ਬੇਗਰਜ਼ ਸਾਂਝਾਂ : The Tribune India

ਬੇਗਰਜ਼ ਸਾਂਝਾਂ

ਬੇਗਰਜ਼ ਸਾਂਝਾਂ

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

ਫੋਨ ’ਤੇ ਵੱਜ ਰਹੀ ਰਿੰਗ ਟੋਨ ਉਠ ਕੇ ਉਸ ਨੂੰ ਸੁਣਨ ਦਾ ਸੁਨੇਹਾ ਦੇ ਰਹੀ ਸੀ। ਹੈਲੋ ਕਹਿਣ ’ਤੇ ਅੱਗਿਓਂ ਮੋਹ ਭਿੱਜੀ ਆਵਾਜ਼ ਆਈ, “ਪਛਾਣਿਆ? ਮੈਂ ਤੇਰੀ ਕਿਹੜੀ ਭੈਣ ਬੋਲ ਰਹੀ ਹਾਂ?”

“ਭੈਣ ਬੀਰੀ।” ਮੈਂ ਬੜੇ ਚਾਅ ਨਾਲ ਪੁੱਛਦੀ ਹਾਂ।

“ਲੈ ਤੂੰ ਤਾਂ ਝੱਟ ਪਛਾਣ ਲਿਆ, ਮੈਨੂੰ ਤਾਂ ਲੱਗਦਾ ਸੀ ਕਿ ਹੁਣ ਤੱਕ ਤਾਂ ਸਾਨੂੰ ਭੁੱਲ ਗਈ ਹੋਵੇਂਗੀ।” ਉਹ ਹੱਸ ਕੇ ਕਹਿੰਦੀ ਹੈ। ਫਿਰ ਗੱਲਾਂ ਸ਼ੁਰੂ ਹੋ ਗਈਆਂ। ਬੱਚਿਆਂ ਤੋਂ ਸ਼ੁਰੂ ਕਰ ਕੇ ਸਾਡੇ ਪੇਕੇ ਪਰਿਵਾਰਾਂ ਤੋਂ ਲੈ ਕੇ ਉਨ੍ਹਾਂ ਦੇ ਬਾਕੀ ਰਿਸ਼ਤੇਦਾਰਾਂ ਦੇ ਜੀਆਂ ਨੂੰ ਯਾਦ ਕਰਦੀਆਂ ਹਾਂ। ਉਸ ਦੀਆਂ ਦੂਜੀਆਂ ਭੈਣਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਹੁਣ ਵਾਲੇ ਟਿਕਾਣਿਆਂ ਬਾਰੇ ਉਸ ਤੋਂ ਪੁੱਛਦੀ ਹਾਂ। ਉਹ ਦੱਸਦੀ ਹੈ ਕਿ ਦੋ ਭੈਣਾਂ ਤਾਂ ਆਪਣੇ ਬੱਚਿਆਂ ਕੋਲ ਕੈਨੇਡਾ, ਅਮਰੀਕਾ ਗਈਆਂ ਹੋਈਆਂ ਹਨ।

ਜਿਉਂ ਜਿਉਂ ਉਹ ਬੀਤੇ ਸਮੇਂ ਦੀਆਂ ਮਿੱਠੀਆਂ ਯਾਦਾਂ ਦੇ ਪਲ ਸਾਂਝੇ ਕਰ ਰਹੀ ਸੀ, ਮੈਂ ਉਸ ਦੇ ਪਿਆਰ ਨਾਲ ਗੜੁੱਚ ਬੋਲ ਮੰਤਰ ਮੁਗਧ ਹੋ ਕੇ ਸੁਣ ਰਹੀ ਸੀ।... ਉਹ ਦੱਸਦੀ ਹੈ- ਭਲਾ ਹੋਵੇ ਇਸ ਡਾਕਟਰ ਮੁੰਡੇ ਦਾ ਜੋ ਸਾਡੀ ਬਿਮਾਰ ਮੱਝ ਦੇਖਣ ਆਇਆ ਸੀ। ਗੱਲਬਾਤ ਕਰਦਿਆਂ ਤੁਹਾਡੇ ਪਿੰਡ ਦਾ ਜਿ਼ਕਰ ਆ ਗਿਆ। ਜਦੋਂ ਤੇਰਾ ਤੇ ਬਾਈ ਦਾ ਨਾਂ ਲੈ ਕੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਤਾਂ ਮੇਰੇ ਚਾਚਾ ਜੀ ਤੇ ਚਾਚੀ ਜੀ ਹਨ ਤਾਂ ਮੈਂ ਉਸ ਨੂੰ ਤੁਹਾਡੇ ਨਾਲ ਗੱਲ ਕਰਾਉਣ ਲਈ ਕਿਹਾ। ਮੇਰੀ ਤਾਂ ਚਿਰੋਕਣੀ ਮਨ ਦੀ ਖਾਹਿਸ਼ ਪੂਰੀ ਹੋ ਗਈ। ਮਿਲਣ ਦਾ ਵਾਅਦਾ ਕਰ ਕੇ ਅਸੀਂ ਫੋਨ ਕੱਟ ਦਿੱਤਾ।

ਮਨ ਅਤੀਤ ਦੀਆਂ ਯਾਦਾਂ ਦਾ ਪੱਲਾ ਫੜ ਕੇ ਉਨ੍ਹਾਂ ਨੂੰ ਅੱਖਾਂ ਸਾਹਮਣੇ ਸਾਕਾਰ ਕਰਨ ਲੱਗ ਪਿਆ। ਅਧਿਆਪਕਾ ਵਜੋਂ ਮੇਰੀ ਪਹਿਲੀ ਨਿਯੁਕਤੀ ਇਸ ਭੈਣ ਦੇ ਪਿੰਡ ਹੋਈ ਸੀ। ਅਸੀਂ ਦੋ ਲੜਕੀਆਂ ਇੱਕੋ ਸਮੇਂ ਹੀ ਸਕੂਲ ਵਿਚ ਹਾਜ਼ਰ ਹੋਈਆਂ ਸੀ। ਸਕੂਲ ਦੇ ਸਟਾਫ ਨੇ ਸਾਡੇ ਰਹਿਣ ਦਾ ਪ੍ਰਬੰਧ ਇਸ ਭੈਣ ਦੇ ਘਰੇ ਕਰ ਦਿੱਤਾ ਸੀ। ਛੇ ਭੈਣਾਂ ਇਹ ਪਹਿਲਾਂ ਸਨ, ਦੋ ਅਸੀਂ ਹੋਰ ਵਿਚ ਜਾ ਰਲੀਆਂ। ਘਰ ਵਾਲਿਆਂ ਨੇ ਸਾਨੂੰ ਅੱਡ ਰੋਟੀ ਟੁੱਕ ਨਾ ਬਣਾਉਣ ਦਿੱਤਾ, ਧੀਆਂ ਬਣਾ ਕੇ ਰੱਖਿਆ। ਘਰ ਤੋਂ ਬਾਹਰ ਭਾਵੇਂ ਪਹਿਲੀ ਵਾਰ ਰਹਿਣ ਦਾ ਮੌਕਾ ਬਣਿਆ ਸੀ ਪਰ ਇਸ ਪਰਿਵਾਰ ਦੇ ਪਿਆਰ ਸਤਿਕਾਰ ਨੇ ਘਰੋਂ ਦੂਰ ਰਹਿਣ ਦਾ ਅਹਿਸਾਸ ਨਾ ਹੋਣ ਦਿੱਤਾ। ਬਦਲੀ ਹੋਣ ’ਤੇ ਅਸੀਂ ਆਪੋ-ਆਪਣੇ ਘਰ ਆ ਗਈਆਂ। ਕੁਝ ਸਮਾਂ ਆਉਣ ਜਾਣ ਰਿਹਾ। ਹੌਲੀ ਹੌਲੀ ਕਬੀਲਦਾਰੀ ਦੇ ਝਮੇਲਿਆਂ ਵਿਚ ਰੁਝ ਕੇ ਮੁੜ ਮਿਲਣ ਦਾ ਸਬਬ ਨਾ ਬਣਿਆ।

ਬੀਰੀ ਭੈਣ ਕੋਲ ਉਦੋਂ ਦੂਜਾ ਬੱਚਾ ਹੋਣ ਵਾਲਾ ਸੀ ਤੇ ਉਹ ਵੀ ਉੱਥੇ ਆਈ ਹੋਈ ਸੀ। ਮੈਂ ਤਾਂ ਅਜੇ ਪੜ੍ਹਾਈ ਖ਼ਤਮ ਕੀਤੀ ਸੀ। ਭਲਾ ਜ਼ਮਾਨਾ ਸੀ, ਨਾਲੋ ਨਾਲ ਨੌਕਰੀ ਮਿਲ ਗਈ ਸੀ। ਅੱਜ ਭੈਣ ਨੇ ਪੋਤੇ ਪੋਤੀਆਂ ਵਿਆਹ ਲਏ ਹਨ। ਦਹਾਕੇ ਲੰਘ ਜਾਣ ’ਤੇ ਵੀ ਕਿੰਨੇ ਮੋਹ ਨਾਲ ਸੰਪਰਕ ਕੀਤਾ। ਉਸ ਨਾਲ ਗੱਲਾਂ ਕਰ ਕੇ ਸਕੂਨ ਮਿਲਿਆ। ਮਹਿਸੂਸ ਹੋ ਰਿਹਾ ਸੀ ਕਿ ਨਰੋਏ ਰਿਸ਼ਤੇ ਮਾਨਸਿਕ ਸਿਹਤ ਲਈ ਕਿੰਨੇ ਜ਼ਰੂਰੀ ਹਨ।

ਅੱਜ ਦੇ ਦੌਰ ਵਿਚ ਸਾਡੇ ਕੋਲ ਸਭ ਕੁਝ ਹੁੰਦਿਆਂ ਵੀ ਮਾਨਸਿਕ ਸ਼ਾਂਤੀ ਨਹੀਂ। ਸਰੀਰਕ, ਮਾਨਸਿਕ ਅਤੇ ਅਧਿਆਤਮਕ ਸਕੂਨ ਲਈ ਅਸੀਂ ਧਾਰਮਿਕ ਸਥਾਨਾਂ ’ਤੇ ਮੱਥੇ ਰਗੜਦੇ, ਦਰ ਦਰ ਭਟਕਦੇ ਫਿਰਦੇ ਹਾਂ। ਨਿਰਾਸ਼ ਤੇ ਉਦਾਸ ਮਨ ਆਪਣੀਆਂ ਹੀ ਸਮੱਸਿਆਵਾਂ ਵਿਚ ਉਲਝੇ ਮਾਨਸਿਕ ਰੋਗੀ ਬਣ ਰਹੇ ਹਨ ਜਦੋਂ ਕਿ ਕਿਸੇ ਆਪਣੇ ਦੀਆਂ ਮੋਹ ਭਰੀਆਂ ਗੱਲਾਂ ਵਾਲੇ ਕੁਝ ਪਲ ਹੀ ਖੁਸ਼ੀਆਂ ਦਾ ਖਜ਼ਾਨਾ ਹੋ ਨਿੱਬੜਦੇ ਹਨ। ਖੁਸ਼ ਮਿਜ਼ਾਜੀ ਅਤੇ ਜੀਵਨ ਪ੍ਰਤੀ ਆਸ਼ਾਵਾਦੀ ਨਜ਼ਰੀਆ ਸਾਡੇ ਸਰੀਰ ਅੰਦਰ ਹਾਰਮੋਨ ਰੈਗੂਲੇਟ ਕਰਨ ਵਿਚ ਮਦਦ ਕਰਦਾ ਹੈ ਜਿਸ ਦੇ ਸਿੱਟੇ ਵਜੋਂ ਸਰੀਰ ਦੀ ਕੁਦਰਤੀ ਬਚਾਓ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਵਿਗਿਆਨੀਆਂ ਨੇ ਇਹ ਗੱਲ ਸਾਬਤ ਵੀ ਕਰ ਦਿੱਤੀ ਹੈ।

ਵਹਿਣਾਂ ਵਿਚ ਵਿਚਰਦਾ ਮਨ ਅਚਨਚੇਤ ਉਸ ਦਿਨ ’ਤੇ ਆ ਅਟਕਦਾ ਹੈ ਜਿਸ ਦਿਨ ਮਨੋਰੋਗ ਹਸਪਤਾਲ ਵਿਚ ਡਾਕਟਰ ਕੋਲ ਬੈਠੀਆਂ ਉੱਚੀਆਂ ਲੰਮੀਆਂ ਸੋਹਣੀਆਂ ਸਨੁੱਖੀਆਂ ਦੋ ਨੌਜਵਾਨ ਭੈਣਾਂ ਨੂੰ ਤੱਕਿਆ ਸੀ। ਉਹ ਜੋਬਨ ਰੁੱਤੇ ਹੀ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਚੁੱਕੀਆਂ ਸਨ ਤੇ ਹੁਣ ਦਵਾਈਆਂ ਖਾ ਰਹੀਆਂ ਸਨ। ਡਾਕਟਰ ਦੇ ਕਮਰੇ ਵਿਚੋਂ ਬਾਹਰ ਆ ਕੇ ਆਪਣੀ ਵਾਰੀ ਦੀ ਉਡੀਕ ਵਿਚ ਬੈਠੇ ਮਰੀਜ਼ਾਂ ਵੱਲ ਧਿਆਨ ਮਾਰਿਆ ਤਾਂ ਉੱਥੇ ਵੀ ਬਹੁਤੇ ਨੌਜਵਾਨ ਬੈਠੇ ਸਨ। ਜਿ਼ੰਦਗੀ ਤਾਂ ਕੁਝ ਦਹਾਕੇ ਪਹਿਲਾਂ ਵੀ ਥੁੜ੍ਹਾਂ ਵਿਚ ਗੁਜ਼ਰਦੀ ਸੀ, ਸਾਡੇ ਕੋਲ ਸਹੂਲਤਾਂ ਵੀ ਨਾ-ਮਾਤਰ ਹੁੰਦੀਆਂ ਸਨ ਪਰ ਤਣਾਅ ਵਰਗੀ ਬਿਮਾਰੀ ਤੋਂ ਵਾਕਫ਼ ਨਹੀਂ ਸਾਂ।

ਸਾਡੇ ਆਲੇ-ਦੁਆਲੇ ਅਜਿਹਾ ਤਾਣਾ ਬੁਣ ਦਿੱਤਾ ਗਿਆ ਹੈ ਕਿ ਅਸੀਂ ਇੱਕ ਛੱਤ ਹੇਠਾਂ ਰਹਿੰਦੇ ਹੋਏ ਵੀ ਆਪਸੀ ਸੰਵਾਦ ਦੀ ਕਮੀ ਕਾਰਨ ਇਕੱਠੇ ਰਹਿ ਕੇ ਵੀ ਇਕੱਲਤਾ ਦੀ ਜੂਨ ਹੰਢਾਉਂਦੇ, ਮੋਹ ਵਿਹੂਣੇ ਰਿਸ਼ਤਿਆਂ ਦਾ ਭਾਰ ਢੋਂਹਦੇ ਅੰਦਰੋਂ ਖੋਖਲੇ ਹੋ ਰਹੇ ਹਾਂ। ਅਸੀਂ ਪੈਸੇ ਅਤੇ ਤਾਕਤ ਦੀ ਪ੍ਰਾਪਤੀ ਪਿੱਛੇ ਨੱਸਦੇ ਨੱਸਦੇ ਇਨਸਾਨੀ ਕਦਰਾਂ-ਕੀਮਤਾਂ, ਨਿੱਘੇ ਰਿਸ਼ਤਿਆਂ ਅਤੇ ਭਾਈਚਾਰਕ ਸਾਂਝਾਂ ਸਭ ਕੁਝ ਪਿੱਛੇ ਛੱਡ ਆਏ ਹਾਂ। ਇਸ ਪਦਾਰਥਵਾਦੀ ਯੁੱਗ ਵਿਚ ਆਪਣਿਆਂ ਦੇ ਪਿਆਰ ਤੋਂ ਵਿਰਵੇ ਹੋ ਅਸੀਂ ਆਪਣੀਆਂ ਪ੍ਰੇਸ਼ਾਨੀਆਂ ਨਾਲ ਇਕੱਲੇ ਘੁਲਦਿਆਂ ਤਣਾਅ ਦਾ ਸ਼ਿਕਾਰ ਹੋ ਰਹੇ ਹਾਂ। ਤਣਾਅ ਦੀ ਮਾਰ ਸਹਿ ਰਿਹਾ ਜਬਰਦਸਤ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਡੂੰਘੀ ਨਿਰਾਸ਼ਾ ਵਿਚ ਰਹਿਣ ਲੱਗਦਾ ਹੈ ਜਿਸ ਦਾ ਨਤੀਜਾ ਖ਼ੁਦ ਲਈ ਅਤੇ ਪਰਿਵਾਰ ਤੇ ਸਮਾਜ ਲਈ ਘਾਤਕ ਹੋ ਸਕਦਾ ਹੈ।

ਹੁਣ ਲੋਕਾਂ ਵਿਚ ਪਹਿਲਾ ਵਾਲਾ ਨੇੜ ਤੇ ਨਿੱਘ ਨਜ਼ਰ ਨਹੀਂ ਆਉਂਦਾ। ਆਪਸੀ ਭਾਈਚਾਰੇ ਦੀਆਂ ਤੰਦਾਂ ਜੇ ਟੁੱਟੀਆਂ ਨਹੀਂ ਤਾਂ ਸੁੰਗੜ ਜ਼ਰੂਰ ਗਈਆਂ ਹਨ। ਜਿਉਂ ਜਿਉਂ ਸਾਡੀਆਂ ਭਾਈਚਾਰਕ ਸਾਂਝਾਂ ਟੁੱਟ ਰਹੀਆਂ ਹਨ, ਸਾਡੇ ਅੰਦਰ ਵੰਡੀਆਂ ਪਾਉਣ ਅਤੇ ਪਈਆਂ ਵੰਡੀਆਂ ਨੂੰ ਗੂੜ੍ਹਾ ਕਰਨ ਦੀ ਸਿਆਸਤ ਤੇਜ਼ ਹੋ ਰਹੀ ਹੈ। ਆਮ ਆਦਮੀ ਦੀ ਆਰਥਿਕ, ਸਰੀਰਕ ਅਤੇ ਮਾਨਸਿਕ ਤੌਰ ’ਤੇ ਹੋ ਰਹੀ ਲੁੱਟ ਨੇ ਉਸ ਦਾ ਜਿਊਣਾ ਮੁਸ਼ਕਿਲ ਕੀਤਾ ਪਿਆ ਹੈ। ਉਂਝ, ਜਿਸ ਤਰ੍ਹਾਂ ਸਾਂਝੇ ਪਰਿਵਾਰਾਂ ਵਿਚ ਮਿਲਜੁਲ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਜਾਂਦਾ ਸੀ, ਇਸ ਤਰ੍ਹਾਂ ਇਕਜੁੱਟ ਹੋ ਕੇ ਵਿਚਰਨ ਅਤੇ ਸਾਂਝੀ ਸਿਆਣਪ ਨਾਲ ਧੱਕੇਸ਼ਾਹੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕਿਸਾਨ ਅੰਦੋਲਨ ਦੀ ਮਿਸਾਲ ਸਭ ਦੇ ਸਾਹਮਣੇ ਹੈ।

ਸੰਪਰਕ: 76260-63596

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All