DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਿਗਰੀਆਂ ਤੋਂ ਪਰ੍ਹੇ

ਮੈਨੂੰ ਆਪਣੇ ਪਤੀ ਨਾਲ ਰੋਜ਼ ਸ਼ਾਮ ਦੀ ਸੈਰ ਕਰਨ ਦੀ ਆਦਤ ਹੈ। ਸੈਰ ਵਾਲੇ ਰਸਤੇ ’ਚ ਇੱਕੋ ਜਗ੍ਹਾ ’ਤੇ ਇੱਕ ਕੁਲਫ਼ੀ ਵਾਲਾ ਹਰ ਰੋਜ਼ ਖੜ੍ਹਾ ਹੁੰਦਾ ਹੈ। ਅਸੀਂ ਵੀ ਅਕਸਰ ਉਸ ਕੋਲੋਂ ਕੁਲਫ਼ੀ ਲੈਂਦੇ ਹਾਂ। ਉਸ ਦੀ ਛੋਟੀ ਜਿਹੀ ਕੁਲਫ਼ੀ...

  • fb
  • twitter
  • whatsapp
  • whatsapp
Advertisement

ਮੈਨੂੰ ਆਪਣੇ ਪਤੀ ਨਾਲ ਰੋਜ਼ ਸ਼ਾਮ ਦੀ ਸੈਰ ਕਰਨ ਦੀ ਆਦਤ ਹੈ। ਸੈਰ ਵਾਲੇ ਰਸਤੇ ’ਚ ਇੱਕੋ ਜਗ੍ਹਾ ’ਤੇ ਇੱਕ ਕੁਲਫ਼ੀ ਵਾਲਾ ਹਰ ਰੋਜ਼ ਖੜ੍ਹਾ ਹੁੰਦਾ ਹੈ। ਅਸੀਂ ਵੀ ਅਕਸਰ ਉਸ ਕੋਲੋਂ ਕੁਲਫ਼ੀ ਲੈਂਦੇ ਹਾਂ। ਉਸ ਦੀ ਛੋਟੀ ਜਿਹੀ ਕੁਲਫ਼ੀ ਵਾਲੀ ਬੱਘੀ ਦੇ ਆਲੇ-ਦੁਆਲੇ ਹਮੇਸ਼ਾ ਬੱਚਿਆਂ, ਔਰਤਾਂ ਅਤੇ ਨੌਜਵਾਨਾਂ ਦੀ ਭੀੜ ਲੱਗੀ ਰਹਿੰਦੀ ਹੈ। ਕੋਈ ਕੁਲਫ਼ੀ ਖਾ ਰਿਹਾ ਹੁੰਦਾ ਹੈ, ਕੋਈ ਚੋਣ ਕਰ ਰਿਹਾ ਹੁੰਦਾ ਹੈ ਅਤੇ ਕੋਈ ਖਾ ਕੇ ਉਸ ਦਾ ਲਿਫ਼ਾਫ਼ਾ ਉੱਥੇ ਹੀ ਸੁੱਟ ਕੇ ਅੱਗੇ ਲੰਘ ਜਾਂਦਾ ਹੈ।

ਇੱਕ ਦਿਨ ਮੈਂ ਉਸ ਕੋਲ ਖੜ੍ਹੀ ਕੁਲਫ਼ੀ ਲੈਣ ਦੀ ਉਡੀਕ ਕਰ ਰਹੀ ਸੀ, ਪਰ ਉਹ ਮੈਨੂੰ ਕੁਲਫ਼ੀ ਦੇਣ ਦੀ ਬਜਾਏ ਆਪਣੇ ਆਲੇ-ਦੁਆਲੇ ਖਿੱਲਰੇ ਕੁਲਫ਼ੀਆਂ ਦੇ ਲਿਫ਼ਾਫ਼ੇ ਚੁੱਕ ਰਿਹਾ ਸੀ। ਮੈਂ ਧਿਆਨ ਨਾਲ ਦੇਖਿਆ ਕਿ ਉਸ ਦੀ ਬੱਘੀ ਨਾਲ ਇੱਕ ਛੋਟਾ ਜਿਹਾ ਗੱਤੇ ਦਾ ਡੱਬਾ ਕੂੜੇਦਾਨ ਵਜੋਂ ਵੀ ਟੰਗਿਆ ਹੋਇਆ ਸੀ। ਫਿਰ ਵੀ ਲਿਫ਼ਾਫ਼ੇ ਉਸ ਵਿੱਚ ਪਾਉਣ ਦੀ ਬਜਾਏ ਲੋਕਾਂ ਨੇ ਸੜਕ ’ਤੇ ਹੀ ਸੁੱਟੇ ਹੋਏ ਸਨ। ਮੈਂ ਹੌਲੀ ਜਿਹੀ ਉਸ ਨੂੰ ਪੁੱਛਿਆ, “ਤੁਸੀਂ ਦੂਜਿਆਂ ਦੇ ਸੁੱਟੇ ਹੋਏ ਲਿਫ਼ਾਫ਼ੇ ਖ਼ੁਦ ਕਿਉਂ ਚੁੱਕ ਰਹੇ ਹੋ?” ਉਹ ਮੁਸਕੁਰਾ ਕੇ ਬੋਲਿਆ, “ਗੰਦਾ ਲਗਤਾ ਹੈ ਐਸੇ ਬਿਖਰਾ ਹੁਆ ਆਸ-ਪਾਸ। ਪੂਰੀ ਸੜਕ ਭਰ ਗਈ ਥੀ। ਯੇ ਡਿੱਬਾ ਭੀ ਹੈ, ਲੇਕਿਨ ਕੋਈ ਇਸ ਮੇਂ ਡਾਲਤਾ ਹੀ ਨਹੀਂ।” ਉਸ ਦੀ ਆਵਾਜ਼ ਵਿੱਚ ਕੋਈ ਸ਼ਿਕਾਇਤ ਨਹੀਂ ਸੀ। ਮੈਂ ਇਹ ਵੀ ਸੋਚਿਆ ਕਿ ਸ਼ਾਇਦ ਉਸ ਦੇ ਮਨ ਵਿੱਚ ਇਹ ਡਰ ਵੀ ਹੋਵੇਗਾ ਕਿ ਕਿਤੇ ਇਹ ਖਿੱਲਰਿਆ ਗੰਦ ਉਸ ਦੀ ਰੋਜ਼ੀ-ਰੋਟੀ ਲਈ ਹੀ ਮੁਸ਼ਕਿਲ ਨਾ ਬਣ ਜਾਵੇ। ਉਸ ਦੇ ਇਸ ਜਵਾਬ ਨਾਲ ਮੈਨੂੰ ਇਹ ਵੀ ਯਾਦ ਆਇਆ ਕਿ ਸੈਰ ਕਰਦੇ ਦੌਰਾਨ ਕਈ ਵਾਰ ਲੰਘਦੀਆਂ ਬੱਸਾਂ ਅਤੇ ਕਾਰਾਂ ਵਿੱਚੋਂ ਕੋਲਡ ਡ੍ਰਿੰਕਸ ਦੀਆਂ ਖਾਲੀ ਬੋਤਲਾਂ, ਲੇਅਜ਼ ਤੇ ਕੁਰਕੁਰਿਆਂ ਦੇ ਲਿਫ਼ਾਫ਼ੇ ਜਾਂ ਕੇਲਿਆਂ ਦੇ ਛਿਲਕੇ ਲੋਕ ਬਾਹਰ ਸੜਕ ’ਤੇ ਸੁੱਟਦੇ ਨਜ਼ਰ ਆਉਂਦੇ ਹਨ। ਅਕਸਰ ਜਨਤਕ ਥਾਵਾਂ ’ਤੇ ਪਿਆ ਗੰਦ ਸਾਡੇ ਵਰਗਿਆਂ ਦਾ ਹੀ ਪਾਇਆ ਹੁੰਦਾ ਹੈ, ਜਿਸ ਨੂੰ ਇੱਕ ਸਫ਼ਾਈ ਕਰਮਚਾਰੀ ਸਾਫ਼ ਕਰ ਰਿਹਾ ਹੁੰਦਾ ਹੈ। ਅਸੀਂ ਆਪਣੇ ਆਪ ਨੂੰ ਪੜ੍ਹਿਆ-ਲਿਖਿਆ ਅਤੇ ਸੱਭਿਆਚਾਰਕ ਸਮਝਦੇ ਹਾਂ, ਪਰ ਸੜਕ ’ਤੇ ਕਾਗਜ਼, ਲਿਫ਼ਾਫ਼ੇ ਜਾਂ ਬੋਤਲਾਂ ਸੁੱਟਦਿਆਂ ਇੱਕ ਪਲ ਲਈ ਵੀ ਨਹੀਂ ਸੋਚਦੇ ਕਿ ਇਹ ਕੂੜਾ ਆਖ਼ਰ ਚੁੱਕੇਗਾ ਕੌਣ? ਅਕਸਰ ਇਹ ਕੂੜਾ ਉਹ ਲੋਕ ਸਾਫ਼ ਕਰਦੇ ਹਨ, ਜਿਨ੍ਹਾਂ ਨੂੰ ਅਸੀਂ ਖ਼ੁਦ ਤੋਂ ਨੀਵੇਂ ਸਮਝ ਲੈਂਦੇ ਹਾਂ। ਨਹੀਂ ਤਾਂ ਇਹੋ ਕੂੜਾ ਸੜਕਾਂ ਅਤੇ ਗਲੀਆਂ ਦੇ ਕੋਨਿਆਂ ’ਚ ਸਾਡੇ ‘ਸਲੀਕੇ’ ਦੀ ਪਛਾਣ ਬਣਿਆ ਪਿਆ ਰਹਿੰਦਾ ਹੈ। ਇਹ ਸਭ ਸੋਚਦਿਆਂ ਮੈਨੂੰ ਆਪਣਾ ਸਾਢੇ ਤਿੰਨ ਸਾਲ ਦਾ ਭਤੀਜਾ ਵੀ ਯਾਦ ਆ ਗਿਆ। ਇੱਕ ਦਿਨ ਮੈਂ ਉਸ ਨੂੰ ਗਲੀ ਵਿੱਚ ਘੁਮਾ ਰਹੀ ਸੀ। ਮੈਂ ਉਸ ਨੂੰ ਇੱਕ ਟੌਫ਼ੀ ਦਿੱਤੀ। ਉਸ ਨੇ ਟੌਫ਼ੀ ਖੋਲ੍ਹ ਕੇ ਉਸ ਦਾ ਰੈਪਰ ਆਪਣੀ ਜੇਬ ਵਿੱਚ ਪਾ ਲਿਆ। ਮੈਂ ਪੁੱਛਿਆ, “ਪੁੱਤਰ, ਜੇਬ ਵਿੱਚ ਕਿਉਂ ਪਾਇਆ?” ਉਹ ਪਿਆਰੀ ਜਿਹੀ ਆਵਾਜ਼ ’ਚ ਬੋਲਿਆ, “ਭੂਆ ਜੀ, ਮੇਰੇ ਮੈਮ ਨੇ ਕਿਹਾ ਹੈ ਕਿ ਕੂੜਾ ਹਮੇਸ਼ਾ ਡਸਟਬਿਨ ਵਿੱਚ ਹੀ ਸੁੱਟਣਾ ਹੈ। ਮੈਂ ਘਰ ਜਾ ਕੇ ਡਸਟਬਿਨ ਵਿੱਚ ਪਾ ਦਿਆਂਗਾ।” ਮੈਨੂੰ ਹੈਰਾਨੀ ਵੀ ਹੋਈ ਅਤੇ ਖ਼ੁਸ਼ੀ ਵੀ। ਇੱਕ ਛੋਟਾ ਜਿਹਾ ਬੱਚਾ ਆਪਣੇ ਅਧਿਆਪਕ ਦੀ ਗੱਲ ਨੂੰ ਇੰਨੀ ਇਮਾਨਦਾਰੀ ਨਾਲ ਮੰਨ ਰਿਹਾ ਸੀ। ਫਿਰ ਮਨ ਵਿੱਚ ਇੱਕ ਸਵਾਲ ਉੱਠਿਆ ਕਿ ਜਦੋਂ ਇਹੀ ਬੱਚੇ ਵੱਡੇ ਹੁੰਦੇ ਹਨ ਤਾਂ ਇਹ ਆਦਤਾਂ ਕਿੱਥੇ ਗੁਆਚ ਜਾਂਦੀਆਂ ਹਨ? ਕਿਉਂ ਸਾਡੀ ਸਿੱਖਿਆ ਸਿਰਫ਼ ਕਿਤਾਬਾਂ ਅਤੇ ਡਿਗਰੀਆਂ ਤੱਕ ਸੀਮਿਤ ਰਹਿ ਜਾਂਦੀ ਹੈ? ਕਿਉਂ ਨੈਤਿਕਤਾ ਤੇ ਸੱਭਿਆਚਾਰਕ ਵਿਹਾਰ ਨਾਲ ਜੁੜੀਆਂ ਗੱਲਾਂ ਸਾਨੂੰ ਛੋਟੀਆਂ ਲੱਗਣ ਲੱਗਦੀਆਂ ਹਨ? ਕਿਉਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਨਤਕ ਥਾਵਾਂ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਜੇ ਕਿਤੇ ਪ੍ਰਬੰਧਾਂ ਦੀ ਕਮੀ ਹੈ ਵੀ ਤਾਂ ਕੀ ਅਸੀਂ ਇੱਕ ਛੋਟੇ ਬੱਚੇ ਵਾਂਗ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ? ਕੀ ਅਸੀਂ ਕੂੜੇਦਾਨ ਮਿਲਣ ਤੱਕ ਇੱਕ ਛੋਟਾ ਜਿਹਾ ਲਿਫ਼ਾਫ਼ਾ ਜਾਂ ਰੈਪਰ ਆਪਣੇ ਕੋਲ ਨਹੀਂ ਰੱਖ ਸਕਦੇ? ਸੜਕਾਂ ’ਤੇ ਪਿਆ ਗੰਦ ਸਿਰਫ਼ ਕੂੜਾ ਨਹੀਂ ਹੁੰਦਾ, ਉਹ ਸਾਡਾ ਸਮਾਜਿਕ ਵਰਤਾਰਾ ਹੁੰਦਾ ਹੈ। ਕਈ ਵਾਰ ਘੱਟ ਪੜ੍ਹਿਆ ਲਿਖਿਆ ਕੁਲਫ਼ੀ ਵਾਲਾ ਸਾਨੂੰ ਸੱਚ ਦਾ ਸ਼ੀਸ਼ਾ ਦਿਖਾ ਜਾਂਦਾ ਹੈ, ਜੋ ਵੱਡੀਆਂ ਡਿਗਰੀਆਂ ਵਾਲੇ ਵੀ ਨਹੀਂ ਦੇਖ ਸਕਦੇ। ਡਿਗਰੀਆਂ ਮਨੁੱਖ ਨੂੰ ਪੜ੍ਹਿਆ-ਲਿਖਿਆ ਬਣਾਉਂਦੀਆਂ ਹਨ, ਪਰ ਉਸ ਦਾ ਵਰਤਾਰਾ ਹੀ ਉਸ ਦੀ ਅਸਲ ਸਿੱਖਿਆ ਅਤੇ ਸੱਭਿਆਚਾਰ ਦੀ ਪਛਾਣ ਹੁੰਦਾ ਹੈ। ਸਮਾਜ ਨੂੰ ਸਾਫ਼ ਰੱਖਣ ਦੀ ਆਦਤ ਕੋਈ ਛੋਟੀ ਗੱਲ ਨਹੀਂ। ਇਹ ਸਾਡੀ ਸੋਚ ਅਤੇ ਸੰਸਕਾਰਾਂ ਦਾ ਦਰਪਣ ਹੁੰਦੀ ਹੈ।

Advertisement

ਸੰਪਰਕ: jyotisharmajyoti.3491@gmail.com

Advertisement

Advertisement
×