ਅਨਪੜ੍ਹ ਲੋਕਾਂ ਬਾਰੇ ਗ਼ਲਤ ਬਿਆਨੀਆ ਬਣਾਉਣ ਦਾ ਯਤਨ

ਅਨਪੜ੍ਹ ਲੋਕਾਂ ਬਾਰੇ ਗ਼ਲਤ ਬਿਆਨੀਆ ਬਣਾਉਣ ਦਾ ਯਤਨ

ਅਵਿਜੀਤ ਪਾਠਕ

ਅਵਿਜੀਤ ਪਾਠਕ

ਹਾਲ ਹੀ ’ਚ ਸੰਸਦ ਟੀਵੀ ਨਾਲ ਮੁਲਾਕਾਤ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਕਿ ‘ਅਨਪੜ੍ਹ ਲੋਕ ਭਾਰਤ ਦੇ ਚੰਗੇ ਨਾਗਰਿਕ ਨਹੀਂ ਬਣ ਸਕਦੇ।’ ਉਨ੍ਹਾਂ ਦੀ ਸੋਚ ਮੁਤਾਬਕ ਅਨਪੜ੍ਹ ‘ਮੁਲਕ ’ਤੇ ਬੋਝ ਹੁੰਦੇ ਹਨ ਕਿਉਂਕਿ ਉਹ ਨਾ ਤਾਂ ਸੰਵਿਧਾਨ ਵਾਲੇ ਅਧਿਕਾਰਾਂ ਬਾਰੇ ਤੇ ਨਾ ਹੀ ਫ਼ਰਜ਼ਾਂ ਬਾਰੇ ਜਾਣਦੇ ਹੁੰਦੇ ਹਨ।’ ਇਸ ਕਿਸਮ ਦਾ ਬਿਆਨ ਇਹ ਪ੍ਰਭਾਵ ਦੇ ਸਕਦਾ ਹੈ ਕਿ ਉਹ ਗਿਆਨ ਤੇ ਸਿੱਖਿਆ ਦੇ ਪ੍ਰਕਾਸ਼ ਅਤੇ ਸਾਖਰਤਾ ਤੇ ਨਾਗਰਿਕਾਂ ਲਈ ਚੇਤਨਾ ਫੈਲਾਉਣ ਲਈ ਸਕੂਲਾਂ ਦਾ ਤਾਣਾ ਬਾਣਾ ਵਸੀਹ ਕਰਨ ਦੀ ਲੋੜ ਦੇ ਮਹੱਤਵ ’ਤੇ ਜ਼ਿਆਦਾ ਜ਼ੋਰ ਦੇ ਰਹੇ ਸਨ ਪਰ ਥੋੜ੍ਹਾ ਗਹੁ ਨਾਲ ਵਾਚੀਏ ਤਾਂ ਸਮੁੱਚੇ ਮੁੱਦੇ ਨੂੰ ਦੇਖਣ ਦੇ ਉਨ੍ਹਾਂ ਦੇ ਢੰਗ ਵਿਚ ਕੁਝ ਗੰਭੀਰ ਸਮੱਸਿਆਵਾਂ ਨੂੰ ਫੜਨਾ ਅਸੰਭਵ ਨਹੀਂ ਹੋਵੇਗਾ।

ਪੜ੍ਹੇ ਲਿਖੇ, ਤਕਨੀਕੀ ਤੌਰ ’ਤੇ ਹੁਨਰਮੰਦ ਅਤੇ ਆਰਥਿਕ ਤੌਰ ’ਤੇ ਅਗਾਂਹਵਧੂ ਲੋਕ ਜ਼ਰੂਰੀ ਨਹੀਂ ਕਿ ਅਜਿਹੇ ਲਹੀ ਹੋਣ ਜਿਹੜੇ ਸੰਵਿਧਾਨਕ ਅਸੂਲਾਂ ਜਾਂ ਨਿਰਸਵਾਰਥ ਭਾਵ ਨਾਲ ਕੰਮ ਕਰਦੇ ਹਨ। ਕਿਸੇ ਅਨਪੜ੍ਹ ਸ਼ਖ਼ਸ ਨੂੰ ਬੋਝ ਮੰਨਣਾ ਗ਼ਲਤ ਹੈ। ਕੋਈ ਬੇਜ਼ਮੀਨਾ ਕਿਸਾਨ, ਮਛੇਰਾ, ਰੇਹੜੀ ਫੜ੍ਹੀ ਲਾਉਣ ਵਾਲਾ, ਉਸਾਰੀ ਮਜ਼ਦੂਰ- ਦੂਜੇ ਸ਼ਬਦਾਂ ’ਚ ਅਨਪੜ੍ਹ ਦਲਿਤ ਸ਼ਾਇਦ ਸੰਵਿਧਾਨ ਦੀਆਂ ਧਾਰਾਵਾਂ ਦੇ ਹਵਾਲੇ ਨਾਲ ਬੁਨਿਆਦੀ ਹੱਕਾਂ ਤੇ ਨਿਰਦੇਸ਼ਕ ਸਿਧਾਂਤਾਂ ਬਾਰੇ ਭਾਸ਼ਣ ਨਾ ਦੇ ਸਕੇ ਲੇਕਿਨ ਉਹ ਗਿਆਨੀਆਂ ਪਰ ਸਿਰੇ ਦੇ ਮੀਸਣੇ ਅਤੇ ਨੈਤਿਕ ਤੇ ਸਿਆਸੀ ਤੌਰ ’ਤੇ ਗ਼ੈਰ ਜ਼ਿੰਮੇਵਾਰ ਲੋਕਾਂ ਵਾਂਗ ਬਿਲਕੁੱਲ ਨਹੀਂ ਹੁੰਦੇ। ਉਹ ਹੱਡ ਭੰਨਵੀਂ ਮਿਹਨਤ ਕਰਦੇ ਹਨ, ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾ ਗੁਜ਼ਰ-ਬਸਰ ਕਰਦੇ ਹਨ। ਕੋਈ ਆਪਣੀ ਮਰਜ਼ੀ ਨਾਲ ਗ਼ਰੀਬ ਜਾਂ ਅਨਪੜ੍ਹ ਨਹੀਂ ਹੁੰਦਾ; ਨਾ ਹੀ ਕਿਸੇ ਨੂੰ ਬੰਧੂਆ ਮਜ਼ਦੂਰੀ ਕਰਨ ਜਾਂ ਬੇਘਰ ਹੋਣ ਅਤੇ ਆਪਣੇ ਮੱਥੇ ਤੇ ਹਰ ਕਿਸਮ ਦੇ ਦਾਗ਼ ਖੁਣਵਾਉਣ ਦਾ ਕੋਈ ਚਾਅ ਹੁੰਦਾ ਹੈ।

ਅਸਲ ਬੋਝ ਤਾਂ ਪਿੱਤਰਸੱਤਾ, ਜਾਤੀਵਾਦੀ ਤੇ ਸਾਮੰਤੀ ਢਾਂਚੇ ਅਤੇ ਨਵੇਂ ਉਭਰ ਰਹੇ ਨਵਉਦਾਰਵਾਦੀ ਪੂੰਜੀਵਾਦ ਦਾ ਮਿਸ਼ਰਨ ਹੈ। ਇਹ ਅਸ਼ਲੀਲ ਬਹੁਤਾਤ ਦੇ ਆਲੇ ਦੁਆਲੇ ਭੁੱਖਮਰੀ ਤੇ ਕੁਪੋਸ਼ਣ ਪੈਦਾ ਕਰਦਾ ਹੈ; ਅਮੀਰਾਂ ਲਈ ਕੌਮਾਂਤਰੀ ਪੱਧਰ ਦੇ ਸਕੂਲਾਂ ਦੇ ਆਸ ਪਾਸ ਬਾਲ ਮਜ਼ਦੂਰੀ ਸਿਰਜਦਾ ਹੈ, ਦਲਿਤਾਂ, ਔਰਤਾਂ ਤੇ ਹੋਰ ਮਹਿਰੂਮ ਤਬਕਿਆਂ ਨੂੰ ਨੱਪ ਕੇ ਰੱਖਦਾ ਹੈ। ਇਸੇ ਕਰ ਕੇ ਵੱਡੀ ਤਾਦਾਦ ’ਚ ਬੱਚੇ ਸਕੂਲ ਛੱਡਦੇ ਹਨ ਤੇ ਮੁੱਖਧਾਰਾ ਦੀ ਅਜਿਹੀ ਸਕੂਲ ਪ੍ਰਣਾਲੀ ਖੜ੍ਹੀ ਕੀਤੀ ਜਾਂਦੀ ਹੈ ਜਿਸ ਦਾ ਗ਼ਰੀਬਾਂ ਨਾਲ ਕੋਈ ਸਰੋਕਾਰ ਨਹੀਂ। ਢਾਂਚਾਗਤ ਹਿੰਸਾ ਦਾ ਸਵਾਲ ਉਠਾਉਣ ਦੀ ਤਾਂ ਗੱਲ ਹੀ ਛੱਡੋ, ਗ੍ਰਹਿ ਮੰਤਰੀ ਅਨਪੜ੍ਹਾਂ ਨੂੰ ਹੀ ਦੋਸ਼ੀ ਠਹਿਰਾ ਰਹੇ ਹਨ।

ਸ਼ਾਹ ਨੇ ਇਕ ਹੋਰ ਬੁਨਿਆਦੀ ਸਵਾਲ ਪੁੱਛਣ ਦੀ ਜ਼ਹਿਮਤ ਨਹੀਂ ਕੀਤੀ: ਸਿੱਖਿਆ ਹੁੰਦੀ ਕੀ ਹੈ? ਅਨਪੜ੍ਹਤਾ ਨੂੰ ਵਡਿਆਉਣ ਜਾਂ ਹਮਾਇਤ ਦੇਣ ਦਾ ਕੋਈ ਕਾਰਨ ਨਹੀਂ ਬਣਦਾ ਪਰ ਜੋ ਕੁਝ ਅਸੀਂ ਪੜ੍ਹੇ ਲਿਖੇ ਤੇ ਸਿੱਖਿਅਤ ਲੋਕ ਕਰ ਰਹੇ ਹਾਂ, ਉਸ ਵਿਚ ਕੋਈ ਮਾਣ ਵਾਲੀ ਗੱਲ ਹੈ? ਉਨ੍ਹਾਂ (ਸ਼ਾਹ) ਨੂੰ ਆਪਣੇ ਆਸ ਪਾਸ ਝਾਤੀ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਯੂਨੀਵਰਸਿਟੀਆਂ ਵਿਚ ਪੜ੍ਹੇ, ਤਕਨੀਕੀ ਤੌਰ ’ਤੇ ਹੁਨਰਮੰਦ ਤੇ ਆਰਥਿਕ ਤੌਰ ’ਤੇ ਵਿਕਾਸਸ਼ੀਲ ਸਾਡੇ ਵਰਗੇ ਲੋਕ ਜ਼ਰੂਰੀ ਨਹੀਂ ਕਿ ਅਜਿਹੇ ਸ਼ਖ਼ਸ ਹੋਣ ਜੋ ਸੰਵਿਧਾਨਕ ਅਸੂਲਾਂ ਤੇ ਨਿਰਸਵਾਰਥ ਭਾਵ ਤੋਂ ਕੰਮ ਲੈਂਦੇ ਹੋਣ। ਸਾਡੇ ’ਚੋਂ ਜ਼ਿਆਦਾਤਰ ਲੋਕਾਂ ਨੂੰ ਦਾਜ ਜਾਂ ਵੱਢੀ ਲੈਣ ’ਚ ਕੋਈ ਉਜ਼ਰ ਨਹੀਂ; ਅਸੀਂ ਸਕੈਂਡਲਾਂ ਤੇ ਭ੍ਰਿਸ਼ਟਾਚਾਰ ਵਿਚ ਗ਼ਲਤਾਨ ਹਾਂ; ਅੰਨ੍ਹੇਵਾਹ ਖਪਤਵਾਦ ਜ਼ਰੀਏ ਕੁਦਰਤ ਬਰਬਾਦ ਕਰ ਦਿੱਤੀ ਹੈ; ਜੰਗ ਤੇ ਜਾਸੂਸੀ ਦੀਆਂ ਵਿਉਂਤਾਂ ’ਚ ਜੁਟੇ ਹੋਏ ਹਾਂ; ਟੈਕਸ ਚੋਰੀ ਕਰਦੇ ਹਾਂ; ਨਫ਼ਰਤ ਫੈਲਾਉਣ ਵਾਲੇ ਚੈਨਲਾਂ ਤੇ ਅਖ਼ਬਾਰਾਂ ਦੇ ਮੁਰੀਦ ਹਾਂ; ਬੜਬੋਲੇ ਐਂਕਰਾਂ ਦੇ ਸ਼ੈਦਾਈ ਹਾਂ; ਘਰੇਲੂ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹਾਂ ਤੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਅਤੇ ਯੂਰੋਪ ਤੇ ਅਮਰੀਕਾ ਦੇ ਸਰਸਬਜ਼ ਮੁਲ਼ਕਾਂ ਵਿਚ ਵਸਾਉਣ ਦੀ ਤਾਕ ਵਿਚ ਰਹਿੰਦੇ ਹਾਂ ਜਦਕਿ ਆਪਣੇ ਰੌਸ਼ਨ ਖਿਆਲ ਜਿਊੜਿਆਂ ਨੂੰ ਕਾਲ ਕੋਠੜੀਆਂ ਵਿਚ ਸੁੱਟ ਦਿੰਦੇ ਹਾਂ। ਸ਼ਾਹ ਨੂੰ ਅਖੌਤੀ ਸਾਖਰਤਾ ਜਾਂ ਰਸਮੀ ਸਿੱਖਿਆ ਬਾਰੇ ਗਹਿਰਾਈ ਨਾਲ ਵਾਚਣ ਤੇ ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਕਿਸੇ ਟੌਪਰ ਦਾ ਸੋਨ ਤਗ਼ਮਾ ਹਾਸਲ ਕਰ ਲੈਣਾ ਇਸ ਗੱਲ ਦੀ ਜ਼ਾਮਨੀ ਨਹੀਂ ਹੁੰਦਾ ਕਿ ਉਹ ਸੰਵਿਧਾਨਕ ਅਸੂਲਾਂ ਦਾ ਧਾਰਨੀ ਬਣ ਗਿਆ ਹੈ। ਇਸ ਦੀ ਬਜਾਇ ਅਸੀਂ ਸਿੱਖਿਆ ਨੂੰ ਇਸ ਤਰ੍ਹਾਂ ਹੱਲਾਸ਼ੇਰੀ ਦੇ ਰਹੇ ਹਾਂ ਕਿ ਇਸ ਦਾ ਪਿਆਰ, ਕਰੁਣਾ ਅਤੇ ਨਿਆਂਪੂਰਨ ਦੁਨੀਆ ਦੀ ਸਮੂਹਿਕ ਜ਼ਿੰਮੇਵਾਰੀ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਕੀ ਉਹ ਸਾਡੇ ਆਈਆਈਟੀ/ਆਈਐੱਮਐੱਮ ਦੇ ਗ੍ਰੈਜੁਏਟਾਂ ਤੋਂ ਪੁੱਛ ਸਕਦੇ ਹਨ ਕਿ ਕੀ ਘੇਰਾਬੰਦ ਸੁਸਾਇਟੀਆਂ ਵਿਚ ਵਸ ਕੇ ਤੇ ਦਿਓਕੱਦ ਕਾਰਪੋਰੇਟ ਘਰਾਣਿਆਂ ਦੀਆਂ ਨੌਕਰੀਆਂ ਕਰ ਕੇ ਉਸ ਸੁਫ਼ਨੇ ਦਾ ਆਨੰਦ ਮਾਣ ਰਹੇ ਹਨ ਜੋ ਗਾਂਧੀ, ਅੰਬੇਡਕਰ ਤੇ ਭਗਤ ਸਿੰਘ ਜਿਹੇ ਆਗੂਆਂ ਨੇ ਲਿਆ ਸੀ? ਕੀ ਸ਼ਾਹ ਲਈ ਉਨ੍ਹਾਂ ਨਾਮਦਾਰ ਵਕੀਲਾਂ ਦੀ ਇਮਾਨਦਾਰੀ ਤੇ ਕਿੰਤੂ ਕਰਨਾ ਸੰਭਵ ਹੈ ਜਿਹੜੇ ਝੂਠ ਨੂੰ ਸੱਚ ਤੇ ਬੁਰਾਈ ਨੂੰ ਖ਼ੂਬਸੂਰਤੀ ਵਿਚ ਤਬਦੀਲ ਕਰ ਕੇ ਪੇਸ਼ ਕਰਨ ਦੇ ਮਾਹਿਰ ਹਨ? ਜਾਂ ਕੀ ਉਨ੍ਹਾਂ ਲਈ ਉਨ੍ਹਾਂ ਆਈਏਐੱਸ/ਆਈਪੀਐੱਸ ਅਫ਼ਸਰਾਂ ਨੂੰ ਸਵਾਲ ਕਰਨਾ ਸੰਭਵ ਹੈ ਜਿਹੜੇ ਸੰਵਿਧਾਨ ਤੇ ਪਹਿਰਾ ਦੇਣ ਦੀ ਬਜਾਇ ਆਪਣੇ ਵਿਧਾਇਕ/ਸੰਸਦ ਮੈਂਬਰ/ਮੰਤਰੀ ਸਾਹਮਣੇ ਨਤਮਸਤਕ ਹੋਏ ਰਹਿੰਦੇ ਹਨ?

ਤੀਜਾ, ਜੇ ਉਨ੍ਹਾਂ ਦਾ ਦਿਲ ਵਾਕਈ ਅਨਪੜ੍ਹਾਂ ਲਈ ਦੁਖਦਾ ਹੈ ਤਾਂ ਉਨ੍ਹਾਂ ਨੂੰ ਸਿੱਖਿਆ ਦੇ ਸੰਕਲਪ ਬਾਰੇ ਨਵੇਂ ਸਿਰਿਓਂ ਸੋਚਣ ਦੀ ਲੋੜ ਹੈ। ਇਹ ਭਰਤੀ ਦੇ ਅੰਕੜਿਆਂ ਤੋਂ ਕਿਤੇ ਵਧ ਕੇ ਹੈ, ਇਹ ਪ੍ਰਧਾਨ ਮੰਤਰੀ ਦੀਆਂ ਪ੍ਰਾਪਤੀਆਂ ਦਾ ਇਸ਼ਤਿਹਾਰ ਨਹੀਂ। ਇਸ ਦੀ ਬਜਾਇ ਉਨ੍ਹਾਂ ਨੂੰ ਇਹ ਮਹਿਸੂਸ ਕਰਨਾ ਪਵੇਗਾ ਕਿ ਸਿੱਖਿਆ ਦਾ ਇਹ ਮਤਲਬ ਨਹੀਂ ਹੈ ਕਿ ਕੋਈ ਬੱਚਾ ਸਕੂਲ ਵਿਚ ਦਾਖ਼ਲ ਕਰ ਲਿਆ ਹੈ, ਉਸ ਨੂੰ ਮਾਮੂਲੀ ਤਨਖ਼ਾਹ ਤੇ ਰੱਖੇ ਕਿਸੇ ਸਿੱਖਿਅਕ ਵਲੋਂ ਮੁਹਾਰਨੀ ਰਟਾ ਦਿੱਤੀ ਜਾਂਦੀ ਹੈ; ਉਹ ‘ਏ’ ਫਾਰ ‘ਐਪਲ’ ਤੇ ‘ਕਿਊ’ ਫਾਰ ‘ਕੁਈਨ’ ਕਹਿਣਾ ਸਿੱਖ ਲੈਂਦਾ ਹੈ, ਜਾਂ ਫਿਰ ਇਵੇਂ ਹੀ ਜੈ ਸ਼੍ਰੀਰਾਮ ਦੇ ਨਾਅਰੇ ਲਾ ਕੇ ਆਪਣੀ ਦੇਸ਼ਭਗਤੀ ਦਰਸਾਉਣਾ ਸਿੱਖ ਜਾਂਦਾ ਹੈ। ਬੰਦਖ਼ਲਾਸੀ ਵਾਲੀ ਸਿੱਖਿਆ ਵਾਸਤੇ ਉਹ ਕੁਝ ਦਰਕਾਰ ਹੈ ਜਿਸ ਨੂੰ ਪਾਓਲੋ ਫ੍ਰਾਇਰ ‘ਸ਼ੋਸ਼ਿਤਾਂ ਦੀ ਪੜ੍ਹਾਈ’ ਕਰਾਰ ਦਿੰਦੇ ਹਨ ਜੋ ਅਜਿਹੀ ਸਿੱਖਿਆ ਹੁੰਦੀ ਹੈ ਜੋ ਬੱਚੇ ਅੰਦਰਲੀ ਮਾਨਵਤਾ ਅਤੇ ਰਚਨਾਤਮਿਕ ਇਕਾਈ ਦਾ ਇਹਤਰਾਮ ਕਰਦੀ ਹੈ; ਜਾਂ ਸਿੱਖਿਆ ਦਾ ਉਹ ਤਰੀਕਾਕਾਰ ਹੁੰਦਾ ਹੈ ਜੋ ਸੱਤਾ ਦੇ ਭਾਰੂ ਪ੍ਰਵਚਨ ਤੇ ਸਵਾਲ ਉਠਾਉਣ ਦਾ ਜੇਰਾ ਦਿੰਦਾ ਹੈ। ਦੂਜੇ ਸ਼ਬਦਾਂ ਵਿਚ ਹਰ ਪਿੰਡ ਜਾਂ ਝੋਂਪੜਪੱਟੀ ਵਿਚ ਚੰਗੇ ਸਕੂਲਾਂ ਅਤੇ ਭਾਈਚਾਰਕ ਸਿੱਖਿਆ ਤੋਂ ਬਗ਼ੈਰ ਬੰਦਖਲਾਸੀ ਵਾਲੀ ਸਿੱਖਿਆ ਸੰਭਵ ਨਹੀਂ ਹੋ ਸਕਦੀ। ਇਸ ਲਈ ਸਿਆਸੀ ਤੌਰ ਤੇ ਜਾਗਰੂਕ ਅਧਿਆਪਕਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੇ ਮਨ ਵਿਚ ਉਸ ਭਾਈਚਾਰੇ ਪ੍ਰਤੀ ਸਤਿਕਾਰ ਹੋਵੇ। ਜੋ ਗ਼ਰੀਬਾਂ ਤੇ ਸ਼ੋਸ਼ਿਤਾਂ ਦਾ ਅਪਮਾਨ ਨਾ ਕਰਦੇ ਹੋਣ ਸਗੋਂ ਉਨ੍ਹਾਂ ਭਾਈਚਾਰਿਆਂ ਨੂੰ ਪਿਆਰ ਕਰਦੇ ਹੋਣ। ਉਨ੍ਹਾਂ ਦੀਆਂ ਸੁੱਤੀਆਂ ਕਲਾਵਾਂ ਜਗਾਉਣ ਤੇ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਲਈ ਕਾਰਜਸ਼ੀਲ ਹੋਣ। ਉਨ੍ਹਾਂ ਨੂੰ ਉਸ ਕਲਚਰ ਨੂੰ ਸਮੱਸਿਆ ਵਜੋਂ ਸਮਝਣ ਦੇ ਸਮਰੱਥ ਬਣਾ ਸਕਣ ਜੋ ਘੋਰ ਨਾ-ਬਰਾਬਰੀ, ਸਮਾਜਿਕ ਦਰਜੇਬੰਦੀ, ਖ਼ੁਦਪ੍ਰਸਤੀ ਅਤੇ ਆਰਥਿਕ ਸ਼ੋਸ਼ਣ ਨੂੰ ਹੱਲਾਸ਼ੇਰੀ ਦਿੰਦਾ ਹੈ।

*ਲੇਖਕ ਸਮਾਜ ਸ਼ਾਸਤਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All