DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਭੂਆ ਘਰੋਂ ਚਾਹ ਪੀਤੇ ਬਗ਼ੈਰ ਜਾਓਗੇ...!

ਜਨਗਣਨਾ 2027 ਦੇ ਪਹਿਲੇ ਪੜਾਅ ਦਾ ਕੰਮ ਰਫ਼ਤਾਰ ਫੜ ਗਿਆ ਹੈ ਅਤੇ ਮਰਦਮਸ਼ੁਮਾਰੀ ਕਰਨ ਵਾਲਿਆਂ ਦੇ ਤਜਰਬੇ ਸੁਣਨ ਨੂੰ ਮਿਲ ਰਹੇ ਹਨ। ਅਜਿਹੇ ਵਿੱਚ 2011 ਦੀ ਜਨਗਣਨਾ ਦੀਆਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਉਦੋਂ ਜਿਸ ਪਿੰਡ ’ਚ ਜਨਗਣਨਾ...

  • fb
  • twitter
  • whatsapp
  • whatsapp
Advertisement

ਜਨਗਣਨਾ 2027 ਦੇ ਪਹਿਲੇ ਪੜਾਅ ਦਾ ਕੰਮ ਰਫ਼ਤਾਰ ਫੜ ਗਿਆ ਹੈ ਅਤੇ ਮਰਦਮਸ਼ੁਮਾਰੀ ਕਰਨ ਵਾਲਿਆਂ ਦੇ ਤਜਰਬੇ ਸੁਣਨ ਨੂੰ ਮਿਲ ਰਹੇ ਹਨ। ਅਜਿਹੇ ਵਿੱਚ 2011 ਦੀ ਜਨਗਣਨਾ ਦੀਆਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਉਦੋਂ ਜਿਸ ਪਿੰਡ ’ਚ ਜਨਗਣਨਾ ਲਈ ਮੇਰੀ ਡਿਊਟੀ ਲੱਗੀ ਸੀ, ਉਹ ਪਿੰਡ ਕਾਫ਼ੀ ਵੱਡਾ ਹੋਣ ਕਾਰਨ ਮਰਦਮਸ਼ੁਮਾਰੀ ਦਾ ਜ਼ਿੰਮਾ ਕਈ ਮੁਲਾਜ਼ਮਾਂ ਨੂੰ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਕੁਝ ਵੱਲੋਂ ਪਿੰਡ ਦੇ ਗੁਰਦੁਆਰੇ ਤੋਂ ਲੋਕਾਂ ਨੂੰ ਜਨਗਣਨਾ ਸਬੰਧੀ ਲੋੜੀਂਦੇ ਸਬੂਤ ਤਿਆਰ ਰੱਖਣ, ਜਨਗਣਨਾ ਕਰਵਾਉਣ ਦੀ ਜ਼ਰੂਰਤ, ਭਵਿੱਖ ਵਿੱਚ ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਬਣਨ ਵਾਲੀਆਂ ਯੋਜਨਾਵਾਂ ਆਦਿ ਸਬੰਧੀ ਅਨਾਊਂਸਮੈਂਟ ਕਰਵਾਈ ਗਈ। ਇਸ ਕਰਕੇ ਪਿੰਡ ਵਿੱਚ ਅਜਿਹਾ ਮਾਹੌਲ ਬਣਿਆ ਹੋਇਆ ਸੀ ਕਿ ਇਹ ਸਰਵੇ ਉਨ੍ਹਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ, ਮਿਲਦੀਆਂ ਸਹੂਲਤਾਂ ਤੋਂ ਵਿਰਵੇ ਕਰਨ ਜਾਂ ਸਹੂਲਤਾਂ ਨੂੰ ਜਾਰੀ ਰੱਖਣ ਵਿੱਚ ਆਪਣੀ ਭੂਮਿਕਾ ਨਿਭਾਏਗਾ। ਸਹੂਲਤਾਂ ਖੁੱਸਣ ਦੇ ਡਰੋਂ ਲੋਕ ਕਾਫ਼ੀ ਸੁਚੇਤ ਸਨ। ਮੇਰੇ ਕੋਲ ਜਨਗਣਨਾ ਲਈ ਪਿੰਡ ਦਾ ਆਰਥਿਕ ਪੱਖ ਤੋਂ ਕਾਫ਼ੀ ਖੁਸ਼ਹਾਲ ਇਲਾਕਾ ਸੀ, ਪਰ ਜਾਣਕਾਰੀ ਦੇਣ ਸਮੇਂ ਅਕਸਰ ਹੀ ਲੋਕ ਖ਼ੁਦ ਨੂੰ ਸਾਧਨ ਵਿਹੂਣੇ ਦੱਸਦੇ। ਅਜਿਹੀ ਹੀ ਘਟਨਾ ਕਿਸੇ ਵਿਸ਼ੇਸ਼ ਸੰਪਰਦਾ ਨਾਲ ਜੁੜੇ ਅਤੇ ਇਲਾਕੇ ਵਿੱਚ ਅਗਵਾਈ ਕਰਨ ਵਾਲੇ ਵਿਅਕਤੀ ਦੇ ਘਰ ਵਾਪਰੀ। ਉਸ ਵਿਅਕਤੀ ਦਾ ਘਰ ਕਾਫ਼ੀ ਸ਼ਾਨਦਾਰ ਤੇ ਵੱਡਾ ਸੀ। ਘਰ ਦੇ ਸ਼ੈੱਡ ਹੇਠ ਕਾਰ, ਜੀਪ, ਨਵਾਂ ਵੱਡਾ ਟਰੈਕਟਰ ਅਤੇ ਖੇਤੀਬਾੜੀ ਨਾਲ ਸਬੰਧਿਤ ਸੰਦ ਖੜ੍ਹੇ ਸਨ, ਪਰ ਫਾਰਮ ਭਰਦੇ ਸਮੇਂ ਜਦੋਂ ਮੈਂ ਸਾਧਨਾਂ ਸਬੰਧੀ ਪੁੱਛਿਆ ਕਿ ਇਹ ਤੁਹਾਡੇ ਹਨ? ਤਾਂ ਉਸ ਨੇ ‘ਨਹੀਂ’ ਵਿੱਚ ਜਵਾਬ ਦਿੱਤਾ।

ਇੱਕ ਸ਼ਾਮ ਮੈਂ ਤੇ ਮੇਰਾ ਸਾਥੀ ਇੱਕ ਘਰ ਗਏ ਤਾਂ ਘਰ ਦਾ ਬਜ਼ੁਰਗ ਖਾਣਾ ਖਾ ਰਿਹਾ ਸੀ। ਥਾਲ ਵਿੱਚ ਸਲਾਦ, ਅੰਬ ਦੀਆਂ ਫਾੜੀਆਂ ਤੇ ਦਾਲ ਸਬਜ਼ੀ ਸੀ। ਕੋਲ ਪਏ ਰੇਡੀਓ ’ਤੇ ਪੰਜਾਬੀ ਗੀਤ ਚੱਲ ਰਿਹਾ ਸੀ। ਬਜ਼ੁਰਗ ਨੇ ਸਾਡੇ ਆਉਣ ਦਾ ਕਾਰਨ ਪੁੱਛਦਿਆਂ ਕੋਲ ਪਏ ਮੰਜੇ ’ਤੇ ਬੈਠਣ ਲਈ ਕਿਹਾ। ਅਸੀਂ ਉਸ ਬਜ਼ੁਰਗ ਨੂੰ ਜਨਗਣਨਾ ਸਬੰਧੀ ਕੁਝ ਤੱਥ ਜਾਣਨ ਲਈ ਆਉਣ ਬਾਰੇ ਦੱਸਿਆ। ਉਸ ਨੇ ਸਾਨੂੰ ਖਾਣੇ ਸਬੰਧੀ ਪੁੱਛਦਿਆਂ ਕੁਝ ਸਮਾਂ ਉਡੀਕ ਕਰਨ ਲਈ ਕਿਹਾ। ਉਸ ਨੇ ਖਾਣਾ ਖਾਣ ਮਗਰੋਂ ਰਸੋਈ ਵਿੱਚ ਕੰਮ ਕਰ ਰਹੀ ਬਜ਼ੁਰਗ ਮਾਤਾ ਨੂੰ ਸਾਡੇ ਲਈ ਗਰਮ ਦੁੱਧ ਲਿਆਉਣ ਲਈ ਕਹਿੰਦਿਆਂ ਕਿਹਾ, ‘‘ਦੱਸੋ ਕੀ ਪੁੱਛਣੈ ਪੁੱਤਰੋ?’’ ਮੇਰੇ ਵੱਲੋਂ ਪਹਿਲਾ ਸਵਾਲ ਉਸ ਦੇ ਪਰਿਵਾਰ ਸਬੰਧੀ ਸੀ, ਜਿਹੜਾ ਬਜ਼ੁਰਗਾਂ ਦੇ ਇਕੱਲੇ ਹੋਣ ਕਾਰਨ ਪਹਿਲਾਂ ਹੀ ਮਨ ’ਚ ਰੜਕਦਾ ਸੀ। ‘‘ਇੱਕ ਪੁੱਤ ਸੀ, ਜਿਹੜਾ ਕਈ ਸਾਲ ਪਹਿਲਾਂ ਵਿਦੇਸ਼ ਜਾ ਕੇ ਸਾਨੂੰ ਭੁੱਲ ਗਿਆ। ਹੁਣ ਅਸੀਂ ਉਸ ਲਈ ਮਰਿਆਂ ਵਰਗੇ ਤੇ ਉਹ ਸਾਡੇ ਲਈ।’’ ਇਹ ਕਹਿੰਦਿਆਂ ਬਜ਼ੁਰਗ ਨੇ ਲੰਮਾ ਹਉਕਾ ਭਰਿਆ। ਮੇਰੇ ਵੱਲੋਂ ਇਹ ਖ਼ਦਸ਼ਾ ਜ਼ਾਹਿਰ ਕਰਦਿਆਂ ਕਿ ਜੇਕਰ ਉਹ ਫੋਨ ਨਹੀਂ ਕਰਦਾ ਜਾਂ ਮਿਲਣ ਨਹੀਂ ਆਉਂਦਾ ਤਾਂ ਹੋ ਸਕਦਾ ਹੈ ਕਿ ਉਸ ਦੀ ਕੋਈ ਮਜਬੂਰੀ ਹੋਵੇ ਜਾਂ ਉਸ ਨਾਲ ਕੋਈ ਘਟਨਾ ਵਾਪਰੀ ਹੋਵੇ! ‘‘ਉਸ ਨੂੰ ਕੁਝ ਨਹੀਂ ਹੋਇਆ। ਚੰਗਾ ਭਲਾ, ਬਾਲ ਬੱਚਿਆਂ ਵਾਲਾ ਹੈ। ਬੱਸ ਸਾਨੂੰ ਹੀ ਭੁੱਲਿਆ ਹੋਇਐ।’’ ਇਹ ਕਹਿੰਦਿਆਂ ਬਜ਼ੁਰਗ ਰੋਣ ਲੱਗ ਪਿਆ। ਸਾਡੇ ਵੱਲੋਂ ਹੌਸਲਾ ਦੇਣ ’ਤੇ ਬਜ਼ੁਰਗ ਸੰਭਲ ਕੇ ਬੋਲਿਆ, ‘‘ਫਿਰ ਕੀ ਹੋਇਆ, ਜੇ ਉਹ ਸਾਨੂੰ ਯਾਦ ਨਹੀਂ ਕਰਦਾ, ਹੁਣ ਕਿਹੜਾ ਅਸੀਂ ਭੁੱਖੇ ਸੌਂਦੇ ਆਂ?’’

Advertisement

ਅਗਲੇ ਘਰ ਗਏ ਤਾਂ ਉਨ੍ਹਾਂ ਦੀ ਆਰਥਿਕ ਹਾਲਤ ਕਾਫ਼ੀ ਮਾੜੀ ਸੀ। ਜਨਗਣਨਾ ਲਈ ਮਿਲੇ ਖੇਤਰ ਵਿੱਚੋਂ ਇਹ ਘਰ ਸਭ ਤੋਂ ਗ਼ਰੀਬ ਪਰਿਵਾਰ ਸੀ। ਗੁਆਂਢੀਆਂ ਅਨੁਸਾਰ ਪਹਿਲਾਂ ਇਨ੍ਹਾਂ ਦੀ ਆਰਥਿਕ ਹਾਲਤ ਕਾਫ਼ੀ ਚੰਗੀ ਸੀ, ਪਰ ਵਪਾਰ ਵਿੱਚ ਪਏ ਘਾਟੇ ਨੇ ਉਨ੍ਹਾਂ ਨੂੰ ਇੱਥੋਂ ਤੱਕ ਪਹੁੰਚਾ ਦਿੱਤਾ। ਘਰ ਦੀ ਬਜ਼ੁਰਗ ਔਰਤ ਵੱਲੋਂ ਪੁੱਛਣ ’ਤੇ ਅਸੀਂ ਦੱਸਿਆ ਕਿ ਅਸੀਂ ਪਿੰਡ ਦੇ ਸਕੂਲ ਦੇ ਮਾਸਟਰ ਹਾਂ, ਪਰ ਪਿੰਡ ਸਾਡੇ ਮਾਨਸਾ ਜ਼ਿਲ੍ਹੇ ਵਿੱਚ ਹਨ। ਇਹ ਸੁਣ ਕੇ ਔਰਤ ਨੂੰ ਚਾਅ ਜਿਹਾ ਚੜ੍ਹ ਗਿਆ। ਉਸ ਨੇ ਕਿਹਾ, ‘‘ਲੈ ਫਿਰ ਤਾਂ ਤੁਸੀਂ ਮੇਰੇ ਭਤੀਜੇ ਹੋਏ ਕਿਉਂਕਿ ਮੇਰਾ ਪੇਕੇ ਪਿੰਡ ਵੀ ਮਾਨਸਾ ਵਿੱਚ ਹੈ।’’ ਜਾਣਕਾਰੀ ਲੈਣ ਮਗਰੋਂ ਜਦੋਂ ਅਸੀਂ ਜਾਣ ਲਈ ਇਜਾਜ਼ਤ ਮੰਗੀ ਤਾਂ ਉਸ ਨੇ ਕਿਹਾ, ‘‘ਭੂਆ ਦੇ ਘਰੋਂ ਬਿਨਾਂ ਚਾਹ ਪੀਤਿਆਂ ਜਾਓਗੇ?’’ ਉਸ ਘਰ ਦੇ ਹਾਲਾਤ ਦੇਖ ਕੇ ਅਸੀਂ ਉਨ੍ਹਾਂ ਨੂੰ ਕੋਈ ਅਜਿਹੀ ਖੇਚਲ ਦੇਣ ਦੇ ਪੱਖ ਵਿੱਚ ਨਹੀਂ ਸਾਂ, ਪਰ ਉਨ੍ਹਾਂ ਮੱਲੋ-ਮੱਲੀ ਸਾਨੂੰ ਬਿਠਾ ਕੇ ਚਾਹ ਪਿਆਈ।

Advertisement

ਉਸ ਖੇਤਰ ਦੇ ਹੋਰ ਕਈ ਅਜਿਹੇ ਬਜ਼ੁਰਗ ਜੋੜੇ ਜਨਗਣਨਾ ਦੌਰਾਨ ਮਿਲੇ, ਜਿਨ੍ਹਾਂ ਦੇ ਕੋਈ ਔਲਾਦ ਨਾ ਹੋਣ ਜਾਂ ਵਿਦੇਸ਼ ਜਾਣ ਕਾਰਨ ਉਹ ਇੱਥੇ ਇਕੱਲੇ ਰਹਿ ਰਹੇ ਸਨ। ਉਨ੍ਹਾਂ ਦੀਆਂ ਗੱਲਾਂ ਵਿੱਚ ਨਿਰਾਸ਼ਾ ਦੀ ਬਜਾਏ ਜ਼ਿੰਦਾਦਿਲੀ ਸੀ। ਉਨ੍ਹਾਂ ਵੱਲੋਂ ਅਕਸਰ ਸਾਨੂੰ ਪੂਰੇ ਮਾਣ-ਸਨਮਾਨ ਨਾਲ ਬਿਠਾਇਆ ਜਾਂਦਾ ਅਤੇ ਚਾਹ ਪਿਆਈ ਜਾਂਦੀ। ਢੇਰ ਸਾਰੀਆਂ ਗੱਲਾਂ, ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਜਾਂਦੇ। ਇਸ ਥੋੜ੍ਹੇ ਜਿਹੇ ਸਮੇਂ ਵਿੱਚ ਉਨ੍ਹਾਂ ਨਾਲ ਇੰਝ ਸਾਂਝ ਪੈ ਜਾਂਦੀ ਜਿਵੇਂ ਅਸੀਂ ਉਨ੍ਹਾਂ ਨੂੰ ਬਹੁਤ ਪਹਿਲਾਂ ਤੋਂ ਜਾਣਦੇ ਹੋਈਏ। ਮੈਨੂੰ ਵੀ ਉਨ੍ਹਾਂ ਦੀ ਜ਼ਿੰਦਗੀ ਸਬੰਧੀ ਜਾਣਨ ਦੀ ਉਤਸੁਕਤਾ ਹੁੰਦੀ। ਕਈ ਬਜ਼ੁਰਗ, ਜਿਹੜੇ ਬੁਢਾਪੇ ਕਾਰਨ ਮੰਜੇ ’ਤੇ ਪਏ ਹੁੰਦੇ ਸਨ, ਆਪਣੇ ਪੁੱਤਾਂ ਨਾਲ ਰਹਿ ਰਹੇ ਹੁੰਦੇ, ਉਹ ਵੀ ਆਪਣੇ ਪੁੱਤਾਂ ਨੂੰਹਾਂ ਦੀ ਸੇਵਾ ਤੋਂ ਬੇਹੱਦ ਖ਼ੁਸ਼ ਜਾਪਦੇ। ਉਨ੍ਹਾਂ ਕੋਲ਼ ਕੁਝ ਸਮਾਂ ਬਤੀਤ ਕਰਦਿਆਂ ਪਰਿਵਾਰ ਨੂੰ ਹੱਲਾਸ਼ੇਰੀ ਦਿੰਦਿਆਂ ਅੱਗੇ ਵਧਦੇ। ਇਸੇ ਤਰ੍ਹਾਂ ਇੱਕ ਘਰ ਇਕੱਲੀ ਬਜ਼ੁਰਗ ਔਰਤ ਰਹਿ ਰਹੀ ਸੀ। ਘਰ ਵੱਡਾ ਤੇ ਸਾਫ਼ ਸੁਥਰਾ ਸੀ। ਉਹ ਵੀ ਗੱਲੀਂਬਾਤੀਂ ਕਾਫ਼ੀ ਖ਼ੁਸ਼ ਤੇ ਜ਼ਿੰਦਗੀ ਤੋਂ ਸੰਤੁਸ਼ਟ ਜਾਪੀ। ਉਸ ਨੇ ਆਪਣੇ ਨਾਲ ਇੱਕ ਪਰਵਾਸੀ ਔਰਤ ਰੱਖੀ ਹੋਈ ਸੀ। ਹੋਰ ਬਹੁਤ ਸਾਰੇ ਘਰਾਂ ਵਿੱਚੋਂ ਚੰਗੇ ਅਤੇ ਸਵਾਲ ਪੈਦਾ ਕਰਨ ਵਾਲੇ ਤਜਰਬੇ ਮਿਲੇ। ਕਈ ਅਜਿਹੇ ਤਜਰਬੇ ਵੀ ਮਿਲੇ, ਜਿਹੜੇ ਅੱਜ ਵੀ ਯਾਦਾਂ ਦਾ ਹਿੱਸਾ ਹਨ। ਇਸ ਸਮੇਂ ਕਈ ਜਾਣਕਾਰ ਬੇਗ਼ਾਨਿਆਂ ਵਾਂਗੂ ਤੇ ਕਈ ਬੇਗ਼ਾਨੇ ਆਪਣਿਆਂ ਵਾਂਗੂ ਮਿਲੇ। ਲਗਪਗ ਹਰ ਪਰਿਵਾਰ ਪੂੁਰੇ ਸੱਭਿਅਕ ਤਰੀਕੇ ਨਾਲ ਪੇਸ਼ ਆਉਂਦਾ ਸੀ। ਸਕੂਲ ਸਮੇਂ ਤੋਂ ਬਾਅਦ ਸ਼ਾਮ ਨੂੰ ਜਾਣ ਕਾਰਨ ਕੁਝ ਪਰਿਵਾਰ ਸ਼ਾਮ ਨੂੰ ਘਰ ਠਹਿਰਨ ਦੀ ਪੇਸ਼ਕਸ਼ ਕਰਦੇ। ਅੱਜ ਡੇਢ ਦਹਾਕੇ ਬਾਅਦ ਵੀ ਜਨਗਣਨਾ ਦੀਆਂ ਢੇਰ ਸਾਰੀਆਂ ਯਾਦਾਂ ਤਾਜ਼ਾ ਹਨ।

ਸੰਪਰਕ: 81469-24800

Advertisement
×