ਕੱਕੇ ਰੇਤ ’ਤੇ ਲਿਖੇ ਲੇਖ
ਬੀਤੇ ਦਿਨੀਂ ਮੈਂ ਪਿੰਡ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗੜਿਆਂ ਦੇ ਝੰਬੇ ਕਿਸਾਨਾਂ ਦੀ ਇੱਕ ਚੈਨਲ ’ਤੇ ਗੱਲਬਾਤ ਸੁਣ ਰਿਹਾ ਸਾਂ। ਆਪਣੀਆਂ ਪੁੱਤਾਂ ਜਿਹੀਆਂ ਫ਼ਸਲਾਂ ਪਾਲਣ ਲਈ ਠੰਢੀਆਂ ਰਾਤਾਂ ’ਚ ਜਾਗਣ ਵਾਲੇ, ਤਪਦੀਆਂ ਧੁੱਪਾਂ ਵਿੱਚ ਦੁਪਹਿਰਾਂ ਕੱਟਣ ਵਾਲੇ...
ਬੀਤੇ ਦਿਨੀਂ ਮੈਂ ਪਿੰਡ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗੜਿਆਂ ਦੇ ਝੰਬੇ ਕਿਸਾਨਾਂ ਦੀ ਇੱਕ ਚੈਨਲ ’ਤੇ ਗੱਲਬਾਤ ਸੁਣ ਰਿਹਾ ਸਾਂ। ਆਪਣੀਆਂ ਪੁੱਤਾਂ ਜਿਹੀਆਂ ਫ਼ਸਲਾਂ ਪਾਲਣ ਲਈ ਠੰਢੀਆਂ ਰਾਤਾਂ ’ਚ ਜਾਗਣ ਵਾਲੇ, ਤਪਦੀਆਂ ਧੁੱਪਾਂ ਵਿੱਚ ਦੁਪਹਿਰਾਂ ਕੱਟਣ ਵਾਲੇ ਲੋਕ ਗੜਿਆਂ ਦੀ ਮਾਰ ਦੀ ਕਹਾਣੀ ਸੁਣਾਉਂਦਿਆਂ ਧਾਹਾਂ ਮਾਰ ਕੇ ਰੋ ਰਹੇ ਸਨ। ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲਾਂ ਦੇ ਤਕਰੀਬਨ ਇੱਕੋ-ਜਿਹੇ ਜਵਾਬ ਸਨ, ਕਿੰਨੀ ਜ਼ਮੀਨ ਹੈ, ਚਾਰ ਤੋਂ ਛੇ ਕਿੱਲੇ, ਪੰਜ ਸੱਤ ਕਿੱਲੇ ਠੇਕੇ ’ਤੇ ਲਈ ਹੈ, ਠੇਕਾ ਪਝੱਤਰ ਤੋਂ ਅੱਸੀ ਹਜ਼ਾਰ ਹੈ। ਕੁਝ ਬਚਿਆ ਹੈ, ਦੇ ਜਵਾਬ ਵਿੱਚ ਅਸਮਾਨ ਵੱਲ ਦੋਹੇਂ ਹੱਥ ਜੋੜ ਕੇ ਰੋਣ ਲੱਗ ਜਾਂਦੇ। ਉਨ੍ਹਾਂ ਦੀ ਵਿਥਿਆ ਸੁਣ ਕੇ ਦੇਖਣ ਵਾਲੇ ਦੀਆਂ ਅੱਖਾਂ ਵਿੱਚ ਵੀ ਅੱਥਰੂ ਆਉਣੇ ਸੁਭਾਵਿਕ ਸਨ।
ਕਿਸਾਨ ਦਾ ਕੁਦਰਤੀ ਕਰੋਪੀਆਂ ਨਾਲ ਤੇ ਮੁਸ਼ਕਲਾਂ ਨਾਲ ਮੁੱਢ ਕਦੀਮ ਤੋਂ ਡੂੰਘਾ ਰਿਸ਼ਤਾ ਰਿਹਾ ਹੈ। ਨੀਲੇ ਅੰਬਰ ਥੱਲੇ ਆਪਣੀਆਂ ਪੁੱਤਾਂ ਵਾਂਗ ਪਲਦੀਆਂ ਫ਼ਸਲਾਂ ਨੂੰ ਦੇਖਦਾ ਕਿਸਾਨ ਹਰ ਪਲ, ਹਰ ਘੜੀ, ਹਰ ਦਿਨ ਤ੍ਰਹਿੰਦਾ ਰਹਿੰਦਾ ਹੈ। ਕਈ ਵਾਰ ਕੁਦਰਤ ਦਾ ਪਲਾਂ ਘੜੀਆਂ ਦਾ ਕਹਿਰ ਸਾਰੀ ਉਮਰ ਦੇ ਰੋਣੇ ਦੇ ਜਾਂਦਾ ਹੈ। ਦੁਨੀਆ ਦਾ ਹਰ ਕਾਰੋਬਾਰ ਕੁੰਡੇ-ਜਿੰਦੇ ਅੰਦਰ ਸਾਮਾਨ ਰੱਖ ਕੇ ਆਪਣੇ ਭਾਅ ਮਿੱਥ ਕੇ ਹੁੰਦਾ ਹੈ ਪਰ ਖੇਤੀਬਾੜੀ ਇੱਕ ਅਜਿਹਾ ਧੰਦਾ ਹੈ ਜੋ ਨੀਲੇ ਅੰਬਰ ਹੇਠ ਹੁੰਦਾ ਹੈ। ਕਦੇ ਤਿੱਖੜ ਦੁਪਹਿਰਾਂ ਨੂੰ ਮਹਿੰਗੇ ਭਾਅ ਦੇ ਬੀਜ ਨਾਲ ਨਰਮਾ ਬੀਜ ਕੇ ਕਿਸਾਨ ਘਰ ਮੁੜਿਆ ਹੀ ਹੁੰਦਾ ਹੈ ਕਿ ਕਿਸੇ ਗੁੱਠੋਂ ਉੱਠੀ ਬੱਦਲੀ ਮੀਂਹ ਵਰ੍ਹਾ ਕੇ ਬੀਜੀ ਫ਼ਸਲ ਨੂੰ ਕਰੰਡ ਕਰ ਦਿੰਦੀ ਹੈ। ਕਦੇ ਕੁਦਰਤੀ ਕਰੋਪੀ ਦੇ ਰੂਪ ਵਿੱਚ ਲੰਮੀ ਔੜ ਮਾਰ ਜਾਂਦੀ ਹੈ, ਕਦੇ ਮੀਹਾਂ ਦਾ ਡੋਬਾ ਮਾਰ ਜਾਂਦਾ ਹੈ। ਆਪਣੀਆਂ ਫ਼ਸਲਾਂ ਨੂੰ ਸੁੰਡੀਆਂ ਤੋਂ ਬਚਾਉਣ ਲਈ ਸਪਰੇਆਂ ਕਰਨ ਸਮੇਂ ਮੌਤ ਰੂਪੀ ਜ਼ਹਿਰ ਨੂੰ ਪਿੱਠ ’ਤੇ ਚੁੱਕ ਕੇ ਸੁਪਨੇ ਵੇਖਣ ਵਾਲਾ ਕਦੇ ਧੁੰਦਾਂ, ਬਰਫੀਲੀਆਂ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ’ਤੇ ਪੈਰ ਧਰ ਕੇ ਮੰਜ਼ਿਲਾਂ ਤਲਾਸ਼ਣ ਵਾਲਾ ਤੇ ਕਦੇ ਨਾ ਡੋਲਣ ਵਾਲਾ ਕਿਸਾਨ ਕੁਦਰਤੀ ਮਾਰਾਂ ਅੱਗੇ ਨਿਰਾਸ਼ ਤੇ ਉਦਾਸ ਹੋ ਜਾਂਦਾ ਹੈ। ਕਿਸਾਨਾਂ ਦੇ ਕੱਕੇ ਰੇਤ ’ਤੇ ਲਿਖੀ ਕਿਸਮਤ ਦੇ ਅੱਖਰਾਂ ਨੂੰ ਪਲਾਂ ਘੜੀਆਂ ਵਿੱਚ ਕੁਦਰਤ ਦਾ ਕਹਿਰ ਮਿਟਾ ਦਿੰਦਾ ਹੈ।
ਸੁਨਹਿਰੀ ਫ਼ਸਲਾਂ ਦੀ ਆਮਦ ਬਾਰੇ ਘਰੇ ਪਰਿਵਾਰਾਂ ਨਾਲ ਗੱਲਾਂ-ਬਾਤਾਂ ਕਰਦਿਆਂ ਕਿੰਨੇ ਸੁਪਨਿਆਂ, ਉਮੰਗਾਂ, ਚਾਵਾਂ ਦੀ ਪੂਰਤੀ ਹੁੰਦੀ ਜਾਪਦੀ ਹੋਵੇਗੀ। ਨਵੇਂ ਮਕਾਨਾਂ ਦੀ ਉਸਾਰੀ ਲਈ ਵਿਉਂਤਬੰਦੀਆਂ, ਧੀਆਂ ਦੇ ਵਿਆਹਾਂ ਦੀਆਂ ਉਮੀਦਾਂ ਅਤੇ ਹੋਰ ਕਿੰਨੇ ਸੁਪਨੇ ਸਜਾਏ ਹੋਣਗੇ। ਧੀਆਂ ਧਿਆਣੀਆਂ ਦੇ ਸੁਪਨਿਆਂ ਨੂੰ ਕੋਈ ਬੁਰੀ ਨਜ਼ਰ ਲੱਗ ਗਈ ਜਾਪਦੀ ਹੈ ਤੇ ਉਨ੍ਹਾਂ ਨੂੰ ਡੋਲੀ ਵਿੱਚ ਬੈਠ ਕੇ ਸਹੁਰੇ ਘਰ ਜਾਣ ਦੇ ਸਜਾਏ ਸੋਹਣੇ ਸੁਪਨੇ ਧੁੰਦਲੇ ਬਣ ਕੇ ਪਿਓ, ਦਾਦਿਆਂ, ਚਾਚਿਆਂ, ਤਾਇਆਂ ਤੇ ਭਰਾਵਾਂ ਨੂੰ ਕਰਜ਼ਾ ਮੋੜਨ ਤੋਂ ਅਸਮਰੱਥ ਬੈਂਕਾਂ ਦੀਆਂ ਜੀਪਾਂ ਵਿੱਚ ਬੈਠਿਆਂ ਦੇ ਚੰਦਰੇ ਸੁਪਨੇ ਦਿਸਣ ਲੱਗਦੇ ਹਨ। ਆਪਣੇ ਪਰਿਵਾਰ ਲਈ ਸੁਨਹਿਰੀ ਸੁਪਨੇ ਦੇਖਣ ਵਾਲਾ ਕਿਸਾਨ ਪਲਾਂ ਦੀ ਕਰੋਪੀ ਮੂਹਰੇ ਜਿਵੇਂ ਬਹੁਤ ਵੱਡੀ ਜੰਗ ਹਾਰ ਕੇ ਬਹਿ ਗਿਆ ਹੋਵੇ ਪਰ ਫਿਰ ਵੀ ਕਿੰਨਾ ਸਬਰ ਹੈ, ਸਿਦਕ ਹੈ, ਹੌਸਲਾ ਹੈ, ਸਾਰੇ ਕਿਸਾਨ ਇਕੋ ਗੱਲ ਕਹਿ ਰਹੇ ਸਨ ਕਿ ਜੇ ਡਾਢੇ ਰੱਬ ਨੇ ਹੱਥੋਂ ਪੱਕੀ ਰੋਟੀ ਦੇ ਕੇ ਖੋਹੀ ਹੈ ਤਾਂ ਦੇਣੀ ਵੀ ਉਸਨੇ ਹੀ ਹੈ, ਜੋ ਉਸ ਨੂੰ ਮਨਜ਼ੂਰ, ਉਹਦਾ ਭਾਣਾ ਹੈ, ਉਹ ਹੀ ਬਾਂਹ ਫੜੇਗਾ। ਖੋਹਣ ਵਾਲਾ ਵੀ ਰੱਬ ਹੈ ਤੇ ਦੇਣ ਵਾਲਾ ਵੀ ਰੱਬ ਹੈ। ਸਾਰੇ ਇੱਕ ਦੂਸਰੇ ਨੂੰ ਕਹਿ ਰਹੇ ਸਨ, ਹੌਸਲੇ ਨਾਲ ਮੁਸੀਬਤਾਂ ਨੂੰ ਝੱਲਾਂਗੇ, ਖੁਦਕੁਸ਼ੀਆਂ ਕੋਈ ਹੱਲ ਨਹੀਂ ਹੁੰਦਾ, ਮਰਦਾਂ ’ਤੇ ਹੀ ਮੁਸੀਬਤਾਂ ਪੈਂਦੀਆਂ ਹੁੰਦੀਆਂ ਹਨ। ਮੈਨੂੰ ਉਨ੍ਹਾਂ ਲੋਕਾਂ ਵਿੱਚੋਂ ਦੁੱਖ ਦਰਦ ਬਿਆਨ ਕਰਦਿਆਂ, ਕਦੇ ਧਾਹਾਂ ਮਾਰਦਿਆਂ, ਕਦੇ ਹੌਸਲੇ ਨਾਲ ਇਕ ਦੂਜੇ ਦਾ ਦਿਲ ਧਰਾਉਂਦਿਆਂ ’ਚੋਂ ਸੱਚੀ-ਮੁੱਚੀ ਰੱਬ ਦਿਸਿਆ। ਪਰਵਰਦਿਗਾਰ ਬਹੁਤ ਦਿਆਲੂ ਹੈ, ਉਹ ਫੱਕਰਾਂ ਫਕੀਰਾਂ ਦੀਆਂ ਖੋਹੀਆਂ ਖੁਸ਼ੀਆਂ ਜ਼ਰੂਰ ਮੋੜੇਗਾ।
ਸਰਕਾਰਾਂ ਨੂੰ ਵੀ ਮਰ ਰਹੀ ਕਿਸਾਨੀ ਦੀ ਬਾਂਹ ਜ਼ਰੂਰ ਫੜਨੀ ਚਾਹੀਦੀ ਹੈ। ਚੰਗੇ ਭਾਅ, ਚੰਗੀਆਂ ਸਹੂਲਤਾਂ, ਵਿਸ਼ੇਸ਼ ਰਿਆਇਤਾਂ, ਮੁਆਵਜ਼ਾ ਅਤੇ ਫ਼ਸਲੀ ਬੀਮਾ ਯੋਜਨਾ ਦੇ ਪ੍ਰਬੰਧ ਕਰਨੇ ਚਾਹੀਦੇ ਹਨ।
‘ਕੱਕੇ ਰੇਤ ’ਤੇ ਕਿਸਮਤ ਸਾਡੀ ਰੱਬ ਲਿਖਦਾ,
ਡੋਬੇ ਸੋਕੇ ਮਾਰਨ ਕਦੇ ਹਵਾਵਾਂ ਨੇ।’
ਸੰਪਰਕ: 94171-04961

