ਭਾਈ ਵੀਰ ਸਿੰਘ - ਕਾਵਿ-ਰੰਗ : The Tribune India

ਭਾਈ ਵੀਰ ਸਿੰਘ - ਕਾਵਿ-ਰੰਗ

ਅੱਜ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਮੌਕੇ

ਭਾਈ ਵੀਰ ਸਿੰਘ - ਕਾਵਿ-ਰੰਗ

ਬਾਬਾ ਨਾਨਕ! ਏ ਤੇਰੇ ਕਮਾਲ

ਬਾਬਾ ਨਾਨਕ! ਏ ਤੇਰੇ ਕਮਾਲ, ਰੂਹਾਂ ਟੁੰਬ ਜਗਾਈਆਂ।

ਫਾਥੀਆਂ ਮਾਇਆ ਦੇ ਆਲ ਜੰਜਾਲ, ਰੋਂਦੀਆਂ ਤੂੰਹੇਂ ਹਸਾਈਆਂ।

ਦੇਸ਼ ਬਦੇਸ਼ੀਂ ਤੂੰ ਫੇਰੇ ਚਾ ਪਾਏ,

ਨਾਦ ਇਲਾਹੀ ਤੂੰ ਦਰ ਦਰ ਵਜਾਏ,

ਸੁੱਤੇ ਦਿੱਤੇ ਤੂੰ ਟੁੰਬ ਉਠਾਲ,

ਨਵੀਆਂ ਜਿੰਦੀਆਂ ਪਾਈਆਂ।

ਬਾਬਾ ਨਾਨਕ! ਏ ਤੇਰੇ ਕਮਾਲ, ਰੂਹਾਂ ਟੁੰਬ ਜਗਾਈਆਂ।

ਫਾਥੀਆਂ ਮਾਇਆ ਦੇ ਆਲ ਜੰਜਾਲ, ਰੋਂਦੀਆਂ ਤੂੰਹੇਂ ਹਸਾਈਆਂ।

ਭਰਮਾਂ ਦੇ ਛੌੜ ਦਿਲਾਂ ਤੋਂ ਚਾ ਕੱਟੇ,

ਉਤੋਂ ਪਾਏ ਖੁੱਲ੍ਹੇ ਨਾਮ ਦੇ ਛੱਟੇ,

ਵਿਛੁੜੇ ਮੇਲੇ ਤੂੰ ਸਾਈਂ ਦੇ ਨਾਲ,

ਲਿਵ ਦੀਆਂ ਡੋਰਾਂ ਲਗਾਈਆਂ।

ਬਾਬਾ ਨਾਨਕ! ਏ ਤੇਰੇ ਕਮਾਲ, ਰੂਹਾਂ ਟੁੰਬ ਜਗਾਈਆਂ।

ਫਾਥੀਆਂ ਮਾਇਆ ਦੇ ਆਲ ਜੰਜਾਲ, ਰੋਂਦੀਆਂ ਤੂੰਹੇਂ ਹਸਾਈਆਂ।

ਸੰਗਤ ਸਾਰੀ ਦੀ ਹੈ ਏ ਦੁਹਾਈ,

ਸਾਨੂੰ ਬੀ ਖ਼ੈਰ ਓ ਨਾਮ ਦੀ ਪਾਈਂ,

ਲਾ ਲਈਂ ਆਪਣੇ ਚਰਨਾਂ ਨਾਲ,

ਬਖ਼ਸ਼ੀਂ ਸਾਡੀਆਂ ਉਕਾਈਆਂ।

ਬਾਬਾ ਨਾਨਕ! ਏ ਤੇਰੇ ਕਮਾਲ, ਰੂਹਾਂ ਟੁੰਬ ਜਗਾਈਆਂ।

ਫਾਥੀਆਂ ਮਾਇਆ ਦੇ ਆਲ ਜੰਜਾਲ, ਰੋਂਦੀਆਂ ਤੂੰਹੇਂ ਹਸਾਈਆਂ।

ਵਿਛੋੜਾ-ਵਸਲ

ਸਾਬਣ ਲਾ ਲਾ ਧੋਤਾ ਕੋਲਾ,

ਦੁੱਧ ਦਹੀਂ ਵਿਚ ਪਾਇਆ,

ਖੁੰਭ ਚਾੜ੍ਹ, ਰੰਗਣ ਭੀ ਧਰਿਆ,

ਰੰਗ ਨ ਏਸ ਵਟਾਇਆ,

ਵਿੱਛੁੜ ਕੇ ਕਾਲਕ ਸੀ ਆਈ

ਬਿਨ ਮਿਲਿਆਂ ਨਹੀਂ ਲੰਹਦੀ:

ਅੰਗ ਅੱਗ ਦੇ ਲਾਕੇ ਦੇਖੋ

ਚੜ੍ਹਦਾ ਰੂਪ ਸਵਾਇਆ।।੩੨।।

ਬ੍ਰਿੱਛ

ਧਰਤੀ ਦੇ ਹੇ ਤਂਗ ਦਿਲ ਲੋਕੋ!

ਨਾਲ ਅਸਾਂ ਕਿਉਂ ਸੜਦੇ?

ਚੌੜੇ ਦਾਉ ਅਸਾਂ ਨਹੀਂ ਵਧਣਾ,

ਸਿੱਧੇ ਜਾਣਾ ਚੜ੍ਹਦੇ;

ਘੇਰੇ ਤੇ ਫੈਲਾਉ ਅਸਾਡੇ

ਵਿੱਚ ਅਸਮਾਨਾਂ ਹੋਸਣ;

ਗਿੱਠ ਥਾਉਂ ਧਰਤੀ ਤੇ ਮੱਲੀ,

ਅਜੇ ਤੁਸੀਂ ਹੋ ਲੜਦੇ? ।।੩੩।।

ਅੱਚਣ ਚੇਤੀ ਦਾ ਝਲਕਾ

ਤਿਲਕ ਗਈ ਮੇਰੇ ਹੱਥ ਦੀ ਪੂਣੀ,

ਚੁੱਪ ਹੋ ਗਈ ਘੁਕੇਂਦੜੀ ਚਰਖੀ,

ਅਰਸ਼ਾਂ ਦਾ ਚੰਦ ਜ਼ਿਮੀ ਆ ਖਲੋਤਾ,

ਸੂਰਤ ਗਈ ਮੈਥੋਂ ਨਿਰਖੀ ਨ ਪਰਖੀ,

ਕੰਬ ਗਈ ਮੇਰੇ ਨੈਣਾਂ ਦੀ ਜੋਤੀ,

ਜਿੰਦ ਗਈ ਵਿਚ ਜਿੰਦ ਦੇ ਕਰਖੀ।

ਦਰਸ ਸਮਾਵਾਂ ਕਿ ਦਰਸ਼ਣ ਮਾਣਾਂ?

ਲਹਿਰ ਚੜ੍ਹੇ ਇਕ ਲਹਿਰ ਤੇ ਹਰਖੀ।

ਮੇਰੀ ਜਿੰਦੇ

ਤੇਰਾ ਥਾਉਂ ਕਿਸੇ ਨਦੀ ਦੇ ਕਿਨਾਰੇ

ਤੇਰਾ ਥਾਉਂ ਕਿਸੇ ਜੰਗਲ ਬੇਲੇ,

ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉਡਣਾ

ਤੇ ਗਾਂਦਿਆਂ ਫਿਰਨ ਅਕੇਲੇ,

ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ

ਤੂੰ ਆਪੇ ‘ਆਪੇ’ ਨਾਲ ਖੇਲੇਂ;

ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ

ਤੇਰੇ ਚਾਰ ਚੁਫ਼ੇਰੇ ਝਮੇਲੇ।

ਮਹਿੰਦੀ ਦੇ ਬੂਟੇ ਕੋਲ

ਹਿਂਦੀਏ ਨੀ ਰੰਗ ਰੱਤੀਏ ਨੀ!

ਕਾਹਨੂੰ ਰਖਿਆ ਈ ਰੰਗ ਲੁਕਾ, ਸਹੀਏ!

ਹੱਥ ਰੰਗ ਸਾਡੇ ਸ਼ਰਮਾਕਲੇ ਨੀ!

ਵੰਨੀ ਅੱਜ ਸੁਹਾਗ ਦੀ ਲਾ ਲਈਏ,

ਗਿੱਧੇ ਮਾਰਦੇ ਸਾਂ ਜਿਨ੍ਹਾਂ ਨਾਲ ਹੱਥਾਂ

ਰੰਗ-ਰੱਤੜੇ ਦੇ ਗਲੇ ਪਾ ਦਈਏ,-

ਗ਼ਲ ਪਾ ਗਲਵੱਕੜੀ ਖੁਹਲੀਏ ਨਾ

ਰੰਗ ਲਾ ਰੰਗ-ਰੱਤੜੇ ਸਦਾ ਰਹੀਏ।

ਮੰਦਰ ਮਾਰਤੰਡ ਦੇ ਖੰਡਰ

ਮਾਰ ਪਈ ਜਦ

ਮਾਰਤੰਡ ਨੂੰ

ਪੱਥਰ ਰੋ

ਕੁਰਲਾਣੇ:-

‘ਪੱਥਰਤੋੜੇਂ? ਦਿਲਪਏ

ਟੁੱਟਦੇ!

-‘ਦਿਲ ਕਾਬਾ

ਰੱਬਾਣੇ*’-

ਲਾਏਂ ਹਥੌੜਾ ਸਾਨੂੰ?

ਪਰ ਤੱਕ,

-ਸੱਟ ਪਏ

‘ਰੱਬ-ਘਰ’ ਨੂੰ

ਘਟ ਘਟ ਦੇ ਵਿੱਚ

ਵੱਸਦਾ ਜੇਹੜਾ!-

ਤੂੰ ਕਿਨੂੰ ਰੱਬ

ਸਿਞਾਣੇਂ?

*ਦਿਲ ਰੱਬ ਦੇ ਵੱਸਣ ਦਾ ਕਾਬਾ ਹੈ।

ਕੰਬਦੇ ਪੱਥਰ

ਮਾਰਤੰਡ** ਨੂੰ ਮਾਰ

ਪਿਆਂ

‘‘ਹੁਈ ਮੁੱਦੜ’’ ਕੰਹਦੀ

ਲੋਈ,

ਪਰ ਕਂਬਣੀ ਪਥਰਾਂ

ਵਿਚ ਹੁਣ ਤਕ

ਸਾਨੂੰ ਸੀ ਸਹੀ

ਹੋਈ:

‘‘ਹਾਇ ਹੁਨਰ ਤੇ ਹਾਇ

ਵਿਦਯਾ

‘‘ਹਾਇ ਦੇਸ ਦੀ ਤਾਕਤ!

‘‘ਹਾਇ ਹਿੰਦ ਫਲ

ਫਾੜੀਆਂਵਾਲੇ’’!***

ਹਰ ਸਿਲ ਕੰਹਦੀ

ਰੋਈ।

**ਇਕ ਸੂਰਜ ਮੰਦਰ ਜਿਥੇ ਕਦੇ ਖਗੋਲ ਵਿਦਯ ਦਾ ਬੀ ਟਿਕਾਣਾ ਹੁੰਦਾ ਸੀ, ਹੁਣ ਖੋਲੇ ਪਏ ਹਨ।।

***ਸੇਬ ਨਾਸਪਾਤੀ ਵਾਂਙੂ ਇਕ ਜਾਨ ਨਹੀਂ, ਪਰ ਸੰਤਰੇ ਵਾਂਙੂ ਵਿਚੋਂ ਫਾੜੀ ਫਾੜੀ ਵੱਖੋ ਵੱਖ।।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All