DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਛਲਕਦੀਆਂ ਅੱਖਾਂ

ਸਾਲ 2012 ਦੀ ਗੱਲ ਹੈ। ਮੈਂ ਦਸਵੀਂ ਜਮਾਤ ਨੂੰ ਲੇਖਿਕਾ ਅਜੀਤ ਕੌਰ ਦੀ ਕਹਾਣੀ ‘ਇੱਕ ਪੈਰ ਘੱਟ ਤੁਰਨਾ’ ਪੜ੍ਹਾ ਰਿਹਾ ਸਾਂ। ਜਿਉਂ-ਜਿਉਂ ਕਹਾਣੀ ਅੱਗੇ ਵਧ ਰਹੀ ਸੀ, ਜਮਾਤ ਦਾ ਮਾਹੌਲ ਸੰਜੀਦਾ ਹੁੰਦਾ ਜਾ ਰਿਹਾ ਸੀ। ਦਸਵੀਂ ਜਮਾਤ ਦੇ ਬੱਚਿਆਂ ਦੀ...

  • fb
  • twitter
  • whatsapp
  • whatsapp
Advertisement

ਸਾਲ 2012 ਦੀ ਗੱਲ ਹੈ। ਮੈਂ ਦਸਵੀਂ ਜਮਾਤ ਨੂੰ ਲੇਖਿਕਾ ਅਜੀਤ ਕੌਰ ਦੀ ਕਹਾਣੀ ‘ਇੱਕ ਪੈਰ ਘੱਟ ਤੁਰਨਾ’ ਪੜ੍ਹਾ ਰਿਹਾ ਸਾਂ। ਜਿਉਂ-ਜਿਉਂ ਕਹਾਣੀ ਅੱਗੇ ਵਧ ਰਹੀ ਸੀ, ਜਮਾਤ ਦਾ ਮਾਹੌਲ ਸੰਜੀਦਾ ਹੁੰਦਾ ਜਾ ਰਿਹਾ ਸੀ। ਦਸਵੀਂ ਜਮਾਤ ਦੇ ਬੱਚਿਆਂ ਦੀ ਆਮ ਚੰਚਲਤਾ ਕਿਤੇ ਗੁਆਚ ਗਈ ਸੀ। ਸਾਰੀਆਂ ਅੱਖਾਂ ਮੇਰੇ ਵੱਲ ਟਿਕੀਆਂ ਹੋਈਆਂ ਸਨ। ਕੋਈ ਹਿੱਲਜੁਲ ਨਹੀਂ, ਕੋਈ ਘੁਸਰ-ਮੁਸਰ ਨਹੀਂ। ਮੈਂ ਪੜ੍ਹਦਾ ਗਿਆ ਅਤੇ ਕਹਾਣੀ ਆਪਣੇ ਸਿਖਰ ਵੱਲ ਵਧਦੀ ਗਈ।

ਫਿਰ ਉਹ ਪਲ ਆਇਆ ਜਦੋਂ ਕਹਾਣੀ ਖ਼ਤਮ ਹੋ ਗਈ, ਪਰ ਕਹਾਣੀ ਮੁੱਕ ਜਾਣ ਦੇ ਬਾਵਜੂਦ ਜਮਾਤ ਵਿੱਚ ਅਜੀਬ ਜਿਹੀ ਚੁੱਪ ਸੀ। ਅਜਿਹੀ ਚੁੱਪ, ਜਿਸ ਵਿੱਚ ਸ਼ਬਦ ਨਹੀਂ ਹੁੰਦੇ, ਸਿਰਫ਼ ਅਹਿਸਾਸ ਹੁੰਦੇ ਹਨ। ਇਸੇ ਖ਼ਾਮੋਸ਼ੀ ਦੇ ਵਿਚਕਾਰ ਮੇਰੀ ਨਜ਼ਰ ਇੱਕ ਵਿਦਿਆਰਥਣ ’ਤੇ ਪਈ, ਜਿਸ ਦੀਆਂ ਅੱਖਾਂ ਵਿੱਚ ਹੰਝੂ ਸਨ। ਉਸ ਦੀਆਂ ਭਰੀਆਂ ਅੱਖਾਂ ਦੇਖ ਕੇ ਮੇਰਾ ਆਪਣਾ ਮਨ ਵੀ ਭਰ ਆਇਆ, ਪਰ ਉਸ ਵਕਤ ਮੈਂ ਉਸ ਤੋਂ ਕੁਝ ਵੀ ਪੁੱਛਣਾ ਮੁਨਾਸਿਬ ਨਾ ਸਮਝਿਆ ਅਤੇ ਚੁੱਪਚਾਪ ਜਮਾਤ ਤੋਂ ਬਾਹਰ ਆ ਗਿਆ। ਘਰ ਪਰਤਣ ਤੋਂ ਬਾਅਦ ਵੀ ਉਹ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਿਹਾ। ਮੈਂ ਸੋਚਿਆ ਕਿ ਸ਼ਾਇਦ ਉਸ ਦੇ ਘਰ ਕੋਈ ਕੈਂਸਰ ਦਾ ਮਰੀਜ਼ ਹੋਵੇਗਾ, ਜਿਸ ਕਰਕੇ ਰਸ਼ੀਦ ਦਾ ਦਰਦ ਉਸ ਨੂੰ ਆਪਣੇ ਘਰ ਦਾ ਦਰਦ ਜਾਪਿਆ ਹੋਵੇਗਾ।

Advertisement

ਅਗਲੇ ਦਿਨ ਜਦੋਂ ਮੈਂ ਉਸੇ ਪਿੰਡ ਦੇ ਰਹਿਣ ਵਾਲੇ ਇੱਕ ਸਹਿ-ਅਧਿਆਪਕ ਕੋਲੋਂ ਪੁੱਛਿਆ ਤਾਂ ਪਤਾ ਲੱਗਾ ਕਿ ਪਰਿਵਾਰ ਬਿਲਕੁਲ ਹੱਸਦਾ-ਵੱਸਦਾ, ਨਰੋਆ ਅਤੇ ਖ਼ੁਸ਼ਹਾਲ ਹੈ। ਇਹ ਜਵਾਬ ਸੁਣ ਕੇ ਮੇਰੀ ਹੈਰਾਨੀ ਹੋਰ ਗਹਿਰੀ ਹੋ ਗਈ, ਪਰ ਉਸ ਘਟਨਾ ਬਾਰੇ ਉਸ ਮਾਸੂਮ ਤੋਂ ਸਿੱਧਾ ਪੁੱਛਣ ਦੀ ਹਿੰਮਤ ਫਿਰ ਵੀ ਨਾ ਪਈ। ਸਮਾਂ ਆਪਣੀ ਚਾਲ ਚੱਲਦਾ ਗਿਆ। ਉਹ ਗਿਆਰ੍ਹਵੀਂ ਵਿੱਚ ਪਹੁੰਚੀ, ਫਿਰ ਬਾਰ੍ਹਵੀਂ ਵਿੱਚ। ਜਦੋਂ ਵੀ ਮੈਂ ਅਗਲੀਆਂ ਜਮਾਤਾਂ ਨੂੰ ਇਹ ਕਹਾਣੀ ਪੜ੍ਹਾਉਂਦਾ, ਉਸ ਬੱਚੀ ਦੀਆਂ ਛਲਕਦੀਆਂ ਅੱਖਾਂ ਮੇਰੇ ਸਾਹਮਣੇ ਆ ਜਾਂਦੀਆਂ। ਬਾਰ੍ਹਵੀਂ ਪਾਸ ਕਰਕੇ ਕਾਲਜ ਵਿੱਚ ਦਾਖ਼ਲਾ ਲੈ ਚੁੱਕੀ ਉਹ ਵਿਦਿਆਰਥਣ ਫਿਰ ਇੱਕ ਦਿਨ ਆਪਣੇ ਸਰਟੀਫਿਕੇਟ ਲੈਣ ਸਕੂਲ ਆਈ। ਆਪਣੇ ਸਾਰੇ ਅਧਿਆਪਕਾਂ ਨੂੰ ਮਿਲਦਿਆਂ ਜਦੋਂ ਉਹ ਮੇਰੇ ਕੋਲ ਆਈ ਤਾਂ ਮੈਂ ਹਿੰਮਤ ਕਰਕੇ ਉਹ ਸਵਾਲ ਪੁੱਛ ਹੀ ਲਿਆ, ‘‘ਬੱਚੇ, ਤੈਨੂੰ ਯਾਦ ਹੈ, ਜਦੋਂ ਤੁਸੀਂ ਦਸਵੀਂ ਵਿੱਚ ਸੀ ਤੇ ਮੈਂ ਤੁਹਾਨੂੰ ‘ਇੱਕ ਪੈਰ ਘੱਟ ਤੁਰਨਾ’ ਕਹਾਣੀ ਪੜ੍ਹਾਈ ਸੀ? ਕਹਾਣੀ ਮੁੱਕਣ ’ਤੇ ਤੂੰ ਜ਼ਾਰੋ-ਜ਼ਾਰ ਰੋਈ ਸੀ। ਅਜਿਹਾ ਕੀ ਹੋ ਗਿਆ ਸੀ?’’ ਉਸ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ। ‘‘ਸਰ! ਤੁਹਾਨੂੰ ਉਹ ਗੱਲ ਅਜੇ ਤੱਕ ਯਾਦ ਹੈ?’’ ਮੈਂ ਕਿਹਾ, ‘‘ਹਾਂ ਬਿਲਕੁਲ।

Advertisement

ਅੱਜ ਵੀ ਉਹ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਤਾਜ਼ਾ ਹੈ।’’ ਉਹ ਕੁਝ ਪਲ ਚੁੱਪ ਰਹੀ। ਫਿਰ ਬੜੀ ਮਾਸੂਮੀਅਤ ਨਾਲ ਬੋਲੀ, ‘‘ਸਰ, ਰਸ਼ੀਦ ਨੂੰ ਕੈਂਸਰ ਸੀ ਨਾ... ਉਹ ਕਿੰਨੀ ਤਕਲੀਫ਼ ਵਿੱਚ ਸੀ। ਫਿਰ ਵੀ ਉਸ ਅੰਦਰ ਜ਼ਿੰਦਗੀ ਲਈ ਕਿੰਨੀ ਤੀਬਰ ਤਾਂਘ ਸੀ। ਉਸ ਨੇ ਉਹ ਛੇ ਮਹੀਨੇ ਇੰਝ ਜੀਵੇ ਸਨ ਜਿਵੇਂ ਉਨ੍ਹਾਂ ਵਿੱਚ ਆਪਣੀ ਸਾਰੀ ਜ਼ਿੰਦਗੀ ਸਮੇਟ ਲਈ ਹੋਵੇ, ਪਰ ਉਸ ਦੀ ਬਿਮਾਰੀ ਦੀ ਪੀੜ ਮੇਰੇ ਮਨ ਤੋਂ ਝੱਲੀ ਨਹੀਂ ਸੀ ਜਾ ਰਹੀ।’’ ਉਹ ਕੁਝ ਪਲ ਰੁਕੀ ਤੇ ਫਿਰ ਬੋਲੀ, ‘‘ਮੈਨੂੰ ਲੱਗ ਰਿਹਾ ਸੀ ਜਿਵੇਂ ਰਸ਼ੀਦ ਮੇਰੇ ਪਰਿਵਾਰ ਦਾ ਹੀ ਕੋਈ ਜੀਅ ਹੋਵੇ। ਉਸ ਦੀ ਤਕਲੀਫ਼ ਮੈਨੂੰ ਆਪਣੀ ਪੀੜਾ ਜਾਪ ਰਹੀ ਸੀ। ਇਸ ਕਰਕੇ ਮੇਰਾ ਰੋਣਾ ਨਿਕਲ ਗਿਆ।’’ ਮੈਂ ਬਿਲਕੁਲ ਮੌਨ ਹੋ ਗਿਆ। ਮੇਰੇ ਕੋਲ ਉਸ ਵੇਲੇ ਕਹਿਣ ਲਈ ਕੁਝ ਨਹੀਂ ਸੀ। ਜਿਸ ਸਵਾਲ ਨੂੰ ਮੈਂ ਸਾਲਾਂ ਤੋਂ ਆਪਣੇ ਅੰਦਰ ਸੰਭਾਲੀ ਫਿਰਦਾ ਸਾਂ ਉਸ ਦਾ ਜਵਾਬ ਅੱਜ ਮੇਰੇ ਸਾਹਮਣੇ ਸੀ। ਉਸ ਦੇ ਘਰ ਵਿੱਚ ਕੋਈ ਬਿਮਾਰ ਨਹੀਂ ਸੀ। ਉਹ ਆਪਣੇ ਕਿਸੇ ਪਰਿਵਾਰਕ ਜੀਅ ਲਈ ਨਹੀਂ ਸੀ ਰੋਈ। ਉਹ ਤਾਂ ਇੱਕ ਕਹਾਣੀ ਦੇ ਪਾਤਰ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਰੋਈ ਸੀ।

ਅਕਸਰ ਸਮਝਿਆ ਜਾਂਦਾ ਹੈ ਕਿ ਅੱਜ ਦੀ ਕੱਚੀ ਉਮਰ ਦੇ ਬੱਚੇ ਆਪਣੀ ਹੀ ਮਸਤੀ ਵਿੱਚ ਲੀਨ ਰਹਿੰਦੇ ਹਨ, ਜਿਨ੍ਹਾਂ ਨੂੰ ਆਪਣੇ ਤੋਂ ਬਾਹਰਲੇ ਦੁਖ-ਸੁਖ ਦੀ ਬਹੁਤੀ ਪਰਵਾਹ ਨਹੀਂ ਹੁੰਦੀ, ਪਰ ਉਸ ਵਿਦਿਆਰਥਣ ਨੇ ਮੈਨੂੰ ਸਮਝਾ ਦਿੱਤਾ ਕਿ ਸੰਵੇਦਨਸ਼ੀਲਤਾ ਦੀ ਕੋਈ ਉਮਰ ਨਹੀਂ ਹੁੰਦੀ। ਉਸੇ ਦਿਨ ਮੈਂ ਸਾਹਿਤ ਦੀ ਅਸਲ ਤਾਕਤ ਨੂੰ ਵੀ ਮਹਿਸੂਸ ਕੀਤਾ, ਜੋ ਬਿਨਾਂ ਕਿਸੇ ਖ਼ੂਨ ਦੇ ਰਿਸ਼ਤੇ ਦੇ ਵੀ ਦੂਜੇ ਦੇ ਦੁੱਖ ਨੂੰ ਆਪਣਾ ਸਮਝ ਕੇ ਮਹਿਸੂਸ ਕਰਨ ਦੀ ਸਮਰੱਥਾ ਬਖ਼ਸ਼ਦਾ ਹੈ।

ਸੰਪਰਕ: 98769-68193

Advertisement
×