ਜਵਾਬ !
ਬਦਲਾਅ ਜ਼ਿੰਦਗੀ ਦਾ ਨਿਯਮ ਹੈ, ਪਰ ਵੀਹਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ ਦੀ ਤੁਲਨਾ ਵਿੱਚ ਇੱਕੀਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਦੌਰਾਨ ਬਹੁਤ ਤੇਜ਼ੀ ਨਾਲ ਤਬਦੀਲੀਆਂ ਆਈਆਂ ਹਨ। ਰਹਿਣ-ਸਹਿਣ, ਪਹਿਨਣ-ਪੱਚਰਣ, ਸੋਚਣ-ਸਮਝਣ, ਗੱਲ ਕੀ ਮਨੁੱਖ ਦੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਭਾਵ...
ਬਦਲਾਅ ਜ਼ਿੰਦਗੀ ਦਾ ਨਿਯਮ ਹੈ, ਪਰ ਵੀਹਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ ਦੀ ਤੁਲਨਾ ਵਿੱਚ ਇੱਕੀਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਦੌਰਾਨ ਬਹੁਤ ਤੇਜ਼ੀ ਨਾਲ ਤਬਦੀਲੀਆਂ ਆਈਆਂ ਹਨ। ਰਹਿਣ-ਸਹਿਣ, ਪਹਿਨਣ-ਪੱਚਰਣ, ਸੋਚਣ-ਸਮਝਣ, ਗੱਲ ਕੀ ਮਨੁੱਖ ਦੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਭਾਵ ਸਮੁੱਚੀ ਜੀਵਨ-ਪੱਧਤੀ ਹੀ ਬਦਲ ਗਈ ਹੈ, ਪਰ ਇਸ ਸਭ ਕੁਝ ਦੇ ਦਰਮਿਆਨ ਵੀ ਬਹੁਤ ਕੁਝ ਅਜਿਹਾ ਵਾਪਰਦਾ ਅਤੇ ਸਾਡੇ ਅਵੇਚਤਨ ਵਿੱਚ ਜਮ੍ਹਾਂ ਹੁੰਦਾ ਰਿਹਾ ਹੈ, ਜੋ ਪੀੜ੍ਹੀ-ਦਰ-ਪੀੜ੍ਹੀ ਆਪਮੁਹਾਰੇ ਅੱਗੇ ਚਲਦਾ ਰਹਿੰਦਾ ਹੈ। ਕਾਰਲ ਗੁਸਤੋਵ ਯੁੰਗ ਇਸ ਨੂੰ ‘ਸਮੂਹਿਕ ਅਵੇਚਤਨ’ ਦਾ ਨਾਂ ਦਿੰਦਾ ਹੈ।
ਛੋਟੇ ਹੁੰਦਿਆਂ ਘਰ ਦੇ ਕੱਚੇ ਵਿਹੜੇ ਵਿੱਚੋਂ ਆਸਮਾਨ ਦਾ ਇਕੱਲਾ-ਇਕੱਲਾ ਤਾਰਾ ਦਿਸਦਾ ਸੀ। ਬਹੁਤ ਵਾਰ ਉਨ੍ਹਾਂ ਤਾਰਿਆਂ ਦੀ ਬਣਤਰ ਨੂੰ ਦਾਦੀ ਤੋਂ ਸੁਣੀ ਕਿਸੇ ਕਹਾਣੀ ਨਾਲ ਜੋੜਦੇ-ਜੋੜਦੇ ਅਸੀਂ ਵਿਹੜੇ ’ਚ ਸੌਂ ਜਾਂਦੇ ਸੀ। ਗਰਮੀ ਦੀ ਰੁੱਤੇ ਖੁੱਲ੍ਹੇ ਵਿਹੜੇ ਵਿੱਚ ਤਾਰਿਆਂ ਭਰੇ ਆਸਮਾਨ ਹੇਠ ਸਾਰੇ ਪਰਿਵਾਰ ਦੀਆਂ ਮੰਜੀਆਂ ਦੀ ਲੰਮੀ ਕਤਾਰ ਲਾ ਲੈਣੀ। ਇਨ੍ਹਾਂ ਮੰਜੀਆਂ ਦੀ ਕਤਾਰ ਦੇ ਸਾਹਮਣੇ ਟੇਬਲ ਫੈਨ ਇਸ ਆਸ ਨਾਲ ਲਗਾ ਲੈਣਾ ਕਿ ਜੇ ਰਾਤ ਨੂੰ ਬਿਜਲੀ ਦਾ ਕੱਟ (ਉਨ੍ਹਾਂ ਦਿਨਾਂ ਵਿੱਚ ਪਿੰਡਾਂ ’ਚ ਬਿਜਲੀ ਦੇ ਕੱਟ ਰਾਤ ਨੂੰ ਹੀ ਲਾਏ ਜਾਂਦੇ ਸਨ) ਨਾ ਲੱਗਿਆ ਤਾਂ ਸਾਰੀ ਰਾਤ ਮੌਜ ਨਾਲ ਸੌਵਾਂਗੇ। ਪਹਿਲਾਂ ਤਾਂ ਪੱਖੇ ਅੱਗੇ ਪਹਿਲੇ ਮੰਜੇ ’ਤੇ ਸੌਣ ਲਈ ਭੈਣਾਂ-ਭਰਾਵਾਂ ਵਿੱਚ ਝਗੜਾ ਹੋਣਾ ਅਤੇ ਫਿਰ ਪਾਪਾ ਜੀ ਦੀ ਘੁਰਕੀ ਸੁਣ ਕੇ ਜਿਹੜਾ ਜਿਹੜੇ ਮੰਜੇ ’ਤੇ ਪਿਆ ਹੁੰਦਾ, ਉੱਥੇ ਹੀ ਸੌਂ ਜਾਂਦਾ।
ਪਾਪਾ ਜੀ ਅਕਸਰ ਸਵੇਰੇ ਸਾਝਰੇ ਹੀ ਉੱਠ ਪੈਂਦੇ ਸਨ। ਸਾਨੂੰ ਆਪਣੇ ਮੰਜਿਆਂ ’ਤੇ ਚਾਦਰਾਂ ਵਿੱਚ ਵੀ ਇਕੱਠੇ ਹੋ ਕੇ ਪਏ ਵੇਖ ਉਹ ਅਕਸਰ ਹੀ ਪੱਖੇ ਦੀ ਸਪੀਡ ਘਟਾ ਦਿੰਦੇ ਸਨ। ਉਹ ਤੁਰੇ-ਫਿਰਦੇ, ਹੱਥ-ਮੂੰਹ ਧੋਂਦੇ, ਟੋਕਰਾ ਚੁੱਕ ਕੇ ਖੁਰਲੀ ਵਿੱਚੋਂ ਰਾਤ ਦਾ ਚਾਰਾ ਕੱਢਦੇ, ਸੰਨ੍ਹੀ ਰਲਾ ਕੇ ਧਾਰ ਕੱਢਦੇ, ਆਪਣਾ ਬਿਸਤਰਾ ਇਕੱਠਾ ਕਰਕੇ ਅੰਦਰ ਰੱਖਦੇ ਤੇ ਮੰਜਾ ਦਰਵਾਜ਼ੇ ਕੋਲ ਖੜ੍ਹਾ ਕਰ ਦਿੰਦੇ। ਪਾਪਾ ਜੀ ਜ਼ਿਆਦਾਤਰ ਸਾਡੇ ਉੱਠਣ ਤੋਂ ਪਹਿਲਾਂ ਹੀ ਨਹਾ ਕੇ ਦਫ਼ਤਰ ਲਈ ਤਿਆਰ ਹੋ ਜਾਂਦੇ ਸਨ। ਇਸ ਸਭ ਦੌਰਾਨ ਸਾਨੂੰ ਉਠਾਉਣ ਲਈ ਪਿਤਾ ਜੀ ਆਉਂਦੇ ਜਾਂਦੇ ਕਦੇ ਮੇਰਾ ਤੇ ਕਦੇ ਮੇਰੀ ਭੈਣ ਦਾ ਨਾਂ ਲੈ ਕੇ ਆਵਾਜ਼ ਦਿੰਦੇ, ਪਰ ਅਸੀਂ ਮਚਲ ਕੇ ਮੂੰਹ ਉੱਪਰ ਚਾਦਰ ਖਿੱਚ ਲੈਂਦੇ ਸਾਂ। ਕਦੇ ਉਨ੍ਹਾਂ ਸੂਰਜ ਸਿਰ ’ਤੇ ਚੜ੍ਹ ਆਉਣ ਤੇ ਕਦੇ ਸਕੂਲ ਲਈ ਲੇਟ ਹੋ ਜਾਣ ਦੀ ਗੱਲ ਕਰਨੀ। ਅਸੀਂ ਬਚਪਨ ਦੀ ਬੇਪਰਵਾਹੀ ਵਿੱਚ ਮਸਤ ਮਚਲ ਕੇ ਓਨੀ ਦੇਰ ਪਏ ਹੀ ਰਹਿਣਾ, ਜਦੋਂ ਤੱਕ ਉੱਠਣਾ ਮਜਬੂਰੀ ਨਾ ਬਣ ਜਾਣਾ।
‘‘ਪਾਪਾ ਜੀ ਐਨੀ ਸਵੇਰੇ-ਸਵੇਰੇ ਕਿਉਂ ਉੱਠ ਜਾਂਦੇ ਨੇ... ਇਨ੍ਹਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ?’’ ਅਸੀਂ ਤਿੰਨੇ ਭੈਣ-ਭਰਾ ਅਕਸਰ ਪਾਪਾ ਜੀ ਦੇ ਸਵੇਰੇ ਉੱਠ ਕੇ ਇਸ ਤਰ੍ਹਾਂ ਪੱਖਾ ਘਟਾਉਣ ਜਾਂ ਬੰਦ ਕਰਨ ਬਾਰੇ ਗੱਲ ਕਰਦੇ। ਸਾਨੂੰ ਉਨ੍ਹਾਂ ਦੇ ਇਹ ਕੰਮ ਫਜ਼ੂਲ ਅਤੇ ਸਾਡੀ ਨੀਂਦ ਵਿੱਚ ਖਲਲ ਪਾਉਂਦੇ ਜਾਪਦੇ।
ਸਮਾਂ ਬੀਤਦਾ ਗਿਆ। ਹੁਣ ਮੈਂ ਵੀ ਪਾਪਾ ਜੀ ਵਾਲੀ ਉਮਰ ਵਿੱਚ ਆ ਗਿਆ ਹਾਂ। ਰਾਤ ਨੂੰ ਸੌਣ ਲੱਗਿਆਂ ਕਈ ਵਾਰ ਕਬੀਲਦਾਰੀ ਦੇ ਝਮੇਲੇ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੀ ਘੁੰਮਣ-ਘੇਰੀ ਵਿੱਚ ਉਲਝਿਆਂ, ਸੋਚਾਂ ਦੀ ਲੜੀ ਦਾ ਇੱਕ ਅਜਿਹਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਕਿ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ। ਕਦੇ ਪਾਣੀ ਪੀਣ ਲਈ ਉੱਠਦਾ ਹਾਂ ਤੇ ਕਦੇ ਬਾਥਰੂਮ ਜਾਣ ਲਈ। ਸੋਚਾਂ ਦੀ ਲੜੀ ਨੂੰ ਪਰਮਾਤਮਾ ਦੀ ਮਰਜ਼ੀ ’ਤੇ ਛੱਡ ਕੇ ਕਦੇ ਵੇਲੇ ਸਿਰ ਸੌਂ ਵੀ ਜਾਈਏ ਤਾਂ ਕਿਸੇ ਚਿੰਤਾ ਦੇ ਬੋਝ ਨਾਲ ਸੁਵਖ਼ਤੇ ਹੀ ਅੱਖ ਖੁੱਲ੍ਹ ਜਾਂਦੀ ਹੈ। ਘੜੀ-ਮੁੜੀ ਸਿਰਹਾਣੇ ਪਏ ਮੋਬਾਈਲ ਨੂੰ ਚੁੱਕ ਕੇ ਸਮਾਂ ਵੇਖਦਾ ਹਾਂ, ਜੋ ਬੀਤਣ ਵਿੱਚ ਹੀ ਨਹੀਂ ਆਉਂਦਾ। ਮਨ ਵਿੱਚ ਇੱਕ ਅਜੀਬ ਜਿਹੀ ਕਾਹਲ ਪੈਣ ਲੱਗਦੀ ਹੈ। ਪਾਣੀ ਵਾਲੀ ਮੋਟਰ ਚਲਾ ਕੇ ਦੂਸਰੀ ਮੰਜ਼ਿਲ ਦੀ ਛੱਤ ਉੱਪਰ ਟੈਂਕੀ ਵਿੱਚ ਪਾਣੀ ਵੇਖਣ ਤੁਰ ਪੈਂਦਾ ਹਾਂ। ਧੀਆਂ ਦੇ ਕਮਰੇ ਕੋਲੋਂ ਲੰਘਦਿਆਂ, 18 ਡਿਗਰੀ ’ਤੇ ਏ ਸੀ ਚਲਦਾ ਵੇਖ ਤੇ ਉਨ੍ਹਾਂ ਨੂੰ ਕੰਬਲ ਵਿੱਚ ਕੁੰਗੜੀਆਂ ਪਈਆਂ ਵੇਖ ਫ਼ਿਕਰ ਹੋਣ ਲੱਗਦਾ ਹੈ, ‘ਇਨ੍ਹਾਂ ਨੂੰ ਠੰਢ ਲੱਗ ਰਹੀ ਹੋਵੇਗੀ, ਜ਼ੁਕਾਮ ਹੋ ਜਾਵੇਗਾ।’ ਕਾਹਲੀ ਨਾਲ ਏ ਸੀ ਬੰਦ ਕਰਕੇ ਪੱਖੇ ਦੀ ਸਪੀਡ ਘਟਾ ਦਿੰਦਾ ਹਾਂ। ਗਮਲਿਆਂ ਨੂੰ ਪਾਣੀ ਦੇ ਕੇ ਪੋਰਚ ਵਿੱਚ ਬੱਚਿਆਂ ਦੀ ਐਕਟਿਵਾ ਜਾਂ ਗੱਡੀ ਸਾਫ਼ ਕਰਦਿਆਂ, ਪੌੜੀਆਂ ਉਤਰਦੀ ਧੀ ਦੀ ਆਵਾਜ਼ ਮੇਰੇ ਕੰਨੀ ਪੈਂਦੀ ਹੈ, ‘‘ਮੰਮਾ, ਸਾਡੇ ਕਮਰੇ ਦਾ ਏ.ਸੀ. ਤੁਸੀਂ ਬੰਦ ਕਰਕੇ ਆਏ ਸੀ?’’ ‘‘ਨਹੀਂ। ਛੱਤ ’ਤੇ ਟੈਂਕੀ ਵੇਖਣ ਜਾਂਦਿਆਂ ਤੇਰੇ ਪਾਪਾ ਨੇ ਕੀਤਾ ਹੋਵੇਗਾ।’’ ਪਤਨੀ ਜਵਾਬ ਦਿੰਦੀ ਹੈ।‘‘ਪਾਪਾ ਸਵੇਰੇ ਐਨੀ ਜਲਦੀ ਕਿਉਂ ਉੱਠ ਜਾਂਦੇ ਐ... ਇਨ੍ਹਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ?’’ ਵੱਡੀ ਧੀ ਦੇ ਪਿੱਛੇ-ਪਿੱਛੇ ਆ ਰਹੀ ਛੋਟੀ ਧੀ ਆਪਣੀ ਵੱਡੀ ਭੈਣ ਨੂੰ ਸੁਆਲ ਕਰਦੀ ਹੈ।
ਬਚਪਨ ਵਿੱਚ ਸਾਡਾ ਵੀ ਤਾਂ ਆਪਣੇ ਪਾਪਾ ਜੀ ਬਾਰੇ ਇਹੀ ਸੁਆਲ ਹੁੰਦਾ ਸੀ, ‘‘ਪਾਪਾ ਜੀ ਸਵੇਰੇ ਐਨੀ ਜਲਦੀ ਕਿਉਂ ਉੱਠ ਜਾਂਦੇ ਐ...? ਇਨ੍ਹਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ?’’
“ਪੁੱਤ! ਇਸ ਸੁਆਲ ਦਾ ਜਵਾਬ ਮੈਨੂੰ ਅੱਜ ਤੀਹ ਸਾਲ ਬਾਅਦ ਮਿਲਿਐ, ਸ਼ਾਇਦ ਥੋਨੂੰ ਵੀ ਆਪਣੇ ਸੁਆਲ ਦੇ ਜਵਾਬ ਲਈ ਤੀਹ ਸਾਲ ਇੰਤਜ਼ਾਰ ਕਰਨਾ ਪਵੇ।” ਮੈਂ ਲੰਮਾ ਸਾਹ ਅੰਦਰ ਖਿੱਚਦਾ ਹੋਇਆ ਆਪਣੇ-ਆਪ ਨੂੰ ਜਵਾਬ ਦਿੰਦਾ ਹਾਂ।
ਸੰਪਰਕ: 98156-64444

