DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੇਟਿਕਟਾ ਬੱਚਾ

ਇਹ ਦਸ ਸਾਲ ਪਹਿਲਾਂ ਦੀ ਗੱਲ ਹੈ। ਮੈਂ ਰੇਲਗੱਡੀ ਰਾਹੀਂ ਬਠਿੰਡਾ ਤੋਂ ਮਾਨਸਾ ਆ ਰਿਹਾ ਸੀ। ਤਕਰੀਬਨ ਸਾਰੀਆਂ ਸੀਟਾਂ ਭਰੀਆਂ ਹੋਈਆਂ ਸਨ। ਤੀਹ-ਪੈਂਤੀ ਸਾਲ ਦੇ ਦੋ ਨੌਜਵਾਨ ਅਤੇ ਚੌਦਾਂ-ਪੰਦਰਾਂ ਸਾਲ ਦਾ ਇੱਕ ਬੱਚਾ ਤਾਕੀਆਂ ਨੇੜੇ ਲਾਂਘੇ ਵਿਚਕਾਰ ਖੜ੍ਹੇ ਸਨ। ਸਟੇਸ਼ਨਾਂ...

  • fb
  • twitter
  • whatsapp
  • whatsapp
Advertisement

ਇਹ ਦਸ ਸਾਲ ਪਹਿਲਾਂ ਦੀ ਗੱਲ ਹੈ। ਮੈਂ ਰੇਲਗੱਡੀ ਰਾਹੀਂ ਬਠਿੰਡਾ ਤੋਂ ਮਾਨਸਾ ਆ ਰਿਹਾ ਸੀ। ਤਕਰੀਬਨ ਸਾਰੀਆਂ ਸੀਟਾਂ ਭਰੀਆਂ ਹੋਈਆਂ ਸਨ। ਤੀਹ-ਪੈਂਤੀ ਸਾਲ ਦੇ ਦੋ ਨੌਜਵਾਨ ਅਤੇ ਚੌਦਾਂ-ਪੰਦਰਾਂ ਸਾਲ ਦਾ ਇੱਕ ਬੱਚਾ ਤਾਕੀਆਂ ਨੇੜੇ ਲਾਂਘੇ ਵਿਚਕਾਰ ਖੜ੍ਹੇ ਸਨ। ਸਟੇਸ਼ਨਾਂ ’ਤੇ ਸਵਾਰੀਆਂ ਚੜ੍ਹਦੀਆਂ-ਉਤਰਦੀਆਂ ਰਹੀਆਂ, ਪਰ ਉਹ ਤਿੰਨੋਂ ਉਸੇ ਤਰ੍ਹਾਂ ਖੜ੍ਹੇ ਰਹੇ। ਮੇਰੀ ਸੀਟ ਉਸ ਲਾਂਘੇ ਦੇ ਨੇੜੇ ਸੀ। ਇਸ ਲਈ ਮੇਰੀ ਨਜ਼ਰ ਉਨ੍ਹਾਂ, ਖ਼ਾਸਕਰ ਬੱਚੇ ਵੱਲ ਚਲੀ ਜਾਂਦੀ। ਫੌਰਮਲ ਪੈਂਟ-ਸ਼ਰਟ ਅਤੇ ਲੈਦਰ ਦੇ ਬੂਟ ਪਹਿਨੀ ਦੋਵੇਂ ਨੌਜਵਾਨ ਆਪਣੀਆਂ ਗੱਲਾਂ ’ਚ ਮਸਤ ਸਨ, ਪਰ ਬੱਚਾ ਇੱਕ ਨੁੱਕਰੇ ਸਹਿਮਿਆ ਖੜ੍ਹਾ ਸੀ। ਪਹਿਰਾਵੇ ਤੋਂ ਉਹ ਚੰਗੇ ਖ਼ਾਨਦਾਨ ਜਾਪਦਾ ਸੀ।

ਮੈਨੂੰ ਉਸ ਦਾ ਪ੍ਰੇਸ਼ਾਨ ਖੜ੍ਹੇ ਹੋਣਾ ਹੈਰਾਨ ਕਰ ਰਿਹਾ ਸੀ। ਮੈਂ ਉਸ ਨੂੰ ਆਪਣੀ ਸੀਟ ’ਤੇ ਬਿਠਾ ਕੇ ਗੱਲ ਕਰਨਾ ਚਾਹੁੰਦਾ ਸੀ, ਪਰ ਉਹ ਮੇਰੇ ਜਾਂ ਕਿਸੇ ਹੋਰ ਨਾਲ ਅੱਖ ਨਹੀਂ ਮਿਲਾ ਰਿਹਾ ਸੀ। ਹੁਣ ਗੱਡੀ ਮੌੜ ਸਟੇਸ਼ਨ ਤੋਂ ਤੁਰ ਚੁੱਕੀ ਸੀ। ਅੱਧੇ ਤੋਂ ਵੱਧ ਦਾ ਸਫ਼ਰ ਤੈਅ ਹੋ ਚੁੱਕਾ ਸੀ। ਏਨੀ ਕੁ ਦੇਰ ਨੂੰ ਡੱਬੇ ’ਚ ਟੀ ਟੀ ਈ ਆ ਗਿਆ ਅਤੇ ਉਹ ਟਿਕਟਾਂ ਚੈੱਕ ਕਰਨ ਲੱਗਾ। ਮੇਰੇ ਤੋਂ ਬਾਅਦ ਉਹ ਲਾਂਘੇ ਵਾਲੀਆਂ ਸਵਾਰੀਆਂ ਵੱਲ ਵਧਿਆ। ਉਸ ਨੇ ਦੋਵੇਂ ਨੌਜਵਾਨਾਂ ਨੂੰ ਟਿਕਟ ਵਿਖਾਉਣ ਲਈ ਕਿਹਾ। ਉਨ੍ਹਾਂ ਕੋਲ ਟਿਕਟ ਨਹੀਂ ਸੀ। ਟੀ ਟੀ ਈ ਨੇ ਪੁੱਛਿਆ, ‘‘ਕਿੱਥੋਂ ਚੜ੍ਹੇ ਹੋ?’’ ਉਨ੍ਹਾਂ ’ਚੋਂ ਇੱਕ ਨੇ ਕਿਹਾ, ‘‘ਮੌੜ ਤੋਂ।’’ ਹਾਲਾਂਕਿ ਉਹ ਬਠਿੰਡਾ ਤੋਂ ਆ ਰਹੇ ਸਨ। ਟੀ ਟੀ ਈ ਨੇ ਦਸ ਗੁਣਾ ਜੁਰਮਾਨੇ ਸਮੇਤ ਉਨ੍ਹਾਂ ਦੋਵਾਂ ਨੂੰ ਸੌ-ਸੌ ਰੁਪਏ ਦੇਣ ਲਈ ਕਿਹਾ। ਉਨ੍ਹਾਂ ’ਚੋਂ ਇੱਕ ਨੇ ਪੈਂਟ ਦੀ ਜੇਬ ’ਚੋਂ ਪੈਸੇ ਕੱਢ ਕੇ ਟੀ ਟੀ ਈ ਨੂੰ ਦੇ ਦਿੱਤੇ। ਉਸ ਨੇ ਰਸੀਦ ਕੱਟ ਕੇ ਫੜਾ ਦਿੱਤੀ। ਫਿਰ ਬੱਚੇ ਨੂੰ ਮੁਖਾਤਿਬ ਹੁੰਦਿਆਂ ਟੀ ਟੀ ਈ ਬੋਲਿਆ, ‘‘ਬੇਟਾ ਟਿਕਟ ਵਿਖਾਓ।’’ ਪਹਿਲਾਂ ਹੀ ਸਹਿਮੇ ਬੱਚੇ ਨੇ ਫਰਕਦੇ ਬੁੱਲ੍ਹਾਂ ਨਾਲ ਨਾਂਹ ਵਿੱਚ ਸਿਰ ਹਿਲਾ ਦਿੱਤਾ। ਟੀ ਟੀ ਈ ਨੇ ਸਵਾਲ ਕੀਤਾ, ‘‘ਕਿੱਥੋਂ ਚੜ੍ਹੇ ਹੋ?’’ ਉਸ ਨੇ ਰੋਣੀ ਹਾਲਤ ਵਿੱਚ ਮੱਧਮ ਜਿਹਾ ਉਤਰ ਦਿੱਤਾ, ‘‘ਸਰ, ਬਠਿੰਡੇ ਤੋਂ।’’ ਅੱਗੋਂ ਟੀ ਟੀ ਈ ਬੋਲਿਆ, ‘‘ਜੁਰਮਾਨਾ ਲੱਗੇਗਾ... ਦੋ ਸੌ ਰੁਪਏ ਕੱਢੋ।’’ ਐਨਾ ਸੁਣਦਿਆਂ ਹੀ ਉਸ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਉਸ ਨੇ ਤਰਲੇ ਨਾਲ ਕਿਹਾ, ‘‘ਜੀ ਮੇਰੇ ਕੋਲ ਪੈਸੇ ਨਹੀਂ ਹਨ।’’ ਟੀ ਟੀ ਈ ਅਤੇ ਉਸ ਵਿਚਾਲੇ ਹੋਈ ਗੱਲਬਾਤ ਦੌਰਾਨ ਕੁਝ ਸਾਲ ਪਹਿਲਾਂ ਪੜ੍ਹੇ ਇੱਕ ਨਾਵਲ ਦੇ ਪਾਤਰ ‘ਕੇਸ਼ਵ ਪੰਡਤ’ ਵਾਲੀ ਘਟਨਾ ਮੇਰੇ ਮਨ ਮਸਤਕ ਵਿੱਚ ਸਾਕਾਰ ਹੋ ਗਈ। ਫ਼ਰਕ ਇਹ ਸੀ ਇਹ ਬੱਚਾ ਸਹਿਮਿਆ ਮੁਸ਼ਕਿਲ ਨਾਲ ਜਵਾਬ ਦੇ ਰਿਹਾ ਸੀ, ਪਰ ਉਸ ਨਾਵਲ ਵਿਚਲੇ ਪਾਤਰ ਕੇਸ਼ਵ ਪੰਡਤ ਨੇ ਸਿਸਟਮ ਨੂੰ ਸਵਾਲ ਕਰਦਿਆਂ ਕਿਹਾ ਸੀ, ‘‘ਜਿਸ ਇਨਸਾਨ ਨੇ ਜੇਬ ’ਚ ਰੁਪਏ ਹੁੰਦਿਆਂ ਜਾਣਬੁੱਝ ਕੇ ਟਿਕਟ ਨਹੀਂ ਲਈ, ਉਹ ਕੁਝ ਜੁਰਮਾਨਾ ਭਰ ਕੇ ਬਚ ਗਿਆ, ਪਰ ਗ਼ਰੀਬੀ ਅਤੇ ਖਾਲੀ ਜੇਬ ਕਾਰਨ ਮੈਂ ਚਾਹੁੰਦਿਆਂ ਵੀ ਟਿਕਟ ਨਹੀਂ ਲੈ ਸਕਿਆ ਅਤੇ ਤੁਸੀਂ ਮੈਨੂੰ ਜੇਲ੍ਹ ਭੇਜ ਰਹੇ ਹੋ? ਸਜ਼ਾ ਤਾਂ ਉਸ ਨੂੰ ਹੋਣੀ ਚਾਹੀਦੀ ਹੈ ਜਿਸ ਨੇ ਰੁਪਏ ਹੁੰਦਿਆਂ ਟਿਕਟ ਨਹੀਂ ਕਟਾਈ!’’ ਨਾਵਲ ਵਾਲੀ ਉਸ ਘਟਨਾ ਤੋਂ ਪ੍ਰੇਰਿਤ, ਮੈਂ ਸੀਟ ਤੋਂ ਉੱਠ ਕੇ ਟੀ ਟੀ ਈ ਕੋਲ ਗਿਆ। ਮੈਂ ਕਿਹਾ, ‘‘ਸਰ, ਇਹ ਬੱਚਾ ਕਿਸੇ ਮੁਸੀਬਤ ਵਿੱਚ ਲੱਗ ਰਿਹਾ ਹੈ ਅਤੇ ਆਪਾਂ ਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ... ਰਹੀ ਗੱਲ ਜੁਰਮਾਨੇ ਦੀ, ਉਹ ਤੁਸੀਂ ਮੈਥੋਂ ਲੈ ਲਵੋ।’’ ਟੀ ਟੀ ਈ ਭਲਾ ਪੁਰਸ਼ ਨਿਕਲਿਆ। ਉਸ ਨੇ ਮੇਰੀ ਗੱਲ ਨਾਲ ਸਹਿਮਤ ਹੁੰਦਿਆਂ ਮੈਥੋਂ ਰੁਪਏ ਲੈਣ ਤੋਂ ਇਨਕਾਰ ਕਰਦਿਆਂ ਕਿਹਾ, ‘‘ਮੈਂ ਇਸ ਨੂੰ ਜੇਲ੍ਹ ਥੋੜ੍ਹਾ ਭੇਜ ਰਿਹਾ ਸੀ, ਇਹ ਤਾਂ ਇਸ ਨੂੰ ਡਰਾਉਣ ਲਈ ਸੀ ਤਾਂ ਕਿ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰੇ।’’ ਅਸੀਂ ਪਹਿਲਾਂ ਉਸ ਨੂੰ ਪਾਣੀ ਪਿਲਾਇਆ ਅਤੇ ਫਿਰ ਉਸ ਨੂੰ ਭਰੋਸੇ ਵਿੱਚ ਲੈ ਕੇ ਸੱਚ ਦੱਸਣ ਲਈ ਕਿਹਾ। ਸਾਡੇ ਹਮਦਰਦੀ ਭਰੇ ਵਤੀਰੇ ਦਾ ਬੱਚੇ ’ਤੇ ਵਧੀਆ ਅਸਰ ਹੋਇਆ ਅਤੇ ਉਸ ਨੇ ਬਿਨਾਂ ਸੰਕੋਚ ਦੱਸਿਆ ਕਿ ਉਹ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਜੀ ਬੈਂਕ ਮੈਨੇਜਰ ਹਨ। ਉਹ ਆਪਣੇ ਪਿਤਾ ਨੂੰ ਕਾਰ ਸਿਖਾਉਣ ਲਈ ਕਹਿੰਦਾ ਸੀ, ਪਰ ਉਹ ਛੋਟੀ ਉਮਰ ਕਾਰਨ ਉਸ ਨੂੰ ਕੁਝ ਸਾਲ ਰੁਕਣ ਲਈ ਕਹਿ ਦਿੰਦੇ। ਅੱਜ ਉਸ ਦੇ ਪਿਤਾ ਘਰ ਨਹੀਂ ਸਨ ਅਤੇ ਮੰਮੀ ਅੰਦਰ ਕੰਮ ਕਰ ਰਹੇ ਸਨ ਤਾਂ ਉਸ ਨੇ ਚੋਰੀਓਂ ਕਾਰ ਦੀ ਚਾਬੀ ਲੈ ਕੇ ਕਾਰ ਸਟਾਰਟ ਕਰ ਲਈ ਅਤੇ ਕਾਰ ਚਲਾਉਂਦਿਆਂ ਕੰਧ ’ਚ ਮਾਰੀ। ਇਸ ਲਈ ਉਹ ਪਿਤਾ ਤੋਂ ਡਰਦਾ ਘਰੋਂ ਭੱਜ ਆਇਆ ਤਾਂ ਕਿ ਜੀਂਦ ਆਪਣੀ ਭੂਆ ਕੋਲ ਚਲਾ ਜਾਵੇ।

Advertisement

ਉਸ ਨੇ ਆਪਣੀ ਗ਼ਲਤੀ ਮੰਨਦਿਆਂ ਭਵਿੱਖ ਵਿੱਚ ਅਜਿਹੀ ਹਰਕਤ ਤੋਂ ਤੌਬਾ ਕੀਤੀ। ਅਸੀਂ ਉਸ ਤੋਂ ਉਸ ਦੇ ਪਿਤਾ ਦਾ ਨੰਬਰ ਲੈ ਕੇ ਉਸ ਨਾਲ ਗੱਲ ਕੀਤੀ ਅਤੇ ਪੂਰੀ ਕਹਾਣੀ ਦੱਸੀ। ਉਸ ਨੇ ਸਾਡਾ ਧੰਨਵਾਦ ਕੀਤਾ ਅਤੇ ਬੱਚੇ ਨੂੰ ਕੁਝ ਨਾ ਕਹਿਣ ਦਾ ਵਾਅਦਾ ਕਰਦਿਆਂ ਘੰਟੇ ਦੇ ਅੰਦਰ ਮਾਨਸਾ ਸਟੇਸ਼ਨ ਤੋਂ ਬੱਚੇ ਨੂੰ ਲਿਜਾਣ ਦੀ ਗੱਲ ਕਹੀ। ਮਾਨਸਾ ਸਟੇਸ਼ਨ ’ਤੇ ਟੀ ਟੀ ਈ ਨੇ ਰੇਲਵੇ ਪੁਲੀਸ ਚੌਕੀ ਵਾਲਿਆਂ ਨੂੰ ਬੁਲਾ ਕੇ ਸਾਰੀ ਗੱਲ ਦੱਸਦਿਆਂ ਬੱਚਾ ਉਨ੍ਹਾਂ ਦੇ ਸਪੁਰਦ ਕਰ ਦਿੱਤਾ। ਮੈਨੂੰ ਲੱਗਿਆ ਜਿਵੇਂ ਅਸੀਂ ਦੋਵਾਂ ਨੇ ਪ੍ਰੇਸ਼ਾਨ ਮਾਪਿਆਂ ਅਤੇ ਡਰ ਕੇ ਘਰੋਂ ਭੱਜੇ ਬੱਚੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਕੇ ਬਹੁਤ ਚੰਗਾ ਕਾਰਜ ਕੀਤਾ ਹੋਵੇ।

Advertisement

ਸੰਪਰਕ: 98156-80980

Advertisement
×