ਕੰਡਿਆਂ ਦੀ ਕਸਕ

ਕੰਡਿਆਂ ਦੀ ਕਸਕ

ਅਵਨੀਤ ਕੌਰ

ਰੋਨਾ ਦੀਆਂ ਛੁੱਟੀਆਂ ਵਿਚ ਪਿੰਡ ਵਾਲੀ ਮਾਸੀ ਕੋਲ ਜਾਣ ਦਾ ਸਬੱਬ ਬਣਿਆ। ਖੇਤ ਵਿਚ ਬਣਿਆ ਘਰ ਅਤੇ ਖੁੱਲ੍ਹਾ ਡੁੱਲਾ ਭੈਅ ਮੁਕਤ ਮਾਹੌਲ। ਸਹਿਜ ਰੂਪ ਵਿਚ ਤੁਰਦੀ ਜ਼ਿੰਦਗੀ। ਮਾਸੀ ਦੇ ਖੇਤ ਕੰਮ ਵਾਲੀ ਬੀਬੀ ਦੇ ਹੱਥਾਂ ਦਾ ਸੁਹਜ ਤੇ ਬੋਲ ਬਾਣੀ ਮਨ ਟੁੰਬਦੀ। ਦਿਨ ਭਰ ਕੰਮ ਵੱਲ ਧਿਆਨ ਤੇ ਵਿਹਲੇ ਸਮੇਂ ਕੰਮ ਦੀ ਗੱਲ। ਕਦੇ ਕਦਾਈਂ ਮੇਰੇ ਕੋਲ ਆ ਬੈਠਦੀ ਹੈ। ਮੇਰੇ ਕੋਲ ਪਈਆਂ ਕਿਤਾਬਾਂ ਵੇਖ ਕਹਿਣ ਲਗਦੀ: “ਪੁੱਤ, ਆਹ ਕਰੋਨਾ ਨੇ ਸਾਥੋਂ ਗਰੀਬਾਂ ਤੋਂ ਪੜ੍ਹਾਈ ਵੀ ਖੋਹ ਲਈ। ਸਕੂਲ ਲਗਦੇ ਨ੍ਹੀਂ। ਮਾਸਟਰ ਕਹਿੰਦੇ, ਮੋਬਾਈਲਾਂ ਤੇ ਪੜ੍ਹਾਇਆ ਕਰਾਂਗੇ। ਹੁਣ ਹਮਾਤੜ ਮਹਿੰਗੇ ਮੋਬਾਈਲ ਕਿੱਥੋਂ ਲੈ ਕੇ ਦੇਣ? ਨਿੱਤ ਦਿਨ ਦੀ ਰੋਟੀ ਦਾ ਤਾਂ ਮਸਾਂ ਜੁਗਾੜ ਹੁੰਦਾ। ਖੇਤਾਂ ਵਿਚ ਮਜ਼ਦੂਰੀ ਦਾ ਥੋੜ੍ਹਾ ਬਹੁਤ ਕੰਮ ਚੱਲਿਆ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਸਾਡੇ ਜੁਆਕ ਰਿਹਾੜ ਪੈ ਗਏ। ਅਖੇ, ਸਾਨੂੰ ਪੜ੍ਹਨ ਲਈ ਮੋਬਾਈਲ ਖ਼ਰੀਦ ਕੇ ਦਿਓ। ਆਵਦਾ ਢਿੱਡ ਪੇਟ ਬੰਨ੍ਹ ਕੇ ਉਨ੍ਹਾਂ ਦੀ ਮੰਗ ਪੂਰੀ ਕੀਤੀ। ਸਾਡੇ ਚੁੱਲ੍ਹੇ ਭਾਵੇਂ ਠੰਢੇ ਹੋ ਗਏ ਪਰ ਬੱਚਿਆਂ ਦੇ ਚਾਰ ਅੱਖਰ ਪੜ੍ਹਨ ਲਈ ਕਸਰ ਨਹੀਂ ਛੱਡੀ। ਸਾਨੂੰ ਤਾਂ ਪੜ੍ਹਾਈ ਦੇ ਅਜਿਹੇ ਖਰਚਿਆਂ ਨੇ ਹੀ ਦੱਬ ਰੱਖਿਆ| ਉਂਜ ਸਰਕਾਰ ਕਹਿੰਦੀ ਹੈ, ਸਿੱਖਿਆ ਮੁਫ਼ਤ ਹੈ|”

ਬੀਬੀ ਦੀ ਕਲਪਨਾ ਸੋਚਣ ਲਈ ਮਜਬੂਰ ਕਰਦੀ ਹੈ। ਉਸ ਦਾ ਫ਼ਿਕਰਮੰਦੀ ਸੱਚੀ ਹੈ। ਉਹ ਮੁੜ ਦੱਸਣ ਲਗਦੀ, “ਪੁੱਤ, ਸਾਡੀ ਸਾਰੀ ਬਸਤੀ ਵਿਚ ਦੇਰ ਰਾਤ ਤੱਕ ਰੌਲਾ ਰੱਪਾ ਪੈਂਦਾ ਰਹਿੰਦਾ। ਪਰਿਵਾਰ ਦੇ ਮੁਖੀ ਕੋਲ ਮੋਬਾਈਲ ਹੁੰਦਾ। ਉਹ ਦਿਹਾੜੀ ਮਜ਼ਦੂਰੀ ਕਰ ਕੇ ਰਾਤ ਨੂੰ ਹਨੇਰੇ ਘਰ ਮੁੜਦਾ। ਹਰ ਪਰਿਵਾਰ ਦੇ ਦੋ ਤਿੰਨ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਨੇ। ਬੱਚਿਆਂ ਵਿਚ ਮੋਬਾਈਲ ਤੋਂ ਪਹਿਲਾਂ ਕੰਮ ਕਰਨ ਦੀ ਖਿੱਚ ਧੂਹ ਚਲਦੀ ਹੈ। ਜੇ ਕਿਸੇ ਦਾ ਥੱਕਿਆ ਟੁੱਟਿਆ ਬਾਪ ਥੋੜ੍ਹੇ ‘ਸਰੂਰ’ ਵਿਚ ਆਇਆ ਹੋਵੇ ਤਾਂ ਉਹ ਖ਼ਰੀ ਕਰਨ ਲਗਦਾ ਹੈ। ਬੱਸ, ਫ਼ਿਰ ਸ਼ੁਰੂ ਹੁੰਦੀ ਹੈ ਕੁੱਟਮਾਰ ਤੇ ਚੀਕ ਚਿਹਾੜਾ। ਸਾਰਿਆਂ ਤੇ ਬਾਪ ਦਾ ਕਰੜਾ ਹੱਥ ਫਿਰਦਾ ਹੈ। ਬੱਚੇ ਸਕੂਲ ਦਾ ਕੰਮ ਛੱਡ ਸੌਣ ਨੂੰ ਪਹਿਲ ਦਿੰਦੇ ਹਨ|”

ਮੇਰੇ ਹੋਸਟਲ ਦੀ ਰੂਮਮੇਟ ਗੱਲਾਂ ਕਰਦਿਆਂ ਇਸ ਗਾਥਾ ਵਿਚ ਆ ਸ਼ਰੀਕ ਹੁੰਦੀ ਹੈ। ਹਸਮੁੱਖ ਸੁਭਾਅ ਵਾਲੀ ਸਹੇਲੀ ਉਦਾਸ ਨਜ਼ਰ ਆਉਂਦੀ ਹੈ: “ਅੱਜਕੱਲ੍ਹ ਘਰ ਦੇ ਸਾਰੇ ਕੰਮ ਦਾ ਜ਼ਿੰਮਾ ਮੇਰੇ ਸਿਰ ਹੈ। ਮੇਰੀ ਅਧਿਆਪਕਾ ਮੰਮੀ ਦਾ ਤਾਂ ਸਾਰਾ ਦਿਨ ਆਨਲਾਈਨ ਪੜ੍ਹਾਈ ਦਾ ਕੰਮ ਨਹੀਂ ਮੁਕਦਾ। ਸਵੇਰ ਸਾਰ ਸਾਰੀਆਂ ਕਲਾਸਾਂ ਨੂੰ ਆਪਣੇ ਵਿਸ਼ੇ ਦਾ ਕੰਮ ਪਾਉਣਾ। ਫ਼ਿਰ ਦਿੱਤੇ ਕੰਮ ਦੀ ਡਾਇਰੀ ਲਿਖ ਕੇ ਗਰੁੱਪ ਵਿਚ ਪਾਉਣੀ। ਉੱਤੋਂ ਸਾਰਾ ਦਿਨ ਸਕੂਲ ਮੁਖੀ ਅਤੇ ਬੱਚਿਆਂ ਦੇ ਫ਼ੋਨ। ਤੰਗੀਆਂ ਤੁਰਸ਼ੀਆਂ ਦੇ ਸਤਾਏ ਮਾਪਿਆਂ ਦੇ ਉਲਾਂਭੇ ਵੱਖਰੇ। ਨਿੱਤ ਰੋਜ਼ ਦੀਆਂ ਜ਼ੂਮ ਮੀਟਿੰਗਾਂ ਨੇ ਮਾਂ ਦੇ ਮਨ ਦਾ ਸੁਹਜ ਕੁੜੱਤਣ ਵਿਚ ਬਦਲ ਦਿੱਤਾ ਹੈ। ਸਾਰੇ ਘਰ ਦਾ ਮਾਹੌਲ ਅਜੀਬ ਚੁੱਪ ਤੇ ਮਾਨਸਿਕ ਪ੍ਰੇਸ਼ਾਨੀ ਵਿਚ ਬਦਲ ਗਿਆ ਹੈ। ਹੁਣ ਅਧਿਆਪਕਾਂ ਦੀ ਨੌਕਰੀ ਨਾ ਹੋਈ, ਇੱਕ ਤਰ੍ਹਾਂ ਦੀ ਸਜ਼ਾ ਹੋ ਗਈ?” ਸਹੇਲੀ ਦੀ ਪ੍ਰੇਸ਼ਾਨੀ ਅਧਿਆਪਕ ਵਰਗ ਦੀ ਮਨੋਦਸ਼ਾ ਤੇ ਹੋ ਰਹੀ ਖੱਜਲ਼ ਖੁਆਰੀ ਨੂੰ ਬਿਆਨਦੀ ਹੈ।

ਸੇਵਾ ਮੁਕਤ ਹੋਣ ਵਾਲੀ ਮੇਰੀ ਅਧਿਆਪਕਾ ਦਾ ਤਾਅਨਾ ਵੀ ਗੌਰ ਕਰਨ ਵਾਲਾ ਹੈ: “ਬੇਟਾ, ਹੁਣ ਉਹ ਸਮੇਂ ਨਹੀਂ ਰਹੇ। ਹੁਣ ਕੋਈ ਕੰਮ ਨਹੀਂ ਦੇਖਦਾ, ਕਾਗ਼ਜ਼ਾਂ ਦਾ ਢਿੱਡ ਭਰਿਆ ਦੇਖਣਾ ਚਾਹੁੰਦਾ। ਕੋਈ ਦਲੀਲ, ਅਪੀਲ, ਸੁਣਵਾਈ ਨਹੀਂ। ਅਫ਼ਸਰਸ਼ਾਹੀ ਵੱਲੋਂ ਅਧਿਆਪਕਾਂ ਵਿਚੋਂ ਤਿਆਰ ਕੀਤੇ ਆਪਣੇ ‘ਅਫਸਰ’ ਸਾਨੂੰ ਕੰਮ ਕਰਨ ਦੀਆਂ ਨਸੀਹਤਾਂ ਦਿੰਦੇ ਨੇ। ਆਪਣੇ ਅਧਿਆਪਨ ਦੇ ਕੰਮ ਤੋਂ ਮੂੰਹ ਮੋੜ ਕੇ ਪੰਜਾਬ ਨੂੰ ਪੜ੍ਹਾਉਣ ਤੁਰੇ ਹਨ। ਬਿਨਾ ਹਾਲਾਤ ਦੇਖਿਆਂ, ਜਾਣਿਆਂ, ਨਿੱਤ ਨਵੇਂ ਫਰਮਾਨ ਜਾਰੀ ਕਰਨਾ ਅਫ਼ਸਰਾਂ ਦਾ ਧਰਮ ਬਣ ਗਿਆ। ਥੁੱਕੀਂ ਵੜੇ ਪਕਾਉਣ ਵਾਲੇ ਅਜਿਹੇ ਅਧਿਕਾਰੀ ਬੱਚਿਆਂ ਤੇ ਸਾਡੇ ਵਰਗੇ ਅਧਿਆਪਕਾਂ ਦੇ ਰਾਹਾਂ ਵਿਚ ਕੰਡੇ ਬੀਜ ਰਹੇ ਨੇ। ਕਰੋਨਾ ਸੰਕਟ ਕਾਰਨ ਤੈਅਸ਼ੁਦਾ ਸਰਕਾਰੀ ਨਿਯਮ ਪਤਾ ਨਹੀਂ ਕਿਉਂ, ਅਧਿਆਪਕਾਂ ਤੇ ਲਾਗੂ ਨਹੀਂ ਹੁੰਦੇ? ਸਾਨੂੰ ਸਕੂਲਾਂ ਵਿਚ ਜਾਣ, ਪੁਸਤਕਾਂ ਵੰਡਣ, ਮਿੱਡ ਡੇ ਮੀਲ ਦਾ ਰਾਸ਼ਨ ਵੰਡਣ ਤੋਂ ਇਲਾਵਾ ਸਰਵੇ ਕਰਨ, ਇਕਾਂਤਵਾਸ ਡਿਊਟੀਆਂ ਦੇਣ ਦੇ ਜ਼ੁਬਾਨੀ ਕਲਾਮੀ ਹੁਕਮ ਹਨ। ਸਿਤਮਜ਼ਰੀਫੀ ਦੇਖੋ, ਅਧਿਕਾਰੀਆਂ ਦੀ ਨਜ਼ਰ ਵਿਚ ‘ਸਭ ਅੱਛਾ’ ਹੈ|”

ਖੇਤ ਢਾਣੀਆਂ ਵਾਲੇ ਸਕੂਲ ਦਾ ਪ੍ਰਿੰਸੀਪਲ ਗੱਲ ਨਿਬੇੜਦਾ ਹੈ: “ਇਹ ਸਭ ਰਾਜ ਪ੍ਰਬੰਧ ਵੱਲੋਂ ਚੇਤਨਾ ਦਾ ਰਾਹ ਰੋਕਣ ਲਈ ਬਿਖੇਰੇ ਗਏ ਕੰਡੇ ਨੇ। ਜਿਹੜੇ ਕਹਿਣ ਨੂੰ ਤਾਂ ਕਾਗ਼ਜ਼ਾਂ ਵਿਚ ਸਿੱਖਿਆ ਦੇ ਚਾਨਣ ਮੁਨਾਰੇ ਹਨ ਪਰ ਅਮਲਾਂ ਵਿਚ ਕਿਰਤੀ ਮਾਪਿਆਂ ਦੇ ਬਾਲਾਂ ਹੱਥੋਂ ਗਿਆਨ ਦੀ ਰੌਸ਼ਨੀ ਖੋਹਣਾ ਚਾਹੁੰਦੇ ਨੇ। ਬੱਚਿਆਂ ਨੂੰ ਮਹਿਜ਼ ਮਸ਼ੀਨਾਂ ਬਣਾ ‘ਸੇਵਾਦਾਰ’ ਬਣੇ ਦੇਖਣਾ ਲੋਚਦੇ ਨੇ। ਜ਼ਿੰਦਗ਼ੀ ਦੀ ਮੜਕ ਤੇ ਅੱਗੇ ਵਧਣ ਦੀ ਤਾਂਘ ਨੂੰ ਮਿਟਾਉਣ ਦੇ ਹਾਮੀ ਨੇ। ਜਿਹੜੇ ਸਾਰੇ ਵਿਦਿਆਰਥੀ ਪਾਸ ਕਰਨ ਤੇ ਮਾਂ ਬੋਲੀ ਤੋਂ ਹੋੜਨ ਦੇ ਨੀਤੀ ਘਾੜੇ ਹਨ। ਹੁਣ ਕਰੋਨਾ ਦੀ ਆੜ ਹੇਠ ਆਨਲਾਈਨ ਪੜ੍ਹਾਈ ਤੇ ਜ਼ੋਰ ਦੇ ਕੇ ਸਰਕਾਰੀ ਸਕੂਲਾਂ ਨੂੰ ਅਧਿਆਪਕ ਵਿਹੂਣਾ ਕਰਨਾ ਚਾਹੁੰਦੇ ਨੇ। ਇਨ੍ਹਾਂ ਕੰਡਿਆਂ ਦੀ ਕਸਕ ਅਧਿਆਪਕ ਵਰਗ ਦੇ ਸੀਨਿਆਂ ਵਿਚ ਹੈ ਜਿਸ ਨੂੰ ਅਧਿਆਪਨ ਰੂਪੀ ਕਿਰਤ, ਬੋਲਣ, ਲਿਖਣ ਅਤੇ ਹੱਕਾਂ ਹਿਤਾਂ ਲਈ ਡਟਣ ਦੇ ਬਲ ਹੀ ਮਾਤ ਦਿੱਤੀ ਜਾ ਸਕਦੀ ਹੈ।” ਪ੍ਰਿੰਸੀਪਲ ਦੇ ਰਾਹ ਦਰਸਾਵੇ ਬੋਲ ਭਵਿੱਖ ਦੀ ਆਸ ਬਣਦੇ ਹਨ|

ਸੰਪਰਕ: salamzindgi88@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All