇ ਚੁੱਕਾ ਸਾਂ ਪਰ ਉਸ ਦਿਨ ਇੰਝ ਜਾਪਿਆ ਜਿਵੇਂ ਮੈਂ ਕਿਸੇ ਔਰਤ ਦੇ ਸੁਹਾਗਣ ਬਣੀ ਰਹਿਣ ਖ਼ਾਤਰ ਸੱਚਮੁੱਚ ਹੀ ‘ਸ਼ਗਨਾਂ ਵਾਲਾ ਖ਼ੂਨ’ ਦਾਨ ਕੀਤਾ ਹੋਵੇ।
ਸੰਪਰਕ: 98158-97878

