DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੇਬੇ ਤੋਂ ਬੇਬੀ

ਅਸੀਂ ਜਿਵੇਂ ਅਕਸਰ ਸਿਆਣੇ ਲੋਕਾਂ ਕੋਲੋਂ ਸੁਣਦੇ ਹਾਂ ਕਿ ਸਵਰਗ ਵਿੱਚ ਬਹੁਤ ਖੁੱਲ੍ਹ ਹੈ ਨਾ ਕੋਈ ਰੋਕ-ਟੋਕ, ਨਾ ਖਾਣ ਪੀਣ ਦੀ ਕੋਈ ਘਾਟ, ਸਭ ਕੁਝ ਮਿਲਦਾ ਹੈ । ਇਸੇ ਤਰ੍ਹਾਂ ਮੇਰੇ ਲਈ ਬਚਪਨ ਵਿੱਚ ਜੇਕਰ ਧਰਤੀ ’ਤੇ ਕੋਈ ਸਵਰਗ ਸੀ...

  • fb
  • twitter
  • whatsapp
  • whatsapp
Advertisement

ਅਸੀਂ ਜਿਵੇਂ ਅਕਸਰ ਸਿਆਣੇ ਲੋਕਾਂ ਕੋਲੋਂ ਸੁਣਦੇ ਹਾਂ ਕਿ ਸਵਰਗ ਵਿੱਚ ਬਹੁਤ ਖੁੱਲ੍ਹ ਹੈ ਨਾ ਕੋਈ ਰੋਕ-ਟੋਕ, ਨਾ ਖਾਣ ਪੀਣ ਦੀ ਕੋਈ ਘਾਟ, ਸਭ ਕੁਝ ਮਿਲਦਾ ਹੈ । ਇਸੇ ਤਰ੍ਹਾਂ ਮੇਰੇ ਲਈ ਬਚਪਨ ਵਿੱਚ ਜੇਕਰ ਧਰਤੀ ’ਤੇ ਕੋਈ ਸਵਰਗ ਸੀ ਤਾਂ ਉਹ ਸਨ ਮੇਰੇ ਨਾਨਕੇ। ਮੇਰੇ ਨਾਨਕੇ ਪਟਿਆਲਾ ਤੋਂ ਥੋੜ੍ਹੀ ਹੀ ਦੂਰੀ ’ਤੇ ਪਿੰਡ ਜੱਸੋਵਾਲ ਵਿੱਚ ਹਨ। ਤਕਰੀਬਨ ਚਾਰ ਦਹਾਕੇ ਪਹਿਲਾਂ ਮੇਰੇ ਬਚਪਨ ਦੇ ਉਹ ਦਿਨ, ਜੋ ਮੈਂ ਗਰਮੀਆਂ-ਸਰਦੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਬਿਤਾਉਂਦਾ ਸੀ, ਅੱਜ ਵੀ ਮੇਰੇ ਚੇਤਿਆਂ ’ਚ ਵਸੇ ਹੋਏ ਹਨ। ਮੈਨੂੰ ਅੱਜ ਵੀ ਯਾਦ ਹੈ ਕਿ ਨਾਨਕਿਆਂ ਵਾਲਾ ਘਰ ਪਿੰਡ ਵਿੱਚ ਸੀ ਅਤੇ ਘਰ ਦੇ ਦੋ ਦਰਵਾਜ਼ੇ ਅਲੱਗ ਅਲੱਗ ਗਲ਼ੀਆਂ ਵਿਚ ਖੁੱਲ੍ਹਦੇ ਸਨ। ਇੱਕ ਗਲੀ ਵਿੱਚ ਮੀਆਂ ਜੀ ਦੀ ਹੱਟੀ ਅਤੇ ਦੂਜੀ ਵਿੱਚ ਲਾਲਾ ਜੀ ਦੀ ਹੱਟੀ, ਜਿੱਥੇ ਘਰਦਿਆਂ ਦੇ ਖਾਤੇ ਚੱਲਦੇ ਸਨ। ਸਾਡੇ ਲਈ ਇਹ ਖਾਤੇ ਖੁੱਲ੍ਹੇ ਸਨ, ਭਾਵੇਂ ਠੰਢੇ ਬੱਤੇ ਲੈ ਕੇ ਪੀਓ ਭਾਵੇਂ ਸੰਤਰੇ ਦੀਆਂ ਗੋਲੀਆਂ ਖਾਓ। ਨਾਨਕਿਆਂ ਵਿੱਚ ਬਾਕੀ ਮਾਸੀਆਂ ਦੇ ਬੱਚੇ ਵੀ ਛੁੱਟੀਆਂ ਵਿੱਚ ਇਕੱਠੇ ਹੁੰਦੇ ਸਨ। ਵਿਹੜੇ ਵਿੱਚ ਪੂਰੀਆਂ ਰੌਣਕਾਂ, ਸਾਰਾ ਦਿਨ ਚੁੱਲ੍ਹਾ ਧੁਖਦਾ ਰਹਿੰਦਾ ਸੀ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਲਈ। ਉਸ ਸਵਰਗ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਮੇਰੀ ਬੇਬੇ (ਨਾਨੀ) ਕਰਦੀ ਸੀ, ਜੋ ਬਿਨਾਂ ਵਿਤਕਰੇ ਸਭ ਦੇ ਖਾਣ-ਪੀਣ ਦਾ ਧਿਆਨ ਰੱਖਦੀ ਸੀ। ਪੰਜੀਰੀ, ਬਾਥੂ ਦੇ ਲੱਡੂ, ਮੱਖਣੀ, ਲੱਸੀ ਦਾ ਕੋਈ ਹਿਸਾਬ ਨਹੀਂ ਸੀ। ਪਿੰਡ ਦੀਆਂ ਗਲ਼ੀਆਂ ਵਿੱਚੋਂ ਦੀ ਜਦੋਂ ਵੀ ਲੰਘਣਾ ਅਕਸਰ ਪਿੰਡ ਦੀਆਂ ਔਰਤਾਂ ਨੇ ਪੁੱਛਣਾ ‘ਤੌਂ ਗੁਰਮੇਲ ਕਾ ਮੁੰਡਾ’ (ਗੁਰਮੇਲ ਕੌਰ ਮੇਰੀ ਮਾਂ ਦਾ ਨਾਂ ਸੀ) ਮੇਰੇ ‘ਹਾਂ’ ਕਹਿੰਦੇ ਹੀ ਹਰ ਕਿਸੇ ਨੇ ਮੈਨੂੰ ਬੜੇ ਪਿਆਰ ਨਾਲ ਗਲਵੱਕੜੀ ਪਾ ਕੇ ਮਿਲਣਾ ਤੇ ਖਾਣ ਪੀਣ ਲਈ ਕੁਝ ਨਾ ਕੁਝ ਜ਼ਰੂਰ ਦੇਣਾ। ਉਹਨਾਂ ਸਮਿਆਂ ਵਿੱਚ ਨਾਨਕਿਆਂ ਵਿੱਚ ਆਏ ਦੋਹਤੇ-ਦੋਹਤੀਆਂ ਨੂੰ ਸਾਰੇ ਪਿੰਡ ਵਾਲੇ ਹੀ ਬਹੁਤ ਮਾਣ-ਸਤਿਕਾਰ ਤੇ ਪਿਆਰ ਦਿੰਦੇ ਸਨ।

ਸਵੇਰ ਦਾ ਰੋਟੀ ਟੁੱਕ ਖਾ ਕੇ ਅਸੀਂ ਖੂਹ ’ਤੇ ਖੇਡਣ ਚਲੇ ਜਾਣਾ ਜਿਹੜਾ ਮੀਲ ਕੁ ਦੀ ਦੂਰੀ ’ਤੇ ਸੀ। ਉਥੇ ਜਾਮਣਾਂ, ਅਮਰੂਦ ਅਤੇ ਹੋਰ ਕਈ ਬੂਟੇ ਲੱਗੇ ਹੋਏ ਸਨ ਤੇ ਅੱਧੀ ਦੁਪਹਿਰ ਉਥੇ ਇਸੇ ਤਰ੍ਹਾਂ ਖੇਡਦਿਆਂ ਹੀ ਲੰਘ ਜਾਂਦੀ ਸੀ। ਗਰਮੀਆਂ ਵਿੱਚ ਖੇਤਾਂ ਵਿੱਚ ਜਦੋਂ ਝੋਨਾ ਲਾਉਣ ਲਈ ਕੱਦੂ ਕਰਦੇ ਤਾਂ ਉਹਦੇ ਵਿੱਚ ਭੱਜੇ ਫਿਰਨਾ ਅਤੇ ਚੁਬੱਚੇ ਵਿੱਚ ਨਹਾ ਕੇ ਫੇਰ ਦੁਬਾਰਾ ਖੇਤਾਂ ਵਿੱਚ ਭੱਜ ਜਾਣਾ। ਦੁਪਹਿਰ ਦੀ ਰੋਟੀ ਵੀ ਖੂਹ ’ਤੇ ਹੀ ਆ ਜਾਂਦੀ ਸੀ। ਡੰਗਰ-ਵੱਛਾ ਵੀ ਉੱਥੇ ਹੀ ਲੈ ਆਈਦਾ ਸੀ ਤੇ ਸ਼ਾਮ ਨੂੰ ਵਾਪਸ ਜਾਈਦਾ ਸੀ। ਸਮੇਂ ਨਾਲ ਖੂਹ ਵੀ ਪੂਰਿਆ ਗਿਆ ਮੋਟਰਾਂ ਲੱਗ ਗਈਆਂ। ਸ਼ਹਿਰੀਕਰਨ ਕਰ ਕੇ ਟਿੱਬੇ ਪ੍ਰਾਪਰਟੀ ਡੀਲਰਾਂ ਨੇ ਮੱਲ ਲਏ ਅਤੇ ਪਿੰਡ ਵਾਲਾ ਘਰ ਛੱਡ ਖੂਹ ਵਾਲੇ ਖੇਤ ਵਿੱਚ ਕੋਠੀ ਪੈ ਗਈ। ਦੇਖਦੇ ਹੀ ਦੇਖਦੇ ਸਮੇਂ ਨਾਲ ਸਭ ਕੁਝ ਬਦਲ ਗਿਆ। ਪਰ ਨਹੀਂ ਬਦਲਿਆ ਤਾਂ ਬੇਬੇ ਦਾ ਲਾਡ ਅਤੇ ਪਿਆਰ। ਸਰਦੀਆਂ ਦੀਆਂ ਛੁੱਟੀਆਂ ਵਿੱਚ ਚੁੱਲ੍ਹੇ ਦੇ ਕੋਲ ਬਿਠਾ ਕੇ ਰੋਟੀ ਖੁਆਉਣੀ ਮੇਰੀ ਵੱਡੀ ਮਾਸੀ ਦੇ ਹਿੱਸੇ ਵਿਚ ਸੀ। ਅਕਸਰ ਦਾਲ ਜਾਂ ਸਬਜ਼ੀ ਦੀ ਬਾਟੀ ਭਖ਼ਦੇ ਕੋਲਿਆਂ ’ਤੇ ਧਰ ਲੈਣੀ ਅਤੇ ਗਰਮ ਗਰਮ ਖਾਣੀ।

Advertisement

ਜਦੋਂ ਨਾਨਕਿਆਂ ਦੀ ਸੈਰ ਕਰਕੇ ਘਰ ਪਰਤਦੇ ਤਾਂ ਉਹੀ ਸਕੂਲ ਦਾ ਰੁਟੀਨ ਅਤੇ ਦਿਨ ’ਚ ਦੋ ਜਾਂ ਤਿੰਨ ਵਾਰ ਬੀਬੀ (ਮਾਂ) ਤੋਂ ਛਿੱਤਰ ਖਾਣੇ ਆਮ ਜਿਹੀ ਗੱਲ ਸੀ। ਜਦੋਂ ਮੈਂ ਤੇ ਮੇਰਾ ਵੱਡਾ ਵੀਰ ਸਕੂਲ ਤੋਂ ਬਾਅਦ, ਬਿਨਾਂ ਦੱਸੇ ਕਿਧਰੇ ਇਧਰ ਉਧਰ ਖੇਤਾਂ ਵਿੱਚ ਨਿਕਲ ਜਾਂਦੇ ਤਾਂ ਵਾਪਸ ਆਉਣ ’ਤੇ ਬੀਬੀ ਵੱਲੋਂ ਜਿਹੜੀ ਛਿੱਤਰਾਂ ਦੀ ਸੇਵਾ ਹੁੰਦੀ ਉਹ ਕਦੀ ਨਾ ਭੁੱਲਦੀ। ਬੀਬੀ ਲਾਡ ਤਾਂ ਬਹੁਤ ਲਡਾਉਂਦੀ ਸੀ ਪਰ ਬੇਬੇ ਜਿੰਨਾ ਨਹੀਂ। ਮੇਰੀ ਬੀਬੀ ਵਿੱਚ ਕਈ ਤਰ੍ਹਾਂ ਦੇ ਹੱਥੀਂ ਕੰਮ ਕਰਨ ਦੇ ਹੁਨਰ ਸਨ। ਮੈਂ ਹੱਥੀਂ ਕੰਮ ਕਰਨ ਦਾ ਜੋ ਵੀ ਹੁਨਰ ਸਿੱਖਿਆ ਉਹ ਸਾਰਾ ਮੇਰੀ ਬੀਬੀ ਦੀ ਦੇਣ ਹੈ। ਉਹ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੀ ਤੇ ਸਾਨੂੰ ਵੀ ਨਾਲ ਲਗਾ ਲੈਂਦੀ। ਦਰੀਆਂ ਬੁਣਨਾ ਤਾਂ ਆਮ ਜਿਹੀ ਗੱਲ ਸੀ। ਇੱਕ ਵਾਰ ਅਸੀਂ ਬਨੇਰੇ ਤੋਂ ਛੱਤ ਤੇ ਚੜ੍ਹਨ ਲਈ ਚਾਰ ਡੰਡਿਆਂ ਦੀ ਪੌੜੀ ਮਿੱਟੀ ਤੇ ਇੱਟਾਂ ਨਾਲ ਬਣਾਈ। ਭਾਪਾ ਜੀ ਸਾਨੂੰ ਉਹ ਸਾਰੇ ਕੰਮ ਕਰਨ ਤੋਂ ਰੋਕਦੇ ਸਨ, ਜਿਨ੍ਹਾਂ ਨਾਲ ਪੜ੍ਹਾਈ ’ਤੇ ਅਸਰ ਪੈਂਦਾ ਸੀ। ਅਸੀਂ ਜਦੋਂ ਕਦੀ ਪਿੰਡ ਵਾਲੇ ਸੂਏ ਵਿੱਚ ਨਹਾਉਂਦੇ ਹੋਏ ਭਾਪਾ ਜੀ ਦੇ ਨਜ਼ਰੀਂ ਪੈ ਜਾਣਾ ਤਾਂ ਫਿਰ ਉਹਨਾਂ ਵੱਲੋਂ ਕੀਤੀ ਜਾਂਦੀ ਛਿੱਤਰਾਂ ਦੀ ਸੇਵਾ ਅੱਜ ਤੱਕ ਵੀ ਯਾਦ ਹੈ।

Advertisement

ਹੁਣ ਬਹੁਤ ਸਮਾਂ ਬੀਤ ਗਿਆ ਹੈ, ਵਿਆਹੇ ਗਏ ਅਤੇ ਬੱਚਾ ਵੀ ਵੱਡਾ ਹੋ ਗਿਆ ਹੈ। ਘਰਵਾਲੀ ਬਹੁਤ ਚੰਗੀ ਮਿਲੀ ਹੈ। ਦੋਵੇਂ ਨੌਕਰੀ ਵਾਲੇ ਹੋਣ ਕਾਰਨ ਡਿਊਟੀ ’ਤੇ ਜਾਣ ਦੀ ਕਸ਼ਮਕਸ਼ ਵਿੱਚ ਜਿਹੜਾ ਵੀ ਸਮਾਂ ਮਿਲਦਾ ਹੈ, ਮਿਲਜੁਲ ਕੇ ਘਰ ਦੇ ਕੰਮ ਕਰ ਲੈਂਦੇ ਹਾਂ। ਅਜੋਕੇ ਯੁੱਗ ਵਿੱਚ ਕਈ ਲੋਕ ਆਪਣੀ ਘਰਵਾਲੀ ਨੂੰ ਪਿਆਰ ਨਾਲ ‘ਬੇਬੀ’ ਕਹਿੰਦੇ ਹਨ ਜਾਂ ਹੋਰ ਬਹੁਤ ਸਾਰੇ ਨਾਵਾਂ ਨਾਲ ਸੰਬੋਧਨ ਕਰਦੇ ਹਨ। ਮੈਂ ਵੀ ਕਈ ਵਾਰ ਹਾਸੇ ਹਾਸੇ ਵਿੱਚ ਆਪਣੀ ਧਰਮਪਤਨੀ ਨੂੰ ‘ਬੇਬੀ’ ਕਹਿ ਦਿੰਦਾ ਹਾਂ। ਪਰ ਮੇਰੇ ਲਈ ‘ਬੇਬੀ’ ਸ਼ਬਦ ਦੋ ਰਿਸ਼ਤਿਆਂ ਦੇ ਅੱਖਰਾਂ ਤੋਂ ਬਣਿਆ ਹੈ, ਬੇਬੇ ਅਤੇ ਬੀਬੀ। ਮੇਰੀ ਧਰਮਪਤਨੀ ਵਿੱਚ ਦੋਵੇਂ ਹੀ ਗੁਣ ਹਨ। ਬੇਬੇ ਵਾਂਗੂ ਪਿਆਰ ਨਾਲ ਰੋਟੀ ਪਾਣੀ ਬਣਾ ਕੇ ਖੁਆ ਦਿੰਦੀ ਹੈ, ਖਾਣ-ਪੀਣ ਦੀਆਂ ਹੋਰ ਬਹੁਤ ਸਾਰੀਆਂ ਫਰਮਾਇਸ਼ਾਂ ਵੀ ਪੂਰੀਆਂ ਕਰ ਦਿੰਦੀ ਹੈ। ਪਰ ਕਈ ਵਾਰੀ ਮੇਰੀ ਬੀਬੀ ਵਾਂਗੂ ਗੁੱਸੇ ਵੀ ਹੋ ਜਾਂਦੀ ਹੈ ਪਰ ਛਿਤਰੌਲ ਤੋਂ ਬੱਚਤ ਹੈ। ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦਾ ਹਾਂ ਕਿ ਬੇਬੇ ਅਤੇ ਬੀਬੀ ਤੋਂ ਬਾਅਦ ਮੈਨੂੰ ‘ਬੇਬੀ’ ਮਿਲ ਗਈ। ਮੈਂ ਆਪਣੀ ਮਾਸਟਰ ਅਤੇ ਪੀ.ਐੱਚ.ਡੀ ਦੀ ਡਿਗਰੀ ਵਿਆਹ ਤੋਂ ਬਾਅਦ ਉਸ ਦੇ ਸਹਿਯੋਗ ਨਾਲ ਹੀ ਕੀਤੀ ਹੈ, ਜਿਸ ਨੇ ਮੇਰੀ ਜ਼ਿੰਦਗੀ ਨੂੰ ਇੱਕ ਨਵੀਂ ਲੀਹ ’ਤੇ ਪਾ ਦਿੱਤਾ ਹੈ। ਵਿਆਹ ਤੋਂ ਬਾਅਦ ‘ਬੇਬੀ’ ਹੀ ਮੇਰੀ ਪ੍ਰੇਰਨਾ ਸਰੋਤ ਹੈ।

ਸੰਪਰਕ: 98142-05475

Advertisement
×