ਗੱਜਣਵਾਲਾ ਸੁਖਮਿੰਦਰ
ਘਰਾਂ ਵਿਚ ਝਾੜੂ-ਪੋਚਾ ਲਾਉਣ ਅਤੇ ਭਾਂਡੇ ਮਾਂਜਣ ਵਾਲੀਆਂ ਯੂਪੀ ਦੀਆਂ ਕੁੜੀਆਂ ਇਮਾਨਦਾਰ ਗਿਣੀਆਂ ਜਾਂਦੀਆਂ। ਇਨ੍ਹਾਂ ਨੂੰ ਜ਼ਰੂਰ ਕੋਈ ਸਿੱਖਿਆ ਦਿੱਤੀ ਗਈ ਹੋਵੇਗੀ ਜੋ ਇਹ ਕਮਰਿਆਂ ਵਿਚ ਪਏ ਕੀਮਤੀ ਸਮਾਨ ਤੇ ਪੈਸੇ ਟਕੇ ਨੂੰ ਹੱਥ ਨਹੀਂ ਲਾਉਂਦੀਆਂ। ਕਦੇ ਕਦੇ ਲਗਦਾ, ਇਨ੍ਹਾਂ ਨੂੰ ਦੂਜਾ ਪਰਾਂਤ ਜਿਵੇਂ ਪਰਾਇਆ ਦੇਸ ਲੱਗਦਾ ਹੋਵੇ। ਜਿਸ ਤਰ੍ਹਾਂ ਵਿਦੇਸ਼ਾਂ ’ਚ ਗਏ ਪੰਜਾਬੀ ਜਨਮ ਭੂਮੀ ਨੂੰ ਬਹੁਤ ਲੋਚਦੇ ਰਹਿੰਦੇ ਹਨ ਤੇ ਵਾਰ ਵਾਰ ਪੰਜਾਬ ਪਰਤਣ ਦੀ ਸੋਚਦੇ ਰਹਿੰਦੇ ਹਨ, ਉਸੇ ਤਰ੍ਹਾਂ ਇਹ ਵੀ ਆਪਣੇ ਜਨਮ ਸਥਾਨਾਂ ਨੂੰ ਬਹੁਤ ਪਿਆਰ ਕਰਦੀਆਂ ਹਨ। ਇਨ੍ਹਾਂ ਨੇ ਵੀ ਸਾਲ ਵਿਚ ਦੋ ਕੁ ਵਾਰ ਖਾਸਕਰ ਮਈ ਜੂਨ ਜਾਂ ਹੋਲੀ ਆਦਿ ’ਤੇ ਪੂਰੇ ਪਰਿਵਾਰ ਸਮੇਤ ‘ਗਾਓਂ’ ਜਾਣਾ ਹੁੰਦਾ। ਹਿੰਦੀ ਪੱਟੀ ਦੀਆਂ ਵਸਨੀਕ ਹੋਣ ਕਰ ਕੇ ਇਨ੍ਹਾਂ ਦੀ ਬੋਲੀ ਬਹੁਤ ਹੀ ਮਿਠਾਸੜੀ, ਮਿਦ੍ਰਲ ਤੇ ਸਾਫ ਸਵਾਫ ਹੁੰਦੀ ਹੈ। ਸਾਡੇ ਵਾਂਗ ਠਾਹ ਸੋਟਾ, ਬੇਰੁਖੀ, ਖੁਰਦਰੇ ਅਲਫਾਜ਼ ਨਹੀਂ ਹੁੰਦੇ। ਇਨ੍ਹਾਂ ਦੇ ਨਾਮ ਵੀ ਕਮਾਲ ਦੇ ਨਵੀਨਤਮ ਅਤੇ ਫਿਲਮੀ ਤਰਜ਼ ਵਾਲੇ ਰੱਖੇ ਹੁੰਦੇ ਹਨ: ਸੀਮਾ, ਵਿਕ੍ਰਾਂਤੀ, ਉਰਮਲਾ, ਅਨੀਤਾ ਆਦਿ।
ਸਾਡੇ ਘਰ ਕੰਮ ਕਰਨ ਵਾਲੀ ਦਾ ਨਾਮ ਸੁਨੈਨਾ ਹੈ। ਕੁਝ ਮਹੀਨਿਆਂ ਤੋਂ ਹਾਮਲਾ ਹੈ, ਨਿੱਕਾ ਨਿਆਣਾ ਹੋਣ ਵਾਲਾ ਹੈ। ਉਹਨੇ ਆਪਣੇ ਮਾਤਾ-ਪਿਤਾ ਕੋਲ ਯੂਪੀ ਜਾਣਾ ਸੀ। ਉਹ ‘ਗਾਓਂ’ ਜਾਣ ਲੱਗੀ ਮੇਰੀ ਘਰਵਾਲੀ ਨੂੰ ਕਹਿਣ ਲੱਗੀ, “ਆਂਟੀ, ਮੇਰਾ ਅਗਲੇ ਮਹੀਨੇ ਮਾਰਚ ਮੇਂ ਡਿਲਿਵਰੀ ਟਾਈਮ ਹੈ। ਆਪਣੇ ਵਤਨ ਜਾਊਂਗੀ ਔਰ ਜੂਨ ਮਹੀਨੇ ਵਾਪਸ ਆ ਜਾਊਂਗੀ। ਤੁਸੀਂ ਮੇਰੇ ਪਿੱਛੋਂ ਕਿਸੇ ਨੂੰ ਪੱਕੇ ਕੰਮ ’ਤੇ ਮਤ ਰੱਖਣਾ।” ਸਮਾਂ ਆਉਣ ’ਤੇ ਸੁਨੈਨਾ (ਫਰਜ਼ੀ ਨਾਮ) ਆਪਣੇ ਮਿਥੇ ਸਮੇਂ ਅਨੁਸਾਰ ਆਪਣੇ ‘ਗਾਓਂ’ ਚਲੀ ਗਈ। ਬਾਅਦ ਵਿਚ ਅੱਠੀਂ ਦਸੀਂ ਦਿਨੀਂ ਅਸੀਂ ਫੋਨ ’ਤੇ ਉਹਦਾ ਹਾਲ ਚਾਲ ਪੁੱਛਦੇ ਰਹੇ। ਕਰੋਨਾ ਦਾ ਬਹੁਤ ਜ਼ੋਰ ਹੋਣ ਕਰ ਕੇ ਲੋਕਾਂ ਨੇ ਘਰਾਂ ਵਿਚ ਸਾਫ ਸਫਾਈ ਕਰਨ ਵਾਲੀਆਂ ਹਟਾ ਦਿੱਤੀਆਂ ਸਨ। ਅਸੀਂ ਵੀ ਸੁਨੈਨਾ ਦੇ ਜਾਣ ਪਿੱਛੋਂ ਕਿਸੇ ਨੂੰ ਕੰਮ ’ਤੇ ਨਹੀਂ ਰੱਖਿਆ, ਖ਼ੁਦ ਹੀ ਸਾਫ ਸਫ਼ਾਈ ਦਾ ਕੰਮ ਸੰਭਾਲੀ ਰੱਖਿਆ। ਜਦ ਜਣੇਪਾ ਹੋ ਗਿਆ ਤੇ ਜਦ ਬੱਚਾ ਵਾਹਵਾ ਹੋ ਗਿਆ ਤਾਂ ਸੁਨੈਨਾ ਪਿਛਲੇ ਮਹੀਨੇ ਵਾਪਸ ਸਾਡੇ ਘਰ ਕੰਮ ’ਤੇ ਆ ਗਈ।
ਗੱਲ ਇਹ ਹੈ, ਬਈ ਔਰਤ ਭਾਵੇਂ ਕਿਸੇ ਵੀ ਖਿੱਤੇ ਦੇ ਨਾਲ ਸਬੰਧਤ ਹੋਵੇ, ਹਰ ਔਰਤ ਦੇ ਸੁਭਾਅ ਦੀ ਇਹ ਖਾਸੀਅਤ ਹੁੰਦੀ ਹੈ ਕਿ ਉਹ ਅਕਸਰ ਰਾਹ-ਖੇੜੇ ਕੋਲ ਦੀ ਲੰਘਣ ਵਾਲੀ ਬੁੜ੍ਹੀ ਕੁੜੀ ਨੂੰ ਬਿਨਾ ਬੁਲਾਇਆਂ ਜਾਣ ਨਹੀਂ ਦਿੰਦੀ। ਤਾਕ ’ਚ ਹੁੰਦੀ ਹੈ, ਮੈਂ ਕੋਈ ਗੱਲ ਕਿਉਂ ਨਾ ਕਰ ਲਵਾਂ! ਇਕ ਦੂਜੀ ਨਾਲ ਇਉਂ ਦੁੱਖ ਸੁੱਖ ਜਿਹਾ ਫਰੋਲ ਕੇ ਕੋਈ ਸਕੂਨ ਮਿਲਦਾ ਹੋਵੇਗਾ! ਬਿਨਾ ਕਿਸੇ ਜਾਣ-ਪਛਾਣ ਦੇ ਪਲਾਂ ਵਿਚ ਘੁਲਮਿਲ ਜਾਂਦੀਆਂ ਤੇ ਬਗੈਰ ਕਿਸੇ ਉਚੇਚੇ ਮੁੱਦੇ ਦੇ ਨਿੱਕੀਆਂ ਨਿੱਕੀਆਂ ਗੱਲਾਂ ਛੇੜ ਬਹਿੰਦੀਆਂ। ਇਸੇ ਧਾਰਨਾ ਹਿਤ ਸੁਨੈਨਾ ਵੀ ਜਦ ਸਾਫ਼ ਸਫ਼ਾਈ ਦਾ ਕੰਮ ਧੰਦਾ ਨਬਿੇੜ ਕੇ ਚਾਹ ਦਾ ਕੱਪ ਪੀਣ ਲੱਗਦੀ ਤਾਂ ਉਹ ਤੇ ਉਹਦੀ ਆਂਟੀ ਅੱਧਾ ਅੱਧਾ ਘੰਟਾ ਮਿਸ਼ਰਤ ਹਿੰਦੀ ਪੰਜਾਬੀ ਵਿਚ ਘਰੇਲੂ ਦੁੱਖਾਂ ਸੁੱਖਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪੈਂਦੀਆਂ।
ਇਕ ਦਿਨ ਸੁਨੈਨਾ ਨੇ ਆਪਣੇ ਜਣੇਪੇ ਬਾਰੇ ਗੱਲ ਚਲਾ ਲਈ ਤੇ ਦੱਸਣ ਲੱਗੀ: ਆਂਟੀ, ਇਸ ਵਾਰ ਮੇਰੀ ਡਿਲਿਵਰੀ ਬੜੇ ਅਪਰੇਸ਼ਨ (ਸਰਜਰੀ) ਨਾਲ ਹੋਣੀ ਸੀ। ਹਮਾਰੇ ਯੂਪੀ ਮੇਂ ਸਰਕਾਰੀ ਹਸਪਤਾਲਾਂ ਵਿਚ ਕੋਈ ਭਰੋਸੇਯੋਗ ਉਚਿਤ ਪ੍ਰਬੰਧ ਨਹੀਂ। ਪ੍ਰਾਈਵੇਟ ਹਸਪਤਾਲ ਬਹੁਤ ਮਹਿੰਗੇ ਹੋਣ ਕਰਕੇ ਹਮਾਰੀ ਪਹੁੰਚ ਵਿਚ ਨਹੀਂ ਸਨ, ਘਰ ਵਿਚ ਇਸ ਗੱਲ ਦੀ ਬਹੁਤ ਚਿੰਤਾ ਹੋ ਗਈ। ਹਮ ਠਹਿਰੇ ਗ਼ਰੀਬ ਲੋਗ, ਹਮਾਰੇ ਪਾਸ ਕਿਹੜਾ ਪੰਜਾਬ ਜੈਸੀ ਖੁੱਲ੍ਹੀ ਜ਼ਮੀਨਾਂ ਹਨ। ਛੋਟੀ ਮੋਟੀ ਖੇਤੀ ਮਜ਼ਦੂਰੀ ਕਰ ਕੇ ਗੁਜ਼ਰ ਬਸਰ ਕਰਦੇ ਹੈਂ ਪਰ ਮੇਰੇ ਬਾਪ ਨੇ ਫ਼ੈਸਲਾ ਕਰ ਲਿਆ ਕਿ ‘ਲੜਕੀ ਕੋ ਮਾਰਨਾ ਥੋੜ੍ਹਾ ਹੈ, ਕੁਛ ਭੀ ਹੋ ਜਾਏ, ਇਸ ਕਾ ਇਲਾਜ ਪ੍ਰਾਈਵੇਟ ਹਸਪਤਾਲ ਮੇਂ ਹੀ ਕਰਵਾਏਂਗੇ’। ਮੇਰੇ ਬਾਪ ਨੇ ਆਂਟੀ, ਖਰਚੇ ਕਾ ਜੁਗਾੜ ਪਤਾ ਕੈਸੇ ਕੀਆ? … ਉਸ ਵਕਤ ਮੇਰੀ ਛੋਟੀ ਬ੍ਹੈਨ ਕੀ ਮੰਗਨੀ ਹੋ ਚੁੱਕੀ ਥੀ ਔਰ ਸ਼ਾਦੀ ਹੋਨੇ ਵਾਲੀ ਥੀ। ਕਰੋਨਾ ਕੀ ਵਜ੍ਹਾ ਸੇ ਹੋ ਨਾ ਸਕੀ ਤੇ ਆਗੇ ਪੜ ਗਈ। ਮੇਰੇ ਬਾਪ ਨੇ ਉਸ ਕੋ ਦਹੇਜ ਮੇਂ ਦੇਨੇ ਕੇ ਲੀਏ ਬੱਕਰੀ ਪਾਲ ਰੱਖੀ ਥੀ। ਹਮ ਗਰੀਬ ਲੋਗ ਹੈ ਨਾ, ਭੈਂਸ ਵਗੈਰਾ ਤੋ ਦੇ ਨਹੀਂ ਸਕਤੇ , ਬੱਕਰੀ ਵਗੈਰਾ ਦੇਤੇ ਹੈਂ। ਜਬ ਮੇਰੀ ਸ਼ਾਦੀ ਹੁਈ ਥੀ, ਤਬ ਮੁਝੇ ਬੀ ਬੱਕਰੀ ਦੀ ਗਈ ਥੀ। ਆਂਟੀ, ਮੇਰੇ ਬਾਪ ਨੇ ਸੋਚਾ ਕਿ ਛੋਟੀ ਲੜਕੀ ਕੀ ਸ਼ਾਦੀ ਤੋਂ ਅਬ ਆਗੇ ਪੜ ਗਈ ਹੈ, ਉਸ ਨੇ ਏਕ ਤੋ ਵੋਹ ਬੱਕਰੀ ਜੋ ਦੇਨੇ ਕੇ ਲੀਏ ਪਾਲ ਰੱਖੀ ਥੀ, ਵੋਹ ਬੀਸ ਹਜ਼ਾਰ ਕੀ ਬੇਚ ਦੀ, ਔਰ ਹਮਾਰੇ ਛੋਟੇ ਸੇ ਖੇਤ ਮੇਂ ਸਫੈਦੇ ਕੇ ਦੋ ਦਰਖਤ ਥੇ, ਵੋਹ ਬੇਚ ਦੀਏ। ਐਸੇ ਹਸਪਤਾਲ ਦਾ ਸਾਰਾ ਭੁਗਤਾਨ ਕਰਨੇ ਕਾ ਪ੍ਰਬੰਧ ਕਰ ਲੀਆ। ਦਵਾਈਆਂ ਤੇ ਅਪਰੇਸ਼ਨ ਵਗੈਰਾ ਕਾ ਪੂਰਾ ਪੰਤਾਲੀ ਹਜ਼ਾਰ ਰੂਪੀਆ ਹਸਪਤਾਲ ਕੋ ਦੇਨਾ ਪੜਾ। … ਆਂਟੀ, ਆਪ ਕੇ ਲੀਏ ਤੋ ਯਹ ਰਕਮ ਥੋੜ੍ਹੀ ਲਗਤੀ ਹੋਗੀ, ਹਮ ਗਰੀਬੋਂ ਕੇ ਲੀਏ ਤੋ ਬਹੁਤ ਭਾਰੀ ਹੈ। ਆਪ ਜਾਨਤੇ ਹੀ ਹੋ ਕਿ ਮੈਂ ਸਾਰਾ ਦਿਨ ਲੋਗੋਂ ਕੇ ਗ੍ਹਰੋਂ ਮੇਂ ਕਾਮ ਕਰਤੀ ਹੂੰ। ਮਰ ਕੇ ਮਹੀਨੇ ਕਾ ਚਾਰ ਪਾਂਚ ਹਜ਼ਾਰ ਬਨਤਾ ਹੈ। ਤੀਨ ਬੱਚੇ ਹੈਂ, ਉਨ ਕਾ ਅਲੱਗ ਖਰਚ। ਏਕ ਕਮਰਾ ਹੈ ਤੀਨ ਹਜ਼ਾਰ ਕਿਰਾਏ ਪਰ, ਪਤੀ ਮਜ਼ਦੂਰੀ ਕਰਤਾ ਹੈ; ਫਿਰ ਬ੍ਹੀ ਆਂਟੀ, ਹਮ ਨੇ ਸੋਚ ਰੱਖਾ ਹੈ ਕਿ ਜਬ ਬਹਨ ਕੀ ਸ਼ਾਦੀ ਹੋਗੀ, ਹਮ ਜ਼ਰੂਰ ਕੁਛ ਨਾ ਕੁਛ ਦੇਂਗੇ। ਔਰ ਨਾ ਸਹੀ, ਬੈੱਡ ਵਗੈਰਾ ਖਰੀਦ ਕੇ ਦੇ ਦੇਂਗੇ। ਦੇਖੋ, ਹਮਾਰੇ ਪਿਤਾ ਨੇ ਮੁਸ਼ਕਿਲ ਵਕਤ ਪਰ ਹਮਾਰੀ ਬਹੁਤ ਬੜੀ ਮਦਦ ਕੀ, ਉਨ ਕੇ ਬੋਲ ਮੁਝੇ ਅਬ ਬੀ ਯਾਦ ਹੈਂ: ਲੜਕੀ ਕੋ ਮਾਰਨਾ ਥੋੜ੍ਹਾ, ਪ੍ਰਾਈਵੇਟ ਹਸਪਤਾਲ ਮੇਂ ਇਸ ਕਾ ਇਲਾਜ ਕਰਵਾਏਂਗੇ। ਆਂਟੀ, ਗਰੀਬ ਹੋ ਚਾਹੇ ਅਮੀਰ ਹੋ … ਪਿਉ ਤੋ ਪਿਉ ਹੀ ਹੋਤਾ ਹੈ ਨਾ। …
ਸੰਪਰਕ: 99151-06449