ਅਸਦ ਦੀ ਆਵਾਜ਼

ਅਸਦ ਦੀ ਆਵਾਜ਼

ਦਰਸ਼ਨ ਜੋਗਾ

ਦਰਸ਼ਨ ਜੋਗਾ

ਦੁੱਖਾਂ ਦਾ ਪਹਾੜ ਅਚਾਨਕ ਸਿਰ ਉੱਤੇ ਟੁੱਟ ਪਏ, ਜ਼ਮੀਨ ਅਸਮਾਨ ਇਕ ਹੋਣ ਜਾਣ, ਉਸ ਵੇਲੇ ਬੰਦੇ ਦੀ ਅਕਲ/ਸਮਝ ਕਿੱਥੇ ਕੰਮ ਕਰਦੀ ਹੈ। ਮੈਨੂੰ ਇਸੇ ਤਰ੍ਹਾਂ ਜ਼ਿੰਦਗੀ ਤਬਾਹ ਕਰਨ ਵਾਲੇ ਜ਼ਾਲਮ ਵਕਤ ਨੇ ਆ ਢਾਹਿਆ ਸੀ। ਆਪਣੀ ਦੇਹ ਨੂੰ ਬੁਰੀ ਤਰ੍ਹਾਂ ਤੋੜਦਿਆਂ ਵਿਰਲਾਪ ਕਰਦਿਆਂ ਬੇਸੁੱਧ ਸਾਂ।

ਉੱਜੜ ਚੁੱਕੇ ਸੰਸਾਰ ਦੀ ਖ਼ਬਰ ਰੋਂਦੇ ਕੁਰਲਾਉਂਦਿਆਂ ਮੇਰੇ ਮੂੰਹੋਂ ਨਿਕਲੇ ਸ਼ਬਦਾਂ ਰਾਹੀਂ, ਸਮੁੰਦਰੋਂ ਪਾਰ ਬੈਠੇ ਵੱਡੇ ਪੁੱਤਰ ਦੇ ਸਿਰ ਵਿਚ ਵੀ ਤੋਪ ਦੇ ਗੋਲੇ ਵਾਂਗ ਜਾ ਵੱਜੀ। ਸੁਣਨ ਸਾਰ ਉਸ ਦੇ ਹੋਸ਼ ਉੱਡ ਗਏ। ਭੁੱਬਾਂ ਮਾਰਦੇ ਦੇ ਦਿਲ ਦਹਿਲਾਊ ਉਹਦੇ ਬੋਲ ਮੈਥੋਂ ਸੁਣੇ ਨਹੀਂ ਜਾ ਰਹੇ ਸਨ। ਦੁਖੀ ਘੱਗੀਆਂ ਆਵਾਜ਼ਾਂ ਵੈਣਾਂ ਦੀ ਕੁਰਲਾਹਟ ਵਿਚ ਟੁੱਟ ਟੁੱਟ ਕੇ ਦੋ ਚਾਰ ਸਵਾਲ ਜਵਾਬ ਕਰ ਸਕੀਆਂ। “ਬੱਸ ਪੁੱਤਰਾ, ਕੋਸ਼ਿਸ਼ ਕਰ ਕੱਲ੍ਹ ਦੁਪਹਿਰ ਤੱਕ ਪਹੁੰਚ ਜਾਵੇਂ। ਮਿੱਟੀ ਤੇਰੇ ਆਏ ਤੋਂ ਕਿਊਂਟੀ ਜਾਊ।” ਮਸਾਂ ਇੰਨਾ ਕਹਿ ਬੇਰੋਕ ਵਹਿੰਦੇ ਅੱਖਾਂ ਦੇ ਪਾਣੀ ਤੇ ਕੰਬਦੇ ਹੱਥਾਂ ਨਾਲ ਮੋਬਾਇਲ ਬੰਦ ਕਰ ਦਿੱਤਾ।

ਕੁਦਰਤ ਅਤਿ ਦੀ ਕਰੋਪ ਸੀ। ਪੂਰੀ ਠੰਢ, ਸ਼ਾਮ ਦਾ ਵਕਤ, ਮੀਂਹ ਬੇਹਿਸਾਬਾ ਲਹਿ ਪਿਆ ਪਰ ਅੰਦਰ ਮੱਚਦੀ ਅੱਗ ਦੇ ਲਾਂਬੂੰ ਨੂੰ ਕਿੱਥੇ ਬੁਝਾਅ ਸਕਦਾ ਸੀ ਇਹ ਪਾਣੀ।ਇਸ ਜ਼ਾਲਮ ਕਾਲੀ ਰਾਤ ਨੂੰ ਮਿੱਤਰਾਂ ਦੋਸਤਾਂ ਨੇ ਸੰਭਾਲਿਆ।

ਰੋਂਦੇ ਦਿਲਾਂ ਨੂੰ ਉੜੋਕਣ ਦੇਣ ਲਈ ਕੋਈ ਆਵਾਜ਼ ਆਉਂਦੀ, ‘ਇਸ ਕਹਿਰ ਨਾਲ ਰੱਬ ਵੀ ਰੋ ਰਿਹੈ।’ ਪਰ ਸਭ ਫਜ਼ੂਲ, ਕੋਈ ਉਜ਼ਰ ਨਹੀਂ ਚੱਲ ਰਿਹਾ ਸੀ। ਛੋਟਾ ਪੁੱਤ ਨਾ ਮੁੜਨ ਵਾਲੀ ਕੁਲਹਿਣੀ ਥਾਂ ਦੂਰ ਚਲਾ ਗਿਆ ਸੀ। ਰਾਤ ਨਾਲੋਂ ਵੀ ਭਿਆਨਕ ਦਿਨ ਚੜ੍ਹ ਆਇਆ। ਉਸ ਦੇ ਸਰੀਰ ਨੂੰ ਲੈਣ ਹਸਪਤਾਲ ਜਾਣਾ ਸੀ। ਸਰਕਾਰੀ ਕਾਰਵਾਈਆਂ ਦੁਪਹਿਰ ਤਿੰਨ ਵਜੇ ਤੱਕ ਪੂਰੀਆਂ ਹੋਈਆਂ। ਵੱਡੇ ਬੇਟੇ ਦਾ ਫੋਨ ਬੋਲਿਆ, “ਚੰਡੀਗੜ੍ਹ ਫਲਾਈਟ ਪੌਣੇ ਗਿਆਰਾਂ ਪਹੁੰਚ ਗਈ ਸੀ। ਘਰ ਦੇ ਨੇੜੇ ਹੀ ਪਹੁੰਚ ਗਿਆਂ।”

ਹਸਪਤਾਲੋਂ ਤੁਰੀ ਬੇਜਾਨ ਐਂਬੂਲੈਂਸ ਘਰ ਦੀ ਗਲੀ ਕੋਲ ਪਹੁੰਚੀ, ਸਾਹਮਣਿਓਂ ਆਉਂਦੀ ਜਿਊਂਦੀ ਕਾਰ ਆਪਸ ਵਿਚ ਮਿਲ ਗਈਆਂ। ਵੱਡੇ ਨੇ ਉੱਤਰ ਕੇ ਛੋਟੇ ਭਰਾ ਦਾ ਮੱਥਾ ਚੁੰਮਿਆ। ਭੁੱਬਾਂ ਮਾਰਦਿਆਂ ਨੇ ਕੁਝ ਅਰਸੇ ਅੰਦਰ ਜਿਗਰ ਦਾ ਟੋਟਾ ਸਦਾ ਲਈ ਰੁਖਸਤ ਕਰ ਦਿੱਤਾ।

ਰਾਤ ਨੂੰ ਸੱਥਰ ਤੇ ਬੈਠਿਆਂ, ਬਲਦੇ ਸਿਵੇ ਦੀਆਂ ਗੱਲਾਂ ਕਰਦਿਆਂ ਮੈਂ ਪੁੱਛਿਆ, “ਪੁੱਤ, ਉਹ ਕਿਸ ਦੀ ਆਵਾਜ਼ ਸੀ ਜਿਹੜੀ ਤੈਨੂੰ ਕਹਿ ਰਹੀ ਸੀ, ਸੰਭਲ ਵੀਰ ਤਕੜਾ ਹੋ। ਉਥੇ ਤਾਂ ਸਭ ਵੱਖ ਵੱਖ ਦੇਸ਼ਾਂ ਤੇ ਅੱਡੋ ਅੱਡ ਭਾਸ਼ਾਵਾਂ ਬੋਲਣ ਵਾਲੇ ਲੋਕ ਨੇ। ਉਹ ਤਾਂ ਪੰਜਾਬੀ ਵਿਚ ਗੱਲਾਂ ਕਰ ਰਿਹਾ ਸੀ।’’

“ਮੇਰਾ ਕੁਲੀਗ ਅਸਦ ਐ। ਉਹ ਵੀ ਇੰਜਨੀਅਰ ਹੈ। ਲਾਹੌਰ ਦਾ ਜੰਮਪਲ ਹੈ। ਤੁਹਾਡਾ ਫੋਨ ਸੁਣ ਕੇ ਮੈਂ ਤਾਂ ਸੁੰਨ ਹੋ ਗਿਆ ਸਾਂ। ਉਹਨੇ ਹੀ ਮੈਨੂੰ ਪਾਣੀ ਪਿਲਾਇਆ। ਮੇਰੇ ਦੱਸਣ ਤੇ ਮੇਰੀ ਕਾਰ ਚਲਾ ਕੇ ਮੈਨੂੰ ਘਰ ਲੈ ਕੇ ਆਇਆ। ਅਸੀਂ ਪਾਸਪੋਰਟ ਲਿਆ। ਆਨਲਾਈਨ ਬੁਕਿੰਗ ਤੇ ਫਲਾਈਟ ਅਤੇ ਖਾਲੀ ਸੀਟਾਂ ਦਾ ਦੇਖ ਕੇ, ਟਿਕਟਾਂ ਬੁੱਕ ਕਰਵਾਈਆਂ। ਉਸ ਤੋਂ ਬਾਅਦ ਏਅਰਪੋਰਟ ਤੇ ਨਾਲ ਆਇਆ। ਜਿੰਨਾ ਚਿਰ ਟਿਕਟਾਂ ਦੀ ਪੁਸ਼ਟੀ ਨਾ ਹੋਈ, ਮੇਰੇ ਨਾਲ ਹੀ ਰਿਹਾ। ਕੰਪਿਊਟਰ ਦਾ ਪੁਸ਼ਟੀ ਵਾਲਾ ਸੁਨੇਹਾ ਮਿਲਣ ਤੇ ਅਸੀਂ ਏਅਰਪੋਰਟ ਦੇ ਅੰਦਰ ਪਹੁੰਚੇ ਤਾਂ ਉਹ ਵਾਪਸ ਗਿਆ।”

ਗੱਲ ਸੁਣ ਕੇ ਦਿਲ ਨੂੰ ਧਰਵਾਸਾ ਹੋਇਆ। ਉਸ ਦੀ ਅਣਦੇਖੀ ਸੂਰਤ ਮੈਨੂੰ ਆਪਣੇ ਜਾਇਆਂ ਵਰਗੀ ਮਹਿਸੂਸ ਹੋਈ। ਸਾਡੇ ਇਧਰਲਿਆਂ ਆਸਤੀਨ ਦੇ ਸੱਪਾਂ ਬਾਰੇ ਸੋਚ ਕੇ ਗੁੱਸਾ ਤਾਂ ਕੀ, ਮਨ ਹੋਰ ਵਿਲਕਣ ਲੱਗਿਆ। ਮਨ ਵਿਚ ਆਵੇ, ਸ਼ਾਸਕਾਂ-ਸਿਆਸਤੀਆਂ ਨੇ ਦੇਸ਼ ਟੋਟੇ ਟੋਟੇ ਕਰ ਦਿੱਤਾ। ਕੰਡਿਆਲੀਆਂ ਤਾਰਾਂ ਲਾ ਕੇ ਧਰਤੀ ਦੀ ਰੂਹ ਵਲੂੰਧਰ ਛੱਡੀ ਐ। ਰੋਜ਼ਾਨਾ ਆਪਣੀਆਂ ਕਲਾਬਾਜ਼ੀਆਂ ਨਾਲ ਇਉਂ ਦ੍ਰਿਸ਼ ਬਣਾਉਂਦੇ ਐ, ਜਿਵੇਂ ਵਾਹਗੇ ਹੁਸੈਨੀਵਾਲੇ ਤੋਂ ਪਰ੍ਹੇ ਛਿਪਦੇ ਬੰਨੀ ਤਾਂ ਇਨਸਾਨੀਅਤ ਲਈ ਧੜਕਦਾ ਜਿਊਂਦਾ ਹਿਰਦਾ ਹੀ ਨਾ ਹੋਵੇ।

ਅੱਜ ਵੀ ਨਸੂਰ ਉੱਤੇ ਪੱਟੀ ਬੰਨ੍ਹ ਜਦ ਜ਼ਿੰਦਗੀ ਨਾਲ ਜੂਝਣ ਲਈ ਕਦਮ ਪੁੱਟਦਾਂ ਤਾਂ ਅਸਦ ਵੀ ਯਾਦ ਆ ਜਾਂਦਾ ਹੈ।

ਸੰਪਰਕ: 98720-01856

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All